ਅੰਮ੍ਰਿਤਸਰ 20 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਮਨੁੱਖੀ ਹੱਕਾਂ ਦੇ ਪਹਿਰੇਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ ਪੰਜਾਬ 95 ਉੱਤੇ ਪਾਬੰਦੀ ਲਗਾਏ ਜਾਣ ‘ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਭਾਰਤ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹ ਸਿੱਖਾਂ ਨਾਲ ਇੱਕ ਹੋਰ ਧੱਕੇਸ਼ਾਹੀ ਤੇ ਬੇਇਨਸਾਫ਼ੀ ਕੀਤੀ ਗਈ ਹੈ, ਸਰਕਾਰ ਸੱਚ ਨੂੰ ਦਬਾ ਕੇ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ। ਸੈਂਸਰ ਬੋਰਡ ਵੱਲੋਂ ਪੰਥ ਤੇ ਪੰਜਾਬ ਦਾ ਦਰਦ ਪੇਸ਼ ਕਰਦੀਆਂ ਫਿਲਮਾਂ ਨੂੰ ਤਾਂ ਬੈਨ ਕੀਤਾ ਜਾਂਦਾ ਹੈ ਪਰ ਸਿੱਖ ਵਿਰੋਧੀ ਫਿਲਮਾਂ ਨੂੰ ਪਾਸ ਕਰਕੇ ਸਿੱਖਾਂ ਨੂੰ ਸੰਤਾਪ ਦਿੱਤਾ ਜਾਂਦਾ ਹੈ, ਭਾਰਤੀ ਲੋਕਤੰਤਰ ਤੇ ਜਮਹੂਰੀਅਤ ਵਿੱਚ ਸਿੱਖਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ 1980-90 ਦੇ ਦਹਾਕੇ ਵਿੱਚ ਪੁਲਿਸ ਇੱਕ ਕਾਤਲ ਮਸ਼ੀਨ ਬਣ ਚੁੱਕੀ ਸੀ ਅਤੇ ਪੰਜਾਬ ਦੇ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਘਰਾਂ, ਖੇਤਾਂ ਵਿੱਚੋਂ ਚੁੱਕ ਕੇ ਬੁੱਚੜਖਾਨਿਆਂ ‘ਚ ਤਸੀਹੇ ਦਿੱਤੇ ਗਏ ਤੇ ਫਿਰ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਗਏ। ਫੀਤੀਆਂ, ਸਟਾਰਾਂ ਤੇ ਇਨਾਮਾਂ ਦੇ ਲਾਲਚਾਂ ਨੇ ਪੰਜਾਬ ਦੀ ਧਰਤੀ ਨੂੰ ਖ਼ੂਨ ਨਾਲ ਰੰਗ ਦਿੱਤਾ। ਬੁੱਚੜ ਕੇਪੀਐਸ ਗਿੱਲ, ਸੁਮੇਧ ਸੈਣੀ, ਇਜ਼ਹਾਰ ਆਲਮ, ਅਜੀਤ ਸੰਧੂ, ਗੋਬਿੰਦ ਰਾਮ, ਬੇਅੰਤ ਸਿਹੁੰ ਦੇ ਜ਼ੁਲਮਾਂ ਨੇ ਮੁਗਲਾਂ ਦੇ ਜੁਲਮਾਂ ਨੂੰ ਵੀ ਮਾਤ ਪਾ ਦਿੱਤੀ। ਭਾਈ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਲਵਾਰਿਸ ਲਾਸ਼ਾਂ ਦੀ ਸ਼ਮਸ਼ਾਨ ਘਾਟਾਂ ਵਿੱਚ ਜਾ ਕੇ ਨਿਸ਼ਾਨਦੇਹੀ ਕੀਤੀ ਸੀ ਅਤੇ ਪੁਲਿਸ ਤੇ ਸਰਕਾਰ ਦਾ ਕਰੂਪ ਚਿਹਰਾ ਦੁਨੀਆ ਸਾਹਮਣੇ ਨੰਗਾ ਕੀਤਾ ਸੀ ਜਿਸ ਤੋਂ ਬੁਖਲਾਹਟ ਵਿੱਚ ਆ ਕੇ ਪੁਲਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੁੱਕਿਆ ਅਤੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤੇ ਫਿਰ ਹਰੀਕੇ ਦਰਿਆ ਵਿੱਚ ਲਾਸ਼ ਨੂੰ ਰੋੜ੍ਹ ਕੇ ਲਵਾਰਸ ਲਾਸ਼ਾਂ ਵਿੱਚ ਜੋੜ ਦਿੱਤਾ। ਉਹਨਾਂ ਕਿਹਾ ਕਿ ਜਦੋਂ ਕਲਾਕਾਰ ਦਲਜੀਤ ਦੁਸਾਂਝ ਇੱਕ ਲੱਚਰ ਗਾਇਕ ਚਮਕੀਲੇ ਉੱਤੇ ਫਿਲਮ ਬਣਾਉਂਦਾ ਹੈ ਤਾਂ ਸਰਕਾਰ ਉਤਸ਼ਾਹਿਤ ਕਰਦੀ ਹੈ, ਪਰ ਜਦੋਂ ਭਾਈ ਖਾਲੜਾ ਉੱਤੇ ਫਿਲਮ ਬਣਾਉਂਦਾ ਹੈ ਤਾਂ ਸਰਕਾਰ ਬੈਨ ਕਰ ਦਿੰਦੀ ਹੈ। ਭਾਰਤੀ ਸਟੇਟ ਅਤੇ ਕਾਂਗਰਸ ਨੇ ਸਾਡੇ ਉੱਤੇ ਬੇਤਹਾਸ਼ਾ ਜ਼ੁਲਮ ਕੀਤੇ ਜਿਸ ਨੂੰ ਮੋਦੀ ਸਰਕਾਰ ਵੀ ਦੁਨੀਆਂ ਸਾਹਮਣੇ ਨਹੀਂ ਵਿਖਾਉਣਾ ਚਾਹੁੰਦੀ ਕਿਉਂਕਿ ਸਿੱਖਾਂ ਪ੍ਰਤੀ ਦੋਵੇਂ ਸਰਕਾਰਾਂ ਦੀ ਨੀਤੀ ਅਤੇ ਨੀਅਤ ਇੱਕੋ ਜਿਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ