ਚੰਡੀਗੜ੍ਹ 1 ਸਤੰਬਰ ( ਨਜ਼ਰਾਨਾ ਨਿਊਜ਼ ਨੈੱਟਵਰਕ)- ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਨਿਯਮਾਂ ਮੁਤਾਬਿਕ ਗੱਤਕਾ ਖੇਡ ਦੀ ਮੁਫ਼ਤ ਸਿਖਲਾਈ ਦੇਣ ਲਈ ਵੱਖ-ਵੱਖ ਸੈਕਟਰਾਂ ਵਿੱਚ ਪੰਜ ਗੱਤਕਾ ਸਿਖਲਾਈ ਕੇਂਦਰ ਚਾਲੂ ਕਰਨ ਤੋਂ ਇਲਾਵਾ ਜਲਦ ਹੀ ਸਕੂਲਾਂ ਅਤੇ ਕਾਲਜਾਂ ਦੇ ਗੱਤਕਾ ਮੁਕਾਬਲੇ ਕਰਵਾਏ ਜਾਣਗੇ ਅਤੇ ਸੈਕਟਰ 34 ਵਿਖੇ ‘ਚੌਥੀ ਟਰਾਈ ਸਿਟੀ ਵਿਰਸਾ ਸੰਭਾਲ ਗੱਤਕਾ ਚੈਂਪੀਅਨਸ਼ਿਪ’ ਕਰਵਾਈ ਜਾਵੇਗੀ।
ਇਹ ਫੈਸਲੇ ਅੱਜ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਤੋਂ ਮਾਨਤਾ ਪ੍ਰਾਪਤ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ (ਰਜਿ.) ਦੀ ਕਾਰਜਕਾਰਨੀ ਦੇ ਸਾਲਾਨਾ ਇਜਲਾਸ ਦੌਰਾਨ ਲਏ ਗਏ ਜਿਸ ਵਿਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਇਜਲਾਸ ਉਪਰੰਤ ਗੱਲਬਾਤ ਕਰਦਿਆਂ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ ਅਤੇ ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਨੇ ਦੱਸਿਆ ਕਿ ਇਸ ਸਲਾਨਾ ਇਜਲਾਸ ਵਿੱਚ ਗੱਤਕਾ ਸੰਸਥਾ ਵੱਲੋਂ ਪਿੱਛਲੇ ਅਰਸੇ ਦੌਰਾਨ ਵਿਰਾਸਤੀ ਖੇਡ ਗੱਤਕਾ ਨੂੰ ਹਰਮਨ ਪਿਆਰਾ ਬਨਾਉਣ ਲਈ ਜਾਰੀ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਵਿੱਚ ਮੁਫ਼ਤ ਗੱਤਕਾ ਸਿਖਲਾਈ ਤੇ ਸੂਬਾ ਪੱਧਰੀ ਚੈਂਪੀਅਨਸ਼ਿੱਪ ਕਰਵਾਉਣ ਸਮੇਤ ਵਿਰਸਾ ਸੰਭਾਲ ਮੁਕਾਬਲੇ ਕਰਵਾਉਣ ਦੀ ਰੂਪ-ਰੇਖਾ ਵੀ ਉਲੀਕੀ ਗਈ।
ਉਂਨਾਂ ਦੱਸਿਆ ਕਿ ਕੋਵਿਡ ਦੀ ਮਹਾਂਮਾਰੀ ਕਾਰਨ ਸਾਰੇ ਗੱਤਕਾ ਟ੍ਰੇਨਿੰਗ ਸੈਂਟਰਾਂ ਵਿਚ ਮੁਫ਼ਤ ਗੱਤਕਾ ਸਿਖਲਾਈ ਰੋਕ ਦਿੱਤੀ ਗਈ ਸੀ ਪਰ ਹੁਣ ਅਕਤੂਬਰ ਮਹੀਨੇ ਤੋਂ ਸੈਕਟਰ 40, ਸੈਕਟਰ 49, ਸੈਕਟਰ 22, ਸੈਕਟਰ 28/ਮਨੀਮਾਜਰਾ ਅਤੇ ਪੰਜਾਬ ਯੂਨੀਵਰਸਿਟੀ ਵਿਖੇ ਮੁਫ਼ਤ ਗੱਤਕਾ ਸਿਖਲਾਈ ਕੇਂਦਰ ਦੁਬਾਰਾ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੰਡੀਗੜ੍ਹ ਸਥਿਤ ਸਕੂਲਾਂ ਅਤੇ ਕਾਲਜਾਂ ਦੀਆਂ ਗੱਤਕਾ ਟੀਮਾਂ ਦੇ ਅੰਤਰ-ਸਕੂਲ ਅਤੇ ਅੰਤਰ-ਕਾਲਜ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਚੌਥੀ ਇੰਟਰਸਿਟੀ ਵਿਰਸਾ ਸੰਭਾਲ ਗੱਤਕਾ ਚੈਂਪੀਅਨਸ਼ਿਪ ਵੀ ਜਨਵਰੀ ਮਹੀਨੇ ਕਰਵਾਈ ਜਾਵੇਗੀ ਜਿਸ ਵਿਚ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਪੰਚਕੂਲਾ ਸਥਿਤ ਚੋਟੀ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।
ਸ. ਹਰਦੀਪ ਸਿੰਘ ਬੁਟਰੇਲਾ ਤੇ ਕੌਮੀ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਜਿਸ ਵਿੱਚ ਸਰਬ-ਸੰਮਤੀ ਨਾਲ ਸੁਖਜਿੰਦਰ ਸਿੰਘ ਯੋਗੀ ਅਤੇ ਅਜੀਤ ਸਿੰਘ ਸੁਪਰਡੈਂਟ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਸੈਣੀ ਮੀਤ ਪ੍ਰਧਾਨ, ਇੰਜੀਨੀਅਰ ਰਾਜਦੀਪ ਸਿੰਘ ਜਨਰਲ ਸਕੱਤਰ, ਰਣਜੀਤ ਸਿੰਘ ਜੰਮੂ ਸਹਾਇਕ ਸਕੱਤਰ, ਸਿਮਰਨਜੀਤ ਸਿੰਘ ਵਿੱਤ-ਸਕੱਤਰ, ਗੁਰਚਰਨ ਸਿੰਘ ਅਤੇ ਬੀਬੀ ਚਰਨਜੀਤ ਕੌਰ ਦੋਵੇਂ ਸੰਯੁਕਤ ਸਕੱਤਰ, ਮਨਿੰਦਰ ਸਿੰਘ ਸਟੇਟ ਕੋਆਰਡੀਨੇਟਰ, ਯੋਗਰਾਜ ਸਿੰਘ ਤੇ ਇੰਦਰਜੀਤ ਸਿੰਘ ਦੋਵੇਂ ਸੀਨੀਅਰ ਸਟੇਟ ਕੋਚ ਵਜੋਂ ਚੁਣੇ ਗਏ।
ਬੀਬੀ ਚਰਨਜੀਤ ਕੌਰ ਨੂੰ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਇਸਤਰੀ ਵਿੰਗ ਦੀ ਕੋਆਰਡੀਨੇਟਰ ਵੀ ਥਾਪਿਆ ਗਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਰਾਜ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਜ਼ੋਨਲ ਕੋਆਰਡੀਨੇਟਰ ਵੀ ਜਲਦ ਨਿਯੁਕਤ ਕੀਤੇ ਜਾਣਗੇ। ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਅਹਿਦ ਕੀਤਾ ਕਿ ਉਹ ਗੱਤਕਾ ਖੇਡ ਦੀ ਤਰੱਕੀ ਲਈ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲਾ ਗੱਤਕਾ ਐਸੋਸੀਏਸ਼ਨ ਸ਼ਾਹਿਬਜਾਦਾ ਅਜੀਤ ਸਿੰਘ ਨਗਰ ਦੇ ਪ੍ਰਧਾਨ ਸ. ਕੰਵਰ ਹਰਬੀਰ ਸਿੰਘ ਢੀਂਡਸਾ, ਮੀਤ ਪ੍ਰਧਾਨ ਲਖਵੀਰ ਸਿੰਘ, ਅਤੇ ਜਨਰਲ ਸਕੱਤਰ ਸ. ਹਰਪ੍ਰੀਤ ਸਿੰਘ ਸਰਾੳ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ