14 Views
ਅੰਮ੍ਰਿਤਸਰ, 28 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਬਲਾਤਕਾਰ ਦੇ ਕੇਸ ‘ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ 30 ਦਿਨ ਦੀ ਪੈਰੌਲ ਦੇਣ ’ਤੇ ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਦਿਹਾਤੀ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਜਿਗਰੀ ਯਾਰ, ਬਲਾਤਕਾਰੀ ਅਤੇ ਕਾਤਲ ਡੇਰਾ ਸਿਰਸਾ ਮੁਖੀ ਨੂੰ 13ਵੀਂ ਵਾਰ ਪੈਰੌਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ ‘ਤੇ ਭਾਜਪਾ ਸਰਕਾਰ ਨੇ ਦੁਬਾਰਾ ਫਿਰ ਲੂਣ ਛਿੜਕਿਆ ਹੈ। ਇਹ ਸਿੱਖਾਂ ਨੂੰ ਪੀੜ ਅਤੇ ਸੰਤਾਪ ਦੇਣ ਵਾਲੀ ਗੱਲ ਹੈ। ਡੇਰਾ ਸਿਰਸਾ ਮੁਖੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਦਾ ਮੁੱਖ ਦੋਸ਼ੀ ਹੈ, ਉਸ ਪ੍ਰਤੀ ਪਿਆਰ ਵਿਖਾ ਕੇ ਭਾਜਪਾ ਨੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੇ ਮਨਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅਦਬ-ਸਤਿਕਾਰ ਨਹੀਂ ਹੈ। ਭਾਜਪਾ ਵੀ ਕਾਂਗਰਸ ਅਤੇ ਬਾਦਲਕਿਆਂ ਵਾਂਗ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਦੋਸ਼ੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇੱਕ ਪਾਸੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਭਾਜਪਾ ‘ਚ ਗਏ ਸਿੱਖ ਆਗੂ ਜੋ ਬੰਦੀ ਸਿੰਘਾਂ ਨੂੰ ਤਾਂ ਰਿਹਾਅ ਨਹੀਂ ਕਰਵਾ ਸਕੇ, ਸਿੱਖ ਮਸਲੇ ਹੱਲ ਨਹੀਂ ਕਰਵਾ ਸਕੇ, ਉਲਟਾ ਸਿੱਖ ਕੌਮ ਨੂੰ ਹਿੰਦੂਤਵ ਦੇ ਡੂੰਘੇ ਸਮੁੰਦਰ ‘ਚ ਸੁੱਟ ਰਹੇ ਹਨ। ਭਾਜਪਾ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਬੜਾਵਾ ਅਤੇ ਬਲਾਤਕਾਰੀਆਂ ਨੂੰ ਸ਼ਹਿ ਦੇ ਰਹੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਹੁਣ ਭਾਜਪਾ ਸਰਕਾਰ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਰ ਵੀ ਬੇਅਦਬੀ ਕਰਵਾ ਸਕਦੀ ਹੈ, ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਹੋਵੇਗਾ, ਜਦੋਂ ਡੇਰਾ ਸਿਰਸਾ ਦਾ ਸਿੱਖ ਵਿਰੋਧ ਕਰਨਗੇ ਤਾਂ ਭਾਜਪਾ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਰਾਹ ਲੱਭੇਗੀ। ਕਾਂਗਰਸ ਨੇ ਤਾਂ ਸਿੱਖ ਮਾਰੇ ਸੀ, ਪਰ ਭਾਜਪਾ ਸਿੱਖੀ ਮਾਰ ਰਹੀ ਹੈ, ਸਿੱਖੀ ਦੀਆਂ ਜੜ੍ਹਾਂ ਵੱਢ ਰਹੀ ਹੈ। ਉਹਨਾਂ ਕਿਹਾ ਕਿ ਸਿਰਸੇ ਵਾਲੇ ਪਖੰਡੀ ਨੂੰ ਭਾਜਪਾ ਸਰਕਾਰ ਵੋਟ ਬੈਂਕ ਵਜੋਂ ਵਰਤ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਨੂੰ ਸਮਰਥਨ ਦੇਣ ਸਿਆਸੀ ਸਿੱਖ ਆਗੂ ਅਤੇ ਸੰਪਰਦਾਵਾਂ ਦੇ ਮੁਖੀ ਤਾਂ ਪੰਥ ਦੋਖੀ ਅਤੇ ਬਲਾਤਕਾਰੀ ਡੇਰਾ ਸਿਰਸਾ ਦੇ ਮੁਖੀ ਦੀ ਭਾਜਪਾ ਸਰਕਾਰ ਕੋਲੋਂ ਪੈਰੋਲ ਵੀ ਨਹੀਂ ਰੁਕਵਾ ਸਕੇ, ਤੇ ਉਲਟਾ ਇਸ ਮਾਮਲੇ ‘ਤੇ ਚੁੱਪੀ ਧਾਰਨ ਕਰਕੇ ਬੈਠੇ ਹਨ। ਉਹਨਾਂ ਨੇ ਬੰਦੀ ਸਿੰਘਾਂ ਨੂੰ ਤਾਂ ਕੀ ਰਿਹਾਅ ਕਰਵਾਉਣਾ ਸੀ, ਸਗੋਂ ਅਣਖੀਲੀ ਸਿੱਖ ਕੌਮ ਨੂੰ ਭਾਜਪਾ ਕੋਲ ਵੇਚ ਰਹੇ ਹਨ।
Author: Gurbhej Singh Anandpuri
ਮੁੱਖ ਸੰਪਾਦਕ