ਨਕੋਦਰ 25 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਪੁਲੀਸ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਨੁੱਕਰ ਕਰਦਿਆਂ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ ਹੈ ।ਵਰਨਣਯੋਗ ਹੈ ਕਿ ਪਿਛਲੇ ਦਿਨੀਂ ਗੁਰਦਾਸ ਮਾਨ ਵੱਲੋਂ ਨਕੋਦਰ ਦੇ ਇਕ ਧਾਰਮਕ ਅਸਥਾਨ ਤੇ ਆਪਣੇ ਪ੍ਰੋਗਰਾਮ ਦੌਰਾਨ ਉਥੋਂ ਦੇ ਇਕ ਧਾਰਮਿਕ ਮੁਖੀ ਨੂੰ ਸਿੱਖਾਂ ਦੇ ਤੀਸਰੇ ਗੁਰੂ , ਗੁਰੂ ਅਮਰਦਾਸ ਜੀ ਦੇ ਵੰਸ਼ਜ ਦੱਸਿਆ ਸੀ ਅਤੇ ਨਾਲ ਹੀ ਸਟੇਜ ਤੋਂ ਆਨੰਦ ਸਾਹਿਬ ਬਾਣੀ ਦੇ ਵਿਚੋਂ ਕੁਝ ਪੰਕਤੀਆਂ ਉਸ ਧਾਰਮਿਕ ਮੁਖੀ ਦੀ ਉਸਤਤ ਵਿੱਚ ਬੋਲੀਆਂ,ਜਿਸ ਤੋਂ ਬਾਅਦ ਪੂਰੇ ਵਿਸ਼ਵ ਦੇ ਵਿਚ ਸਿੱਖ ਸੰਗਤਾਂ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਸੀ ਅਤੇ ਸੋਸ਼ਲ ਮੀਡੀਆ ਦੇ ਵਿਚ ਗੁਰਦਾਸ ਮਾਨ ਦਾ ਤਕੜਾ ਵਿਰੋਧ ਹੋਇਆ । ਬੀਤੀ 24 ਅਗਸਤ ਨੂੰ ਸਿੱਖ ਜਥੇਬੰਦੀਆਂ ਨੇ ਨਕੋਦਰ ਵਿੱਚ ਵੱਡਾ ਇਕੱਠ ਕਰਕੇ ਨਕੋਦਰ ਦੇ ਡੀ ਐੱਸ ਪੀ ਨੂੰ ਮੰਗ ਪੱਤਰ ਦਿੰਦਿਆਂ ਹੋਇਆਂ ਗੁਰਦਾਸ ਮਾਨ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ ਜਿਸ ਤੇ ਡੀ ਐੱਸ ਪੀ ਵੱਲੋਂ ਐਸ ਐਸ ਪੀ ਜਲੰਧਰ (ਦਿਹਾਤੀ ) ਅਤੇ ਡੀ ਏ ਲੀਗਲ ਦੀ ਸਲਾਹ ਨਾਲ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਅੱਜ 25 ਅਗਸਤ ਸ਼ਾਮ ਤਕ ਮੁੱਢਲੀ ਕਾਰਵਾਈ ਕਰਕੇ ਐਫ ਆਈ ਆਰ ਦੀ ਕਾਪੀ ਸਿੱਖ ਜਥੇਬੰਦੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ ।ਅੱਜ ਦੇਰ ਸ਼ਾਮ ਜਦੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੁਲਿਸ ਪ੍ਰਸ਼ਾਸਨ ਨਾਲ ਐੱਫ ਆਈ ਆਰ ਦੀ ਕਾਪੀ ਲੈਣ ਲਈ ਸੰਪਰਕ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਟਾਲ ਮਟੋਲ ਕਰਦਿਆਂ ਕਾਰਵਾਈ ਚੱਲ ਰਹੀ ਹੈ ਕਹਿ ਕੇ ਐਫ ਆਈ ਆਰ ਦੀ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਸੰਬੰਧੀ ਪੰਥਕ ਢਾਡੀ ਗਿਆਨੀ ਜਸਵਿੰਦਰ ਸਿੰਘ ਸ਼ਾਂਤ ਨੇ ਦੱਸਿਆ ਕਿ ਅਗਲੇਰੀ ਵਿਚਾਰ ਦੇ ਲਈ ਸਮੂਹ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਵਿਚ ਕੱਲ੍ਹ 26 ਅਗਸਤ ਨੂੰ ਸਵੇਰੇ ਗਿਆਰਾਂ ਵਜੇ ਗੁਰਦੁਆਰਾ ਮੁਹੱਲਾ ਗਾੜ੍ਹੀਆਂ ਜਲੰਧਰ ਰੋਡ ਨਕੋਦਰ ਵਿਖੇ ਪੰਥਕ ਇਕੱਤਰਤਾ ਬੁਲਾਈ ਗਈ ਹੈ,ਜਿਸ ਵਿਚ ਸਮੂਹ ਪੰਥਕ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਇੱਥੇ ਇਹ ਵੀ ਵਰਨਣਯੋਗ ਹੈ ਕਿ ਕੱਲ੍ਹ ਪੰਥਕ ਜਥੇਬੰਦੀਆਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਇਹ ਵਾਰਨਿੰਗ ਵੀ ਦਿੱਤੀ ਗਈ ਸੀ ਕਿ ਜੇਕਰ ਗੁਰਦਾਸ ਮਾਨ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪੰਥਕ ਜਥੇਬੰਦੀਆਂ ਜੋ ਵੀ ਪ੍ਰੋਗਰਾਮ ਉਲੀਕਣਗੀਆਂ ਅਤੇ ਉਸ ਤੋਂ ਜੋ ਵੀ ਸਿੱਟੇ ਨਿਕਣਗੇ ਉਸ ਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ।
Author: Gurbhej Singh Anandpuri
ਮੁੱਖ ਸੰਪਾਦਕ