ਜਦੋਂ ਇਹ ਸਾਫ ਹੋ ਗਿਆ ਕੇ ਹੁਣ ਨੱਸਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਿਹਾ ਤਾਂ ਉਸਨੇ ਸਾਰੇ ਡਾਲਰ ਪੌਂਡ ਪੰਡਾਂ ਬੰਨ ਹਵਾਈ ਜਹਾਜ ਵਿਚ ਰੱਖ ਲਏ..!
ਜੋ ਨਾ ਰੱਖੇ ਗਏ ਉਹ ਓਥੇ ਹੀ ਖਲਾਰ ਦਿੱਤੇ..ਚੋਰਾਂ ਦੇ ਕੱਪੜੇ ਫੇਰ ਡਾਂਗਾਂ ਦੇ ਗੱਜ ਬਣ ਗਏ..ਹੁਣ ਵਕਤ ਹੀ ਦੱਸੇਗਾ ਕੇ ਹਿੰਦੁਸਤਾਨ ਵੱਲੋਂ ਬਣਾ ਕੇ ਦਿੱਤੇ ਗਏ ਕਾਬੁਲ ਦੇ ਰਾਸ਼ਟਰਪਤੀ ਭਵਨ ਵਿਚੋਂ ਪੰਡਾਂ ਬੰਨ-ਬੰਨ ਨਾਲ ਖੜੀ ਕਿਥੇ ਕਿਥੇ ਕੰਮ ਆਉਂਦੀ ਏ..!
ਦਸ ਜੂਨ ਚੁਰਾਨਵੇਂ ਨੂੰ ਹਿਮਾਚਲ ਵਿੱਚ ਕਰੈਸ਼ ਹੋਏ ਇਕ ਜਹਾਜ ਦੇ ਮਲਬੇ ਦੇ ਨਾਲ ਨਾਲ ਕਿੰਨੇ ਸਾਰੇ ਨੋਟ ਵੀ ਕਈ ਕਿਲੋਮੀਟਰ ਪਹਾੜਾਂ ਤੱਕ ਖਿੱਲਰ ਗਏ..!
ਚੌਦਾਂ ਲਾਸ਼ਾਂ ਵਿੱਚ ਓਦੋਂ ਦਾ ਪੰਜਾਬ ਦਾ ਗਵਰਨਰ ਸੁਰਿੰਦਰ ਨਾਥ..ਪਤਨੀ ਗਾਰਗੀ ਦੇਵੀ ਅਤੇ ਅੱਠ ਹੋਣ ਪਰਿਵਾਰਿਕ ਮੈਂਬਰ..!
ਖਿੱਲਰੇ ਨੋਟ ਉਹ ਸਨ ਜਿਹੜੇ ਓਹਨਾ ਵੇਲਿਆਂ ਵੇਲੇ ਦਿੱਲੀ ਦੇ ਹਾਕਿਮ ਸਿੱਧਾ ਚੰਡੀਗੜ ਗਵਰਨਰ ਹਾਊਸ ਭੇਜਿਆ ਕਰਦੇ ਸਨ ਤਾਂ ਕੇ ਨਹਿਰਾਂ ਕੱਸੀਆਂ ਅਤੇ ਮੰਡ ਖੇਤਰ ਵਿੱਚ ਨੌਜੁਆਨੀ ਦਾ ਸ਼ਿਕਾਰ ਖੇਡਦੀ ਖਾਕੀ ਵਰਦੀ ਨੂੰ ਸਨਮਾਨਿਤ ਕੀਤਾ ਜਾ ਸਕੇ..!
1978 ਦੁਨੀਆਂ ਦੇ ਅਮੀਰੋ ਤਰੀਨ ਰਾਸ਼ਟਰਪਤੀ ਸ਼ਾਹ-ਪਹਿਲਵੀ ਦਾ ਤਖਤ ਪਲਟ ਦਿੱਤਾ ਗਿਆ..ਉਸਨੂੰ ਪਤਾ ਸੀ ਇਹ ਕੰਮ ਇੱਕ ਦਿਨ ਹੋਣਾ ਈ ਹੈ..ਦੌਲਤ ਦੇ ਕਿੰਨੇ ਸਾਰੇ ਅੰਬਾਰ ਪਹਿਲਾਂ ਹੀ ਕਿੰਨੇ ਸਾਰੇ ਮੁਲਖਾਂ ਵਿੱਚ ਲਗਾ ਦਿੱਤੇ..ਫੇਰ ਜਦੋਂ ਇਰਾਨ ਵਿਚੋਂ ਨੱਸਿਆ ਤਾਂ ਕੋਈ ਮੁਲਖ ਵੀ ਦਬਾਅ ਹੇਠ ਪਨਾਹ ਨਾ ਦੇਵੇ..ਅਖੀਰ ਨੂੰ ਮਿਸਰ ਦੇ ਰਾਸ਼ਟਰਪਤੀ ਨੇ ਆਪਣੀ ਕੁੜੀ ਦਾ ਰਿਸ਼ਤਾ ਇਸਦੇ ਮੁੰਡੇ ਨਾਲ ਕਰ ਦਿੱਤਾ..ਫੇਰ ਪਨਾਹ ਦਿੱਤੀ ਤੇ ਆਖਣ ਲੱਗਾ ਮੈਂ ਸ਼ਾਹ ਨੂੰ ਨਹੀਂ ਸਗੋਂ ਆਪਣੇ ਕੁੜਮ ਨੂੰ ਪਨਾਹ ਦਿੱਤੀ..ਫੇਰ ਸ਼ਾਹ ਨੇ ਮਸਾਂ ਸਾਲ ਹੀ ਕੱਢਿਆ ਹੋਣਾ ਕੇ ਕੈਂਸਰ ਨਾਲ ਮੁੱਕ ਗਿਆ..!
ਖਾਲੜਾ ਕੇਸ..ਸੈਂਕੜੇ ਝੂਠੇ ਮੁਕਾਬਲਿਆਂ ਦਾ ਮੁਜਰਮ ਅਜੀਤ ਸਿੰਘ ਸੰਧੂ..ਜਦੋ ਕੋਈ ਮੁੰਡਾ ਚੁੱਕ ਲਿਆ ਕਰਦਾ ਤਾਂ ਜੇ ਮਾਪਿਆਂ ਕੋਲ ਛੁਡਾਉਣ ਲਈ ਵਾਹਵਾ ਸਾਰੇ ਪੈਸੇ ਨਾ ਹੁੰਦੇ ਤਾਂ ਹਮਾਤੜ ਨੂੰ ਕਚੈਹਰੀ ਖੜ ਉਸਦੀ ਜਮੀਨ ਹੀ ਆਪਣੇ ਨਾਮ ਲਗਵਾ ਲਿਆ ਕਰਦਾ ਸੀ..ਬੇਹਿਸਾਬੀ ਜਾਇਦਾਤ ਅਤੇ ਸੈਕੜੇ ਏਕੜ ਜਮੀਨ ਦੇ ਵੀ ਬਣਾਏ ਪਰ ਜਦੋਂ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕੀਤੀ ਤਾਂ ਉਸਦੀ ਚਿਖਾ ਦਾ ਸਾਈਜ ਸਿਰਫ ਛੇ ਬਾਈ ਤਿੰਨ ਫੁੱਟ ਹੀ ਸੀ..!
1757 ਵਿੱਚ ਬੰਗਾਲ ਦੀ ਰਾਜਧਾਨੀ ਮੁਰਸ਼ਿਦਾਬਾਦ ਤੇ ਅੰਗਰੇਜ ਫੌਜ ਦਾ ਕਬਜਾ ਹੋ ਗਿਆ ਤਾਂ ਗੋਰਾ ਸੈਨਾਪਤੀ ਲਾਰਡ ਕਲਾਈਵ ਜਦੋਂ ਨਵਾਬ ਸਿਰਾਜ-ਉੱਦ-ਦੌਲਾ ਦੇ ਮਹਿਲ ਅੰਦਰ ਗਿਆ ਤਾਂ ਓਥੇ ਹੀਰੇ ਜਵਾਹਰਾਤਾਂ ਦੇ ਲੱਗੇ ਅੰਬਾਰ ਵੇਖ ਅੱਖਾਂ ਅੱਡੀਆਂ ਗਈਆਂ..!
ਸਾਰਾ ਖਜਾਨਾ ਮਹਾਰਾਣੀ ਨੂੰ ਭੇਜਣ ਵੇਲੇ ਇੱਕ ਬੋਰੀ ਭਰਵਾਂ ਆਪਣੇ ਲਈ ਵੱਖਰੀ ਹੀ ਰਖਵਾ ਲਈ..ਗੱਲ ਬਾਹਰ ਆ ਗਈ ਤੇ ਮੁਕੱਦਮਾਂ ਚਲ ਪਿਆ..ਜੱਜ ਪੁੱਛਣ ਲੱਗਾ ਮਿਸਟਰ ਕਲਾਈਵ..ਏਨੀ ਦੌਲਤ ਅਤੇ ਸ਼ੋਹਰਤ ਦੇ ਹੁੰਦਿਆਂ ਵੀ ਤੂੰ ਇੰਝ ਦੀ ਚੋਰੀ ਕਿਓਂ ਕੀਤੀ?
ਜਵਾਬ ਦਿੱਤਾ ਜਨਾਬ ਮੇਰੀ ਥਾਂ ਜੇ ਤੁਸੀਂ ਵੀ ਹੁੰਦੇ ਤਾਂ ਤੁਸੀਂ ਵੀ ਇੰਝ ਹੀ ਕਰਦੇ..ਦੌਲਤ ਦੇ ਏਨੇ ਉਂਚੇ ਢੇਰ ਤਾਂ ਮੈਂ ਕਦੀ ਸੁਫ਼ਨੇ ਵਿੱਚ ਵੀ ਨਹੀਂ ਸਨ ਵੇਖੇ..!
1716 ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਤਾਂ ਸਾਰੀ ਫੌਜ ਕੋਲੋਂ ਸਿਰਫ ਛੇ ਸੌ ਰੁਪਈਏ ਹੀ ਨਿੱਕਲੇ..!
ਮੁਗਲ ਪ੍ਰਧਾਨ ਮੰਤਰੀ ਮੁਨੀਮ ਖਾਣ ਨੇ ਮਖੌਲ ਕੀਤਾ ਓਏ ਬੰਦਾ ਸਿਹਾਂ ਸਿਰਫ ਛੇ ਸੌ ਰੁਪਈਏ..ਏਦੂ ਜਿਆਦਾ ਤਾਂ ਦਿੱਲੀ ਦੇ ਮੰਗਤਿਆਂ ਕੋਲ ਹੋਣਗੇ..!
ਆਖਣ ਲੱਗਾ ਮੁਨੀਮ ਖ਼ਾਨ ਅਸੀਂ ਉਸ ਬਾਦਸ਼ਾਹ ਦਰਵੇਸ਼ ਦੇ ਪੁੱਤਰ ਹਾਂ ਜਿਸਨੇ ਸਾਰੀ ਜਿੰਦਗੀ ਬੱਸ ਵੰਡਿਆ ਹੀ ਵੰਡਿਆਂ..ਬਚਾਇਆ ਕੁਝ ਨਹੀਂ..ਇਥੋਂ ਤੱਕ ਕੇ ਆਪਣਾ ਪਰਿਵਾਰ ਵੀ..!
ਇਰਾਨ ਦੀ ਕੇਂਦਰੀ ਲਾਇਬ੍ਰੇਰੀ ਦੇ ਦਰਵਾਜੇ ਲਈੇ ਇੱਕ ਗੁਰੂ ਘਰ ਦੇ ਦਰਵਾਜੇ ਦਾ ਡਿਜ਼ਾਈਨ ਪਸੰਦ ਆ ਗਿਆ..ਪ੍ਰਬੰਧਕ ਪੁੱਛਣ ਲੱਗੇ ਜਿਸ ਦੇ ਨਾਮ ਤੇ ਇਹ ਗੁਰੂਦੁਆਰਾ ਏ ਉਸਦੀ ਕੋਈ ਵਿਸ਼ੇਸ਼ਤਾ ਦੱਸੋ..ਅਸੀਂ ਬੂਹੇ ਦਾ ਨਾਮ ਰੱਖਣਾ ਏ..!
ਆਖਣ ਲੱਗੇ ਸਾਡੇ ਦਸਮ ਪਿਤਾ ਨੇ ਸਾਰੀ ਉਮਰ ਧੰਨ ਇੱਕਠਾ ਨਹੀਂ ਕੀਤਾ..!
ਆਖਣ ਲੱਗੇ ਸਾਨੂੰ ਨਾਮ ਮਿਲ ਗਿਆ..ਇਸ ਦਰਵਾਜੇ ਦਾ ਨਾਮ..”ਦਰਵਾਜਾ-ਏ-ਦੌਲਤ” ਹੋਵੇਗਾ!
ਜੂਨ ਚੁਰਾਸੀ ਤੋਂ ਪਹਿਲਾਂ ਭਾਈ ਅਮਰੀਕ ਸਿੰਘ ਨੇ ਮਿਲਣ ਆਈ ਆਪਣੀ ਪੰਜ ਸਾਲ ਦੀ ਧੀ ਨੂੰ ਵਰਚਾਉਣ ਲਈ ਉਸਨੂੰ ਦਿੱਤੇ ਪੰਜ ਰੁਪਏ ਇਹ ਆਖ ਵਾਪਿਸ ਲੈ ਲਏ ਸਨ ਕੇ ਇਹ ਪੈਸੇ ਕੌਮ ਦੇ ਹੈਨ..ਨਿੱਜੀ ਹਿੱਤ ਲਈ ਨਹੀਂ ਵਰਤੇ ਜਾ ਸਕਦੇ..!
ਦੱਸਦੇ ਇੱਕ ਸੇਠ ਮੁਨਸ਼ੀ ਨੂੰ ਆਖਣ ਲੱਗਾ ਹਿਸਾਬ ਲਗਾ ਕੇ ਦੱਸ ਆਪਣੇ ਕੋਲ ਕਿੰਨਾ ਕੂ ਧੰਨ ਏ..ਅੱਗੋਂ ਆਖਣ ਲੱਗਾ ਜੀ ਸੱਤ ਪੀੜੀਆਂ ਆਰਾਮ ਨਾਲ ਖਾ ਸਕਦੀਆਂ..ਅੱਠਵੀਂ ਨੂੰ ਥੋੜੀ ਦਿੱਕਤ ਆ ਸਕਦੀ..!
ਸੇਠ ਜੋਤਸ਼ੀ ਕੋਲ ਚਲਾ ਗਿਆ..ਅਖ਼ੇ ਅੱਠਵੀਂ ਪੀੜੀ ਦਾ ਬੰਦੋਬਸਤ ਕਰੋ..!
ਆਖਣ ਲੱਗਾ ਸੇਠ ਜੀ ਮਣ ਪੱਕਾ ਆਟਾ ਪਿੰਡ ਦੀ ਸਭ ਤੋਂ ਬੁੱਢੀ ਔਰਤ ਨੂੰ ਦਾਨ ਕਰੋ..ਮਸਲਾ ਹੱਲ ਹੋ ਜਾਵੇਗਾ!
ਚਰਖਾ ਕੱਤਦੀ ਬੁੜੀ ਲੱਭੀ..ਉਸਦੇ ਦਰਾਂ ਵਿੱਚ ਮਣ ਪੱਕਾ ਆਟਾ ਅਤੇ ਕਿੰਨਾ ਸਾਰਾ ਗੁੜ ਰਖਿਆ..ਅਖ਼ੇ ਮਾਤਾ ਤੇਰੇ ਦੋ ਤਿੰਨ ਮਹੀਨੇ ਲੰਘ ਜਾਣਗੇ..!
ਆਖਣ ਲੱਗੀ ਮੈਨੂੰ ਨੀ ਲੋੜ ਲੈ ਜਾ ਆਪਣਾ ਰਾਸ਼ਨ ਪਾਣੀ..ਸੁਵੇਰ ਦੀ ਖਾ ਲਈ ਸੀ..ਦੁਪਹਿਰ ਦੀ ਸਾਮਣੇ ਪਈ ਏ ਤੇ ਪੱਕਾ ਯਕੀਨ ਏ ਰਾਤ ਵਾਲੀ ਦਾ ਵੀ ਉਹ ਪਰਮਾਤਮਾ ਕੋਈ ਹੀਲਾ ਵਸੀਲਾ ਜਰੂਰ ਕਰ ਹੀ ਦੇਵੇਗਾ..!
ਦੋਸਤੋ ਸਮਾਂ ਬੜੀ ਤਾਕਤਵਰ ਸ਼ੈ ਹੁੰਦੀ ਹੈ..ਭਾਵੇਂ ਫੋਟੋ ਵਿਚਲੇ ਕਾਲੇ ਕੋਟ ਵਾਲੇ ਦਾ ਹੋਣਾ ਕੁਝ ਵੀ ਨਹੀਂ ਫੇਰ ਵੀ ਕਿਸੇ ਵੇਲੇ ਸਿਗਰਟ ਦੇ ਇੱਕ ਕਸ਼ ਤੇ ਮੌਤ ਦੇ ਕਿੰਨੇ ਸਾਰੇ ਫੁਰਮਾਨ ਜਾਰੀ ਕਰ ਦੇਣ ਵਾਲਾ ਅੱਜ ਓਸੇ ਅਸਾਲਟ ਦੀ ਨਾਲੀ ਵੱਲ ਤੱਕਦਾ ਹੋਇਆ ਪਤਾ ਨਹੀਂ ਕਿੱਦਾਂ ਮਹਿਸੂਸ ਕਰ ਰਿਹਾ ਹੋਵੇਗਾ..ਜਿਸ ਨੇ ਤਰੱਕੀਆਂ ਇਨਾਮਾਂ ਦੀ ਖਾਤਿਰ ਪਤਾ ਨੀ ਕਿੰਨੇ ਸਾਰੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਸਨ!
ਹਰਪ੍ਰੀਤ ਸਿੰਘ ਜਵੰਦਾ
Author: Gurbhej Singh Anandpuri
ਮੁੱਖ ਸੰਪਾਦਕ