41 Views
ਘਰ ਦੇ ਮਸਲੇ ਪਰਵਾਰ ਦੇ ਮਸਲੇ।
ਗਲੀ ਦੇ ਮਸਲੇ ਬਜ਼ਾਰ ਦੇ ਮਸਲੇ।
ਨੌਕਰੀਆਂ ਤੇ ਚਾਕਰੀਆਂ ਦੇ,
ਖੇਤੀ ਅਤੇ ਵਪਾਰ ਦੇ ਮਸਲੇ।
ਕੀ ਕਮਾਉਣਾ? ਕਿੱਥੋਂ ਖਾਣਾ?
ਰੋਜ਼ੀ ਜਾਂ ਰੁਜ਼ਗਾਰ ਦੇ ਮਸਲੇ।
ਛੁੱਟੀ, ਛਾਂਟੀ, ਆਡਰ, ਪੇਮੈਂਟ,
ਕਿਧਰੇ ਨਕਦ ਉਧਾਰ ਦੇ ਮਸਲੇ।
ਬਿਜਲੀ ਪਾਣੀ ਟੈਕਸ ਕਿਰਾਇਆ,
ਕਿੰਨੇ ਕਾਰੋਬਾਰ ਦੇ ਮਸਲੇ।
ਚੱਠ, ਤੇਰਵੇਂ, ਭੋਗ ਮਰਗ ਦੇ,
ਸ਼ਾਦੀ ਸ਼ਗਨ ਵਿਹਾਰ ਦੇ ਮਸਲੇ।
ਪਾਰਟੀਆਂ ਦੇ ਰੌਲ਼ੇ ਰੱਪੇ,
ਚੱਲ ਰਹੀ ਸਰਕਾਰ ਦੇ ਮਸਲੇ।
ਲ਼ਹੂ ਪੀਣੀਆਂ ਜੋਕਾਂ ਲੀਡਰ,
ਸਿਰ ਤੇ ਚੁੱਕੇ ਭਾਰ ਦੇ ਮਸਲੇ।
ਹਰ ਵਾਰੀ ਹੀ ਝੂਠ ਦਾ ਜਿੱਤਣਾ,
ਸੱਚ ਨੂੰ ਮਿਲਦੀ ਹਾਰ ਦੇ ਮਸਲੇ।
ਧਰਮਾਂ ਦੇ ਵਿਚ ਧੰਦੇ ਵੜ’ਗੇ,
ਵਧ ਗਏ ਨੇ ਪਰਚਾਰ ਦੇ ਮਸਲੇ।
ਬੰਦੇ ਕਰਦੇ ਬਦ ਜ਼ੁਬਾਨੀ,
‘ਮੁੱਕ ਗਏ ਸਤਿਕਾਰ’ ਦੇ ਮਸਲੇ।
ਲੁੱਟ ਦੇ ਮਸਲੇ, ਕੁੱਟ ਦੇ ਮਸਲੇ,
ਨਸ਼ੇ, ਨੰਗੇਜ਼, ਨਚਾਰ ਦੇ ਮਸਲੇ।
ਪੱਗ, ਪੰਜਾਬੀ, ਪੰਥ ਨੂੰ ਅੱਜ,
ਚੁਫ਼ੇਰਿਓਂ ਪੈਂਦੀ ਮਾਰ ਦੇ ਮਸਲੇ।
ਘਰ ਦੇ ਮਸਲੇ ਪਰਵਾਰ ਦੇ ਮਸਲੇ।
ਗਲੀ ਦੇ ਮਸਲੇ ਬਜ਼ਾਰ ਦੇ ਮਸਲੇ।
ਸ. ਸੁਖਵਿੰਦਰ ਸਿੰਘ ਰਟੌਲ
Author: Gurbhej Singh Anandpuri
ਮੁੱਖ ਸੰਪਾਦਕ