ਭਾਈ ਜਸਵੀਰ ਸਿੰਘ ਰੋਡੇ ਅਤੇ ਉਨ੍ਹਾਂ ਦੇ ਪੁੱਤਰ ਨੂੰ ਇਕ ਡੂੰਘੀ ਸਾਜਿ਼ਸ ਤਹਿਤ ਨਿਸ਼ਾਨਾਂ ਬਣਾਉਣਾ ”ਸਿੱਖ ਪ੍ਰੈਸ” ਉਤੇ ਅਸਹਿ ਹਮਲਾ : ਮਾਨ

33

ਫ਼ਤਹਿਗੜ੍ਹ ਸਾਹਿਬ, 21 ਅਗਸਤ (ਗੁਰਪ੍ਰੀਤ ਸਿੰਘ ਖਾਲਸਾ ) “ਬੀਤੀ ਰਾਤ ਕਪੂਰਥਲਾ ਦੇ ਐਸ.ਐਸ.ਪੀ. ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨਾਲ ਰਾਤ ਦੇ 2 ਵਜੇ ਜੋ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਨ੍ਹਾਂ ਦੇ ਪੁੱਤਰ ਸ. ਗੁਰਮੁੱਖ ਸਿੰਘ ਬਰਾੜ ਜੋ ਪੰਜਾਬ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਨੂੰ ਮੁੱਖ ਰੱਖਕੇ ਲੰਮੇਂ ਸਮੇਂ ਤੋਂ ‘ਰੋਜਾਨਾ ਅੱਜ ਦੀ ਆਵਾਜ਼’ ਪੰਜਾਬੀ ਪੇਪਰ ਦੇ ਮੁੱਖ ਸੰਪਾਦਕ ਦੇ ਤੌਰ ਤੇ ਸੇਵਾ ਨਿਭਾਉਦੇ ਆ ਰਹੇ ਹਨ, ਉਨ੍ਹਾਂ ਨੂੰ ਉਚੇਚੇ ਤੌਰ ਤੇ ਨਿਸ਼ਾਨਾਂ ਬਣਾਉਦੇ ਹੋਏ, ਸੈਂਟਰ ਦੇ ਮੁਤੱਸਵੀ ਹੁਕਮਰਾਨਾਂ, ਪੰਜਾਬ ਸਰਕਾਰ, ਪੰਜਾਬ ਪੁਲਿਸ ਦੀ ਆਪਸੀ ਮਿਲੀਭੁਗਤ ਨਾਲ ਜੋ ਰੇਡ ਮਾਰੀ ਗਈ ਹੈ ਅਤੇ ਜਿਸ ਵਿਚ ਪੁਲਿਸ ਅਤੇ ਨਿਜਾਮ ਨੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੀ ਕੌਮੀ ਸਖਸ਼ੀਅਤ ਅਤੇ ਉਨ੍ਹਾਂ ਦੇ ਪੁੱਤਰ ਉਤੇ ਦੋਸ਼ ਲਗਾਉਦੇ ਹੋਏ ਭਾਰੀ ਮਾਤਰਾ ਵਿਚ ਉਨ੍ਹਾਂ ਦੇ ਘਰੋ ਵਿਸਫੋਟਕ ਸਮੱਗਰੀ, ਹਥਿਆਰ, ਟਿਫਨ ਬੰਬ ਅਤੇ ਹੋਰ ਮਾਰੂ ਹਥਿਆਰਾਂ ਦੀ ਖੇਪ ਫੜਨ ਦੀ ਗੱਲ ਨੂੰ ਉਭਾਰਕੇ ਮੀਡੀਏ ਵਿਚ ਉਛਾਲਿਆ ਗਿਆ ਹੈ । ਉਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਰੇਡ ਇਕ ਸੋਚੀ ਸਮਝੀ ਸਾਜਿ਼ਸ ਤਹਿਤ ਪੰਜਾਬ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਦੀ ਆਵਾਜ਼ ਉਠਾਉਣ ਵਾਲੀ ‘ਰੋਜਾਨਾ ਅੱਜ ਦੀ ਆਵਾਜ਼’ ਪੰਜਾਬੀ ਪ੍ਰੈਸ ਦੀ ਆਵਾਜ਼ ਨੂੰ ਕੁੱਚਲਣ ਦੀ ਮੰਦਭਾਵਨਾ ਅਧੀਨ ਅਤੇ ਸਿੱਖ ਕੌਮ ਦੇ ਆਗੂਆਂ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਦੀ ਸੋਚ ਅਧੀਨ ਕੀਤੀ ਗਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸਨੂੰ ਇਕ ਡੂੰਘੀ ਸਾਜਿ਼ਸ ਕਰਾਰ ਦਿੰਦੇ ਹੋਏ ਪੰਜਾਬੀ ਦੀ ਪ੍ਰੈਸ ਉਤੇ ਹਮਲਾ ਕਰਾਰ ਦਿੰਦੀ ਹੈ, ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜ੍ਹੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੀ ਰਾਤ ਕਪੂਰਥਲਾ ਪੁਲਿਸ ਵੱਲੋ ਸੈਂਟਰ ਅਤੇ ਪੰਜਾਬ ਦੇ ਹੁਕਮਰਾਨਾਂ ਦੇ ਗੁਪਤ ਆਦੇਸ਼ਾਂ ਉਤੇ ਭਾਰੀ ਪੁਲਿਸ ਫੋਰਸ ਨਾਲ ਭਾਈ ਜਸਵੀਰ ਸਿੰਘ ਰੋਡੇ ਦੇ ਗ੍ਰਹਿ ਜਲੰਧਰ ਵਿਖੇ ਰਾਤ ਦੇ 2 ਵਜੇ ਰੇਡ ਮਾਰਨ ਦੀ ਕਾਰਵਾਈ ਅਤੇ ਹਥਿਆਰਾਂ ਦੀ ਵੱਡੀ ਖੇਪ ਮਿਲਣ ਦੇ ਗੁੰਮਰਾਹਕੁੰਨ ਪ੍ਰਚਾਰ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਅਮਲ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਦੀ ਪ੍ਰੈਸ ਉਤੇ ਹਮਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਨੂੰ ਹਰ ਪੱਖ ਤੋਂ ਗੌਹ ਨਾਲ ਵਿਚਾਰਨ ਤੋਂ ਬਾਅਦ ਖੁਦ-ਬ-ਖੁਦ ਇਹ ਸਾਜਿਸ ਨੰਗੀ ਹੋ ਜਾਂਦੀ ਹੈ ਕਿ ਪਹਿਲੇ ਤਾਂ ਇਹ ਰੇਡ ਰਾਤ ਦੇ 2 ਵਜੇ ਮਾਰੀ ਗਈ, ਦੂਸਰੀ ਵਾਰ ਜਦੋਂ ਤਲਾਸੀ ਲਈ ਗਈ ਤਾਂ ਪੁਲਿਸ ਨੂੰ ਕੁਝ ਬਰਾਮਦ ਨਹੀਂ ਹੋਇਆ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਯੂ.ਐਸ. ਕਮਿਸ਼ਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਵੱਲੋਂ ਆਪਣੀ ਜਾਰੀ ਕੀਤੀ ਗਈ ਸਲਾਨਾ ਰਿਪੋਰਟ ਵਿਚ ਇੰਡੀਆਂ ਦੇ ਮੌਜੂਦਾ ਹੁਕਮਰਾਨਾਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਹੋਏ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਹੱਕ-ਹਕੂਕਾਂ ਨੂੰ ਵੱਡੇ ਪੱਧਰ ਉਤੇ ਕੁੱਚਲਣ ਅਤੇ ਉਨ੍ਹਾਂ ਉਤੇ ਜ਼ਬਰ ਕਰਨ ਦੀ ਗੱਲ ਵੀ ਸੱਚ ਨੂੰ ਪ੍ਰਤੱਖ ਕਰਦੀ ਹੈ । ਫਿਰ ਪੁਲਿਸ ਦੂਸਰੀ ਵਾਰ ਕੁਝ ਘੰਟਿਆਂ ਬਾਅਦ ਆਈ ਅਤੇ ਸਮੁੱਚੇ ਘਰ ਦੀ ਫਿਰ ਤਲਾਸੀ ਲੈਦੇ ਹੋਏ ਉਪਰੋਕਤ ਵਿਸਫੋਟਕ ਹਥਿਆਰਾਂ ਦੀ ਖੇਪ ਦੀ ਬਰਾਮਦੀ ਦਿਖਾਈ ਗਈ । ਇਸੇ ਤਰ੍ਹਾਂ ਸ. ਗੁਰਮੁੱਖ ਸਿੰਘ ਬਰਾੜ ਦੇ ਦਫ਼ਤਰ ਵਿਖੇ ਵੀ ਜੋ ਹਥਿਆਰ ਅਤੇ ਵਿਸਫੋਟਕ ਸਮੱਗਰੀ ਫੜਨ ਦੀ ਗੱਲ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਹੈ । ਉਹ ਦੂਸਰੀ ਵਾਰ ਰੇਡ ਮਾਰਨ ਦੇ ਸਮੇਂ ਦੌਰਾਨ ਉਨ੍ਹਾਂ ਦੇ ਪ੍ਰੈਸ ਦਫ਼ਤਰ ਅਤੇ ਉਨ੍ਹਾਂ ਦੇ ਘਰ ਬਰਾਮਦੀ ਦਿਖਾਉਣਾ ਹੀ ਸਾਜਿ਼ਸ ਨੂੰ ਨੰਗਾਂ ਕਰਦਾ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਸਿੱਖ ਕੌਮ ਦੀ ਆਜ਼ਾਦੀ ਲਈ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਸੰਘਰਸ਼ ਕਰਦੀ ਆ ਰਹੀ ਸਿੱਖ ਲੀਡਰਸਿ਼ਪ ਨੇ ਅੱਜ ਤੱਕ ਕਦੇ ਵੀ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਕਾਰਵਾਈਆ ਦਾ ਪੱਖ ਨਹੀਂ ਪੂਰਿਆ । ਬਲਕਿ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਕਦਰਾਂ-ਕੀਮਤਾਂ ਉਤੇ ਹੀ ਪਹਿਰਾ ਦਿੰਦੇ ਹੋਏ ਇਸ ਸੰਘਰਸ਼ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ ਜਦੋਂ ਹੁਣ ਸਿੱਖ ਕੌਮ ਦੀ ਸੰਪੂਰਨ ਬਾਦਸ਼ਾਹੀ ਸਿੱਖ ਰਾਜ ਦੀ ਆਵਾਜ਼ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ, ਫ਼ਰਾਂਸ ਆਦਿ ਵੱਡੇ ਮੁਲਕਾਂ ਅਤੇ ਯੂਰਪਿੰਨ ਮੁਲਕਾਂ ਦੀਆਂ ਪਾਰਲੀਮੈਟਾਂ ਵਿਚ ਅਤੇ ਉਥੋਂ ਦੇ ਨਿਵਾਸੀਆ ਵਿਚ ਪਹੁੰਚ ਚੁੱਕੀ ਹੈ ਅਤੇ ਇਥੋਂ ਦੇ ਹੁਕਮਰਾਨਾਂ ਵੱਲੋ ਸਿੱਖ ਕੌਮ ਉਤੇ ਕੀਤੇ ਜਾਣ ਵਾਲੇ ਜ਼ਬਰ-ਜੁਲਮਾਂ, ਬੇਇਨਸਾਫ਼ੀਆਂ ਅਤੇ ਵਿਤਕਰਿਆ ਦੀ ਬਦੌਲਤ ਸਮੁੱਚੇ ਸੰਸਾਰ ਵਿਚ ਹੁਕਮਰਾਨਾਂ ਦੀ ਬਦਨਾਮੀ ਹੋ ਰਹੀ ਹੈ, ਤਾਂ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖ ਕੌਮ ਅਤੇ ਧਰਮ ਨਾਲ ਸੰਬੰਧਤ ਸੰਜ਼ੀਦਾ ਮੁੱਦਿਆ ਨੂੰ ਬਾਦਲੀਲ ਢੰਗ ਨਾਲ ਉਠਾਉਣ ਵਾਲੀ ਸਾਡੇ ਵਰਗੀ ਸਿੱਖ ਲੀਡਰਸਿ਼ਪ ਅਤੇ ਸਾਡੀ ਪੰਜਾਬੀ ਪ੍ਰੈਸ ਉਤੇ ਹੁਕਮਰਾਨਾਂ ਵੱਲੋਂ ਸਾਜਿ਼ਸਾਂ ਅਧੀਨ ਹਮਲੇ ਸੁਰੂ ਕਰ ਦਿੱਤੇ ਗਏ ਹਨ । ਜੋ ਭਾਈ ਜਸਵੀਰ ਸਿੰਘ ਰੋਡੇ ਤੇ ਉਨ੍ਹਾਂ ਦੇ ਪੁੱਤਰ ਗੁਰਮੁੱਖ ਸਿੰਘ ਬਰਾੜ ਦੇ ਗ੍ਰਹਿ ਵਿਖੇ ਹਮਲਾ ਕੀਤਾ ਗਿਆ ਹੈ, ਇਹ ਉਸੇ ਸਿੱਖ ਕੌਮ ਵਿਰੋਧੀ ਸਾਜਿਸ ਦੀ ਕੜੀ ਦਾ ਹਿੱਸਾ ਹੈ । ਜਿਸਨੂੰ ਸਿੱਖ ਕੌਮ ਅਤੇ ਪੰਜਾਬੀ ਬਿਲਕੁਲ ਸਹਿਣ ਨਹੀਂ ਕਰਨਗੇ ਅਤੇ ਨਾ ਹੀ ਹੁਕਮਰਾਨ ਅਜਿਹੀਆ ਕਾਰਵਾਈਆ ਕਰਕੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਪਣੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਲੀ ਸਿੱਖ ਲੀਡਰਸਿ਼ਪ ਜਾਂ ਪੰਜਾਬੀ ਪ੍ਰੈਸ ਦੀ ਬੁਲੰਦ ਆਵਾਜ਼ ਨੂੰ ਦਬਾਉਣ ਵਿਚ ਕਾਮਯਾਬ ਹੋ ਸਕਣਗੇ । ਕਿਉਂਕਿ ਹੁਣ ਸਿੱਖ ਵਿਦਵਾਨ, ਬੁੱਧੀਜੀਵੀ, ਸੂਝਵਾਨ ਸਖਸ਼ੀਅਤਾਂ, ਪਾਰਲੀਮੈਟੇਰੀਅਨ ਸਭ ਮੁਲਕਾਂ ਅਤੇ ਕੌਮਾਂ ਵਿਚ ਵਿਚਰ ਰਹੇ ਹਨ ਜੋ ਸਿੱਖ ਕੌਮ ਉਤੇ ਹੁਕਮਰਾਨਾਂ ਵੱਲੋਂ ਕੀਤੇ ਜਾਣ ਵਾਲੇ ਜ਼ਬਰ ਜੁਲਮਾਂ ਅਤੇ ਵਿਤਕਰਿਆ ਤੋਂ ਸਮੁੱਚੇ ਸੰਸਾਰ ਨੂੰ ਜਾਣੂ ਕਰਵਾਉਦੇ ਹੋਏ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦੇ ਹੱਕ ਵਿਚ ਲਾਮਬੰਦੀ ਕਰ ਰਹੇ ਹਨ । ਇਹੀ ਵਜਹ ਹੈ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਲੀਡਰਸਿ਼ਪ ਅਤੇ ਪੰਜਾਬੀ ਪ੍ਰੈਸ ਉਤੇ ਹਮਲੇ ਸੁਰੂ ਕਰ ਦਿੱਤੇ ਗਏ ਹਨ ।

ਅਜਿਹਾ ਪਹਿਲਾ ਰੋਜਾਨਾ ਪਹਿਰੇਦਾਰ ਅਖ਼ਬਾਰ ਅਤੇ ਉਨ੍ਹਾਂ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਉਤੇ ਵੀ ਅਜਿਹੀ ਸਾਜਿ਼ਸ ਰਚੀ ਗਈ ਸੀ । ਜਿਸਨੂੰ ਸਿੱਖ ਕੌਮ ਤੇ ਪੰਜਾਬੀਆਂ ਨੇ ਸਮੇਂ ਨਾਲ ਆਵਾਜ਼ ਬੁਲੰਦ ਕਰਕੇ ਅਤੇ ਹੁਕਮਰਾਨਾਂ ਦੀਆਂ ਮੰਦਭਾਵਨਾ ਭਰੀ ਸੋਚ ਉਜਾਗਰ ਕਰਕੇ ਅਸਫਲ ਕਰ ਦਿੱਤਾ ਸੀ । ਲੇਕਿਨ ਫਿਰ ਦੂਸਰਾ ਹਮਲਾ ਕਰਦੇ ਹੋਏ ਸ. ਜਸਪਾਲ ਸਿੰਘ ਹੇਰਾਂ ਦੀ ਹਰ ਤਰ੍ਹਾਂ ਦੀ ਗੱਲਬਾਤ ਸੁਣਨ ਲਈ, ਉਨ੍ਹਾਂ ਦੀ ਫੇਸਬੁੱਕ, ਵੈਬਸਾਈਟ ਉਤੇ ਪਾਏ ਜਾਣ ਵਾਲੇ ਵਿਚਾਰਾਂ ਅਤੇ ਖ਼ਬਰਾਂ ਦੀ ਚੋਰੀ ਕਰਨ ਲਈ ਇਜਰਾਇਲ ਦੀ ”ਪੈਗਾਸਸ” ਕੰਪਨੀ ਦੇ ਯੰਤਰ ਫਿਟ ਕਰ ਦਿੱਤੇ ਗਏ ਹਨ । ਇਸੇ ਸੋਚ ਅਧੀਨ ਸਾਡੇ ਫੋਨ, ਫੇਸਬੁੱਕ, ਵੈਬਸਾਈਟ ਰਾਹੀ ਹੋਣ ਵਾਲੀਆ ਗੱਲਾਂ ਤੇ ਵਿਚਾਰਾਂ ਨੂੰ ਜ਼ਬਰੀ ਚੋਰੀ ਕੀਤਾ ਜਾ ਰਿਹਾ ਹੈ । ਜੋ ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੇ ਨਿਯਮਾਂ ਤੇ ਅਸੂਲਾਂ ਦੀ ਘੋਰ ਉਲੰਘਣਾ ਕਰਨ ਵਾਲੇ ਦੁੱਖਦਾਇਕ ਅਮਲ ਹੋਏ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇਸੇ ਸਾਡੇ ਆਜ਼ਾਦੀ ਦੇ ਹੱਕ ਉਤੇ ਡਾਕਾ ਮਾਰਦੇ ਹੋਏ ਮੇਰਾ ਫੇਸਬੁੱਕ ਪੇਜ, ਜਿਸ ਉਤੇ ਅਸੀਂ ਰੋਜ਼ਾਨਾ ਹੀ ਦੁਨੀਆਂ ਦੇ ਸਭ ਨਿਵਾਸੀਆਂ, ਮੁਲਕਾਂ ਆਦਿ ਨਾਲ ਵਿਚਾਰ ਸਾਂਝੇ ਕਰਦੇ ਹਾਂ, ਜੋ ਕਿ ਸਾਡਾ ਵਿਧਾਨਿਕ ਹੱਕ ਹੈ, ਉਸਨੂੰ ਬੀਤੇ 3 ਦਿਨਾਂ ਤੋਂ ਬੰਦ ਕਰ ਦਿੱਤਾ ਗਿਆ ਹੈ । ਜਦੋਂ ਅਸੀਂ ਫੇਸਬੁੱਕ ਦੇ ਸੀ.ਈ.ਓ. ਮਿਸਟਰ ਮਾਰਕ ਜੁਕਰਬਰਗ ਨੂੰ ਸਾਡਾ ਫੇਸਬੁੱਕ ਪੇਜ ਬੰਦ ਕਰਨ ਦੀ ਵਜਹ ਬਾਰੇ ਜਾਣਕਾਰੀ ਲੈਣ ਲਈ ਲਿਖਤੀ ਪੱਤਰ ਭੇਜਿਆ ਤਾਂ ਸਾਨੂੰ ਇਸਦਾ ਕੋਈ ਜੁਆਬ ਨਾ ਦੇਣਾ ਵੀ ਮਨੁੱਖੀ ਅਧਿਕਾਰਾਂ ਅਤੇ ਕੌਮਾਂਤਰੀ ਕਾਨੂੰਨਾਂ ਦਾ ਘੋਰ ਉਲੰਘਣ ਹੈ । ਜੋ ਅਤਿ ਨਿੰਦਣਯੋਗ ਕਾਰਵਾਈ ਹੈ । ਜਦੋਂਕਿ ਅਮਰੀਕਾ ਮੁਲਕ ਜਮਹੂਰੀਅਤ ਪਸ਼ੰਦ ਅਤੇ ਮਨੁੱਖੀ ਅਧਿਕਾਰਾਂ ਦੀ ਉਚੇਚੇ ਤੌਰ ਤੇ ਰਾਖੀ ਕਰਨ ਵਾਲਾ ਮੁਲਕ ਹੈ, ਫਿਰ ਵੀ ਮਿਸਟਰ ਜੁਕਰਬਰਗ ਵੱਲੋ ਸਾਨੂੰ ਵਜਹ ਨਾ ਦੱਸਣ ਦੀ ਜਾਣਕਾਰੀ ਨਾ ਦੇਣਾ ਵੱਡਾ ਅਫਸੋਸਨਾਕ ਹੈ । ਅਸੀਂ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਅਤੇ ਫੇਸਬੁੱਕ ਦੇ ਸੀ.ਈ.ਓ. ਜਿਨ੍ਹਾਂ ਦੇ ਸਾਂਝੇ ਅਮਲ ਨਾਲ ਸਾਡੀ ਫੇਸਬੁੱਕ ਬੰਦ ਕੀਤੀ ਗਈ ਹੈ ਤੋਂ ਮਨੁੱਖੀ ਅਧਿਕਾਰਾਂ ਅਤੇ ਕੌਮਾਂਤਰੀ ਆਜ਼ਾਦੀ ਸੰਬੰਧੀ ਨਿਯਮਾਂ ਅਤੇ ਅਸੂਲਾਂ ਦੇ ਬਿਨ੍ਹਾਂ ਤੇ ਇਹ ਪੁੱਛਣਾ ਚਾਹਵਾਂਗੇ ਕਿ ਜੇਕਰ ਇੰਡੀਆਂ ਦੇ ਨਿਊਜ ਪੇਪਰ ਦਾ ਟ੍ਰਿਬਿਊਨ, ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ਼ ਇੰਡੀਆ, ਹਿੰਦੂਸਤਾਨ ਟਾਈਮਜ਼ ਅਤੇ ਪੰਜਾਬ ਕੇਸਰੀ ਆਦਿ ਉਤੇ ਕੋਈ ਬਾਹਰਲਾ ਮੁਲਕ ਅਜਿਹੀ ਕਾਰਵਾਈ ਕਰ ਦੇਵੇ ਕੀ ਉਸ ਪ੍ਰਤੀ ਉਨ੍ਹਾਂ ਦਾ ਕੀ ਰੁੱਖ ਹੋਵੇਗਾ ? ਕੀ ਉਹ ਅਜਿਹੀ ਪ੍ਰੈਸ ਉਤੇ ਹਮਲੇ ਦੀ ਕਾਰਵਾਈ ਨੂੰ ਬ੍ਰਦਾਸਤ ਕਰ ਸਕਣਗੇ ?

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?