ਅੰਮ੍ਰਿਤਸਰ, 27 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਪੰਥਕ ਜਥੇਬੰਦੀਆਂ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਦੇ ਵਿਰੋਧ ‘ਚ ਗੁਰਦਾਸਪੁਰ, ਜਲੰਧਰ ਤੇ ਮਾਨਸਾ ਵਿੱਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨੂੰ ਪੁਲਿਸ ਵੱਲੋਂ ਰੋਕਣ ਅਤੇ ਪੰਥਕ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਨ ਤੇ ਮਾਰਚ ਕਰਦੇ ਸਿੱਖਾਂ ਨੂੰ ਹਿਰਾਸਤ ਵਿੱਚ ਲੈਣ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਭਗਵੰਤ ਮਾਨ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹ ਸਿੱਖਾਂ ਦੇ ਮਨੁੱਖੀ ਹੱਕਾਂ ‘ਤੇ ਡਾਕਾ, ਲੋਕਤੰਤਰ ਦਾ ਕਤਲ, ਆਵਾਜ਼ ਦਬਾਉਣ ਦਾ ਯਤਨ ਅਤੇ ਗ਼ੁਲਾਮੀ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਸਿੱਖਾਂ ਨਾਲ ਲਗਾਤਾਰ ਸੰਵਿਧਾਨਿਕ ਧੱਕੇਸ਼ਾਹੀਆਂ ਤੇ ਬੇਇਨਸਾਫੀਆਂ ਹੋ ਰਹੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਗਾਤਾਰ ਜਾਰੀ ਹਨ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਜਾ ਰਹੇ, ਨਸ਼ਿਆਂ ਰਾਹੀਂ ਨੌਜਵਾਨੀ ਦੀ ਨਸਲਕੁਸ਼ੀ ਹੋ ਰਹੀ ਹੈ, ਕਿਸਾਨ ਸੜਕਾਂ ਉੱਤੇ ਰੁਲ ਰਹੇ ਹਨ, ਏਅਰਪੋਰਟਾਂ ‘ਤੇ ਸਿੱਖਾਂ ਦੇ ਕਕਾਰਾਂ ਅਤੇ ਸਕੂਲਾਂ ਵਿੱਚ ਪੰਜਾਬੀ ਬੋਲੀ ਉੱਤੇ ਪਾਬੰਦੀਆਂ ਲੱਗ ਰਹੀਆਂ ਹਨ, ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਿੱਖਾਂ ਨੂੰ ਹਰ ਦਿਨ ਸੰਤਾਪ ਦਿੱਤਾ ਜਾ ਰਿਹਾ ਹੈ, ਸਿੱਖਾਂ ਦੀ ਹਾਲਤ ਪਿੰਜਰੇ ਵਿੱਚ ਕੈਦ ਉਸ ਪੰਛੀ ਵਰਗੀ ਹੈ ਜੋ ਆਜ਼ਾਦੀ ਲਈ ਆਪਣੇ ਖੰਭ ਅਤੇ ਦਮ ਤੋੜ ਲੈਂਦਾ ਹੈ। ਵਿਦੇਸ਼ਾਂ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਹੋ ਚੁੱਕੇ ਹਨ, ਸਿੱਖਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਜਿਸ ਕਾਰਨ ਸੰਘਰਸ਼ ਕਰਨ ਲਈ ਸਿੱਖ ਮਜਬੂਰ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਿਹੜਾ ਸੰਵਿਧਾਨ ਸਾਨੂੰ ਸਿੱਖ ਮੰਨਣ ਤੋਂ ਹੀ ਇਨਕਾਰੀ ਹੈ, ਅਸੀਂ ਉਸ ਸੰਵਿਧਾਨ ਨੂੰ ਕਿਉਂ ਮੰਨੀਏ। ਉਹਨਾਂ ਕਿਹਾ ਕਿ ਗ਼ੁਲਾਮ ਕੌਮਾਂ ਆਪਣੇ ਸ਼ਾਸਕਾਂ ਦੇ ਰਾਸ਼ਟਰੀ ਦਿਨ ਨਹੀਂ ਮਨਾਉਂਦੀਆਂ। 26 ਜਨਵਰੀ ਅਤੇ 15 ਅਗਸਤ ਸਾਡੇ ਲਈ ਬੇ-ਮਾਇਨੇ ਹਨ। ਇਹ ਤਿਰੰਗਾ, ਸੰਵਿਧਾਨ ਅਤੇ ਰਾਸ਼ਟਰੀ ਗੀਤ ਸਾਡੇ ਲਈ ਬਿਗਾਨੇ ਹਨ। ਸਿੱਖ ਇੱਕ ਵੱਖਰੀ ਕੌਮ ਹੈ ਜੋ ਆਪਣੇ ਅਜ਼ਾਦ ਘਰ ਦੀ ਸਥਾਪਨਾ ਲਈ ਜੱਦੋ-ਜਹਿਦ ਵਿੱਚ ਜੁਟੀ ਹੋਈ ਹੈ। ਦਿੱਲੀ ਦਰਬਾਰ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਅਤੇ ਸਵੈ-ਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨ ਤੇ ਸਿੱਖ ਰਾਜਸੀ ਕੈਦੀਆਂ ਦੀ ਬੰਦ-ਖਲਾਸੀ ਲਈ ਜੰਗ ਜਾਰੀ ਰਹੇਗੀ। ਸਿੱਖ ਸਵੈ-ਰਾਜ ਖ਼ਾਲਿਸਤਾਨ ਦੀ ਲੜਾਈ ਲਈ ਸ਼ਹਾਦਤਾਂ ਪਾਉਣ ਵਾਲੇ ਸਿੰਘ-ਸਿੰਘਣੀਆਂ ਸਾਡੇ ਲਈ ਪ੍ਰੇਰਨਾ ਸਰੋਤ ਅਤੇ ਸਤਿਕਾਰਯੋਗ ਹਨ। ਕੌਮ ਖਾਤਰ ਜੂਝਣ ਦਾ ਚਾਉ ਰੱਖਣ ਵਾਲ਼ੇ ਸਿੱਖ ਨੌਜਵਾਨ ਆਪਣੇ ਕੌਮੀ ਫ਼ਰਜਾਂ ਨੂੰ ਪਛਾਣਦੇ ਹੋਏ ਆਪਣੀ ਸ਼ਕਤੀ ਨੂੰ ਛੋਟੇ-ਛੋਟੇ ਹਿੱਸਿਆਂ ‘ਚ ਖਿੰਡਾਉਣ ਦੀ ਜਗ੍ਹਾ ਇੱਕ ਥਾਂ ਇਕੱਠੀ ਕਰ ਕੇ ਕੌਮੀ ਕਾਰਜਾਂ ਲਈ ਵਰਤੋਂ ਵਿੱਚ ਲਿਆਉਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ, ਖ਼ਾਲਸਾ ਪੰਥ ਦੇ ਬੋਲ-ਬਾਲੇ, ਚੜ੍ਹਦੀ ਕਲਾ ਅਤੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸੰਘਰਸ਼ਸ਼ੀਲ ਅਤੇ ਇੱਕਜੁੱਟ ਹੋਈਏ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 25 ਜਨਵਰੀ ਨੂੰ ਗੁਰਦਾਸਪੁਰ ਮਾਰਚ ਵਿੱਚ ਜਾਣ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਦਲ ਖ਼ਾਲਸਾ ਦੇ ਸੀਨੀਅਰ ਆਗੂ ਭਾਈ ਕੰਵਰਪਾਲ ਸਿੰਘ ਬਿੱਟੂ ਸਮੇਤ ਘਰ ਵਿੱਚ ਹੀ ਰੋਕ ਲਿਆ ਸੀ ਤੇ ਉਹਨਾਂ ਦੀ ਗੱਡੀ ਅੱਗੇ ਪੁਲਿਸ ਦੀਆਂ ਗੱਡੀਆਂ ਲਾ ਦਿੱਤੀਆਂ ਗਈਆਂ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ। ਉਹਨਾਂ ਨੇ ਪੁਲਿਸ ਤੋਂ ਓਦੋਂ ਵੀ ਜਵਾਬ ਮੰਗਿਆ ਸੀ ਕਿ ਕੀ ਗੁਰਦਾਸਪੁਰ ਪਾਕਿਸਤਾਨ ਵਿੱਚ ਹੈ ? ਓਥੇ ਜਾਣ ‘ਤੇ ਸਾਡੇ ਉੱਤੇ ਪਾਬੰਦੀ ਕਿਉਂ ? ਕੀ ਮਾਰਚ ਕੱਢਣਾ ਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਇਹ ਜੁਰਮ ਹੈ ? ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੁਲਿਸ ਵੱਲੋਂ ਭਾਈ ਸਰਬਜੀਤ ਸਿੰਘ ਘੁਮਾਣ, ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਜਸਵਿੰਦਰ ਸਿੰਘ ਕਾਹਨੂੰਵਾਨ, ਭਾਈ ਜਸਵੀਰ ਸਿੰਘ ਖੰਡੂਰ, ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ, ਭਾਈ ਬਲਜਿੰਦਰ ਸਿੰਘ ਕੋਟਭਾਰਾ, ਭਾਈ ਜੀਵਨ ਸਿੰਘ ਗਿੱਲਕਲਾਂ ਨੂੰ ਮਾਰਚ ਤੋਂ ਪਹਿਲਾਂ ਹੀ ਘਰਾਂ ਵਿੱਚ ਨਜ਼ਰਬੰਦ ਕਰਕੇ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਇਸ ਮੁਲਕ ਦੇ ਬਾਸ਼ਿੰਦੇ ਨਹੀਂ ਹਨ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ ਵੀ ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਟਾਂਡਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਈਮਾਨ ਸਿੰਘ ਮਾਨ, ਭਾਈ ਹਰਪਾਲ ਸਿੰਘ ਬਲੇਰ ਤੇ ਬੀਬੀ ਕੁਲਵਿੰਦਰ ਕੌਰ ਖਾਲਸਾ ਅਤੇ ਮਾਨਸਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਸਾਥੀਆਂ ਤੇ ਸੰਗਤਾਂ ਸਮੇਤ ਹਿਰਾਸਤ ਵਿੱਚ ਲੈਣਾ ਪੁਲਿਸ ਦੀ ਘਟੀਆ ਕਾਰਵਾਈ ਹੈ। ਉਹਨਾਂ ਕਿਹਾ ਕਿ ਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਯੋਜਨਾਬੱਧ ਕਤਲ, ਪੀਲੀਭੀਤ ਦੇ ਝੂਠੇ ਪੁਲਿਸ ਮੁਕਾਬਲੇ, ਯੂ.ਏ.ਪੀ.ਏ. ਅਤੇ ਐਨ.ਐਸ.ਏ. ਵਰਗੇ ਕਾਲੇ ਕਾਨੂੰਨਾਂ ਰਾਹੀਂ ਕੀਤੀਆਂ ਨਾਜਾਇਜ਼ ਨਜ਼ਰਬੰਦੀਆਂ, ਸਵੈ-ਰਾਜ ਦੀ ਇੱਛਾ ਰੱਖਣ ਵਾਲੀਆਂ ਨਸਲੀ ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦੇ ਅਧਿਕਾਰ ਦੇਣ ਲਈ ਇਹ ਮਾਰਚ ਕੀਤੇ ਜਾਣੇ ਸਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਗਣਤੰਤਰ ਦਿਵਸ ਮਨਾਉਂਦੀਆਂ ਹੋਈਆਂ ਲੋਕਾਂ ਦੀ ਅਜ਼ਾਦੀ ਦਾ ਪ੍ਰਗਟਾਵਾ ਕਰ ਰਹੀਆਂ ਹਨ ਪਰ ਦੂਜੇ ਪਾਸੇ ਸਿੱਖਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣਾ ਇਹ ਕਾਲਾ ਗਣਤੰਤਰ ਹੋਣ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦੀ ਧੱਕੇਸ਼ਾਹੀ ਤੋਂ ਸਿੱਖ ਨਹੀਂ ਡਰਨਗੇ ਤੇ ਖ਼ਾਲਿਸਤਾਨ ਦੀ ਅਜ਼ਾਦੀ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ।
Author: Gurbhej Singh Anandpuri
ਮੁੱਖ ਸੰਪਾਦਕ