ਸਿੱਖਾਂ ਦੇ ਘਰਾਂ ‘ਚ ਜਨਮਿਓ, ਸਿੱਖੋ ਓਇ ਭਾਗਾਂ ਵਾਲਿਓ।
ਆਪਣੇ ਬਜੁਰਗਾਂ ਦੀ ਤਰਾਂ, ਸਿੱਖੀ ਦੀ ਰੱਖ ਵਿਖਾਲਿਓ।
ਐ ਸੋਹਣੀਆਂ ਪੱਗਾਂ ਵਾਲਿਓ, ਤੇ ਬੀਬੀਆਂ ਦਾੜ੍ਹੀਆਂ ਵਾਲਿਓ।
ਸਿੱਖੀ ਸਰੂਪ ਦੇ ਵਾਸਤੇ, ਕੇਸਾਂ ਦੀ ਲੱਜਿਆ ਪਾਲਿਓ।
ਇਹ ਕੇਸ ਨੇ ਜੋ ਕੁਦਰਤੀ, ਤੇ ਜਿਸਮ ਦਾ ਇਕ ਅੰਗ ਨੇ।
ਜਨਮ ਤੋਂ ਲੈ ਕੇ ਮੌਤ ਤੀਕਰ, ਰਹਿੰਦੇ ਸਦਾ ਜੋ ਸੰਗ ਨੇ।
ਇਹ ਕੇਸ ਜੋ ਸਿਰਤਾਜ ਨੇ, ਤੇ ਸ਼ਾਨ ਨੇ ਸ਼ਿੰਗਾਰ ਨੇ ।
ਇਹਨਾ ਦੀ ਰੱਖਿਆ ਵਾਸਤੇ, ਸਿੰਘ ਮਰਦੇ ਰਹੇ ਨਿਸੰਗ ਨੇ।
ਇਹ ਕੇਸਾਂ ਵਾਲੇ ਹੀ ਹਮੇਸ਼ਾਂ, ਬਣਦੇ ਰਹੇ ਮਰਜੀਵੜੇ।
ਹੁੰਦੇ ਰਹੇ ਸ਼ਹੀਦ ਏਦਾਂ, ਸ਼ਮ੍ਹਾਂ ‘ਤੇ ਜਿਉਂ ਪਤੰਗ ਨੇ।
ਸੀ ਸਿਦਕ ਤਾਰੂ ਸਿੰਘ ਦਾ, ਹੱਸ ਕੇ ਲੁਹਾ ਲਈ ਖੋਪਰੀ।
ਕੱਟਣ ਨਾ ਦਿੱਤੇ ਕੇਸ, ਪਰ ਸਵਾਸਾਂ ਦੇ ਸੰਗ ਨਿਭਾ ਗਏ।
ਕਦੇ ਤਾਂ ਹਿੰਦੂਆਂ ਦੇ ਘਰੀਂ, ਆਪੇ ਹੀ ਬਣਦੇ ਸਿੰਘ ਸਨ।
ਪਰ ਅੱਜ ਸਿੱਖਾਂ ਦੇ ਘਰੀਂ, ਕਈਆਂ ਨੇ ਸਿਰ ਮੁਨਾ ਲਏ।
ਪੀੜ੍ਹੀ ਪੁਰਾਣੀ ਤੇ ਨਵੀਂ, ਦੋਹਾਂ ‘ਚ ਪਾੜਾ ਪੈ ਗਿਆ।
ਦੋਹਾਂ ਦੀ ਮਿਲਦੀ ਸੁਰ ਨਹੀਂ, ਨਵਾਂ ਪੁਆੜਾ ਪੈ ਗਿਆ।
ਮੁੰਡੇ ਤੇ ਕੁੜੀਆਂ ਅੱਜ ਦੇ ਨਾ ਗੱਲ ਸੁਣਦੇ ਮੰਨਦੇ,
ਬੇਵੱਸ ਹਰ ਇੱਕ ਮਾਂ ਪਿਉ ਬੱਸ ਚੁੱਪ ਕਰਕੇ ਬਹਿ ਗਿਆ।
ਇੱਕ ਦੂਸਰੇ ਨੂੰ ਵੇਖ ਕੇ, ਸਿੱਖਾਂ ਦੇ ਪੁਤ ਤੇ ਪੋਤਰੇ।
ਪਤਿਤ ਨੇ ਹੁੰਦੇ ਜਾ ਰਹੇ, ਮਸਲਾ ਇਹ ਬਣ ਕੇ ਰਹਿ ਗਿਆ।
ਓ ਕੁਰਸੀਆਂ ਲਈ ਮਰਦਿਓ, ਜੇ ਅੱਜ ਵੀ ਨਾ ਸੋਚਿਆ।
ਤਾਂ ਵਲੇ ਜਾਉਗੇ ਵਾਲ-ਵਾਲ, ਵਿੱਚ ਵਲਾਂ ਦੇ ਵਾਲਾਂ ਵਾਲਿਉ।
ਹੈ ਕੇਸਗੜ੍ਹ ਦਾ ਵਾਸਤਾ, ਸੁਣਿਓ ਐ ਕੇਸਾਂ ਵਾਲਿਓ।
ਦਸ਼ਮੇਸ਼ ਦੀ ਇਸ ਦਾਤ ਨੂੰ, ਸੰਭਾਲਿਓੁ !!!ਸੰਭਾਲਿਓੁ!
Author: Gurbhej Singh Anandpuri
ਮੁੱਖ ਸੰਪਾਦਕ