21 Views
ਸੰਨ 2015 ‘ਚ ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਇਤਿਹਾਸਿਕ ਖ਼ਤ
ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਦਹਾਕਿਆਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ (ਮਰਨ ਵਰਤ) ਰੱਖ ਕੇ ਸੰਘਰਸ਼ ਲੜਨ ਵਾਲੇ ਬਾਪੂ ਸੂਰਤ ਸਿੰਘ ਜੀ ਖ਼ਾਲਸਾ ਜੋ 93 ਸਾਲ ਦੀ ਉਮਰ ‘ਚ ਪਿਛਲੇ ਦਿਨੀਂ ਅਮਰੀਕਾ ਵਿਖੇ 15 ਜਨਵਰੀ 2025 ਨੂੰ ਅਕਾਲ ਚਲਾਣਾ ਕਰ ਗਏ ਸਨ। ਬਾਪੂ ਜੀ ਉਹ ਪੰਥਕ ਸ਼ਖਸੀਅਤ ਨੇ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸੰਤ ਬਾਬਾ ਠਾਕੁਰ ਸਿੰਘ ਖ਼ਾਲਸਾ, ਬਾਪੂ ਜੋਗਿੰਦਰ ਸਿੰਘ ਰੋਡੇ, ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਸਰਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਭਾਈ ਧਿਆਨ ਸਿੰਘ ਮੰਡ, ਬੀਬੀ ਬਿਮਲ ਕੌਰ ਖ਼ਾਲਸਾ, ਭਾਈ ਚਰਨਜੀਤ ਸਿੰਘ ਤਲਵੰਡੀ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ ਆਦਿ ਸੰਘਰਸ਼ੀ ਤੇ ਜੁਝਾਰੂ ਸਿੰਘਾਂ ਨਾਲ ਰਲ਼ ਕੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਹਿਮ ਸੇਵਾਵਾਂ ਕੀਤੀਆਂ। ਉਹਨਾਂ ਨੇ ਮਨੁੱਖੀ ਹੱਕਾਂ ਲਈ ਵੀ ਅਥਾਹ ਕਾਰਜ ਕੀਤੇ ਅਤੇ ਇਸ ਦੌਰਾਨ ਅਨੇਕਾਂ ਵਾਰ ਤਸ਼ੱਦਦ ਝੱਲਿਆ ਤੇ ਜੇਲ੍ਹਾਂ ਕੱਟੀਆਂ। ਉਹ ਆਖ਼ਰੀ ਸਵਾਸਾਂ ਤੱਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦੇ ਪਹਿਰੇਦਾਰ ਰਹੇ। ਭਾਈ ਗੁਰਬਖਸ਼ ਸਿੰਘ ਖ਼ਾਲਸਾ ਤੋਂ ਬਾਅਦ ਬਾਪੂ ਸੂਰਤ ਸਿੰਘ ਖ਼ਾਲਸਾ ਨੇ 83 ਸਾਲ ਦੀ ਉਮਰ ਵਿੱਚ ਆਪਣੇ ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ ਵਿਖੇ 16 ਜਨਵਰੀ 2015 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰਾਹੀਂ ਤਕਰੀਬਨ ਨੌਂ ਸਾਲ ਡਟਵਾਂ ਸੰਘਰਸ਼ ਕੀਤਾ। ਬਾਦਲ ਸਰਕਾਰ ਦੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਨਜ਼ਰਬੰਦ ਕਰੀ ਰੱਖਿਆ। ਅੰਨ੍ਹ ਤਿਆਗਣ ਕਾਰਨ ਬਾਪੂ ਸੂਰਤ ਸਿੰਘ ਜੀ ਤਿਲ-ਤਿਲ ਕਰਕੇ ਮਰ ਰਹੇ ਸਨ ਪਰ ਉਹਨਾਂ ਆਪਣਾ ਹਠ ਨਾ ਤਿਆਗਿਆ। ਬਾਪੂ ਸੂਰਤ ਸਿੰਘ ਨੂੰ ਕਈ ਲਾਲਚ ਅਤੇ ਡਰਾਵੇ ਵੀ ਦਿੱਤੇ ਗਏ, ਹਸਪਤਾਲ ਵਿੱਚ ਉਹਨਾਂ ਦੇ ਹੱਥ-ਪੈਰ ਜੰਜ਼ੀਰਾਂ ਨਾਲ ਬੰਨ੍ਹੇ ਗਏ ਤੇ ਪੁਲਿਸ ਅਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਜਬਰੀ ਨਾਲੀ ਰਾਹੀਂ ਖੁਰਾਕ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਬਾਪੂ ਜੀ ਦੇ ਸਿੱਖੀ ਸਿਦਕ, ਸਿਰੜ, ਸਬਰ ਅਤੇ ਪੰਥਕ ਸੇਵਾਵਾਂ ਨੂੰ ਪ੍ਰਣਾਮ ਹੈ। ਬਾਪੂ ਜੀ ਨੇ ਸੰਨ 2023 ਵਿੱਚ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਹੁਕਮ ਮੰਨਿਆ ਤੇ ਸੰਘਰਸ਼ ਨੂੰ ਬਦਲਵਾਂ ਰੂਪ ਦੇ ਕੇ ਮੁਹਾਲੀ ‘ਚ ਲੱਗੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰ ਦਿੱਤੀ। ਬਾਪੂ ਸੂਰਤ ਸਿੰਘ ਖ਼ਾਲਸਾ ਨੇ ਫਰਵਰੀ 2015 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖ਼ਤ ਲਿਖ ਕੇ ਭਾਰਤੀ ਸਿਸਟਮ ਦਾ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਆ ਪੇਸ਼ ਕੀਤਾ ਸੀ ਜਿਸ ਦੀ ਕਾਪੀ ਮੇਰੇ ਕੋਲ ਮੌਜੂਦ ਹੈ। ਅੱਜ ਉਹ ਪੱਤਰ ਮੈਂ ਆਪ ਸੰਗਤਾਂ ਨਾਲ ਸਾਂਝਾ ਕਰ ਰਿਹਾ ਹਾਂ।
– ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਬਾਪੂ ਸੂਰਤ ਸਿੰਘ ਖ਼ਾਲਸਾ ਦਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂਅ ਪੱਤਰ। ਸਤਿਕਾਰਯੋਗ ਨਰਿੰਦਰ ਮੋਦੀ ਜੀ। ਪ੍ਰਧਾਨ ਮੰਤਰੀ, ਭਾਰਤ ਸਰਕਾਰ, ਨਵੀਂ ਦਿੱਲੀ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਅੱਜ ਜਦੋਂ ਮੈਂ 16 ਜਨਵਰੀ 2015 ਤੋਂ ਮਰਨ ਵਰਤ ਉੱਤੇ ਬੈਠਾ ਹਾਂ ਤਾਂ ਮੈਂ ਭਾਰਤੀ ਨਿਜ਼ਾਮ ਵੱਲੋਂ ਸਿੱਖਾਂ ਉੱਤੇ ਕੀਤੇ ਜਬਰ ਦੀ ਕਹਾਣੀ ਬਿਆਨ ਕਰਨ ਲੱਗਾ ਹਾਂ। ਇਹ ਸ਼ਬਦ ਲਿਖਦਿਆਂ ਮੈਂ ਸਿੱਖ ਕੌਮ ਦੇ ਹੱਕੀ ਤੇ ਇਤਿਹਾਸਕ ਰੁਤਬੇ ਨੂੰ ਦੁਹਰਾਅ ਰਿਹਾ ਹਾਂ, ਉਹ ਕੌਮ ਜੋ ਇਸ ਮੁਲਕ ਵਿੱਚ ਆਪਣੀ ਨਿਆਰੀ ਹੋਂਦ ਨੂੰ ਬਰਕਰਾਰ ਰੱਖਣ ਲਈ ਲੜ ਰਹੀ ਹੈ। ਇਹ ਮੁਲਕ ਅੱਜ ਤੁਹਾਡੀ ਅਗਵਾਈ ਹੇਠ ‘ਇੱਕ ਬੋਲੀ, ਇੱਕ ਸੱਭਿਆਚਾਰ ਵਾਲ਼ਾ ਮੁਲਕ’ ਬਣਨ ਵੱਲ ਵੱਧ ਰਿਹਾ ਹੈ ਅਤੇ ਆਰ.ਐੱਸ.ਐੱਸ. ਮੁੱਖੀ ਵਾਰ-ਵਾਰ ‘ਭਾਰਤ ਇੱਕ ਹਿੰਦੂ ਰਾਸ਼ਟਰ’ ਆਖਣ ਵਿੱਚ ਝਿਜਕ ਮਹਿਸੂਸ ਨਹੀਂ ਕਰ ਰਹੇ।
83 ਸਾਲ ਦੀ ਉਮਰ ਵਿੱਚ ਮੈਂ ਬਹੁਤ ਅਨਿਆਂ ਤੇ ਜ਼ੁਲਮ ਵੇਖਿਆ। ਜਿਹੜਾ ਕਿ ਮੇਰੇ ਪਿਆਰੇ ਪੰਜਾਬ ਵਿੱਚ ਇੱਥੋਂ ਦੇ ਬਾਸ਼ਿੰਦੇ ਸਿੱਖਾਂ ਅਤੇ ਪੰਜਾਬੀਆਂ ਉੱਤੇ ਢਾਹਿਆ ਗਿਆ। ਇੱਕ ਵਚਨਬੱਧ ਅਕਾਲੀ ਹੋਣ ਦੇ ਨਾਤੇ ਮੈਂ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਨੂੰ ਨਤਮਸਤਕ ਹਾਂ। ਮੇਰਾ ਉਸ ਅਕਾਲ ਪੁਰਖ ਉੱਤੇ ਪੂਰਾ ਵਿਸ਼ਵਾਸ ਹੈ। ਮੈਂ ਜਾਤੀ ਅਤੇ ਜਮਾਤੀ ਜ਼ਿੰਦਗੀ ਵਿੱਚ ਜੋ ਪ੍ਰਣ ਕੀਤੇ ਹਨ, ਉਹਨਾਂ ਨੂੰ ਵਾਹਿਗੁਰੂ ਦੇ ਓਟ ਅਸਰੇ ਨਾਲ਼ ਪੂਰਾ ਨਿਭਾਇਆ ਹੈ। ਮੈਂ ਪੰਥ ਪ੍ਰਤੀ ਸਮਰਪਣ ਦੀ ਭਾਵਨਾ ਨਾਲ਼ ਅਕਾਲੀ ਸੰਘਰਸ਼ਾਂ ਤੇ ਮੋਰਚਿਆਂ ਵਿੱਚ ਬਿਨਾਂ ਭੈਅ ਤੋਂ ਹਿੱਸਾ ਲਿਆ, ਭਾਵੇਂ ਇਸ ਲਈ ਮੈਨੂੰ ਕਿੰਨੀ ਵੀ ਮੁਸ਼ਕਲ ਕਿਉਂ ਨਾ ਝੱਲਣੀ ਪਈ। ਮੈਂ ਜੂਨ 1984 ਨੂੰ ਨਹੀਂ ਭੁੱਲ ਸਕਦਾ। ਮੈਂ ਅਕਾਲ ਤਖ਼ਤ ਸਾਹਿਬ ਦੀ ਹੋਈ ਬੇਹੁਰਮਤੀ ਨੂੰ ਨਹੀਂ ਭੁੱਲ ਸਕਦਾ। ਮੈਂ ਨਵੰਬਰ 1984 ਨੂੰ ਭਾਰਤ ਵੱਲੋਂ ਕੀਤੇ ਮੌਤ ਦੇ ਨੰਗੇ ਨਾਚ ਨੂੰ ਨਹੀਂ ਭੁੱਲ ਸਕਦਾ। ਮੈਂ ਉਹਨਾਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਪੁਕਾਰ ਨੂੰ ਸੁਣ ਕੇ ਅੱਜ ਵੀ ਰੋਂਦਾ ਹਾਂ, ਜਿਨ੍ਹਾਂ ਨੂੰ ਪੰਜਾਬ ਵਿੱਚ ਗੈਰ-ਕਨੂੰਨੀ ਢੰਗ ਨਾਲ਼ ਮਾਰ ਦਿੱਤਾ ਗਿਆ।
ਮੈਂ ਬਹੁਤ ਦੁੱਖੀ ਹਾਂ, ਜਿਨ੍ਹਾਂ ਨੌਜਵਾਨਾਂ ਨੇ ਆਪਣਾ ਜੇਲ੍ਹ ਦਾ ਸਮਾਂ ਪੂਰਾ ਕਰ ਲਿਆ ਹੈ, ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਅੱਜ ਮਰਦਿਆਂ-ਮਰਦਿਆਂ ਮੈਨੂੰ ਇਸ ਗੱਲ ਦਾ ਵੀ ਬੜਾ ਅਫਸੋਸ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 25-ਬੀ-2 ਨੇ ਮੇਰੀ ਧਾਰਮਿਕ ਹੋਂਦ ‘ਤੇ ਹੀ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ। ਜ਼ਿੰਦਗੀ ਦੇ ਇਸ ਲਮਹੇ ਵਿੱਚ ਇਸ ਗੱਲ ਦਾ ਮੈਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਪਰ ਮੇਰੀ ਕੌਮ ਨੂੰ ਫ਼ਰਕ ਪੈਂਦਾ ਹੈ, ਜਿਹੜੀ ਕਿ ਸ਼ਾਂਤਚਿਤ ਰਹਿ ਕੇ ਇਸ ਮਾਨਸਿਕ ਪੀੜਾ ਨੂੰ ਝੱਲ ਰਹੀ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਇੱਕ ਅਧਿਆਪਕ ਤੇ ਇੱਕ ਸਿਆਸੀ ਕਾਰਕੁੰਨ ਹੋਣ ਦੇ ਨਾਤੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ‘ਤੇ ਹਮੇਸ਼ਾਂ ਹੀ ਚਿੰਤਤ ਰਿਹਾ ਹਾਂ।
ਭਾਈ ਗੁਰਬਖ਼ਸ਼ ਸਿੰਘ ਵੱਲੋਂ ਅਧੂਰੇ ਛੱਡੇ ਕਾਰਜ ਨੂੰ ਪੂਰਾ ਕਰਨ ਲਈ ਸਿੱਖ ਇਤਿਹਾਸ ਤੇ ਸਿਧਾਂਤ ਤੋਂ ਪ੍ਰੇਰਣਾ ਲੈਂਦਿਆਂ ਪਿਛਲੀ ਸਦੀ ਦੇ ਸੱਠਵੇਂ ਦਹਾਕੇ ਵਿੱਚ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹਾਦਤ ਦੇ ਕੇ ਜੋ ਕਰ ਵਿਖਾਇਆ ਸੀ, ਮੈਂ ਵੀ ਉਸ ਕਾਰਜ ਨੂੰ ਦੁਹਰਾਉਣਾ ਚਾਹੁੰਦਾ ਹਾਂ, ਕਿਉਂਕਿ ਜੇ ਮੈਂ ਨਾ ਕੀਤਾ ਤਾਂ ਮੌਜੂਦਾ ਦੌਰ ਦੇ ਸਿੱਖਾਂ ਦਾ ਅਰਦਾਸ ਤੇ ਇਤਿਹਾਸ ਵਿੱਚੋਂ ਵਿਸ਼ਵਾਸ ਉੱਠ ਜਾਵੇਗਾ। ਕਿਉਂਕਿ ਜੇ ਮੈਂ ਨਾ ਕੀਤਾ ਤਾਂ ਭਾਰਤੀ ਨਿਜ਼ਾਮ ਸਿੱਖਾਂ ਨੂੰ ਕਦੀ ਵੀ ਸੰਜੀਦਗੀ ਨਾਲ਼ ਨਹੀਂ ਲਵੇਗਾ ਅਤੇ ਮੈਂ ਆਪਣੀ ਜ਼ਮੀਰ ਨੂੰ ਜਵਾਬ ਨਹੀਂ ਦੇ ਸਕਾਂਗਾ।
ਸਵਾਲ ਕੁਝ ਸਿਆਸੀ ਕੈਦੀਆਂ ਦੀ ਰਿਹਾਈ ਦਾ ਨਹੀਂ, ਸਵਾਲ ਉਹਨਾਂ ਦੇ ਅਜ਼ਾਦ ਫਿਜ਼ਾ ਵਿੱਚ ਜਿਊਣ ਦਾ ਹੈ, ਸਵਾਲ ਇਹ ਹੈ ਕਿ ਜਿਸ ਵੇਲ਼ੇ ਕੈਦੀ ਜੇਲ੍ਹ ਦੀ ਮਿਆਦ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਸ ਨੂੰ ਆਪਣੀ ਅਜ਼ਾਦੀ ਵਾਪਸ ਮਿਲਣੀ ਚਾਹੀਦੀ ਹੈ। ਸਵਾਲ ਨਿਆਂ ਦਾ ਹੈ, ਬਰਾਬਰਤਾ ਅਤੇ ਜਾਇਜ਼ ਸਲੂਕ ਦਾ ਹੈ। ਸਵਾਲ ਇਹ ਹੈ ਕਿ ਜੋ ਕਨੂੰਨ ਵੀ.ਆਈ.ਪੀ. ਤੇ ਬਹੁਗਿਣਤੀ ਲੋਕ ਲਈ ਹੁੰਦਾ ਹੈ, ਉਹ ਘੱਟ ਗਿਣਤੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਲੋਕਾਂ ਲਈ ਵੀ ਹੋਣਾ ਚਾਹੀਦਾ ਹੈ। ਮੁੱਖ ਸਵਾਲ ਇਹ ਹੈ ਕਿ ਕੀ ਸੰਵਿਧਾਨ ਦੇ 66 ਸਾਲਾਂ ਬਾਅਦ ਭਾਰਤੀ ਨਿਜ਼ਾਮ ਸਿੱਖਾਂ ਦੇ ਹੱਕ ਹਕੂਕ ਬਹੁਗਿਣਤੀ ਵਾਂਗ ਦੇਣਾ ਚਾਹੁੰਦਾ ਕਿ ਨਹੀਂ?
ਭਾਰਤੀ ਹਕੂਮਤ ਦੇ ਸਾਰੇ ਅੰਗ ਅਫ਼ਸਰਸ਼ਾਹੀ, ਸਰਕਾਰ ਤੇ ਨਿਆਂਪਾਲਿਕਾ, ਸਾਡੇ ਲਈ ਨਿਆਂ ਨੂੰ ਠੰਢੇ ਬਸਤੇ ਵਿੱਚ ਪਾ ਦਿੰਦੇ ਹਨ। ਸੱਚ ਨੂੰ ਲੁਕੋ ਲੈਂਦੇ ਹਨ। ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ ਤੇ ਸਿੱਖ ਗੁੰਮਨਾਮ, ਅਨਿਆਂ ਅਤੇ ਬੇਪ੍ਰਤੀਤੀ ਦੇ ਆਲਮ ਵਿੱਚ ਜੀਅ ਰਹੇ ਹਨ।
ਸਿੱਖ ਜੱਥੇਬੰਦੀਆਂ ਅਤੇ ਮੈਂ, ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦੇ ਹਾਂ। ਜਦ ਵੀ ਅਸੀਂ ਮੰਗ ਕਰਦੇ ਹਾਂ ਤਾਂ ਭਾਰਤੀ ਨਿਜਾਮ ਦੇ ਖੋਖਲੇ ਜਵਾਬ ਹੁੰਦੇ ਹਨ। ਇਹ ਮਸਲਾ ਸੁਪਰੀਮ ਕੋਰਟ ਵਿੱਚ ਹੈ, ਜਾਂ ਅਜਿਹੇ ਲੋਕਾਂ ਨੂੰ ਨਹੀਂ ਛੱਡਿਆ ਜਾ ਸਕਦਾ। ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਹਾਂ ਕਿ ਇਸ ਬਾਰੇ ਭਰਮ-ਭੁਲੇਖੇ ਪੈਦਾ ਕਰਨ ਲਈ ਇਹ ਦਲੀਲ ਇੱਕ ਢਾਲ ਹੈ। ਜੋ ਪੂਰੇ ਮੁਲਕ ਨੂੰ ਚਲਾਉਣ ਲਈ ਆਰਡੀਨੈਂਸ ਜਾਰੀ ਕਰ-ਕਰਕੇ ਤੁਸੀਂ ਸਰਕਾਰ ਚਲਾ ਸਕਦੇ ਹੋ ਤਾਂ ਤੁਹਾਡੀ ਸਰਕਾਰ ਅਤੇ ਸੂਬਾਈ ਸਰਕਾਰਾਂ ਨੂੰ ਕੁਝ ਸਿਆਸੀ ਕੈਦੀਆਂ ਨੂੰ ਮਾਨਵਤਾ ਦੇ ਆਧਾਰ ਉੱਤੇ ਛੱਡਣ ਵਿੱਚ ਕੀ ਅੜਚਣ ਆ ਰਹੀ ਹੈ? ਮੇਰੀ ਕੌਮ ਜਾਣਦੀ ਹੈ ਕਿ ਰਾਸ਼ਟਰਪਤੀ, ਪਾਰਲੀਮੈਂਟ, ਵਿਧਾਨ ਸਭਾ ਅਤੇ ਗਵਰਨਰ ਕੋਲ਼ ਅਦਾਲਤੀ ਪ੍ਰਕਿਿਰਆ ਤੋਂ ਬਿਨਾਂ ਵੀ ਕੈਦੀਆਂ ਨੂੰ ਰਿਹਾਅ ਕਰਨ ਦੇ ਕਈ ਰਾਹ ਮੌਜੂਦ ਹਨ। ਜੇਲ੍ਹਾਂ ਵਿੱਚੋਂ ਕੈਦੀਆਂ ਦੀਆਂ ਰਿਹਾਈਆਂ ਦੇ ਮਾਮਲੇ ਵਿੱਚ ਅਫ਼ਸਰਸ਼ਾਹੀ ਭਾਰਤੀ ਕਨੂੰਨ ਦੀ ਮਨਮਰਜ਼ੀ ਦੀ ਵਿਆਖਿਆ ਕਰਦੇ ਸਨ। ਸਮਾਂ ਪੂਰੇ ਕਰ ਚੁੱਕੇ ਕੁਝ ਕੈਦੀਆਂ ਦੀ ਲਗਾਤਾਰ ਜੇਲ੍ਹ ਬੰਦੀ ਭਾਰਤੀ ਸੰਵਿਧਾਨ ਵਿੱਚ ਦਰਜ ਬਰਾਬਰਤਾ ਦੇ ਸਿਧਾਂਤ ਦੀ ਉਲ਼ੰਘਣਾ ਹੈ, ਸਗੋਂ ਇਹ ਸਿੱਧੇ ਤੌਰ ‘ਤੇ ਯੂ.ਐੱਨ.ਓ. ਦੇ ਮਨੁੱਖੀ ਅਧਿਕਾਰਾਂ ਬਾਰੇ ਐਲਾਨਨਾਮੇ ਦੀ ਵੀ ਉਲ਼ੰਘਣਾ ਹੈ। ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਸਿੱਖ ਸੰਘਰਸ਼ ਬਾਰੇ ਤੁਹਾਨੂੰ ਕੁਝ ਦੱਸਣ ਦੀ ਲੋੜ ਹੈ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਬਹੁਤ ਖੂਨ ਡੁੱਲ੍ਹਿਆ ਹੈ। ਇਸ ਸੰਘਰਸ਼ ਦੌਰਾਨ ਬਹੁਤ ਸਾਰੇ ਸਿੱਖ ਨੌਜਵਾਨ ਨਜ਼ਰਬੰਦ ਕੀਤੇ ਗਏ। ਇਹਨਾਂ ਵਿੱਚੋਂ ਹੀ ਕੁਝ ਸਿੱਖ ਕੈਦੀਆਂ ਨੇ ਬਹੁਤ ਲੰਬੀ ਕੈਦ ਭੁਗਤੀ ਹੈ, ਪਰ ਉਹਨਾਂ ਦੀ ਰਿਹਾਈ ਅੱਜ ਵੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਇਹਨਾਂ ਸਿੱਖ ਕੈਦੀਆਂ ਨੂੰ ਇਹ ਕੈਦ ਆਪਣੀ ਵਚਨਬੱਧਤਾ, ਆਪਣੇ ਆਦਰਸ਼ ਤੇ ਸਿੱਖ ਸੰਘਰਸ਼ ਦੀਆਂ ਰਾਜਨੀਤਕ ਮੰਗਾਂ ਕਰਕੇ ਕੱਟਣੀ ਪਈ ਹੈ। ਮੇਰੀ ਮੰਗ ਬੜੀ ਸਾਫ ਤੇ ਸਪਸ਼ਟ ਹੈ।
1. ਸਿੱਖ ਸੰਘਰਸ਼ ਨਾਲ਼ ਸਬੰਧਿਤ ਸੁਣਵਾਈ ਅਧੀਨ ਮੁਕਦਮੇ ਅਤੇ ਸਜ਼ਾ-ਯਾਫਤਾ ਸਿੱਖ ਕੈਦੀਆਂ ਨੂੰ ਸਿਆਸੀ ਕੈਦੀਆਂ ਦਾ ਦਰਜਾ (ਰੁਤਬਾ) ਦਿੱਤਾ ਜਾਵੇ।
2. ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਨੂੰ ਸਰਕਾਰ ਬਿਨਾਂ ਦੇਰੀ ਰਿਹਾਅ ਕਰੇ।
ਮਰਨ ਤੋਂ ਪਹਿਲਾਂ ਲਿਖੇ ਮੇਰੇ ਇਸ ਖ਼ਤ ਨੂੰ ਸਮੇਂ ਸਿਰ ਦਿੱਤੀ ਚਿਤਾਵਨੀ ਵੱਜੋਂ ਲਿਆ ਜਾਵੇ। ਮਤ ਇਹ ਸਮਝਣਾ ਕਿ ਮੇਰੀ ਮੌਤ ਅੰਜਾਈਂ ਜਾਵੇਗੀ। ਮੇਰੇ ਲੋਕ ਉੱਠਣਗੇ ਅਤੇ ਸਿੱਖ ਸੰਘਰਸ਼ ਦੀ ਵਾਗਡੋਰ ਸਾਂਭਣਗੇ ਤੇ ਉਹਨਾਂ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਤੇ ਸਿੱਖ ਹੱਕਾਂ ਲਈ ਖੜਨਗੇ ਅਤੇ ਲੜਨਗੇ। ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਤੁਹਾਨੂੰ ਮਿਲ਼ ਨਾ ਪਾਵਾਂ, ਪਰ ਮੈਨੂੰ ਇਹ ਪਤਾ ਹੈ ਕਿ ਮੇਰਾ ਇਹ ਖ਼ਤ ਤੁਹਾਨੂੰ ਜ਼ਰੂਰ ਝੰਜੋੜੇਗਾ। ਭਾਰਤੀ ਨਿਜ਼ਾਮ ਦੇ ਦੋ ਕਨੂੰਨ ਹਨ, ਜਿਹੜੇ ਇਸ ਬੁਨਿਆਦ ‘ਤੇ ਖੜ੍ਹੇ ਹਨ ਕਿ ਜਿਸ ਬੰਦੇ ਨਾਲ਼ ਨਿਆਂ ਕਰਨਾ ਹੈ, ਜਿਸ ਬੰਦੇ ਨੂੰ ਰਿਹਾਅ ਕਰਨਾ ਹੈ, ਉਸ ਦਾ ਧਰਮ ਕੀ ਹੈ ਤੇ ਉਹ ਕਿਹੜੀ ਜਾਤ ਦਾ ਹੈ ਜਾਂ ਕਿਹੜੇ ਮਿਸ਼ਨ ਨਾਲ਼ ਸਬੰਧਿਤ ਹੈ, ਉਸ ਹਿਸਾਬ ਨਾਲ਼ ਉਸ ਦੀ ਰਿਹਾਈ ਦਾ ਜਾਂ ਉਸ ਨਾਲ਼ ਨਿਆਂ ਦਾ ਫ਼ੈਸਲਾ ਕੀਤਾ ਜਾਂਦਾ ਹੈ। ਜੇ ਅਸੀਂ ਇਸ ਭਾਰਤੀ ਉਪ ਮਹਾਂਦੀਪ ਵਿੱਚ ਇਹ ਚਾਹੁੰਦੇ ਹਾਂ ਕਿ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਤਾਂ ਇਹ ਪੱਖਪਾਤੀ ਨਜ਼ਰੀਆ ਤਿਆਗਣਾ ਪਵੇਗਾ।
ਤੁਹਾਨੂੰ ਆਪਣੇ ਨਵੇਂ ਦੋਸਤ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਬਰਾਕ ਓਬਾਮਾ ਦੀ ਗੱਲ ਨੂੰ ਗੰਭੀਰਤਾ ਨਾਲ਼ ਲੈਣਾ ਚਾਹੀਦਾ ਹੈ ਜਿਨ੍ਹਾਂ ਨੇ ਭਾਰਤੀ ਨਿਜ਼ਾਮ ਦੀ ਧਾਰਮਿਕ ਕੱਟੜਤਾ ਅਤੇ ਅਸਹਿਣਸ਼ੀਲਤਾ ਬਾਰੇ ਇੱਕ ਪ੍ਰਸ਼ਨ ਚਿੰਨ੍ਹ ਖੜ੍ਹਾ ਕੀਤਾ ਹੈ। ਤੁਸੀਂ ਹਰ ਗੱਲ ਨੂੰ ਸਾਡੇ ਤੇ ਤੁਹਾਡੇ ਦੀ ਬਹਿਸ ਵਿੱਚ ਲੈ ਆਉਂਦੇ ਹੋ, ਸੋ ਸਾਡੇ ਲਈ ਇੰਝ ਨਹੀਂ ਹੈ। ਹੁਣ ਗੇਂਦ ਤੁਹਾਡੇ ਖੇਮੇ ਵਿੱਚ ਹੈ।
ਗੁਰੂ ਪੰਥ ਦਾ ਸੇਵਾਦਾਰ
– ਸੂਰਤ ਸਿੰਘ ਖ਼ਾਲਸਾ
ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ।
Author: Gurbhej Singh Anandpuri
ਮੁੱਖ ਸੰਪਾਦਕ