ਜਗਮੋਹਨ ਕੌਰ ਦਾ ਪੂਰਾਣਾ ਗਾਉਣ ਸੁਣ ਰਿਹਾ ਸਾਂ..”ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ..”
ਕਿੰਨੀਆਂ ਗੱਲਾਂ ਚੇਤੇ ਆ ਗਈਆਂ..ਫੇਰ ਸੁਰਤ ਅਜੋਕੇ ਮਾਹੌਲ ਵੱਲ ਪਰਤ ਆਈ..
ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਿਰ ਵਿਚ ਤਬਦੀਲ ਕਰਨ ਦੀਆਂ ਉਠਦੀਆਂ ਦੱਬੀਆਂ ਜਿਹੀਆਂ ਅਵਾਜਾਂ..ਫੇਰ ਚੀਨ ਬਾਡਰ ਰੌਲੇ-ਰੱਪੇ ਵੇਲੇ ਸਿੱਖ ਫੌਜ ਦੇ ਸੋਇਲੇ ਗਾਉਦਾ ਗੋਦੀ ਮੀਡਿਆ..ਅਤੇ ਇਸ ਮਾਮਲੇ ਵਿਚ ਬੇਸ਼ਰਮੀਂ ਨਾਲ ਘੇਸ ਵੱਟੀ ਬੈਠੀ ਲੀਡਰਸ਼ਿਪ ਵੇਖ ਸਿੱਖੀ ਜਜਬੇ ਦੀ ਅਸਲ ਮਾਇਨਿਆਂ ਵਿਚ ਕਦਰ ਕਰਨ ਵਾਲਾ ਪਚਵੰਜਾ ਸਾਲ ਪਹਿਲਾ ਵਾਲਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਚੇਤੇ ਆ ਗਿਆ..!
ਦੱਸਦੇ 65 ਦੀ ਜੰਗ ਵੇਲੇ ਪੱਛਮੀਂ ਕਮਾਂਡ ਦੇ ਮੁਖੀ ਲੇਫ਼ਟੀਨੇੰਟ ਜਰਨਲ ਹਰਬਖਸ਼ ਸਿੰਘ ਨੂੰ ਦਿੱਲੀਓਂ ਆਡਰ ਆਏ ਕੇ ਫੌਜ ਅਮ੍ਰਿਤਸਰ ਬੇਸ ਛੱਡ ਬਿਆਸ ਦਰਿਆ ਦੇ ਉਰਲੇ ਕੰਢੇ ਤੇ ਆ ਜਾਵੇ ਤਾਂ ਇਸ ਫੌਜੀ ਅੰਦਰ ਦਾ ਸਿੱਖ ਜਾਗ ਪਿਆ..!
ਏਨੀ ਗੱਲ ਆਖ ਡੇਰਾ ਬਾਬਾ ਨਾਨਕ ਸੈਕਟਰ ਤੇ ਡਟਿਆ ਰਿਹਾ ਕੇ ਨਨਕਾਣਾ ਤੇ ਕਰਤਾਰਪੁਰ ਤੇ ਅਸੀ ਅਗੇ ਹੀ ਗਵਾ ਆਏ ਹਾਂ ਹੁਣ ਦਰਬਾਰ ਸਾਬ ਦਾ ਵਿਛੋੜਾ ਸਾਥੋਂ ਬਿਲਕੁਲ ਵੀ ਨਹੀਂ ਸਿਹਾ ਜਾਣਾ..!
ਮੁੜਕੇ ਜੰਗ ਜਿੱਤੀ..ਫੇਰ ਦਿੱਲੀ ਬੈਠੀ ਇੱਕ ਲੌਬੀ ਨੇ ਜ਼ੋਰ ਦਿੱਤਾ ਅਖ਼ੇ ਇਸਨੇ ਦਿੱਲੀ ਦੀ ਹੁਕਮ-ਅਦੂਲੀ ਕੀਤੀ..ਇਸਨੂੰ ਕੋਰਟ ਮਾਰਸ਼ਲ ਕਰਕੇ ਜੇਲ ਵਿਚ ਡੱਕਿਆ ਜਾਵੇ..!
ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਯੋਧੇ ਦੇ ਬਚਾਵ ਤੇ ਆ ਗਿਆ ਤੇ ਆਖਿਆ ਇਸ ਸੱਚੇ-ਸੁਚੇ ਸਿੱਖ ਨੇ ਜੋ ਕੁਝ ਵੀ ਕੀਤਾ ਬਿਲਕੁਲ ਸਹੀ ਕੀਤਾ..ਕੋਈ ਇਸਦੀ ਵਾ ਵੱਲ ਵੀ ਨਹੀਂ ਤੱਕ ਸਕਦਾ!
ਫੇਰ ਓਹੀ ਗੱਲ ਹੋਈ..”ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ..ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ..”
ਲਾਲ ਬਹਾਦੁਰ ਓਸੇ ਸਾਲ ਤਾਸ਼ਕੰਦ ਗਿਆ ਚੜਾਈ ਕਰ ਗਿਆ ਤੇ ਫੇਰ ਵਾਗਡੋਰ ਸਾਂਭੀ ਓਸੇ ਇੰਦਰਾ ਨੇ ਜਿਸਨੇ ਉਸ ਵੇਲੇ ਹੁੰਦੇ ਹਾਕੀ ਟੀਮ ਦੇ ਮੈਚਾਂ ਵਿਚ ਅਣਗਿਣਤ ਜੂੜੇ ਵੇਖ ਸਿਲੈਕਸ਼ਨ ਕਮੇਟੀ ਦੇ ਪ੍ਰਧਾਨ ਡੀ.ਆਈ.ਜੀ ਬੀ.ਐੱਸ.ਐੱਫ ਅਸ਼ਵਨੀ ਕੁਮਾਰ ਨੂੰ ਸਿਰਫ ਇਹ ਪੁੱਛਣ ਲਈ ਸਪੈਸ਼ਲ ਜਹਾਜ ਭੇਜ ਸ਼੍ਰੀਨਗਰ ਤੋਂ ਦਿੱਲੀ ਤਲਬ ਕਰ ਲਿਆ ਸੀ ਕੇ “ਤੁਸੀਂ ਲੋਕ ਏਨੇ ਸਰਦਾਰਾਂ ਨੂੰ ਹਾਕੀ ਟੀਮ ਵਿਚ ਭਰਤੀ ਕਿਓਂ ਕਰਦੇ ਓ”
ਦੱਸਦੇ ਇਕ ਵਾਰ ਸ਼ੇਰ ਨੇ ਤੁਰੇ ਜਾਂਦੇ ਖਰਗੋਸ਼ ਨੂੰ ਸੁਲਾਹ ਮਾਰੀ..ਕਹਿੰਦਾ ਭਾਊ ਆਜਾ ਮੀਟ ਖਾ ਲੈ..ਅੱਗੋਂ ਆਹਂਦਾ ਜਨਾਬ ਆਪਣਾ ਹੀ ਬਚਿਆ ਰਹੇ ਏਨਾ ਈ ਬਹੁਤ ਏ..!
ਮੌਜੂਦਾ ਢਾਂਚੇ ਨੂੰ ਲੇਖਕ ਜਸਵੰਤ ਸਿੰਘ ਕੰਵਲ ਤਾਂ ਮਨਜੂਰ ਏ ਪਰ ਉਸਦੇ ਸਿਰਹਾਣੇ ਲੱਗੀ ਜਿੰਦੇ ਸੁੱਖੇ ਦੀ ਫੋਟੋ ਬਿਲਕੁਲ ਵੀ ਨਹੀਂ..
ਉਸਨੂੰ ਸੰਤਾਲੀ ਤੋਂ ਪਹਿਲਾਂ ਚੱਲੀ ਬੱਬਰ ਅਕਾਲੀ ਲਹਿਰ ਤੇ ਕੋਈ ਇਤਰਾਜ ਨਹੀਂ ਪਰ ਚੁਰਾਸੀ ਮਗਰੋਂ ਤੁਰੇ ਫਿਰਦੇ ਬੱਬਰ ਖਾਲਸੇ ਜਹਿਰ ਲੱਗਦੇ..!
ਬੱਤੀ ਵਾਲੇ ਮਾਨ ਦੇ ਨਾਲ ਉੱਡਦਾ ਫਿਰਦਾ ਸ਼ਹੀਦ ਭਗਤ ਸਿੰਘ ਸੰਤਾਲੀ ਮਗਰੋਂ ਹੁਣ ਤੱਕ ਪੰਜਾਬ ਵਿਚ ਵਾਪਰਿਆ ਸਾਰਾ ਕੁਝ ਵੇਖਦਾ ਪਰ ਚੁਰਾਸੀ ਅਤੇ ਇਸ ਮਗਰੋਂ ਹੋਈ ਦੁਸਦਸ਼ਾ ਵੇਲੇ ਅੱਖਾਂ ਮੀਟ ਲੈਂਦਾ ਏ..!
ਕਬੂਤਰ ਅੱਖੀਆਂ ਮੀਟਣ ਨਾਲੋਂ ਤਾਂ ਚਾਹੀਦਾ ਸੀ ਕੇ ਦਿਨੇ ਰਾਤ ਕੁਰਬਾਨੀ ਕੁਰਬਾਨੀ ਦੀ ਰਟ ਲਾਉਂਦਾ ਪੰਥ ਰਤਨ ਜਿਉਂਦੀ ਕਬਰ ਵਿਚੋਂ ਬਾਹਰ ਨਿੱਕਲ ਦਿੱਲੀ ਵੱਲ ਨੂੰ ਮੂੰਹ ਕਰ ਬੜਕ ਮਾਰਦਾ ਤੇ ਆਖਦਾ ਕੇ ਤੁਹਾਡੀ ਹਿੰਮਤ ਕਿੱਦਾਂ ਹੋਈ ਸਾਡੇ ਦਰਬਾਰ ਸਾਬ ਬਾਰੇ ਇੰਝ ਸੋਚਣ ਵਾਲਿਆਂ ਦੀ ਪੁਸ਼ਤ-ਪਨਾਹੀ ਕਰਨ ਦੀ..ਪਰ ਫਰੀਦਾਬਾਦ ਅਤੇ ਨੋਇਡਾ ਵਾਲੇ ਪੰਜ ਤਾਰਾ ਹੋਟਲ,ਹਰਿਆਣੇ ਵਾਲਾ ਬਲਾਸੋਰ ਫਾਰਮ ਹਾਊਸ,ਯੂ.ਪੀ ਵਾਲੇ ਹਜਾਰਾਂ ਏਕੜ ਅਤੇ ਚਟਣੀ-ਸੋਸ ਵਾਲਾ ਵਜਾਰਤੀ ਲੋਲੀਪੋਪ ਜੁਬਾਨ ਤੇ ਵਲੇਵਾਂ ਮਾਰ ਬੈਠ ਗਏ ਹੋਣੇ..!
ਅਸਾਂ ਮੰਦਿਰ ਮਸਜਿਦ ਵਾਲੇ ਰੌਲੇ-ਗੌਲੇ ਤੋਂ ਕੀ ਲੈਣਾ..ਪਰ ਦੋਸਤੋ ਜੇ ਮੂਸੇ ਵਾਲੇ,ਟਿੱਕ ਟੌਕ ਅਤੇ ਨੀਟੂ ਸ਼ਟਰਾਂ ਵਾਲੇ ਪਾਗਲਪਣ ਤੋਂ ਥੋੜੀ ਵਿਹਲ ਮਿਲੇ ਤਾਂ ਮੁਸਲਿਮ ਆਗੂ ਉਬੈਸੀ ਦੀ ਆਖੀ ਇੱਕ ਗੱਲ ਸਮਝਣੀ ਬੜੀ ਜਰੂਰੀ ਏ ਕੇ ਅਸੀ ਮਰਨ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਮਨਾਂ ਵਿਚ ਇਹ ਗੱਲ ਪੂਰੀ ਤਰਾਂ ਬਿਠਾ ਕੇ ਜਾਵਾਂਗੇ ਕੇ 6 ਦਿਸੰਬਰ ਬਾਨਵੇਂ ਤੋਂ ਪਹਿਲਾਂ ਇਥੇ ਇੱਕ ਮਸਜਿਦ ਹੋਇਆ ਕਰਦੀ ਸੀ..ਇਹ ਵੀ ਆਖਾਂਗੇ ਕੇ ਉਹ ਇਹ ਗੱਲ ਪੀੜੀ ਦਰ ਪੀੜੀ ਅੱਗੇ ਜਰੂਰ ਤੋਰਦੇ ਰਹਿਣ..!
ਦੱਸਦੇ ਇੱਕ ਵਾਰ ਜਦੋਂ ਮੰਗੋਲ ਰਾਜਾ ਚੰਗੇਜ ਖਾਨ ਜੰਗ ਹਾਰ ਕੇ ਪਿੱਠ ਤੇ ਖਾਦੇ ਫੱਟ ਤੇ ਮਰਹਮ ਪੱਟੀ ਕਰਵਾ ਰਿਹਾ ਸੀ ਤਾਂ ਮਾਂ ਆਖਣ ਲੱਗੀ ਕੇ ਪੁੱਤਰ ਮੈਨੂੰ ਪਹਿਲਾਂ ਹੀ ਪਤਾ ਸੀ ਕੇ ਤੂੰ ਇੱਕ ਦਿਨ ਜੰਗ ਦੇ ਮੈਦਾਨ ਵਿਚੋਂ ਪਿੱਠ ਵਿਖਾ ਕੇ ਜਰੂਰ ਭੱਜੇਗਾ..ਕਿਓੰਕੇ ਨਿੱਕੇ ਹੁੰਦਿਆਂ ਜਦੋਂ ਤੈਨੂੰ ਇੱਕ ਵਾਰ ਬਹੁਤ ਭੁੱਖ ਲੱਗੀ ਤਾਂ ਮੇਰੀ ਗੈਰਹਾਜਰੀ ਵਿਚ ਤੇਰੀ ਦੇਖਰੇਖ ਵਾਸਤੇ ਰੱਖੀ ਇੱਕ ਗੁਲਾਮ ਔਰਤ ਨੇ ਤੈਨੂੰ ਆਪਣਾ ਦੁੱਧ ਚੁੰਘਾ ਦਿੱਤਾ ਸੀ..!
ਪਿੰਜਰੇ ਵਿਚ ਲੰਮੇ ਸਮੇ ਤੋਂ ਬੰਦ ਪਏ ਇੱਕ ਪੰਛੀ ਨੂੰ ਬਾਹਰ ਖੁਲੇ ਆਸਮਾਨ ਵਿਚ ਉੱਡਦਾ ਹਰੇਕ ਪੰਖੇਰੂ ਬਿਮਾਰ ਅਤੇ ਪਾਗਲ ਲੱਗਦਾ ਏ!
✍️ Harpreet Singh Jawanda