ਭਾਰਤੀ-ਕੈਨੇਡੀਅਨ ਸਮਾਜ ਭਲਾਈ ਸੰਗਠਨ ਨੇ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦੇ ਬੱਚਿਆਂ ਦੀ ਸਿੱਖਿਆ ਲਈ ਕੈਨੇਡਾ ਵਿੱਚ ਆਰਥਿਕ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ। ਟੋਰਾਂਟੋ ਸਥਿਤ ਕੈਨੇਡਾ-ਇੰਡੀਆ ਫਾਊਂਡੇਸ਼ਨ (ਸੀਆਈਐਫ਼) ਨੇ ਪਿਛਲੇ ਹਫ਼ਤੇ ਇੱਕ ਚੈਰਿਟੀ ਗੌਲਫ਼ ਟੂਰਨਾਮੈਂਟ ਦਾ ਆਯੋਜਨ ਕੀਤਾ, ਜਿਸ ਨੇ ਸੰਗਠਨ ਨੂੰ ਇਸ ਉਦੇਸ਼ ਲਈ ਦਾਨਦਾਤਾਵਾਂ ਕੋਲੋਂ 1 ਲੱਖ ਅਮਰੀਕੀ ਡਾਲਰ ਜੁਟਾਉਣ ਵਿੱਚ ਮਦਦ ਕੀਤੀ।
ਸੀਆਈਐਫ ਚੈਰੀਟੇਬਲ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਆਯੋਜਤ ਇਹ ਗੌਲਫ਼ ਟੂਰਨਾਮੈਂਟ ਫੰਡ ਜੁਟਾਉਣ ਵਾਲੇ ਸਭ ਤੋਂ ਸਫ਼ਲ ਪ੍ਰੋਗਰਾਮਾਂ ਵਿੱਚੋਂ ਇੱਕ ਰਿਹਾ। ਇਸ ਦਾ ਟੀਚਾ ਵਿਸ਼ੇਸ਼ ਤੌਰ ‘ਤੇ ਲੋੜਵੰਦ ਫ਼ੌਜੀ ਪਰਿਵਾਰਾਂ ਦੀ ਮਦਦ ਕਰਨਾ ਹੈ। ਸੰਗਠਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਯੋਜਕਾਂ ਨੇ ਇਸ ਸਾਲ ਸ਼ਹੀਦ ਫ਼ੌਜੀਆਂ ਦੇ ਉਨ੍ਹਾਂ ਬੱਚਿਆਂ ਲਈ ਹੋਰ ਮੌਕੇ ਪੈਦਾ ਕਰਨ ਲਈ ਫੰਡ ਦੇ ਵਿਸਥਾਰ ਦਾ ਐਲਾਨ ਕੀਤਾ ਹੈ, ਜੋ ਕੈਨੇਡਾ ਵਿੱਚ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹਨ।
ਸੀਆਈਐਫ ਦੇ ਚੇਅਰਮੈਨ ਸਤੀਸ਼ ਠੱਕਰ ਨੇ ਦੱਸਿਆ ਕਿ ਕੈਨੇਡਾ-ਇੰਡੀਆ ਫਾਊਂਡੇਸ਼ਨ ਨੇ ਭਾਰਤ ਅਤੇ ਕੈਨੇਡਾ ਵਿੱਚ ਸ਼ਹੀਦ ਹੋਏ ਫ਼ੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਵਾਸਤੇ 6 ਸਾਲ ਪਹਿਲਾਂ ਆਪਣਾ ਸਾਲਾਨਾ ਚੈਰਿਟੀ ਟੂਰਨਾਮੈਂਟ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ ਵਿੱਚ ਕੈਨੇਡਾ ‘ਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਸਣੇ ਕਈ ਪਤਵੰਤੇ ਵਿਅਕਤੀ ਹਾਜ਼ਰ ਹੋਏ ਸਨ।
Author: Gurbhej Singh Anandpuri
ਮੁੱਖ ਸੰਪਾਦਕ