Home » ਧਾਰਮਿਕ » ਇਤਿਹਾਸ » ਬਹਾਦਰ ਕੌਮਾਂ ਘਲੂਘਾਰਿਆਂ ਵਿੱਚ ਨਹੀਂ ਮਰਦੀਆਂ, ਸਗੋਂ ਸੁਲ੍ਹਾ ਵਿੱਚ ਖ਼ਤਮ ਹੁੰਦੀਆਂ ਹਨ

ਬਹਾਦਰ ਕੌਮਾਂ ਘਲੂਘਾਰਿਆਂ ਵਿੱਚ ਨਹੀਂ ਮਰਦੀਆਂ, ਸਗੋਂ ਸੁਲ੍ਹਾ ਵਿੱਚ ਖ਼ਤਮ ਹੁੰਦੀਆਂ ਹਨ

8 Views
ਬਹਾਦਰ ਕੌਮਾਂ ਘਲੂਘਾਰਿਆਂ ਵਿੱਚ ਨਹੀਂ ਮਰਦੀਆਂ, ਸਗੋਂ ਸੁਲ੍ਹਾ ਵਿੱਚ ਖ਼ਤਮ ਹੁੰਦੀਆਂ ਹਨ
“ਕੌਮਾਂ ਲੜਾਈ ਵਿੱਚ ਨਹੀਂ ਮਰਦੀਆਂ, ਸਗੋਂ ਸੁਲ੍ਹਾ ਵਿੱਚ ਖ਼ਤਮ ਹੁੰਦੀਆਂ ਹਨ..।”
ਉਕਤ ਇਹ ਸ਼ਬਦ ਖ਼ਾਲਸਾ ਪੰਥ ਦੇ ਸਿੰਘ ਸਰਦਾਰਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਭੇਜੇ ਹੋਏ ਦੂਤ ਨੂੰ ਉਸ ਸਮੇਂ ਆਖੇ ਸਨ, ਜਦੋਂ ਉਹ ਵੱਡੇ ਘਲੂਘਾਰਿਆਂ ਤੋਂ ਬਾਅਦ ਸਿੱਖਾਂ ਨਾਲ ਸੁਲ੍ਹਾ ਕਰਨ ਦਾ ਪੈਗਾਮ ਲੈ ਕੇ ਅੰਮ੍ਰਿਤਸਰ ਆਇਆ ਸੀ।
ਉਸ ਵੇਲੇ ਹਿੰਦੁਸਤਾਨ ਦੀ ਸਭ ਤੋਂ ਮੰਨੀ ਜਾਂਦੀ ਤਾਕਤ ‘ਮਰਹੱਟੇ’, ਜਨਵਰੀ 1761 ਨੂੰ ਪਾਣੀਪਤ ਦੇ ਮੈਦਾਨ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ ਹਾਰ ਗਏ ਸਨ। ਇਸ ਹਾਰ ਤੋਂ ਬਾਅਦ ਮਰਹੱਟਿਆਂ ਵਿੱਚ ਤਾਣ ਨਹੀਂ ਸੀ ਰਿਹਾ ਕਿ ਉਹ ਅਬਦਾਲੀ ਦਾ ਦੁਬਾਰਾ ਮੁਕਾਬਲਾ ਕਰ ਸਕਦੇ। ਮਰਹੱਟਿਆਂ ’ਤੇ ਪੂਰਨ ਜਿੱਤ ਪ੍ਰਾਪਤ ਕਰਨ ਤੋਂ ਇੱਕ ਸਾਲ ਬਾਅਦ ਅਬਦਾਲੀ ਫ਼ਰਵਰੀ 1762 ਨੂੰ ਸਿੱਖਾਂ ਦਾ ਵੀ ਖ਼ਾਤਮਾ ਕਰਨ ਦੀ ਧਾਰ ਕੇ ਫਿਰ ਪੰਜਾਬ ਆਇਆ ਤਾਂ ਮਰਹੱਟੇ, ਅਬਦਾਲੀ ਦੇ ਬੂਹੇ ਅੱਗੇ ਅਭੈਦਾਨ ਲੈਣ ਵਾਸਤੇ ਅੱਗੇ ਆਣ ਡਿੱਗੇ ਸਨ।
ਅਬਦਾਲੀ ਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਕੁੱਪ ਰਹੀੜੇ ਦੇ ਅਸਥਾਨ ’ਤੇ (ਫ਼ਰਵਰੀ 1762) ਸਿੱਖਾਂ ਦੇ ਵਹੀਰ ਉੱਤੇ ਆਪਣੀ ਸਿੱਖਿਅਤ ਫ਼ੌਜ ਨਾਲ ਵਹੀਰ ਨੂੰ ਘੇਰੇ ਵਿੱਚ ਲੈ ਕੇ ਕਹਿਰੀ ਹੱਲਾ ਕੀਤਾ। ਜਿਸ ਨੂੰ ਸਿੱਖ ਇਤਿਹਾਸ ਵਿੱਚ ‘ਵੱਡਾ ਘਲੂਘਾਰਾ’ ਕਿਹਾ ਜਾਂਦਾ ਹੈ। ਵੱਡੇ ਘਲੂਘਾਰੇ ਵਿੱਚ ਹਜ਼ਾਰਾਂ ਸਿੱਖ ਬੱਚੇ ਇਸਤਰੀਆਂ ਤਲਵਾਰ ਦੀ ਭੇਂਟ ਕਰ ਕੇ ਅਬਦਾਲੀ ਸਮਝ ਬੈਠਾ ਸੀ ਕਿ ਸਿੱਖ ਹੁਣ ਕਦੇ ਵੀ ਨਹੀਂ ਉੱਠ ਸਕਣਗੇ। ਇਹ ਵੇਖਣ ਵਾਸਤੇ ਉਹ ਲਾਹੌਰ ਡੇਰੇ ਲਾ ਬੈਠਾ ਸੀ ਪਰ ਅਹਿਮਦ ਸ਼ਾਹ ਅਬਦਾਲੀ ਸ਼ਾਇਦ ਏਸ ਗੱਲੋਂ ਅਨਜਾਣ ਸੀ ਕਿ ਜਿਸ ਖ਼ਾਲਸੇ (ਸਿੱਖ ਕੌਮ) ਨਾਲ ਉਸ ਦਾ ਵਾਹ ਪਿਆ ਹੈ ਉਹ ਗੁਰੂ ਨਾਨਕ ਪਾਤਿਸ਼ਾਹ ਦਾ ਦਸਵੇਂ ਜਾਮੇ ਵਿੱਚ ਆ ਕੇ ਸਾਜਿਆ ਖ਼ਾਲਸਾ ਪੰਥ ਗੁਰੂ ਨਾਨਕ ਦੀ ਨਾਦੀ ਸੰਤਾਨ ਹਨ। ‘ਖ਼ਾਲਸਾ ਅਕਾਲ ਪੁਰਖ ਕੀ ਫ਼ੌਜ। ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।
ਅਕਾਲ ਪੁਰਖ ਕੀ ਫ਼ੌਜ ਖ਼ਾਲਸਾ, ਨਾ ਜੰਮਦਾ ਹੈ ਨਾ ਮਰਦਾ ਹੈ, ਇਹ ਤਾਂ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਧਾਰਤ ਕੀਤੀ ਮਰਯਾਦਾ ਅਨੁਸਾਰ ਖੰਡੇ ਬਾਟੇ ਦੀ ਪਾਹੁਲ ਛਕ ਕੇ ਪ੍ਰਗਟ ਹੀ ਹੁੰਦਾ ਹੈ।
ਖ਼ਾਲਸਾ ਡਿੱਗ ਕੇ ਉੱਠਣਾ ਅਤੇ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਜਾਣਦਾ ਹੈ। ਇਹੀ ਕਾਰਨ ਸੀ ਕਿ ਵੱਡੇ ਘਲੂਘਾਰੇ ਦੀ ਹਾਰ ਵੀ ਸਿੰਘਾਂ ਵਾਸਤੇ ਜਿੱਤ ਨਾਲੋਂ ਵੀ ਮਾਣ ਵਾਲ਼ੀ ਸਾਬਤ ਹੋਈ, ਕਿਉਂਕਿ ਭਾਵੇਂ ਇਸ ਬੇ-ਜੋੜ ਘਮਸਾਣ ਦੇ ਯੁੱਧ ਵਿੱਚ ਹਜ਼ਾਰਾਂ ਸਿੱਖ ਬੱਚੇ ਬਿਰਧ ਇਸਤਰੀਆਂ ਸ਼ਹੀਦ ਹੋ ਗਏ ਸਨ। ਏਨਾ ਜਾਨੀ ਨੁਕਸਾਨ ਕਰਾ ਕੇ ਵੀ ਜ਼ਖ਼ਮੀ ਹੋਏ ਸਿੰਘ ਅਬਦਾਲੀ ਦੀਆਂ ਫ਼ੌਜਾਂ ਨੂੰ ਲੜਨ ਲਈ ਵੰਗਾਰਦੇ ਰਹੇ ਤੇ ਅੰਤ ਵਿੱਚ ਸ਼ਾਮ ਪੈਣ ਤਕ ਸਿੰਘਾਂ ਨੇ ਅਬਦਾਲੀ ਦੀਆਂ ਫ਼ੌਜਾਂ ਦਾ ਏਨਾ ਬੁਰਾ ਹਾਲ ਕਰ ਦਿੱਤਾ ਸੀ ਕਿ ਅਬਦਾਲੀ ਦੇ ਸਿਪਾਹੀਆਂ ਨੇ ਹੁਣ ਦੁਬਾਰਾ ਸਿੰਘਾਂ ਨਾਲ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
ਰਤਨ ਸਿੰਘ ਭੰਗੂ ਅਨੁਸਾਰ :
ਸਰਦਾਰ ਸਭੈ ਜਖ਼ਮੀ ਭਏ, ਸਾਬਤ ਰਹਿਓ ਨਾ ਕੋਏ,
ਜੱਸਾ ਸਿੰਘ ਖਾਏ ਬਾਈ ਘਾਏ, ਤੌ ਭੀ ਸਿੰਘ ਜੀ ਲੜਤੌ ਜਾਏ।
ਸ਼ਸ਼ਤਰ ਚੜ੍ਹਤ ਸਿੰਘ ਬਹੁਤੇ ਖਾਏ, ਦੇਖ ਨਾ ਉਧਰੇ ਫੇਰ ਲੜਾਏ।
ਲੜਾਈ ਖ਼ਤਮ ਹੋਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੇ ਰਹਿਰਾਸ ਦੇ ਪਾਠ ਉਪਰੰਤ ਮਿੱਠੇ ਮੇਹਣੇ ਦੇ ਤੌਰ ’ਤੇ ਗੁਰਪ੍ਰਮੇਸ਼ਰ ਅੱਗੇ ਅਰਦਾਸ ਕੀਤੀ ਸੀ ਕਿ “ਨਿਰੰਤਰ ਗੁਰਬਾਣੀ ਪਰਵਾਹ ਰਾਹੀਂ ਤੇਰਾ ਸਰਬ ਕਲਿਆਣਕਾਰੀ ਉਪਦੇਸ਼ (ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼) ਜੀਉਂਦਾ ਰੱਖਣ ਲਈ ਤੇਰਾ ਖ਼ਾਲਸਾ ਜਨਮ ਤੋਂ ਹੀ ਬਚਨਬੱਧ ਅਤੇ ਯਤਨਸ਼ੀਲ ਰਿਹਾ ਹੈ। ਆਪ ਦੇ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਕੀਤੇ ਫੁਰਮਾਣ ਨੂੰ ਜੁਗੋ ਜੁਗ ਅਟੱਲ ਰੱਖਣ ਹਿੱਤ ਖ਼ਾਲਸੇ ਨੇ ਵਰ੍ਹਿਆਂ ਤੋਂ ਸਿਰ ’ਤੇ ਖੱਫਣ ਬੰਨ੍ਹਿਆ ਹੋਇਆ ਹੈ। ਅਰਦਾਸ ਦੇ ਬੋਲ ਸਨ ‘ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ, ਪੰਥ ਨ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ।’
ਏਡਾ ਘਲੂਘਾਰਾ ਵਰਤਾਉਣ ਤੋਂ ਬਾਅਦ ਵੀ ਅਬਦਾਲੀ ਦਾ ਸਿੱਖਾਂ ਉੱਤੇ ਪੂਰਨ ਜਿੱਤ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਨਹੀਂ ਸੀ ਹੋਇਆ। ਗ਼ੁੱਸੇ ਵਿੱਚ ਭਰਿਆ-ਪੀਤਾ ਅਹਿਮਦਸ਼ਾਹ ਅਬਦਾਲੀ ਸਿੱਖਾਂ ਦੇ ਸਿਰਾਂ ਦੇ ਮਿਨਾਰ ਬਣਾ ਕੇ ਗੱਡਿਆਂ ਉੱਤੇ ਲੱਦ ਕੇ ਵਾਪਸ ਲਾਹੌਰ ਨੂੰ ਮੁੜਿਆ ਅਤੇ ਰਸਤੇ ਵਿੱਚ ਪਿੰਡ ਸ਼ਹਿਰਾਂ ਨੂੰ ਉਜਾੜਦਾ ਤੇ ਲੁੱਟਮਾਰ ਕਰਦਾ ਅੰਮ੍ਰਿਤਸਰ ਪੁੱਜਾ ਅਤੇ ਗੁੱਸੇ ਵਿੱਚ ਭਰੇ ਪੀਤੇ ਨੇ ਬਾਰੂਦ ਦੇ ਕੁੱਪੇ ਦੱਬ ਕੇ ਹਰਿਮੰਦਰ ਸਾਹਿਬ ਉਡਾ ਦਿੱਤਾ। ਜਦੋਂ ਇੱਟਾ ਉੱਡ ਕੇ ਚੁਫੇਰੇ ਪਈਆਂ ਤਾਂ ਇੱਕ ਇੱਟ ਅਬਦਾਲੀ ਦੇ ਨੱਕ ’ਤੇ ਵੱਜੀ, ਜਿਸ ਨਾਲ ਜ਼ਖ਼ਮ ਇੰਨਾ ਗਹਿਰਾ ਹੋਇਆ ਕਿ ਹੌਲੀ-ਹੌਲੀ ਇਹ ਜ਼ਖ਼ਮ ਵਿਗੜ ਕੇ ਨਾਸੂਰ ਬਣ ਗਿਆ ਅਤੇ ਅਬਦਾਲੀ ਮਰਦੇ-ਦਮ ਤਕ (ਅਬਦਾਲੀ ਦੀ ਮੌਤ 10 ਸਾਲ ਬਾਅਦ 1772 ਨੂੰ ਹੋਈ ਸੀ) ਇਸ ਜ਼ਖ਼ਮ ਨਾਲ ਪੀੜਿਤ ਰਿਹਾ।
ਸਰਦਾਰਾ ਆਲਾ ਸਿੰਘ ਪਟਿਆਲਾ ਨੇ ਇਸ ਵੱਡੇ ਘਲੂਘਾਰੇ ਵਿੱਚ ਸਿੱਖਾਂ ਦਾ ਸਾਥ ਨਹੀਂ ਸੀ ਦਿੱਤਾ ਤੇ ਨਾ ਹੀ ਉਹ ਅਬਦਾਲੀ ਦੇ ਪੇਸ਼ ਹੋਇਆ। ਅਬਦਾਲੀ ਏਸ ਗੱਲੋਂ ਗੁੱਸੇ ਹੋ ਕੇ ਅਗਲੇ ਦਿਨ ਬਰਨਾਲੇ ਦਾ ਕਿਲ੍ਹਾ ਸਾੜ ਦਿੱਤਾ ਤੇ ਇਲਾਕਾ ਲੁੱਟ-ਪੁੱਟ ਲਿਆ ਅਤੇ ਅਬਦਾਲੀ ਦੇ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ। ਆਲਾ ਸਿੰਘ ਜਦੋਂ ਅਬਦਾਲੀ ਦੇ ਪੇਸ਼ ਹੋਇਆ ਤਾਂ ਬਾਦਸ਼ਾਹ ਨੇ ਆਲਾ ਸਿੰਘ ਨੂੰ ਕੈਦ ਕਰ ਲਿਆ ਤੇ ਕੇਸ ਕਟਾਉਣ ਦਾ ਹੁਕਮ ਦਿੱਤਾ। ਸਰਦਾਰ ਆਲਾ ਸਿੰਘ ਵਾਸਤੇ ਸਮਾਂ ਬੜਾ ਔਖਾ ਬਣਿਆ, ਉਸ ਨੇ ਬਾਦਸ਼ਾਹ ਅੱਗੇ ਬੇਨਤੀ ਕੀਤੀ ਕਿ ਜੇ ਉਸ ਦੇ ਵਾਲ ਕੱਟੇ ਨਾ ਜਾਣ ਤਾਂ ਉਹ ਇੱਕ ਲੱਖ ਰੁਪਿਆ ਆਪਣੇ ਕੇਸਾਂ ਦਾ ਮੁੱਲ ਦੇਣ ਨੂੰ ਤਿਆਰ ਹੈ ਪਰ ਬਾਦਸ਼ਾਹ ਨੇ ਲੱਖ ਦੀ ਥਾਂ ਸਵਾ ਲੱਖ ਮੰਗਿਆ, ਜੋ ਆਲਾ ਸਿੰਘ ਨੇ ’ਤਾਰ ਕੇ ਆਪਣੇ ਕੇਸ ਕਤਲ ਹੋਣ ਤੋਂ ਬਚਾ ਲਏ। ਆਲਾ ਸਿੰਘ ਭਾਵੇਂ ਖ਼ਾਲਸੇ ਦਾ ਨਗਾਰਾ ਛੱਡ ਕੇ ਅਬਦਾਲੀ ਦਾ ਦਿੱਤਾ ਹੋਇਆ ਲੀਰਾਂ ਵਾਲ਼ਾ ਢੋਲ ਵਜਾਉਂਦਾ ਸੀ ਪਰ ਉਸ ਨੇ ਰੋਮਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਸੀ ਕੀਤੀ। ਦੁੱਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਪੰਥ ਦੇ ਹੱਕਾਂ ਹਿੱਤਾਂ ਅਤੇ ਸਿੱਖੀ ਸਰੂਪ ਦੀ ਸਾਂਭ ਸੰਭਾਲ ਲਈ ਸਿਰਜਿਆ ਗਿਆ ਸੀ, ਅਸੀਂ ਵੇਖਦੇ ਹਾਂ ਕਿ ਅਜੋਕੇ ਅਕਾਲੀ ਦਲ ਵਿੱਚ ਰੋਮਾਂ ਦੀ ਬੇਅਦਬੀ ਕਰਨ ਵਾਲ਼ੇ ਸ਼ਰੇਆਮ ਭਰਤੀ ਕੀਤੇ ਜਾ ਰਹੇ ਹਨ ਅਤੇ ਅਜੋਕਾ ਅਕਾਲੀ ਦਲ ਇਹ ਭੀ ਭਲੀ ਭਾਂਤ ਜਾਣਦਾ ਹੈ ਕਿ ਸਿੱਖ ਧਰਮ ਵਿੱਚ ਰੋਮਾਂ ਦੀ ਬੇਅਦਬੀ ਨੂੰ ‘ਬੱਜਰ ਕੁਰਹਿਤ’ ਮੰਨਿਆ ਜਾਂਦਾ ਹੈ।
ਅਬਦਾਲੀ ਇਹ ਸੋਚ ਵੀ ਨਹੀਂ ਸੀ ਸਕਦਾ ਕਿ ਏਡੇ ਵੱਡੇ ਘਲੂਘਾਰੇ ਤੋਂ ਅੱਠ ਮਹੀਨੇ ਬਾਅਦ ਹੀ ਖ਼ਾਲਸਾ ਅਹਿਮਦ ਸ਼ਾਹ ਅਬਦਾਲੀ ਨੂੰ ਦੁਬਾਰਾ ਮੈਦਾਨੇ ਜੰਗ ਵਿੱਚ ਲੜਨ ਲਈ ਮਜਬੂਰ ਕਰ ਦੇਵੇਗਾ। ਅਫ਼ਗਾਨਾਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੀ ਕੀਤੀ ਭਿਆਨਕ ਤਬਾਹੀ ਅਤੇ ਲੁੱਟਮਾਰ ਨੇ ਪੰਜਾਬੀਆਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਅਬਦਾਲੀ ਬਾਦਸ਼ਾਹ ਨਹੀਂ ਸਗੋਂ ਲੁਟੇਰਾ ਹੈ ਅਤੇ ਨਿਰਦੋਸ਼ ਪੰਜਾਬੀਆਂ ਨੂੰ ਲੁੱਟਣਾ ਹੀ ਆਉਂਦਾ ਹੈ ਅਤੇ ਸਿੱਖ ਤਾਂ ਪੰਜਾਬ ਦੀ ਧੰਨ ਦੌਲਤ ਇੱਜ਼ਤ-ਆਬਰੂ ਬਚਾਉਣ ਲਈ ਅਹਿਮਦ ਸ਼ਾਹ ਅਬਦਾਲੀ ਨਾਲ ਸੀਸ ਤਲੀ ’ਤੇ ਰੱਖ ਕੇ ਪੰਜਾਬ ਦੀ ਰਾਖੀ ਲਈ ਜੰਗ ਯੁੱਧ ਕਰਦੇ ਹਨ। ਨਤੀਜਾ ਇਹ ਨਿਕਲ਼ਿਆ ਕਿ ਪੰਜਾਬ ਦੀ ਹਰ ਜਾਤ ਦੀ ਸ਼੍ਰੇਣੀ ਵਿੱਚੋਂ ਅਣਖ਼ੀਲੇ ਨੌਜਵਾਨ ਖੰਡੇ ਦੀ ਪਾਹੁਲ ਛਕ ਕੇ ਖ਼ਾਲਸਾ ਪੰਥ ਵਿੱਚ ਰਲ਼ਦੇ ਗਏ ਅਤੇ ਅਕਤੂਬਰ 1762 ਨੂੰ (ਲਗਭਗ ਵੱਡੇ ਘਲੂਘਾਰੇ ਤੋਂ ਅੱਠ ਮਹੀਨੇ ਬਾਅਦ) 60000 ਖ਼ਾਲਸਾ ਪ੍ਰਗਟ ਹੋ ਕੇ ਅਬਦਾਲੀ ਨਾਲ ਟੱਕਰ ਲੈਣ ਲਈ ਤਿਆਰ ਹੋ ਗਿਆ ਸੀ।
ਅਹਿਮਦ ਸ਼ਾਹ ਅਬਦਾਲੀ ਦੇ ਸੂਹੀਆਂ ਨੇ ਜਦੋਂ ਅਬਦਾਲੀ ਨੂੰ ਇਹ ਖ਼ਬਰ ਦਿੱਤੀ ਕਿ ਮੈਦਾਨੇ ਜੰਗ ਵਿੱਚ ਲੜਨ ਵਾਲ਼ੇ ਖ਼ਾਲਸੇ ਦੀ ਗਿਣਤੀ 60000 ਹੈ ਤਾਂ ਸੁਣ ਕੇ ਅਬਦਾਲੀ ਹੱਕਾ ਬੱਕਾ ਰਹਿ ਗਿਆ ਤੇ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਲੜਨ ਵਾਲ਼ੇ ਸਾਰੇ ਸਿੰਘ ਮਾਰੇ ਗਏ, ਫਿਰ 60000 ਸਿੰਘ ਅੱਠ ਮਹੀਨਿਆਂ ’ਚ ਜੰਮ ਕੇ ਜੁਆਨ ਕਿਵੇਂ ਹੋ ਗਏ? ਤਾਂ ਅਹਿਲਕਾਰਾਂ ਨੇ ਉੱਤਰ ਦਿੱਤਾ ਕਿ “ਸਿੱਖਾਂ ਦੇ ਗੁਰੂ ਨੇ ਅਜਿਹੀ ਕੌਮ ਦੀ ਸਾਜਨਾ ਕੀਤੀ ਹੈ ਜਿਸ ਨੂੰ ਸਿੰਘ ‘ਖ਼ਾਲਸਾ ਕੌਮ’ ਕਹਿੰਦੇ ਹਨ ਅਤੇ ਇਹਨਾਂ ਦਾ ਵਿਸ਼ਵਾਸ ਹੈ ਕਿ ਖ਼ਾਲਸਾ ਨਾ ਜੰਮਦਾ ਹੈ ਅਤੇ ਨਾ ਮਰਦਾ ਹੈ ਸਗੋਂ ਪ੍ਰਗਟ ਹੁੰਦਾ ਹੈ ਅਤੇ ਏਥੇ ਹੀ ਬਸ ਨਹੀਂ ਸਿੱਖਾਂ ਦੇ ਗੁਰੂ ਨੇ ਖ਼ਾਲਸਾ ਪ੍ਰਗਟ ਕਰਨ ਦਾ ਵਿਧੀ ਵਿਧਾਨ ਵੀ ਨਿਰਧਾਰਤ ਕੀਤਾ ਹੋਇਆ ਹੈ, ਅਤੇ ਉਸੇ ਵਿਧੀ ਵਿਧਾਨ ਅਨੁਸਾਰ ਇਹ ਖ਼ਾਲਸਾ ਪ੍ਰਗਟ ਹੋ ਕੇ ਸਾਡੇ ਸਾਹਮਣੇ ਖੜ੍ਹਾ ਹੈ।”
ਸਿੰਘਾਂ ਦੀ ਇਹ ਅਜਿੱਤ ਦਲੇਰੀ ਦ੍ਰਿੜ੍ਹ ਵਿਸ਼ਵਾਸ ਤੇ ਅਟੱਲ ਜੋਸ਼ ਵੇਖ ਕੇ ਅਬਦਾਲੀ ਘਬਰਾ ਗਿਆ ਸੀ ਤੇ ਉਸ ਨੂੰ ਇਹ ਭਾਸ ਰਿਹਾ ਸੀ ਕਿ ਉਹ ਆਪਣੀ ਇੱਕ ਲੱਖ ਫ਼ੌਜ ਦੇ ਹੁੰਦਿਆਂ ਹੋਇਆਂ ਵੀ ਇਸ ਵਾਰੀ ਸਿੱਖਾਂ ਨੂੰ ਜਿੱਤ ਨਹੀਂ ਸਕੇਗਾ।
ਉਸ ਨੇ ਨੀਤਕ ਚਾਲ ਨਾਲ ਕੰਮ ਕੱਢਣਾ ਚਾਹਿਆ। ਅਬਦਾਲੀ ਨੇ ਖ਼ਾਲਸਾ ਪੰਥ ਨਾਲ ਸੁਲ੍ਹਾ ਕਰਨ ਵਾਸਤੇ ਆਪਣੇ ਰਾਜਦੂਤ ਅੰਮ੍ਰਿਤਸਰ ਭੇਜੇ। ਰਾਜਦੂਤਾਂ ਨੇ ਪਹਿਲਾਂ ਸਿੱਖਾਂ ਨੂੰ ਹਾਕਮਾਨਾ ਢੰਗ ਨਾਲ ਕਹਿਣਾ ਸ਼ੁਰੂ ਕੀਤਾ ਕਿ  “ਜਿਸ ਦੇ ਸਾਹਮਣੇ ਦਿੱਲੀ ਦਾ ਮੁਗ਼ਲ ਦਰਬਾਰ ਝੁਕ ਗਿਆ ਹੈ ਅਤੇ ਜਿਸ ਅੱਗੇ ਸ਼ਕਤੀਸ਼ਾਲੀ ਮਰਹੱਟੇ ਝੁਕ ਗਏ ਹਨ, ਤੁਸੀਂ ਮੁੱਠੀ ਭਰ ਸਿੱਖ ਉਸ ਦਾ ਟਾਕਰਾ ਕਿੰਨਾ ਕੁ ਚਿਰ ਕਰ ਸਕਦੇ ਹੋ? ਅਬਦਾਲੀ ਕੋਈ ਪੰਜਾਬ ਦਾ ਚੌਧਰੀ ਤੇ ਫ਼ੌਜਦਾਰ ਨਹੀਂ ਹੈ ਜਿਨ੍ਹਾਂ ਤੋਂ ਤੁਸੀਂ ਆਕੀ ਰਹਿ ਸਕੋਗੇ, ਸਿੱਖੋ ਤੁਹਾਡਾ ਟਾਕਰਾ ਸ਼ਹਿਨਸ਼ਾਹ ਅਫ਼ਗਾਨਿਸਤਾਨ ਤੇ ਦੁਨੀਆਂ ਦੇ ਸਭ ਤੋਂ ਵੱਡੇ ਜਰਨੈਲ ਨਾਲ ਹੈ, ਤੁਸੀਂ ਸਾਡੀ ਸੁਲ੍ਹਾ ਵਾਲ਼ੀ ਨੀਤੀ ’ਤੇ ਵਿਚਾਰ ਕਰ ਕੇ ਤਾਂ ਵੇਖੋ, ਬਾਦਸ਼ਾਹ ਸਲਾਮਤ ਤੁਹਾਡੀ ਬਹਾਦਰੀ ਉੱਤੇ ਮੋਹਿਤ ਹੈ। ਉਹ ਅਜਿਹੀ ਦਲੇਰ ਸਿੱਖ ਕੌਮ ਨੂੰ ਆਪਣੀ ਮਿੱਤਰ ਬਣਾਉਣੀ ਚਾਹੁੰਦਾ ਹੈ, ਆਓ ਸੁਲ੍ਹਾ ਕਰ ਲਵੋ, ਬਾਦਸ਼ਾਹ ਸਲਾਮਤ ਅੱਗੇ ਨਜ਼ਰਾਨਾ ਧਰੋ (ਭਾਵ ਹਾਰ ਮੰਨ ਲਓ) ਤੇ ਬਾਦਸ਼ਾਹ ਸਲਾਮਤ ਵੱਲੋਂ ਬਖ਼ਸ਼ੀ ਹੋਈ ਪੰਜਾਬ ਦੀ ਹਕੂਮਤ ਸੰਭਾਲ ਲਓ ਅਤੇ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸ਼ਹਿਨਸ਼ਾਹ ਅਹਿਮਦਸ਼ਾਹ ਦੀ ਸ਼ਰਨ ਹੁੰਦਿਆਂ ਦਿੱਲੀ ਸਰਕਾਰ ਦਾ ਵੀ ਕੋਈ ਡਰ ਨਹੀਂ ਰਹੇਗਾ।”
ਖ਼ਾਲਸਾ ਪੰਥ ਨੂੰ ਇਸ ਸੁਲ੍ਹਾ ਵਿੱਚ ਸਿੱਖ ਕੌਮ ਦੀ ਮੌਤ ਲੁਕੀ ਹੋਈ ਦਿੱਸ ਪਈ ਸੀ। ਇਸ ਕਰਕੇ ਖ਼ਾਲਸੇ ਨੇ ਅਬਦਾਲੀ ਦੀ ਇਹ ਸੁਲ੍ਹਾ ਵਾਲ਼ੀ ਪੇਸ਼ਕਸ਼ ਠੁਕਰਾ ਕੇ ਅਬਦਾਲੀ ਦੇ ਰਾਜਦੂਤ ਨੂੰ ਦੋ ਟੁਕ ਜਵਾਬ ਦਿੱਤਾ ਕਿ “ਅਬਦਾਲੀ ਨਾਲ ਸੁਲ੍ਹਾ ਨਹੀਂ ਹੋ ਸਕਦੀ। ਅਬਦਾਲੀ ਕੌਣ ਹੁੰਦਾ ਹੈ, ਪੰਜਾਬ ਦਾ ਰਾਜ ਸਾਨੂੰ ਦੇਣ ਵਾਲ਼ਾ? ਪੰਜਾਬ ਸਾਡਾ ਹੈ ਇਸ ਦੇ ਬਾਦਸ਼ਾਹ ਅਸੀਂ ਹਾਂ, ਕਿਸੇ ਕੋਲੋਂ ਭਿੱਖਿਆ ਵਜੋਂ ਰਾਜ ਲੈਣ ਨਾਲੋਂ ਗੋਲ਼ੀ ਦਾ ਨਿਸ਼ਾਨਾ ਬਣ ਕੇ ਅਣਖ਼ ਦੀ ਮੌਤ ਕਿਤੇ ਚੰਗੀ ਹੈ, ਜਾ ਕੇ ਅਬਦਾਲੀ ਨੂੰ ਆਖੋ ਕਿ ਕੱਲ੍ਹ ਸਵੇਰ ਨੂੰ ਮੈਦਾਨੇ ਜੰਗ ਵਿੱਚ ਸਿੱਧਾ ਹੋ ਕੇ ਖ਼ਾਲਸੇ ਨਾਲ ਯੁੱਧ ਕਰੇ।”
ਦੂਸਰੇ ਦਿਨ ਖ਼ਾਲਸੇ ਦਾ ਅਬਦਾਲੀ ਨਾਲ ਘਮਸਾਣ ਦਾ ਯੁੱਧ ਹੋਇਆ ਅਹਿਮਦ ਸ਼ਾਹ ਨੂੰ ਪੂਰੀ ਤਰ੍ਹਾਂ ਹਾਰ ਹੋਈ ਅਤੇ ਉਸੇ ਰਾਤ ਹੀ ਰਾਤ ਦੇ ਹਨੇਰੇ ਵਿੱਚ ਅਬਦਾਲੀ ਆਪਣੀ ਜਾਨ ਬਚਾ ਕੇ ਕਾਬਲ ਨੂੰ ਨੱਸ ਗਿਆ ਸੀ। ਹਾਰੇ ਹੋਏ ਦੁਰਾਨੀਆਂ ਨੇ ਹਥਿਆਰ ਸੁੱਟ ਦਿੱਤੇ ਅਤੇ ਸਿੱਖਾਂ ਕੋਲੋਂ ਆਪਣੇ ਪ੍ਰਾਣਾਂ ਦੀ ਭੀਖ ਮੰਗੀ। ਸਿੰਘਾਂ ਨੇ ਕਿਸੇ ਨਿਹੱਥੇ ਨੂੰ ਕਤਲ ਨਹੀਂ ਕੀਤਾ ਪਰ ਕੁਝ ਸਮੇਂ ਲਈ ਕੈਦੀ ਬਣਾ ਕੇ ਅੰਮ੍ਰਿਤਸਰ ਲਿਆਂਦਾ ਗਿਆ। ਜੱਸਾ ਸਿੰਘ ਆਹਲੂਵਾਲੀਏ ਨੇ ਪਠਾਣਾਂ ਨੂੰ ਕਿਹਾ ਕਿ ਜਿਨ੍ਹਾਂ ਹੱਥਾਂ ਨਾਲ ਇਹ ਸਰੋਵਰ ਪੂਰਿਆ ਹੈ, ਉਹਨਾਂ ਹੱਥਾਂ ਨਾਲ ਇਸ ਸਰੋਵਰ ਦੀ ਸਫਾਈ ਕਰੋ। ਸਾਰਾ ਦਿਨ ਪਠਾਣਾਂ ਕੋਲੋਂ ਸਰੋਵਰ ਵਿੱਚੋਂ ਮਲਬਾ ਕਢਾਉਂਦੇ ਤੇ ਸ਼ਾਮ ਨੂੰ ਗੁਰੂ ਕੇ ਲੰਗਰ ਵਿੱਚੋਂ ਸਾਂਝੀ ਪੰਗਤ ਵਿੱਚ ਬਿਠਾਲ ਕੇ ਪ੍ਰਸ਼ਾਦਾ ਛਕਾਉਂਦੇ। ਸਰੋਵਰ ਦੀ ਸਫ਼ਾਈ ਤੋਂ ਬਾਅਦ ਕੈਦੀਆਂ ਨੂੰ ਛੱਡ ਦਿੱਤਾ ਗਿਆ। ਅਕਤੂਬਰ 1762 ਦੀ ਇਸ ਲੜਾਈ ਦੀ ਜਿੱਤ ਮਗਰੋਂ ਸਿੱਖ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਬਣ ਗਏ ਅਤੇ 1765 ਤਕ ਮਿਸਲਾਂ ਨੇ ਸਿੱਖ ਰਾਜ ਸਥਾਪਿਤ ਕਰ ਲਿਆ ਸੀ।
ਪੱਛਮ ਦੇ ਉੱਘੇ ਫ਼ਿਲਾਸਫਰ ‘ਜੋਰਜ ਆਰ ਵੈਲ’ ਨੇ ਲਿਿਖਆ ਹੈ ਕਿ ਜੇ ਤੁਸੀਂ ਆਪਣੇ ਭਵਿੱਖ ਨੂੰ ਕਾਬੂ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਪਿਛਲੇ ਇਤਿਹਾਸ ’ਤੇ ਪਕੜ ਤਕੜੀ ਰੱਖੋ। ਇਸ ਕਰਕੇ ਸਾਨੂੰ ਆਪਣੇ ਪਿਛਲੇ ਇਤਿਹਾਸ ਦਾ ਵਿਸ਼ਲੇਸ਼ਣ ਵੀ ਜ਼ਰੂਰ ਕਰਨਾ ਚਾਹੀਦਾ ਹੈ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਜਦੋਂ ਸਾਰਾ ਖ਼ਾਲਸਾ ਪੰਥ ਐਸ਼ੋ ਇਸ਼ਰਤ ਵੱਟੇ ‘ਮਨਮੁਖ ਹੋਏ ਬੰਦੇ ਦਾ ਬੰਦਾ’ ਬਣ ਚੁੱਕਾ ਸੀ, ਓਦੋਂ ਸ਼ੁੱਧ ਸਿੱਖੀ ਜਜ਼ਬੇ ਤੇ ਅਣਖ਼ ਦੇ ਗੁਣਾਂ ਨੁੰ ਕਾਇਮ ਰੱਖਣ ਵਾਲ਼ੇ ਹੋਏ ਹਨ; ਭਾਈ ਬੀਰ ਸਿੰਘ ਨੌਰੰਗਾਬਾਦੀ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਅਤੇ ਸ਼ਾਮ ਸਿੰਘ ਅਟਾਰੀਵਾਲ਼ਾ। ਅੱਜ ਪੰਥ ਨੂੰ ਲੋੜ ਹੈ ਅਜਿਹਾ ਖ਼ਾਲਸਾ ਪ੍ਰਗਟ ਕਰਨ ਦੀ, ਜੋ ਜੰਮਦਾ ਮਰਦਾ ਨਹੀਂ ਸਗੋਂ ਪ੍ਰਗਟ ਹੁੰਦਾ ਹੈ।
– ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ.ਕੇ.
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?