ਦਰਅਸਲ ਜਦ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚ ਦੇ ਇਹ ਮਹਾਨ ਬੋਲ ਪ੍ਰਗਟ ਕੀਤੇ ਹਨ ਕਿ
ਮਹਿਮਾ ਨ ਜਾਨਹਿ ਬੇਦ॥
ਬ੍ਰਹਮੇ ਨਹੀ ਜਾਨਹਿ ਭੇਦ॥
ਅਵਤਾਰ ਨ ਜਾਨਹਿ ਅੰਤੁ॥ ਪਰਮੇਸਰੁ ਪਾਰਬ੍ਰਹਮ ਬੇਅੰਤੁ॥
ਅਤੇ
ਸੰਕਰਾ ਨਹੀ ਜਾਨਹਿ ਭੇਵ॥
ਖੋਜਤ ਹਾਰੇ ਦੇਵ॥
ਦੇਵੀਆ ਨਹੀ ਜਾਨੈ ਮਰਮ॥
ਸਭ ਊਪਰਿ ਅਲਖ ਪਾਰਬ੍ਰਹਮ॥
ਤਾਂ ਉੱਸ ਸਮੇਂ ਤੋਂ ਹੀ ਪੁਜਾਰੀਵਾਦ ਨੇ ਇਹ ਜਤਨ ਅਰੰਭ ਕਰ ਦਿੱਤੇ ਕਿ ਕਿਸੇ ਨਾ ਕਿਸੇ ਹੀਲੇ ਵਸੀਲੇ ਇਸ ਸੱਚੀ ਅਤੇ ਨਿਆਰੀ ਵਿਚਾਰਦਾਰਾ ਨੂੰ ਅਗਿਆਨਤਾ ਦੀ ਸੰਘਣੀ ਧੁੰਦ ਵਿਚ ਭਟਕਾ ਕੇ ਇਸ ਦੀ ਹੌਂਦ ਨੂੰ ਹੀ ਮਿੱਟਾ ਦਿੱਤਾ ਜਾਏ।
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬ੍ਰਾਹਮਣਵਾਦ ਨੇ ਆਪਣੇ ਮੰਤਵ ਨੂੰ ਪੂਰਾ ਕਰਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਕਈ ਵਾਰੀ ਸ਼ਬਦੀ ਹਮਲੇ ਕੀਤੇ ਪਰ ਹਰ ਵਾਰੀ “ਓੜਕ ਸਚ ਰਹੀ” ਦਾ ਝੰਡਾ ਹੀ ਬੁਲੰਦ ਰਿਹਾ ਅਤੇ ਪੁਜਾਰੀਵਾਦ ਨੂੰ ਹਾਰ ਤੇ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ।
ਪਰ ਦੂਜੇ ਪਾਸੇ ਦਸ ਗੁਰੂ ਸਾਹਿਬਾਨ ਜੀ ਦੇ ਜੀਵਨ ਇਤਿਹਾਸ ਤੇ ਸਿੱਖ ਸਾਹਿਤ ਨੂੰ ਬ੍ਰਾਹਮਣਵਾਦ ਨੇ ਜਿਸ ਸ਼ਰਾਰਤਾਨਾ ਅੰਦਾਜ਼ ਦੇ ਨਾਲ ਇਸ ਨੂੰ ਮਿਥਿਹਾਸ ਰੂਪੀ ਬ੍ਰਾਹਮਣੀ ਰੰਗ ਵਿਚ ਰੰਗ ਕੇ ਪੇਸ਼ ਕੀਤਾ ਹੈ। ਉਸ ਵਿਚ ਉਹ ਕਾਫੀ ਹਦ ਤਕ ਸਫਲ ਹੁੰਦਾ ਦਿਖਾਈ ਪੈਂਦਾ ਹੈ। ਬਾਲੇ ਵਾਲੀ ਜਨਮ ਸਾਖੀ ਤੋਂ ਲੈਕੇ ਬਚਿਤ੍ਰ ਨਾਟਕ ਤਕ ਨੂੰ ਜ਼ਰਾ ਗੋਹ ਨਾਲ ਤਕੋ। ਇਹੋ ਹੀ ਮਹਿਸੂਸ ਹੁੰਦਾ ਹੈਕਿ ਕਿੰਨੀ ਚਲਾਕੀ ਦੇ ਨਾਲ ਪੁਜਾਰੀਵਾਦ ਨੇ ਸਿੱਖ ਇਤਿਹਾਸ ਨੂੰ ਬ੍ਰਾਹਮਣੀ ਰੰਗ ਦੀ ਸੰਘਣੀ ਧੁੰਦ ਵਿਚ ਇਸ ਕਦਰ ਭਟਕਾ ਦਿਤਾ ਹੈਕਿ ਅੱਜ ਇਸੇ ਦਾ ਸਹਾਰਾ ਲੈਕੇ ਕੱਦੇ ਗੁਰੂ ਨਾਨਕ ਸਾਹਿਬ ਜੀ ਦਾ “ਗੁਰੂ” ਰਾਜਾ ਜਨਕ ਨੂੰ ਪ੍ਰਚਾਰਿਆ ਜਾਂਦਾ ਹੈ।ਕਦੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਵੱਜੋਂ ਪ੍ਰਚਾਰਿਆ ਜਾਂਦਾ ਹੈ।ਜਾਂ ਫਿਰ ਖਾਲਸਾ ਪੰਥ ਅਤੇ ਗੁਰੂ ਸਾਹਿਬਾਨ ਜੀ ਨੂੰ “ਲਵ ਕੁਸ਼” ਦੀ ਅੰਸ਼ ਵੰਸ਼ ਵਜੋਂ ਪ੍ਰਚਾਰਨ ਤੇ ਜ਼ੋਰ ਦਿਤਾ ਜਾਂਦਾ ਹੈ। ਜਿਸ ਦੀ ਪ੍ਰਤੱਖ ਮਿਸਾਲ ਹੁਣ ਪੰਜਾਬ ਕੇਸਰੀ ਨੇ ਆਪਣੇ ਡਿਜਿਟਲ ਈ ਪੇਪਰ ਤੇ ਮਿਤੀ 13 ਅਪ੍ਰੈਲ 2020 ਨੂੰ ਵਿਸਾਖੀ ਵਾਲੇ ਦਿਨ ਪ੍ਰਕਾਸ਼ਤ ਕੀਤਾ। ਜਿਸ ਦਾ ਸਿਰਲੇਖ ਹੈ “ਲਵ ਕੁਸ਼ ਦੀ ਸੰਤਾਨ ਆਗੇ ਚਲ ਕੇ ਬੇਦੀ ਓਰ ਸੌਢੀ ਕਹਿਲਾਈ”। ਪੰਜਾਬ ਕੇਸਰੀ ਦਾ ਇਹ ਆਰਟੀਕਲ ਵੀ “ਬਚਿਤ੍ਰ ਨਾਟਕ” ਤੋਂ ਹੀ ਬ੍ਰਾਹਮਣੀ ਮਸਾਲਾ ਲੈਕੇ ਤਿਆਰ ਕੀਤਾ ਗਿਆ। ਜਿਹੜਾ ਬਚਿਤ੍ਰ ਨਾਟਕ ਆਪਣੇ ਪਹਿਲੇ ਦਿਨ ਤੋਂ ਹੀ ਵਿਵਾਦਾਂ ਦੇ ਘੇਰੇ ਵਿਚ ਚਲਦਾ ਆ ਰਿਹਾ ਹੈ।ਜਿਹੜੀਆਂ ਰਚਨਾਵਾਂ ਤੇ ਸਾਹਿਤਕ ਗ੍ਰੰਥਾਂ ਨੇ ਸਿੱਖ ਕੌਮ ਦੇ ਵਿਚ ਵਾਦਵਿਵਾਦ ਅਤੇ ਭਰਾ ਮਾਰੂ ਜੰਗ ਦਾ ਮਾਹੋਲ ਆਪਣੇ ਪਹਿਲੇ ਦਿਨ ਤੋਂ ਹੀ ਪੈਦਾ ਕਰ ਦਿਤੇ ਹਨ। ਉਨ੍ਹਾਂ ਹੀ ਰਚਨਾਵਾਂ ਨੂੰ ਪਰਮੋਟ ਕਰਕੇ ਆਰਟੀਕਲ ਪ੍ਰਕਾਸ਼ਤ ਕਰਣੇ ਇਕ ਸਾਜਿਸ਼ ਦਾ ਹੀ ਹਿੱਸਾ ਨਜ਼ਰ ਆਉਂਦਾ ਹੈ। ਭਾਵੇਂ ਕਿ ਕੁੱਝ ਜਾਗਰਤ ਗੁਰਮੁਖ ਪਿਆਰਿਆਂ ਦੇ ਸਖਤ ਇਤਰਾਜ਼ ਸਦਕਾ “ਪੰਜਾਬ ਕੇਸਰੀ” ਨੇ ਅਗਲੇ ਦਿਨ ਹੀ ਇਸ ਆਰਟੀਕਲ ਲਈ ਮਾਫੀ ਮੰਗ ਕੇ ਪੈਦਾ ਹੋਏ ਵਿਵਾਦ ਤੋਂ ਖਹਿੜਾ ਛੁਡਾਉਣਾਂ ਚਾਹਿਆ ਪਰ ਜਿਹੜੇ ਭਰਮ ਭੁਲੇਖੇ ਪੈਦਾ ਕਰਕੇ ਗੁਰਮਤਿ ਸਿਧਾਂਤਾਂ ਦਾ ਘਾਣ ਕੀਤਾ ਗਿਆ ਹੈ। ਉਸ ਨੂੰ ਵੀ ਦੂਰ ਕਰਣਾਂ ਬਹੁਤ ਜ਼ਰੂਰੀ ਬਣ ਜਾਂਦਾ ਹੈ।ਸੋ ਆਉ ਹੁਣ ਕੁਝ ਸਮਝਣ ਦਾ ਯਤਨ ਕਰੀਏ। ਦਰਅਸਲ ਬਚਿਤ੍ਰ ਨਾਟਕ ਦੀ ਜਿਸ ਰਚਨਾ ਤੇ ਅਧਾਰਤ ਇਹ ਆਰਟੀਕਲ ਲਿਖਿਆ ਗਿਆ ਹੈ।ਉਸ ਰਚਨਾ ਮੁਤਾਬਿਕ “ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਾਰ ਵਿਚ ਜਨਮ ਲੈਣ ਤੋਂ ਪਹਿਲਾਂ ਪਿਛਲੇ ਜਨਮ ਵਿਚ ਹੇਮਕੁੰਟ ਪਰਬਤ ਤੇ ਕਈ ਵੱਰੇ ਤਪਸਿਆ ਕਰਦੇ ਵਿਖਾਇਆ ਗਿਆ ਹੈ। “ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੂੰ ਪੁੱਤਰ ਪ੍ਰਾਪਤੀ ਲਈ ਭਾਂਤ ਭਾਂਤ ਦੇ ਤੀਰਥ ਇਸ਼ਨਾਨ ਤੇ ਦਾਨ ਪੁਨ ਕਰਦੇ ਪ੍ਰਚਾਰਿਆ ਗਿਆ ਹੈ”।
ਆਓ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿਤਰ ਬਾਣੀ ਤੋਂ ਕੁਝ ਸਮਝਣ ਦਾ ਯਤਨ ਕਰੀਏ।ਗੁਰਬਾਣੀ ਦਾ ਤਾਂ ਸਪਸ਼ਟ ਇਹ ਫੁਰਮਾਣ ਹੈਕਿ “ਭਾਵੇਂ ਮਨੁਖ ਵੱਡੇ ਵੱਡੇ ਹਿਮਾਲੀਆਂ ਵਰਗੇ ਬਰਫੀਲੇ ਪਹਾੜਾਂ ਤੇ ਕਈ ਕਈ ਵੱਰੇ ਸਮਾਧੀ ਲਾਕੇ ਬੈਠ ਜਾਏ ਪਰ ਇਸ ਤਰਾਂ ਸਮਾਧੀਆਂ ਲਾਕੇ ਵੀ ਮਨ ਦੇ ਰੋਗ ਦੂਰ ਨਹੀਂ ਹੁੰਦੇ।ਰਬੀ ਬਾਣੀ ਦਾ ਫੈਸਲਾ ਹੈ ਕਿ:-
ਤਨੁ ਹੈਮੰਚਲਿ ਗਾਲੀਐ,
ਭੀ ਮਨ ਤੇ ਰੋਗ ਨ ਜਾਇ ॥
ਹਰਿ ਨਾਮੈ ਤੁਲਿ ਨ ਪੁਜਈ,
ਸਭ ਡਿਠੀ ਠੋਕਿ ਵਜਾਇ ॥
ਇੱਸੇ ਪ੍ਰਕਾਰ ਭਾਂਤ ਭਾਂਤ ਦੇ ਤੀਰਥ ਇਸ਼ਨਾਨਾ ਨੂੰ ਵੀ ਦਸ ਗੁਰੂ ਸਾਹਿਬਾਨ ਜੀ ਨੇ ਕੋਈ ਮਹਾਨਤਾ ਨਹੀਂ ਦਿੱਤੀ। ਬਲਕਿ ਜਪੁਜੀ ਸਾਹਿਬ ਜੀ ਵਿਚ ਤਾਂ ਸਮਝਾਉਦੇ ਹੋਏ ਫੁਰਮਾਇਆ ਕਿ ਮੈ “ਤੀਰਥਾਂ ਉਪਰ ਤਾਂ ਜਾਕੇ ਨਹਾਂਵਾ ਜੇ ਤੀਰਥਾਂ ਤੇ ਨਹਾਉਣ ਨਾਲ ਰਬ ਜੀ ਨੂੰ ਚੰਗਾ ਲਗਦਾ ਹੋਵੇ। ਪਰ ਜੇ ਰਬ ਜੀ ਨੂੰ ਮੇਰਾ ਤੀਰਥਾਂ ਤੇ ਨਹਾਉਣਾ ਚੰਗਾ ਹੀ ਨਹੀਂ ਲਗਦਾ ਤਾ ਫਿਰ ਮੈ ਇਹ ਕਰਮ ਕਾਂਡ ਕਿਉਂ ਕਰਾਂ”। ਗੁਰਬਾਣੀ ਦੇ ਬਚਨ ਹਨ:-
ਤੀਰਥ ਨਾਵਾ ਜੇ ਤਿਸੁ ਭਾਵਾ,
ਵਿਣੁ ਭਾਣੇ ਕਿ ਨਾਇ ਕਰੀ॥
ਇਸੇ ਪ੍ਰਕਾਰ ਜਾਤ ਪਾਤ ਅਤੇ ਕੁਲ ਅੰਸ਼ ਵੰਸ਼ ਦੇ ਭਰਮ ਜਾਲ ਵਿਚੋਂ ਮਨੁਖ ਤਦ ਨਿਕਲਦਾ ਹੈ ਜਦ ਸੱਚੇ ਗੁਰੂ ਦੇ੧ ਸ਼ਬਦ ਵਿਚਾਰ ਨਾਲ ਮਨ ਜੁੜਦਾ ਹੈ।ਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ:-
ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਵੀਚਾਰੀ॥
ਤੇ ਫਿਰ ਸਮਝ ਆਉਂਦੀ ਹੈ ਕਿ:-
ਆਗੈ ਜਾਤਿ ਰੂਪੁ ਨ ਜਾਇ॥
ਤੇਹਾ ਹੋਵੈ ਜੇਹੇ ਕਰਮ ਕਮਾਇ॥
ਪਰ ਬ੍ਰਾਹਮਣਵਾਦ ਦੀ ਸੰਘਣੀ ਧੁੰਦ ਵਿਚ ਭਟਕੇ ਹੋਏ ਸਿੱਖਾਂ ਨੇ ਤਾਂ ਪਹਾੜਾਂ ਵਿਚ ਗੁਰਦੁਆਰੇ ਉਸਾਰ ਉਸਾਰ ਕੇ ਬ੍ਰਾਹਮਣਵਾਦ ਦੀ ਇਸ ਸੰਘਣੀ ਧੁੰਦ ਨੂੰ ਹੋਰ ਵੀ ਸੰਘਣੀ ਕਰਕੇ ਪੁਜਾਰੀਵਾਦ ਦੀਆਂ ਕਚੀਆਂ ਕਹਾਣੀਆਂ ਤੇ ਆਪਣੀ ਮੋਹਰ ਲਾ ਦਿਤੀ ਹੋਈ ਹੈ।
ਅੱਜ ਲੋੜ ਹੈ ਸਿੱਖ ਕੌਮ ਦੀਆਂ ਜ਼ਿਮੇਵਾਰ ਸੰਸਥਾਂਵਾਂ, ਜਥੇਦਾਰਾਂ, ਬੁੱਧੀ ਜੀਵਿਆਂ ਅਤੇ ਸਿੱਖ ਵਿਦਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪਰਸਤੀ ਹੇਠ ਮਿਲ ਬੈਠਣ ਦੀ ਤਾਂਕਿ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਦਾ ਦੂਰ ਕਰਹੁ ਲਿਵ ਲਾਇ” ਦੇ ਮਹਾਨ ਬਚਨਾਂ ਤੋਂ ਸੇਧ ਲੈਕੇ ਸਿੱਖ ਇਤਿਹਾਸ ਅਤੇ ਸਿੱਖ ਸਾਹਿਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸਿਧਾਂਤ ਰੂਪੀ ਕਸਵਟੀ ਤੇ ਪ੍ਰਖ ਕੇ ਕਚੀਆਂ ਰਚਨਾਵਾ ਨੂੰ ਪੰਥ ਦੇ ਵਿਹੜੇ ਚੋਂ ਬਾਹਰ ਕੱਢਣ ਦਾ ਰਸਤਾ ਸਾਫ ਕੀਤਾ ਜਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਮਹਾਨ ਬਚਨਾ ਨੂੰ ਮੁੜ ਯਾਦ ਕੀਤਾ ਜਾਏ ਕਿ:-
ਅਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ॥
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ॥
ਭੁੱਲ ਚੁੱਕ ਦੀ ਖਿਮਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੂਕਰ
ਸਿਰਦਾਰ ਇਛਪਾਲ ਸਿੰਘ “ਰਤਨ”
(ਕਸ਼ਮੀਰ) 9311887100