Home » ਧਾਰਮਿਕ » ਇਤਿਹਾਸ » ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਖ਼ਾਲਿਸਤਾਨੀ ਝੰਡੇ, ਖ਼ਾਲਿਸਤਾਨੀ ਸੰਵਿਧਾਨ ਤੇ ਸਿੱਖ ਸੰਘਰਸ਼ ਦੀਆਂ ਇਤਿਹਾਸਕ ਯਾਦਾਂ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਖ਼ਾਲਿਸਤਾਨੀ ਝੰਡੇ, ਖ਼ਾਲਿਸਤਾਨੀ ਸੰਵਿਧਾਨ ਤੇ ਸਿੱਖ ਸੰਘਰਸ਼ ਦੀਆਂ ਇਤਿਹਾਸਕ ਯਾਦਾਂ

25 Views
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਖ਼ਾਲਿਸਤਾਨੀ ਝੰਡੇ, ਖ਼ਾਲਿਸਤਾਨੀ ਸੰਵਿਧਾਨ ਤੇ ਸਿੱਖ ਸੰਘਰਸ਼ ਦੀਆਂ ਇਤਿਹਾਸਕ ਯਾਦਾਂ
ਮੈਂ ਸੰਗਤਾਂ ਨੂੰ ਅਕਾਲ ਟਾਈਮਜ਼ ਦੇ ਛੋਟੇ ਜਿਹੇ ਕਿਤਾਬਚੇ ਦੀ ਕਹਾਣੀ ਦੱਸਦਾ ਹਾਂ ਕਿ ਕਿੰਨ੍ਹਾਂ ਹਲਾਤਾਂ ’ਚ ਇਹ ਕਿਤਾਬਚਾ ਤਿਆਰ ਹੋਇਆ ਅਤੇ ਕਿਸ ਨੇ ਇਸ ਨੂੰ ਛਪਵਾਉਣ ਵਿੱਚ ਕੀ ਯੋਗਦਾਨ ਪਾਇਆ। ਦਸੰਬਰ 1983 ਦਾ ਅਖੀਰਲਾ ਸਮਾਂ ਬਹੁਤ ਹੀ ਸਰਗਰਮੀਆਂ ਭਰਪੂਰ ਸੀ। ਇੱਕ ਪਾਸੇ ਸਰਕਾਰ ਗੱਲਬਾਤ ਲਈ ਏਲਚੀ (ਦੂਤ) ਭੇਜ ਰਹੀ ਸੀ, ਦੂਜੇ ਪਾਸੇ ਸਾਡੇ ਕੋਲ਼ ਇਹ ਜਾਣਕਾਰੀ ਆ ਰਹੀ ਸੀ ਕਿ ਉਹ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਜਿਉਂਦਾ ਚੁੱਕ ਲੈਣਗੇ, ਬੰਬ ਬਲਾਸਟ ਜਾਂ ਕਿਸੇ ਹੋਰ ਤਰੀਕੇ ਨਾਲ਼ ਮਾਰ ਦੇਣਗੇ। ਭਾਈ ਸੁਰਿੰਦਰ ਸਿੰਘ ਸੋਢੀ ਦੇ ਕਤਲ ਤੋਂ ਬਾਆਦ ਹਲਾਤ ਬਹੁਤ ਵਿਗੜ ਗਏ ਸਨ ਅਤੇ ਜਥੇਬੰਦੀਆਂ ਦੀ ਆਪਸ ਵਿੱਚ ਦੁਸ਼ਮਣੀ ਪੂਰੀ ਜੋਰਾਂ ’ਤੇ ਸੀ।
ਮੇਰਾ, ਸੰਤ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਦਾ ਬੁੱਧੀਜੀਵੀਆਂ ਨਾਲ਼ ਵਿਚਾਰ-ਵਟਾਂਦਰਾ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਸੀ ਅਤੇ ਜਨਰਲ ਸ਼ੁਬੇਗ ਸਿੰਘ ਅਤੇ ਸੰਤ ਜਰਨੈਲ ਸਿੰਘ ਵੱਲੋਂ ਮੈਨੂੰ ਇਹ ਹੁਕਮ ਸੀ ਕਿ ਮੈਂ 26 ਜਨਵਰੀ 1984 ਤੋਂ ਪਹਿਲਾਂ-ਪਹਿਲਾਂ ਇਹ ਕਿਤਾਬਚਾ ਜ਼ਰੂਰ ਛਪਵਾ ਦੇਵਾਂ ਅਤੇ ਉਸ ਦਿਨ ਹੀ ਇਸ ਨੂੰ ਜਾਰੀ ਕਰ ਦਿੱਤਾ ਜਾਵੇ। ਸੰਤ ਜਰਨੈਲ ਸਿੰਘ ਨੇ ਮੈਨੂੰ ਇਹ ਕਿਹਾ ਸੀ “ਕੰਵਰ ਸਿੰਘ ਤੂੰ ਅੱਜ ਤੱਕ ਮੇਰੇ ਤੋਂ ਇੱਕ ਵੀ ਪੈਸਾ ਨਹੀਂ ਲਿਆ, ਇਸ ਵੇਲ਼ੇ ਮੇਰੇ ਕੋਲ਼ ਪੈਸਿਆ ਦਾ ਦਰਿਆ ਵਗਦਾ ਹੈ, ਇਸ ਕੰਮ ਲਈ ਮੈਂ ਤੇਰੀ ਦਿਲ ਖੋਲ੍ਹ ਕੇ ਮਦਦ ਕਰਨਾ ਚਾਹੁੰਦਾ ਹਾਂ।” ਸੰਤਾਂ ਦਾ ਕਹਿਣਾ ਸੀ ਕਿ “ਬੁੱਧੀਜੀਵੀਆਂ ਕੋਲ਼ ਸਿਰਫ ਬੁੱਧੀ ਹੀ ਹੁੰਦੀ ਹੈ, ਪੈਸੇ ਤੋਂ ਇਹ ਔਖੇ ਹੀ ਹੁੰਦੇ ਹਨ, ਜਦੋ ਵੀ ਪੈਸੇ ਦੀ ਲੋੜ ਹੋਈ ਮੇਰੇ ਤੋਂ ਬੇਝਿਜਕ ਲੈ ਲਈ, ਬਾਕੀ ਵੀ ਤਾਂ ਲੈਂਦੇ ਹੀ ਹਨ।” ਜਰਨਲ ਸ਼ਬੇਗ ਸਿੰਘ ਨੇ ਮੈਨੂੰ ਇਕੱਲੇ ਕਰ ਕੇ ਸਮਝਾਇਆ ਕਿ ਪਿਛਲੇ ਦੋ ਸਾਲਾਂ ਤੋਂ ਤੂੰ ਸੰਤ ਜਰਨੈਲ ਸਿੰਘ ਤੋਂ ਕੋਈ ਪੈਸਾ ਨਹੀਂ ਲਿਆ, ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ “ਹੁਣ ਵੀ ਤੂੰ ਇਸ ਕੰਮ ਲਈ ਸੰਤਾਂ ਤੋਂ ਪੈਸਾ ਨਹੀਂ ਲੈਣਾ ਤੇ ਇਸ ਮਿਸ਼ਨ ਲਈ ਲੋੜ ਪਈ ਤਾਂ ਮੈਂ ਤੇਰੀ ਮਦਦ ਕਰਾਂਗਾ।” ਮਿਸ਼ਨ ਤਾਂ ਇਹ ਹੀ ਸੀ ਕਿ ਅਸੀਂ ਸਾਰੇ ਇਹ ਹੀ ਕਹਿਣਾ ਚਾਹੁੰਦੇ ਸੀ ਕਿ ਅਸੀਂ ਅਨੰਦਪੁਰ ਸਾਹਿਬ ਦੇ ਮਤੇ ’ਤੇ ਮੋਰਚਾ ਲਾਇਆ ਹੈ, ਪਰ ਅਕਾਲੀ ਕੁਝ ਮੰਗਾਂ ’ਤੇ ਆ ਗਏ ਹਨ ਅਤੇ ਨੌਜੁਆਨੀ ਅਜ਼ਾਦ ਖ਼ਾਲਿਸਤਾਨ ਦੀ ਗੱਲ ਕਰਦੀ ਹੈ।
ਅੱਜ ਤੋਂ 37 ਸਾਲ ਪਹਿਲਾਂ ਦੀਆ ਗੱਲਾਂ ਯਾਦ ਕਰਕੇ ਦੱਸ ਰਿਹਾ ਹਾਂ ਕਿ ਸੰਤ ਜਰਨੈਲ ਸਿੰਘ ਉਸ ਵੇਲੇ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਅਪਣਾ ਚੁੱਕੇ ਸਨ। ਸਿਰਦਾਰ ਕਪੂਰ ਸਿੰਘ ਜੀ ਨੇ ਸੰਤਾਂ ਨੂੰ ਮਿਲ ਕੇ ਬਹੁਤ ਸਾਰੀਆਂ ਕਿਤਾਬਾਂ ਸੰਤਾ ਨੂੰ ਭੇਟ ਕੀਤੀਆਂ ਸਨ, ਉਹਨਾਂ ਵਿੱਚੋਂ ਸੰਤ ਜਰਨੈਲ ਸਿੰਘ ਨੇ ਮੈਨੂੰ ਕਪੂਰ ਸਿੰਘ ਦੀ ‘ਸਾਚੀ ਸਾਖੀ’ ਅਤੇ ਹੋਰ ਕਿਤਾਬਾਂ ਤੋਹਫੇ ਦੇ ਤੌਰ ’ਤੇ ਪੜ੍ਹਨ ਲਈ ਦਿੱਤੀਆਂ ਸਨ।
ਮੈਂ ਅਤੇ ਮੇਰੇ ਸਾਥੀਆਂ ਨੇ ਸ. ਬਲਬੀਰ ਸਿੰਘ ਸੰਧੂ ਨੂੰ ਖ਼ਾਲਿਸਤਾਨ ਦਾ ਸੰਵਿਧਾਨ ਲਿਖਣ ਲਈ ਕਿਹਾ ਅਤੇ ਅਨੰਦਪੁਰ ਦਾ ਮਤਾ ਪਹਿਲਾਂ ਹੀ ਛਪਿਆ ਹੋਇਆ ਸੀ। ਮੇਰੇ ਲਈ ਸੰਪਾਦਕੀ ਲਿਖਣਾ ਬੜਾ ਔਖਾ ਸੀ ਅਤੇ ਸਮਾਂ ਵੀ ਬਹੁਤ ਥੋੜ੍ਹਾ ਸੀ, ਉੁਸ ਵੇਲੇ ਛਪਾਈ ਵੀ ਛਪਵਾਈ ਖ਼ਾਨੇ ਵਿੱਚ ਹੁੰਦੀ ਸੀ। ਬਲਬੀਰ ਸਿੰਘ ਸੰਧੂ ਵੱਲੋਂ ਜੋ ਖ਼ਾਲਿਸਤਾਨ ਦਾ ਸੰਵਿਧਾਨ ਲਿਖਿਆ ਸੀ ਉਸ ’ਤੇ ਹੋਰਨਾਂ ਤੋਂ ਇਲਾਵਾ ਭਾਈ ਅਮਰੀਕ ਸਿੰਘ ਨੇ ਸਖ਼ਤ ਅਲੋਚਨਾ ਕੀਤੀ ਸੀ ਤੇ ਉਸ ਨੂੰ ਨਾ ਪਸੰਦ ਕੀਤਾ ਗਿਆ ਸੀ। ਇਸ ਬਾਰੇ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਭਾਈ ਅਮਰੀਕ ਸਿੰਘ ਦੇ ਵਿਚਾਰਾਂ ਵਿੱਚ ਉਸ ਸਮੇਂ ਅਚਾਨਕ ਬਹੁਤ ਤਬਦੀਲੀ ਵੇਖਣ ਨੂੰ ਮਿਲਦੀ ਸੀ। ਪਹਿਲਾਂ ਉਹ ਬਹੁਤ ਨਰਮ ਵਿਚਾਰਾਂ ਦਾ ਸੀ ਅਤੇ ਸੰਤ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਵਿਚਕਾਰ ਕੜੀ ਦਾ ਕੰਮ ਕਰਦਾ ਸੀ ਅਤੇ ਲੌਂਗੋਵਾਲ ਖੇਮਾ ਜਾਣ ਕੇ ਉਸ ਨੂੰ ਬਹੁਤ ਮਹੱਤਤਾ ਦਿੰਦਾ ਸੀ। ਉਹਨਾਂ ਦਾ ਛੋਟਾ ਭਰਾ ਭਾਈ ਮਨਜੀਤ ਸਿੰਘ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ ਅਤੇ ਬਤੌਰ ਮੀਤ ਮੈਨੇਜਰ ਸ੍ਰੀ ਦਰਬਾਰ ਸਾਹਿਬ ਕੰਮ ਕਰਦਾ ਸੀ। ਹੁਣ ਭਾਈ ਅਮਰੀਕ ਸਿੰਘ ਜਦੋਂ ਵੀ ਮੈਨੂੰ ਮਿਲਦਾ ਸੀ, ਉਸ ਦਾ ਟੌਪਿਕ ਖ਼ਾਲਿਸਤਾਨ ਹੀ ਹੁੰਦਾ ਸੀ ਤੇ ਇਸ ਬਾਰੇ ਹੀ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ। ਮੈਂ ਇਸ ਬਾਰੇ ਸੰਤਾਂ ਨਾਲ ਵੀ ਕਈ ਵਾਰ ਜ਼ਿਕਰ ਕੀਤਾ ਕਿ ਭਾਈ ਅਮਰੀਕ ਸਿੰਘ ਅੱਜ-ਕੱਲ ਮੇਰੇ ਨਾਲ਼ ਖ਼ਾਲਿਸਤਾਨ ਬਾਰੇ ਬਹੁਤ ਚਰਚਾ ਕਰਦੇ ਹਨ।
ਜਿਸ ਤਰ੍ਹਾਂ ਕਿ ਮੈਂ ਦੱਸਣ ਦੀ ਕੋਸ਼ਿਸ ਕਰ ਰਿਹਾ ਸੀ। ਉਹਨਾਂ ਦਿਨਾਂ ਵਿੱਚ ‘ਅਕਾਲ ਟਾਈਮਜ਼’ ਨੂੰ ਛਪਵਾਉਣ ਦੇ ਮਸਲੇ ’ਤੇ ਭਾਈ ਅਮਰੀਕ ਸਿੰਘ, ਜਥੇਦਾਰ ਰਾਮ ਸਿੰਘ ਚੌਲੱਧਾ (ਸੁਲਤਾਨਪੁਰ ਵਾਲ਼ਾ), ਜਨਰਲ ਸ਼ਬੇਗ ਸਿੰਘ ਸਮੇਤ ਚੋਣਵੇਂ ਸਿੰਘ ਰਾਤ ਨੂੰ ਸੰਤ ਜਰਨੈਲ ਸਿੰਘ ਨਾਲ਼ ਗੱਲਬਾਤ ਕਰਨ ਲਈ ਪਹੁੰਚੇ ਤਾਂ ਮੈਂ ਦੱਸ ਦਿੱਤਾ ਕਿ ਬਲਬੀਰ ਸਿੰਘ ਸੰਧੂ ਵੱਲੋਂ ਲਿਿਖਆ ਖਾਲਿਸਤਾਨ ਦਾ ਸੰਵਿਧਾਨ ਭਾਈ ਅਮਰੀਕ ਸਿੰਘ ਨੂੰ ਬਿਲਕੁਲ ਪਸੰਦ ਨਹੀਂ ਹੈਂ ਤਾਂ ਸੰਤ ਜਰਨੈਲ ਸਿੰਘ ਨੇ ਭਾਈ ਅਮਰੀਕ ਸਿੰਘ ਨੂੰ ਕਿਹਾ ਕਿ “ਜਦੋਂ ਦਾ ਮੋਰਚਾ ਲੱਗਾ ਹੈ ਉਹ ਇਕੱਲਾ ਹੀ ਇਥੇ ਖ਼ਾਲਿਸਤਾਨ ਦੀ ਗੱਲ ਕਰ ਰਿਹਾ ਹੈ ਅਤੇ ਉਸ ਦਾ ਲੀਡਰ ਡਾ. ਜਗਜੀਤ ਸਿੰਘ ਚੌਹਾਨ ਤਾਂ ਆਪਣੇ ਆਪ ਨੂੰ ਖ਼ਾਲਿਸਤਾਨ ਦਾ ਰਾਸ਼ਟਰਪਤੀ ਕਹਿ ਰਿਹਾ ਹੈ, ਅਸੀ ਤਾਂ ਬਲਬੀਰ ਸਿੰਘ ਸੰਧੂ ਵੱਲੋਂ ਲਿਖਿਆ ਅਤੇ ਉਸ ਦੀ ਜਥੇਬੰਦੀ ਵੱਲੋਂ ਪੇਸ਼ ਕੀਤਾ ਸੰਵਿਧਾਨ ਛਪਵਾ ਰਹੇ ਹਾਂ, ਜੇ ਤੈਨੂੰ ਇਸ ਬਾਰੇ ਇਤਰਾਜ ਹੈ ਤਾਂ ਤੂੰ ਆਪਣੇ ਵੱਲੋਂ ਲਿਖਦੇ ਕਿ ਕਿਸ ਤਰ੍ਹਾਂ ਦਾ ਖਾਲਿਸਤਾਨ ਚਾਹੁੰਦਾ ਹੈਂ!”
ਸੰਤ ਜਰਨੈਲ ਸਿੰਘ ਨੇ ਕਿਹਾ ਕਿ “ਦੁੱਖ ਦੀ ਗੱਲ ਇਹ ਹੈ ਕਿ ਅਕਾਲੀ ਤਾਂ ਮਰਜੀਵੜਿਆਂ ਦੀ ਸਹੁੰ ਚੁੱਕ ਕੇ ਅਨੰਦਪੁਰ ਸਾਹਿਬ ਦੇ ਮਤੇ ਤੋਂ ਭੱਜ ਰਹੇ ਹਨ, ਕੁੱਝ ਮੰਗਾਂ ਤੇ ਆ ਗਏ ਹਨ।” ਸੰਤਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਸਿਰਦਾਰ ਕਪੂਰ ਸਿੰਘ ਦੀ ਛਪੀ (ਵਿਦੇਸ਼ ਦੇ ਰਸਾਲੇ ਵਿੱਚ) ਇੰਟਰਵਿਊ ਦਿੱਤੀ ਤੇ ਕਿਹਾ “ਸਭ ਤੋਂ ਪਹਿਲਾਂ ਅਕਾਲੀਆਂ ਦੀਆਂ ਮੰਗਾਂ ਬਾਰੇ ਜ਼ਿਕਰ ਕਰੋ ਅਤੇ ਫਿਰ ਅਸਲੀ ਅਨੰਦਪੁਰ ਸਾਹਿਬ ਦੇ ਮਤੇ ਦੀ ਕਾਪੀ ਛਾਪ ਦਿਓ ਅਤੇ ਉਸ ਤੋਂ ਬਾਅਦ ਭਾਈ ਅਮਰੀਕ ਸਿੰਘ ਦੀ ਸਲਾਹ ਨਾਲ ਖ਼ਾਲਿਸਤਾਨ ਦਾ ਸੰਵਿਧਾਨ ਛਾਪ ਦਿਉ ਅਤੇ ਉਸ ਤੋਂ ਬਾਅਦ ਇਹ ਇੰਟਰਵਿਊ ਛਾਪ ਦਿਉ, ਪਰ ਇਹ ਸਭ 26 ਜਨਵਰੀ ਤਕ ਹੋ ਜਾਣਾ ਚਾਹੀਦਾ ਹੈ।”
ਮੈਂ ਪਹਿਲਾਂ ਦੱਸਿਆ ਹੀ ਹੈ ਕਿ ਭਾਈ ਅਮਰੀਕ ਸਿੰਘ, ਗੁਰੂ ਨਾਨਕ ਨਿਵਾਸ ਦੇ ਕਮਰਾ ਨੰਬਰ ਇੱਕ ਵਿੱਚ ਰਹਿੰਦਾ ਸੀ ਅਤੇ ਮੈਂ ਕਮਰਾ ਨੰਬਰ ਦੋ ਵਿੱਚ ਹੁੰਦਾ ਸੀ ਅਤੇ ਕਮਰਾ ਨੰਬਰ ਤਿੰਨ ਵਿੱਚ ਬੁੱਢਾ ਦੱਲ ਦਾ ਉਸ ਵੇਲੇ ਸਾਡੇ ਵੱਲੋਂ ਹੀ ਬਣਾਇਆ ਹੋਇਆ ਜਥੇਦਾਰ ਰਣਜੀਤ ਸਿੰਘ ਬਲੱਗਣ ਰਹਿੰਦਾ ਸੀ।
ਇਸ ਮੀਟਿੰਗ ਤੋਂ ਬਾਅਦ ਮੈਂ ਭਾਈ ਅਮਰੀਕ ਸਿੰਘ ਨਾਲ ਕਈ ਵਾਰ ਚਰਚਾ ਕੀਤੀ ਅਤੇ ਉਸ ਨੂੰ ਉਕਸਾਇਆ ਕਿ ਤੂੰ ਆਪਣੇ ਨਾਮ ਹੇਠ ਇਹ ਕਿਤਾਬਚਾ ਛਪਵਾ ਲੈ ਪਰ ਉਹ ਇਸ ਬਾਰੇ ਤਿਆਰ ਨਹੀਂ ਹੋਇਆ। ਆਖ਼ਰ ਸਮੇਂ ਦੀ ਕਮੀ ਹੋਣ ਕਾਰਨ ਸਾਨੂੰ ਬਲਬੀਰ ਸਿੰਘ ਸੰਧੂ ਵੱਲੋਂ ਤਿਆਰ ਕੀਤਾ ਖ਼ਾਲਿਸਤਾਨ ਦੇ ਸੰਵਿਧਾਨ ਸਮੇਤ ਹੀ ‘ਅਕਾਲ ਟਾਈਮਜ਼’ ਨਾਮ ਦਾ ਕਿਤਾਬਚਾ ਛਪਵਾਉਣਾ ਪਿਆ ਜਿਸ ਵਿੱਚ ਮੈਂ ਬਹੁਤ ਥੋੜੇ ਲਫਜ਼ਾ ਵਿੱਚ ਸੰਪਾਦਕੀ ਨੂੰ ਲਿਖਿਆ।
ਇਸ ਕਿਤਾਬਚੇ ਨੂੰ ਪੜ੍ਹੇ ਮੈਨੂੰ ਤਕਰੀਬਨ 37 ਸਾਲ ਹੋ ਗਏ ਹਨ। ਮੈਨੂੰ ਯਾਦ ਹੈ ਕਿ ਇਹ ਭਾਵੇਂ ਛੋਟਾ ਕਿਤਾਬਚਾ ਸੀ ਪਰ ਇਹ ਬਹੁਤ ਹੀ ਮਹੱਤਵ ਪੂਰਨ ਪੰਥਕ ਦਸਤਾਵੇਜ਼ ਹੈ। ਇਸਦੀਆਂ ਕਾਪੀਆਂ ਉਸ ਵੇਲੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਉਸ ਵੇਲ਼ੇੇ ਦੀਆਂ ਤਿੰਨ ਮਸ਼ਹੂਰ ਯੂਨੀਵਰਸੀਟੀਆਂ ਦੀਆਂ ਲਾਇਬ੍ਰੇਰੀਆਂ ਅਤੇ ਹੋਰ ਸ਼ਹਿਰਾਂ ਦੀਆਂ ਲਾਇਬ੍ਰੇਰੀਆਂ ਵਿੱਚ ਸਾਂਭਣ ਲਈ ਭੇਜੀਆਂ ਸੀ ਅਤੇ ਜਨਰਲ ਸ਼ਬੇਗ ਸਿੰਘ ਨੇ ਆਪ ਦਿਲਚਸਪੀ ਲੈ ਕੇ ਵੰਡਿਆ ਸੀ। ਇਸ ਨੂੰ ਜਾਰੀ ਕਰਨ ਵੇਲੇ ਮੈਨੂੰ ਬਹੁਤ ਮੁਸ਼ਕਿਲਾਂ ਆਈਆਂ।
ਸਾਰਿਆਂ ਸਾਥੀਆਂ ਵਿਚ ਜੋ ਫ਼ੈਸਲਾ ਹੋਇਆ ਸੀ ਉਸ ਮੁਤਾਬਿਕ ਇਸ ਕਿਤਾਬਚੇ ਨੂੰ 26 ਜਨਵਰੀ 1984 ਨੂੰ ਸੰਤ ਜਰਨੈਲ ਸਿੰਘ ਨੇ ਜਾਰੀ ਕਰਨਾ ਸੀ ਪਰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਕੱਤਰ ਹਰਮਿੰਦਰ ਸਿੰਘ ਸੰਧੂ ਦੇ ਇਤਰਾਜ਼ ਕਰਨ ’ਤੇ ਉਹਨਾਂ ਨੂੰ ਇਸ ਕੰਮ ਤੋਂ ਰੋਕ ਦਿੱਤਾ ਗਿਆ ਅਤੇ ਮੇਰੇ ਸੰਗੀ ਸਾਥੀਆਂ ਸਮੇਤ ਜਥੇਦਾਰ ਰਾਮ ਸਿੰਘ ਨੇ ਮੇਰੇ ’ਤੇ ਇਹ ਦਬਾਅ ਪਾਇਆ ਕਿ ਇਸ ਨੂੰ ਜਾਰੀ ਕਰਨ ਸਮੇਂ ਨਿਸ਼ਾਨ ਸਾਹਿਬ ਨੂੰ ਗੋਲ਼ੀਆਂ ਚਲਾ ਕੇ ਸਲਾਮੀ ਦਿੱਤੀ ਜਾਵੇ, ਪਰ ਮੈਂ ਇਸ ਗੱਲ ਤੇ ਬਾ-ਜਿੱਦ ਸੀ ਕਿ ਅਕਾਲ ਫ਼ੈਡਰੈਸ਼ਨ ਨੇ ਗੋਲ਼ੀ ਨਹੀਂ ਚਲਾਉਣੀ। ਉਸ ਦਾ ਹਥਿਆਰ ਕਲਮ ਅਤੇ ਪ੍ਰੈੱਸ ਹੀ ਹੈ ਅਤੇ ਅਕਾਲ ਫੈਡਰੇਸ਼ਨ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਨੂੰ ਛਪਵਾ ਦਿੱਤਾ ਹੈ।
ਮੈਨੂੰ ਯਾਦ ਹੈ ਕਿ ਭਾਈ ਅਮਰੀਕ ਸਿੰਘ ਨੇ ਉਸ ਵੇਲੇ ਜਥੇਦਾਰ ਰਾਮ ਸਿੰਘ ਜਵੰਦਾ ਨੂੰ ਇਹ ਗੱਲ ਆਖੀ ਸੀ ਕਿ “ਖ਼ਾਲਿਸਤਾਨ ਦਾ ਸੰਵਿਧਾਨ ਤਾਂ ਜਾਰੀ ਕਰਨ ਲੱਗੇ ਹੋ, ਪਰ ਖ਼ਾਲਿਸਤਾਨ ਦੇ ਝੰਡੇ ਬਾਰੇ ਤੁਹਾਡੇ ਕੀ ਵਿਚਾਰ ਹਨ ?” ਅਕਾਲ ਫੈਡਰੇਸ਼ਨ ਨੂੰ ਚਾਹੀਦਾ ਹੈ ਕਿ ਉਹ ਖਾਲਿਸਤਾਨ ਦੇ ਝੰਡੇ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਾਉਣ। ਉਸ ਵੇਲੇ ਸਾਥੀਆਂ ਵਿੱਚ ਸੱਚ-ਮੁੱਚ ਸੰਜੀਦਗੀ ਨਾਲ ਚਰਚਾ ਚਲ ਪਈ ਕਿ ਖ਼ਾਲਿਸਤਾਨ ਦਾ ਝੰਡਾ ਕਿਸ ਤਰ੍ਹਾਂ ਦਾ ਹੋਵੇ!
ਇਸ ਬਾਰੇ ਸੰਤ ਜਰਨੈਲ ਸਿੰਘ ਕੋਲ ਫਿਰ ਅਸੀਂ ਇੱਕ ਰਾਤ ਇਕੱਠੇ ਹੋਏ ਤਾਂ ਸੁਰਜੀਤ ਸਿੰਘ (ਭੰਡ) ਰਾਗੀ ਨੇ ਇਹ ਵੀ ਮਸਲਾ ਉਠਾ ਦਿੱਤਾ ਕਿ ਹੁਣ ਖਾਲਿਸਤਾਨ ਦੇ ਝੰਡੇ ਬਾਰੇ ਫੈਸਲਾ ਨਹੀਂ ਹੋ ਰਿਹਾ ? ਸੰਤਾਂ ਨੇ ਹੱਸ ਕੇ ਕਿਹਾ ਕਿ ਇਸ ਬਾਰੇ ਬਲਬੀਰ ਸਿੰਘ ਸੰਧੂ ਅਤੇ ਜਗਜੀਤ ਸਿੰਘ ਚੌਹਾਨ ਤੋਂ ਪੁੱਛ ਲਵੋ ? ਕੁਝ ਦੇਰ ਬਾਅਦ ਗੱਲ ਸੰਜੀਦਗੀ ਨਾਲ ਤੁਰੀ ਤਾਂ ਸੰਤ ਜਰਨੈਲ ਸਿੰਘ ਨੇ ਕਿਹਾ “ਬਹੁਤੀਆਂ ਗੱਲਾਂ ਨਾ ਕਰੋ, ਕੰਮ ਦੀ ਗੱਲ ਕਰੋ।” ਮੈਂ ਉਹਨਾਂ ਨੂੰ ਕਿਹਾ “ਅਕਾਲ ਫੈਡਰੇਸ਼ਨ ਨੇ ਤਾਂ ਆਪਣਾ ਕੰਮ ਕਰ ਦਿੱਤਾ ਹੈ, ਹੁਣ ਕੋਈ ਜਥੇਬੰਦੀ ਸਾਨੂੰ ਇਸ ਨੂੰ ਗੋਲ਼ੀ ਨਾਲ ਸਲਾਮੀ ਦੇਣ ਵਾਲੀ ਅਤੇ ਜਿੰਮੇਵਾਰੀ ਚੁੱਕਣ ਵਾਲੀ ਚਾਹੀਦੀ ਹੈ।”
ਤਾਂ ਸੰਤਾਂ ਨੇ ਜਥੇਦਾਰ ਰਾਮ ਸਿੰਘ ਵੱਲ ਇਸ਼ਾਰਾ ਕਰਕੇ ਕਿਹਾ ਕਿ “ਇਸ ਤੋਂ ਵਧੀਆ ਗੋਲ਼ੀ ਕੌਣ ਚਲਾ ਸਕਦਾ ਹੈ ?” ਸੰਤਾਂ ਨੇ ਝੰਡੇ ਬਾਰੇ ਸ਼ੁਗਲ ਵਿੱਚ ਕਿਹਾ “ਜੇ ਮੇਰੇ ਖਿਆਲ ਨਾਲ਼ ਭਾਰਤ ਦਾ ਤਿਰੰਗਾ ਤਿੰਨਾਂ ਕੌਮਾਂ ਹਿੰਦੂ, ਮੁਸਲਿਮ ਤੇ ਈਸਾਈ ਦੀ ਨੁਮਾਇੰਦਗੀ ਕਰਦਾ ਹੈ ਤੇ ਇਸ ਵਿੱਚ ਪਏ ਚੱਕਰ ਨੇ ਹੀ ਸਾਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ ਅਤੇ ਇਸ ਚੱਕਰ ਨੂੰ ਬਾਹਰ ਕੱਢੋ ਅਤੇ ਇਸ ਵਿੱਚ ਵੱਡਾ ਖੰਡਾ ਬਣਾ ਲਵੋ ਅਤੇ ਡੰਡਾ ਤਾਂ ਫਿਰ ਸਾਡੇ ਕੋਲ ਹੈ ਹੀ, ਤੇ ਇਸ ਨੂੰ ਸਲਾਮੀ ਦੇ ਦਿਉ ਅਤੇ ਬਹੁਤੇ ਚੱਕਰਾਂ ਵਿੱਚ ਨਾ ਪਓ।”
ਇਸ ਤੋਂ ਬਾਅਦ ਮੈਂ ਅਤੇ ਜਥੇਦਾਰ ਰਾਮ ਸਿੰਘ ਨੇ ਇਸ ਨੂੰ ਬੜੀ ਸੰਜੀਦਗੀ ਨਾਲ ਲਿਆ ਅਤੇ ਅਸੀਂ ਸੋਚਿਆ ਕਿ ਅਸੀਂ ਖਾਲਸੇ ਦੇ ਬੋਲ-ਬਾਲੇ ਦੀ ਗੱਲ ਕਰਦੇ ਹਾਂ। ਵਾਕਿਆ ਹੀ ਸਾਨੂੰ ਇਸ ਤਰ੍ਹਾਂ ਦਾ ਝੰਡਾ ਬਣਵਾ ਲੈਣਾ ਚਾਹੀਦਾ ਹੈ। ਦਰਬਾਰ ਸਾਹਿਬ ਦੇ ਗੇਟ ਦੇ ਕੋਲ ਸਿੰਧੀ ਹੋਟਲ ਦੇ ਲਾਗੇ ਇੱਕ ਪੰਡਤ ਲਾਲੇ ਦੀ ਪ੍ਰੈੱਸ ਹੁੰਦੀ ਸੀ, ਉਸ ਵਿੱਚ ਅਕਾਲ ਟਾਈਮਜ਼ ਛਾਪਣ ਲਈ ਦਿੱਤਾ ਹੋਇਆ ਸੀ, ਉਸ ਨੂੰ ਹੀ ਅਸੀਂ ਇਸ ਤਰ੍ਹਾਂ ਦਾ ਝੰਡਾ ਬਣਾਉਣ ਲਈ ਆਰਡਰ ਦੇ ਦਿੱਤਾ। ਉਸ ਨੇ ਅਕਾਲ ਟਾਇਮਜ਼ ਤਾਂ ਛਾਪ ਦਿੱਤਾ, ਪਰ ਉਹ ਝੰਡਾ ਸਮੇਂ ਸਿਰ ਤਿਆਰ ਨਹੀਂ ਕਰ ਸਕਿਆ।
ਅਖੀਰ 26 ਜਨਵਰੀ 1984 ਦੇ ਦਿਨ ਜਥੇਦਾਰ ਰਾਮ ਸਿੰਘ ਨੇ ਅਕਾਲ ਫੈਡਰੇਸ਼ਨ ਸਮੇਤ ਸਾਰੀਆਂ ਜਥੇਬੰਦੀਆਂ ਦੇ ਕੁਝ ਸਿੰਘ ਨਾਲ ਲੈ ਕੇ ਨਾਨਕ ਨਿਵਾਸ ਦੇ ਉੱਪਰ ਬਲਬੀਰ ਸਿੰਘ ਸੰਧੂ ਦੇ ਨਾਲ ਕੇਸਰੀ ਨਿਸ਼ਾਨ ਸਾਹਿਬ ਨੂੰ ਗੋਲ਼ੀਆਂ ਚਲਾ ਕੇ ਸਲਾਮੀ ਦੇ ਦਿੱਤੀ, ਹੋਰ ਕਿਸੇ ਜਥੇਬੰਦੀ ਦੇ ਜਿੰਮੇਵਾਰੀ ਨਾ ਲੈਣ ਤੇ ਇੱਕ ਨਵੀਂ ਜਥੇਬੰਦੀ ਅਕਾਲ ਸੈਨਾ ਨੇ ਇਸ ਦੀ ਜਿੰਮੇਵਾਰੀ ਲਈ। ਮੈਨੂੰ ਹੋਰ ਕੁਝ ਯਾਦ ਨਹੀਂ ਆ ਰਿਹਾ। ਉਸ ਵੇਲੇ ਦੀਆਂ ਅਖਬਾਰਾਂ ਵਿੱਚ ਖਬਰਾਂ ਆਈਆਂ ਸਨ, ਪ੍ਰੈੱਸ ਵਿੱਚ ਇਸ ਦੀ ਖੂਬ ਚਰਚਾ ਹੋਈ ਸੀ। ਉਸ ਤੋਂ ਬਾਅਦ ਦੋ ਬੁੰਗਿਆਂ ਦੇ ਵਿੱਚੋਂ ਇੱਕ ਬੁੰਗੇ ਦੇ ਉੱਪਰ ਵੱਡਾ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਫਿਰ ਗੋਲ਼ੀਆਂ ਨਾਲ ਸਲਾਮੀ ਦੇ ਦਿੱਤੀ ਗਈ, ਇਸ ਤੋਂ ਬਾਅਦ ਮੇਰੇ ਵਿੱਚ ਵੀ ਪਤਾ ਨਹੀਂ ਕਿੱਥੋ ਜੋਸ਼ ਆ ਗਿਆ। ਮੈਂ ਉਸ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੰਜ ਸਿੰਘਾਂ ਦੇ ਨਾਲ਼ ਜਿੱਥੇ ਜਥੇਦਾਰ ਸ੍ਰੀ ਅਕਾਲ ਤਖਤ ਖੜ੍ਹੇ ਹੋ ਕੇ ਹੁਕਮਨਾਮਾ ਸੁਣਾਉਂਦੇ ਹਨ ਤੇ (ਤਨਖਾਹ ਲਾਉਂਦੇ ਹਨ) ਓਥੇ ਖੜ੍ਹੇ ਹੋ ਕੇ ਅਕਾਲ ਟਾਇਮਜ਼ ਨੂੰ ਰਿਲੀਜ਼ ਕੀਤਾ। ਮੈਨੂੰ ਯਾਦ ਹੈ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਸਾਡਾ ਵਿਰੋਧ ਕੀਤਾ ਸੀ ਕਿ ਇਸ ਜਗ੍ਹਾ ’ਤੇ ਸਿਰਫ ਸਿੰਘ ਸਾਹਿਬ ਹੀ ਜਾ ਸਕਦੇ ਹਨ ਤੇ ਮੇਰੇ ਸਾਥੀਆਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਪਰ੍ਹਾਂ ਕਰ ਦਿੱਤਾ ਕਿ ਅੱਜ ਸਾਡੇ ‘ਸਿੰਘ ਸਾਹਿਬ’ ਇੱਥੇ ਆਪਣੀ ਕਾਰਵਾਈ ਕਰਨਗੇ ਅਤੇ ਕੌਮ ਨੂੰ ਸੰਦੇਸ਼ ਦੇਣਗੇ।
ਮੈਂ, 26 ਜਨਵਰੀ 1984 ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ’ਤੇ ਉਸ ਵਕਤ ਦੀ ਆਪਣੀ ਇੱਕ ਫੋਟੋ ਪੰਜ ਸਿੰਘਾਂ ਨਾਲ਼ ਜਿਨ੍ਹਾਂ ਵਿੱਚ ਕ੍ਰਮਵਾਰ ਸ਼ਹੀਦ ਭਾਈ ਸਵਰਨ ਸਿੰਘ ਨਿਹੰਗ (ਖੁੱਡਾ), ਭਾਈ ਪ੍ਰੀਤਮ ਸਿੰਘ ਨਿਹੰਗ (ਜਹੂਰਾ), ਦਾਸ ਕੰਵਰ ਸਿੰਘ ਧਾਮੀ, ਭਾਈ ਜਗਜੀਤ ਸਿੰਘ ਨਿਹੰਗ (ਖੁੱਡਾ, ਹੁਸ਼ਿਆਰਪੁਰ), ਭਾਈ ਮਨਜੀਤ ਸਿੰਘ ਨਿਹੰਗ (ਬੋਲੇਵਾਲ) ਅਤੇ ਸ਼ਹੀਦ ਭਾਈ ਗੁਰਮੀਤ ਸਿੰਘ ਖੁੱਡਾ ਹਨ। ਇਹ ਤਸਵੀਰ ਮੈਨੂੰ ਸ੍ਰੀ ਅੰਮ੍ਰਿਤਸਰ ਤੋਂ ਇੱਕ ਖ਼ਾਸ ਦੋਸਤ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ) ਨੇ ਭੇਜੀ ਹੈ, ਜਿਸ ਨੂੰ ਵੇਖ ਕੇ ਮੈਂ ਖੁਦ ਵੀ ਬੜਾ ਹੈਰਾਨ ਹਾਂ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਉਸ ਦੇ ਸਹੁਰਾ ਸਾਬ੍ਹ ਹਨ ਤੇ ਭਾਈ ਮਨਜੀਤ ਸਿੰਘ ਬੋਲੇਵਾਲ ਉਸ ਦੇ ਮਾਮਾ-ਸਹੁਰਾ ਹਨ ਤੇ ਤਸਵੀਰ ਵਿਚਲੇ ਦੋ ਸ਼ਹੀਦ ਸਿੰਘ ਵੀ ਉਸ ਦੇ ਸਹੁਰੇ ਪਿੰਡ ਖੁੱਡਾ (ਹੁਸ਼ਿਆਰਪੁਰ) ਦੇ ਹਨ।
ਹੁਣ 26 ਜਨਵਰੀ 2021 ਨੂੰ ਮੁੜ ਲਾਲ ਕਿਲ੍ਹੇ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਹੈ ਜਿਸ ਦੀ ਕਿ ਅਲੋਚਨਾ ਹੋ ਰਹੀ ਹੈ ਅਤੇ ਦੇਸ-ਪ੍ਰਦੇਸ ਵਿੱਚ ਬਹੁਤ ਹੀ ਜੋਸ਼ ਵੀ ਵੇਖਿਆ ਜਾ ਰਿਹਾ ਹੈ ਅਤੇ ਜਥੇਦਾਰ ਬਾਬਾ ਬਘੇਲ ਸਿੰਘ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ।
– ਕੰਵਰ ਸਿੰਘ ਧਾਮੀ
(ਸਾਬਕਾ ਪ੍ਰਧਾਨ ਅਕਾਲ ਫ਼ੈਡਰੇਸ਼ਨ)
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?