ਪੰਚਕੂਲਾ ਤੋਂ ਸੁਖਵਿੰਦਰ ਸੈਣੀ ਦੀ ਵਿਸ਼ੇਸ਼ ਰਿਪੋਰਟ
ਰਣਜੀਤ ਸਿੰਘ ਹੱਤਿਆ ਕਾਂਡ ਮਾਮਲੇ ਵਿਚ ਸੀ. ਬੀ. ਆਈ. ਕੋਰਟ ਪੰਚਕੂਲਾ ਆਉਣ ਵਾਲੀ 24 ਅਗਸਤ ਨੂੰ ਇਕ ਵੱਡਾ ਫੈਸਲਾ ਸੁਣਾ ਸਕਦੀ ਹੈ।ਪੰਚਕੂਲਾ ਸੈਕਟਰ 1 ਸਥਿਤ ਸੀ. ਬੀ. ਆਈ. ਅਦਾਲਤ ਵਿੱਚ ਚੱਲ ਰਹੇ ਰਣਜੀਤ ਸਿੰਘ ਹੱਤਿਆ ਮਾਮਲੇ ਵਿੱਚ ਸੀ ਬੀ ਆਈ ਵੱਲੋਂ ਡੇਰਾ ਮੁਖੀ ਰਾਮ ਰਹੀਮ ਸਮੇਤ ਪੰਜ ਆਰੋਪੀ ਨਾਮਜ਼ਦ ਕੀਤੇ ਹੋਏ ਹਨ। ਜਿਸ ਸਬੰਧੀ ਮਾਣਯੋਗ ਅਦਾਲਤ ਵਿਚ ਕਾਰਵਾਈ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ। ਦੱਸਣਯੋਗ ਹੈ ਕਿ ਬਚਾਓ ਪੱਖ ਦੇ ਵਕੀਲ ਅਮਿਤ ਤਿਵਾਰੀ ਵਲੋਂ 10, 11 ਅਤੇ 12 ਅਗਸਤ ਨੂੰ ਲਗਾਤਾਰ ਤਿੰਨ ਦਿਨ ਜਿਰ੍ਹਹਾ ਕਰ ਕੇ ਰਾਮ ਰਹੀਮ ਨੂੰ ਬਚਾਉਣ ਲਈ ਕੋਰਟ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਗਿਆ ਸੀ। ਜਿਰ੍ਹਾ ਪੂਰੀ ਹੋਣ ਉਪਰੰਤ ਮਾਣਯੋਗ ਸੀ. ਬੀ. ਆਈ. ਅਦਾਲਤ ਵੱਲੋਂ ਅੱਜ 18 ਅਗਸਤ ਦੀ ਤਾਰੀਕ ਮੁਕੱਰਰ ਕੀਤੀ ਗਈ ਸੀ ਸੋ ਅੱਜ ਮੁੱਖ ਆਰੋਪੀ ਰਾਮ ਰਹੀਮ ਅਤੇ ਲਾਲ ਕ੍ਰਿਸ਼ਨ ਵੀਡਿਓ ਕਾਨਫਰੰਸ ਰਾਹੀਂ ਕੋਰਟ ਵਿੱਚ ਹਾਜ਼ਰ ਹੋਏ ਜਦੋਂ ਕਿ ਬਾਕੀ ਦੇ ਤਿੰਨ ਆਰੋਪੀ ਅਵਤਾਰ, ਜਸਬੀਰ ਅਤੇ ਸਬਦਿਲ ਨਿੱਜੀ ਤੌਰ ਤੇ ਮਾਣਯੋਗ ਅਦਾਲਤ ਵਿਚ ਪੇਸ਼ ਰਹੇ।
ਅੱਜ ਦੀ ਕਾਰਵਾਈ ਦੌਰਾਨ ਸੀ. ਬੀ. ਆਈ. ਕੋਰਟ ਵੱਲੋਂ ਬਚਾਓ ਪੱਖ ਅਤੇ ਸੀ. ਬੀ. ਆਈ. ਦੇ ਵਕੀਲ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਵੱਲੋਂ ਇਸ ਕੇਸ ਵਿੱਚ ਕੋਈ ਹੋਰ ਆਰਗੂਮੈਂਟ ਕਰਨੀ ਹੈ ਤਾਂ ਦੋਵਾਂ ਪੱਖਾਂ ਦੇ ਵਕੀਲਾਂ ਵੱਲੋਂ ਇਨਕਾਰ ਕੀਤਾ ਗਿਆ ਜਿਸ ਉਪਰੰਤ ਸੀ ਬੀ ਆਈ ਕੋਰਟ ਵੱਲੋਂ ਆਪਣਾ ਫੈਸਲਾ ਅਗਲੀ ਤਾਰੀਖ 24 ਅਗਸਤ ਲਈ ਸੁਰੱਖਿਅਤ ਰੱਖ ਲਿਆ ਹੈ। ਇਥੇ ਦੱਸਣਯੋਗ ਹੈ ਕਿ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਆਰੋਪ ਵਿੱਚ ਉਪਰੋਕਤ ਪੰਜ ਵਿਅਕਤੀਆਂ ਖ਼ਿਲਾਫ਼ ਸੀ. ਬੀ. ਆਈ. ਵਲੋਂ ਮਾਮਲਾ ਦਰਜ ਕੀਤਾ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਣਯੋਗ ਅਦਾਲਤ ਵੱਲੋਂ ਮੁਕੱਰਰ ਕੀਤੇ ਗਏ ਪੰਜ ਮੁੱਖ ਦੋਸ਼ੀਆਂ ਵਿਚੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਫਿਲਹਾਲ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿਚ 20 ਸਾਲ ਅਤੇ ਪੱਤਰਕਾਰ ਰਾਮਚੰਦਰਪਾਲ ਛਤਰਪਤੀ ਹੱਤਿਆ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਅੰਦਰ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।
Author: Gurbhej Singh Anandpuri
ਮੁੱਖ ਸੰਪਾਦਕ