Home » ਧਾਰਮਿਕ » ਇਤਿਹਾਸ » ਸ਼ਹੀਦ ਜਸਵੰਤ ਸਿੰਘ ਖਾਲੜਾ”, ਦੀ ਸ਼ਹਾਦਤ ਦਾ ”ਅੱਖੀਂ ਡਿੱਠਾ” ਵੇਰਵਾ – ਕੁਲਦੀਪ ਸਿੰਘ

ਸ਼ਹੀਦ ਜਸਵੰਤ ਸਿੰਘ ਖਾਲੜਾ”, ਦੀ ਸ਼ਹਾਦਤ ਦਾ ”ਅੱਖੀਂ ਡਿੱਠਾ” ਵੇਰਵਾ – ਕੁਲਦੀਪ ਸਿੰਘ

44 Views

ਪੰਜਾਬ ਪੁਲਿਸ ਵੱਲੋਂ ਕੋਹ ਕੋਹ ਕੇ ਫਰਜ਼ੀ ਮੁਕਾਬਲਿਆਂ ਚ ਸ਼ਹੀਦ ਕੀਤੇ ਹਜ਼ਾਰਾਂ ਸਿੱਖਾਂ ਚੋਂ 25,000 ਲਾਸ਼ਾਂ ਦਾ ਡਾਟਾ ਲੋਕਾਂ ਸਾਹਮਣੇ ਲਿਆਉਣ ਵਾਲਾ ਤੇ ਕਨੇਡਾ ਦੀ ਸਰਕਾਰ ਤੇ ਲੋਕਾਂ ਤੱਕ ਇਹ ਸੱਚ ਲੈ ਕੇ ਜਾਣ ਵਾਲੇ ਕੌਮੀ ਹੀਰੇ ਨਾਲ ਕੀ ਬੀਤੀ ਜਰੂਰ ਪੜ੍ਹਿਉ

ਸ੍ਰ. ਜਸਵੰਤ ਸਿੰਘ ਖਾਲੜਾ ਨੂੰ ਜਦੋਂ 6 ਸਤੰਬਰ 1995 ਨੂੰ ਘਰੋਂ ਚੁੱਕਿਆ ਗਿਆ ਸੀ ਤਾਂ ਪੰਜਾਬ ਅੰਦਰ ਕੰਮ ਕਰਦੀਆਂ ਲਗਭਗ ਸਾਰੀਆਂ ਹੀ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਇਹ ਸ਼ੱਕ ਜਾਹਰ ਕੀਤਾ ਸੀ ਕਿ ਸ. ਖਾਲੜੇ ਨੂੰ ਕੇ ਪੀ ਐੱਸ ਗਿੱਲ ਦੀ ਪੁਲਿਸ ਨੇ ਚੁੱਕਿਆ ਹੈ। ਦੂਸਰੇ ਦਿਨ ਹੀ ਇਸ ਕਿਸਮ ਦੇ ਬਿਆਨ ਅਖ਼ਬਾਰਾਂ ਵਿਚ ਛਪ ਗਏ ਸਨ, ਜਿਨ੍ਹਾਂ ‘ਚ ਇਸ ਦੀ ਸਪੱਸ਼ਟ ਤੌਰ ‘ਤੇ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਨਿਸ਼ਾਨੇਦਹੀ ਦਾ ਠੋਸ ਆਧਾਰ ਸੀ। ਕਿਉਂਕਿ ਸ. ਜਸਵੰਤ ਸਿੰਘ ਖਾਲੜਾ ਨੇ 23 ਫਰਵਰੀ 1995 ਨੂੰ ਜਾਰੀ ਕੀਤੇ ਗਏ ਆਪਣੇ ਬਿਆਨ ਵਿਚ ਸਾਫ ਐਲਾਨ ਕੀਤਾ ਸੀ ਕਿ ‘‘ਜੇਕਰ ਪੰਜਾਬ ਸਰਕਾਰ ਤੇ ਪੁਲਿਸ ਇਹ ਸਮਝਦੀ ਹੈ ਕਿ ਮੈਨੂੰ ਖਤਮ ਕਰਕੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਮਾਮਲੇ ਨੂੰ ਖੁਰਦ ਬੁਰਦ ਕੀਤਾ ਜਾ ਸਕਦਾ ਹੈ ਤਾਂ ਇਹ ਉਸਦੀ ਗਲਤਫਿਹਿਮੀ ਹੈ। ਕਿਉਂਕਿ ਇਸ ਸੰਬੰਧੀ ਤੱਥ ਦੁਨੀਆਂ ਪੱਧਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੱਕ ਪੁਹੰਚ ਚੁੱਕੇ ਹਨ।’’ ਇਸੇ ਬਿਆਨ ‘ਚ ਸ. ਖਾਲੜਾ ਨੇ ਇਹ ਇੰਕਸ਼ਾਫ ਵੀ ਕੀਤਾ ਸੀ, “ਕਾਂਗਰਸ ਪਾਰਟੀ ਦੇ ਇਕ ਜਿ਼ੰਮੇਵਾਰ ਐੱਮ ਐੱਲ ਏ ਨੇ 2 ਦਿਨ ਪਹਿਲਾਂ ਮੈਨੂੰ…ਜਾਤੀ ਤੌਰ ‘ਤੇ ਮਿਲ ਕੇ ਦੱਸਿਆ ਹੈ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਖੁੱਲ੍ਹਣ ਤੋਂ ਬਹੁਤ ਖਫਾ ਹੋਏ ਪਏ ਹਨ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਹ ਪੜਤਾਲ ਅੱਗੇ ਵਧਦੀ ਹੈ ਤਾਂ ਹਰ ਹਾਲਤ ਵਿਚ ਉਹ ਜਸਵੰਤ ਸਿੰਘ ਖਾਲੜਾ ਦੀ ਲਾਸ਼ ਨੂੰ ਖੁਰਦ ਬੁਰਦ ਕਰਨਗੇ ਅਤੇ ਜਿੱਥੇ 25 ਹਜ਼ਾਰ ਲਾਸ਼ਾਂ ਦੀ ਜਾਂਚ ਹੋਵੇਗੀ, ਉੱਥੇ ਇਕ ਹੋਰ ਵੀ ਝੱਲ ਲੈਣਗੇ। ਐੱਮ ਐੱਲ ਏ ਜਿਸ ਦਾ ਅਜੇ ਮੈਂ ਨਾਂ ਦੱਸਣਾ ਠੀਕ ਨਹੀਂ ਸਮਝਦਾ, ਨੇ ਮੈਨੂੰ ਇਹ ਵੀ ਦੱਸਿਆ ਹੈ ਕਿ ਇਸ ਕੰਮ ਦੀ ਉਨ੍ਹਾਂ ਨੇ ਸਾਡੀ ਕਾਂਗਰਸ ਸਰਕਾਰ ਤੋਂ ਇਜ਼ਾਜਤ ਵੀ ਲੈ ਲਈ ਹੈ।” ਇਹ ਜੋ ਸ਼ੰਕਾ ਸੀ ਅੱਜ ਉਹ ਸੱਚ ਸਾਬਤ ਹੋ ਚੁੱਕੀ ਹੈ। ਪਰ ਸ. ਖਾਲੜਾ ਨੇ ਆਪਣੀ ਜਿ਼ੰਦਗੀ ਦੀ ਭੀਖ ਮੰਗਣ ਦੀ ਬਜਾਇ ਦ੍ਰਿੜ੍ਹਤਾ ਨਾਲ ਐਲਾਨਿਆ ਸੀ, ‘‘ਮੈਂ ਆਪਣੀ ਜਿ਼ੰਦਗੀ ਦੀ ਰਾਖੀ ਲਈ ਕਿਸੇ ਅਦਾਲਤ ਵਿਚ ਜਾਣ ਦੀ ਥਾਂ ਅਕਾਲ ਪੁਰਖ ਦੇ ਚਰਨਾਂ ਵਿਚ ਅਤੇ ਲੋਕਾਂ ਦੀਆਂ ਬਰੂਹਾਂ ਵਿਚ ਜਾਣ ਨੂੰ ਤਰਜੀਹ ਦੇਵਾਂਗਾ ਅਤੇ ਸਭ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਮੈਨੂੰ ਖਤਮ ਕੀਤਾ ਗਿਆ ਤਾਂ ਕਿਸੇ ਪੁਲਿਸ ਕੈਟ ਜਾਂ ਥਾਣੇਦਾਰ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ ਬਲਕਿ ਮੁੱਖ ਮੰਤਰੀ ਬੇਅੰਤ ਸਿੰਘ ਤੇ ਪੁਲਿਸ ਮੁਖੀ ਕੇ ਪੀ ਐੱਸ ਗਿੱਲ ਨੂੰ ਇਸਦਾ ਜਿ਼ੰਮੇਵਾਰ ਠਹਿਰਾਇਆ ਜਾਵੇ।’’.

ਸ੍ਰ. ਖਾਲੜਾ ਦੀ ਇਹ ਭਵਿੱਖਬਾਣੀ ਇਨ-ਬਿੰਨ ਸੱਚ ਸਾਬਤ ਹੋਈ। ਬੇਅੰਤ ਸਿੰਘ ਦੇ ਬੰਬ ਧਮਾਕੇ ‘ਚ ਉੱਡਣ ਦੀ ਘਟਨਾ ਦੀ ਆੜ ‘ਚ ਸ. ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਲਿਆ ਗਿਆ ਤੇ ਪੂਰੀ ਕਾਇਰਤਾ ਨਾਲ ਉਸ ਦਰਵੇਸ਼ ਨੂੰ ਕੋਹ-ਕੋਹ ਕੇ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ ਕਿ ਉਸਨੇ ਇਸ ਹਕੂਮਤ ਤੇ ਖਾਸ ਕਰਕੇ ਪੰਜਾਬ ਪੁਲਿਸ ਦੇ ਜਬਰ ਦਾ ਪਰਦਾਫਾਸ਼ ਕੀਤਾ ਸੀ।.

ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਰਹੇ ਸ. ਜਸਵੰਤ ਸਿੰਘ ਖਾਲੜਾ ਦੀ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ ‘ਚ ਹੋਈ ਹਲਾਕਤ ਦੇ ਇਸ ਚਸ਼ਮਦੀਦ ਕੁਲਦੀਪ ਸਿੰਘ, ਜਿਸ ਦੇ ਜਿ਼ੰਮੇ ਉਸ ਦੇ ਸੰਬੰਧਤ ਅਫ਼ਸਰ ਵਲੋਂ ਸ. ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਟੱਟੀ ਪਿਸ਼ਾਬ ਕਰਾਉਣ ਦਾ ਕੰਮ ਸੌਂਪਿਆ ਗਿਆ ਸੀ, ਨੇ ਦੱਸਿਆ ਹੈ ਕਿ 1994 ਵਿਚ ਉਸ ਨੇ ਐੱਸ ਪੀ ਓ ਵਜੋਂ ਆਪਣੀ ਨੌਕਰੀ ਥਾਣਾ ਸਦਰ ਰੋਪੜ ਵਿਖੇ, ਥਾਣਾ ਸਦਰ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ ਦੇ ਗੰਨਮੈਨ ਵਜੋਂ ਸ਼ੁਰੂ ਕੀਤੀ ਸੀ, ਉਥੋਂ ਉਸ ਨੂੰ ਚਮਕੌਰ ਸਾਹਿਬ ਵਿਖੇ ਬਦਲ ਦਿੱਤਾ ਗਿਆ।
ਜਦੋਂ ਅਜੀਤ ਸਿੰਘ ਸੰਧੂ ਐੱਸ ਐੱਸ ਪੀ ਰੋਪੜ ਤੋਂ ਬਦਲ ਕੇ ਮੁੜ ਐੱਸ ਐੱਸ ਪੀ ਤਰਨਤਾਰਨ ਆਣ ਲੱਗੇ ਤਾਂ ਉਨ੍ਹਾਂ ਨੇ ਉਸ ਨੂੰ ਆਪਣੇ ਨਾਲ ਹੀ ਲਿਆਕੇ ਐੱਸ ਪੀ ਓ ਲਾ ਦਿੱਤਾ ਅਤੇ ਉਸ ਦੀ ਤਾਇਨਾਤੀ ਥਾਣਾ ਝਬਾਲ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ (ਜੋ ਸ੍ਰੀ ਸੰਧੂ ਦੇ ਨਾਲ ਹੀ ਉਨ੍ਹਾਂ ਦੀ ਟੀਮ ਦੇ ਮੈਂਬਰ ਵਜੋਂ ਰੋਪੜ ਪੁਲਿਸ ਜਿ਼ਲ੍ਹੇ ‘ਚੋਂ ਬਦਲ ਕੇ ਆਇਆ ਸੀ) ਦੇ ਅੰਗ ਰੱਖਿਅਕ ਵਜੋਂ ਕਰ ਦਿੱਤੀ। ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਇਹ ਅਕਤੂਬਰ 1995 ਦੀ ਗੱਲ ਹੈ ਕਿ ਡਿਊਟੀ ਸੰਭਾਲਣ ਦੇ ਤੀਜੇ ਚੌਥੇ ਦਿਨ ਹੀ ਤੱਤਕਾਲੀ ਐੱਸ ਐੱਸ ਓ ਝਬਾਲ ਸ੍ਰੀ ਸਤਨਾਮ ਸਿੰਘ (ਜੋ ਹੁਣ ਨਕੋਦਰ ਹੈ) ਨੇ ਉਸ ਨੂੰ ਕੋਲ ਬੁਲਾ ਕੇ ਕਿਹਾ ਕਿ ਉਸ ਨੇ ਥਾਣੇ ਦੀ ਹਦੂਦ ਤੋਂ ਬਾਹਰ ਪੈਂਦੀ ਇਕ ਹਨ੍ਹੇਰੀ ਕੋਠੜੀ ‘ਚ ਬੰਦ ਇਕ ਐਸੇ ਬੰਦੇ ਨੂੰ ਰੋਟੀ ਪਾਣੀ ਦੇਣ ਦੀ ਡਿਊਟੀ ਕਰਨੀ ਹੈ, ਜਿਸ ਬਾਰੇ ਉਸ ਨੇ ਭੇਦ ਇਸ ਤਰ੍ਹਾਂ ਗੁਪਤ ਰੱਖਣਾ ਹੈ ਕਿ ਕੰਧਾਂ ਨੂੰ ਵੀ ਇਸ ਦੀ ਭਿਣਕ ਨਹੀਂ ਪੈਣੀ ਚਾਹੀਦੀ। ਐੱਸ ਪੀ ਓ ਦੇ ਦੱਸਣ ਅਨੁਸਾਰ ਆਪਣੇ ਸੰਬੰਧਤ ਪੁਲਿਸ ਅਫ਼ਸਰ ਦੀ ਹਦਾਇਤ ਅਨੁਸਾਰ ਜਦੋਂ ਉਕਤ ਹਨ੍ਹੇਰ ਕੋਠੜੀ ‘ਚ ਬੰਦ ਅਜਨਬੀ ਨੂੰ ਰੋਟੀ ਪਾਣੀ ਦੇਣ ਲਈ ਆਪਣੇ ਅਫ਼ਸਰ ਕੋਲੋਂ ਚਾਬੀ ਲੈ ਕੇ …ਉਸਨੇ ਕੋਠੜੀ ਨੂੰ ਵੱਜਾ ਜਿੰਦਰਾ ਖੋਲ੍ਹਿਆ ਤਾਂ ਅੰਦਰ ਗੁਲਾਬੀ ਕੁੜਤੇ ਪਜਾਮੇ ‘ਚ ਭੁੰਜੇ ਅਧਮੋਇਆਂ ਵਾਂਗ ਲੇਟੇ ਇਸ ਵਿਅਕਤੀ ਨੇ ਉਸ ਵਲੋਂ ਪੁੱਛੇ ਪ੍ਰਸ਼ਨਾਂ ਦੇ ਜੁਆਬ ਵਿਚ ਆਪਣਾ ਨਾਂ ਜਸਵੰਤ ਸਿੰਘ, ਪਿੰਡ ਖਾਲੜਾ ਆਤੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਦੱਸਿਆ। ਉਕਤ ਐੱਸ ਪੀ ਓ ਨੇ ਦੱਸਿਆ ਕਿ ਉਸ ਵਲੋਂ ਸ੍ਰੀ ਖਾਲੜਾ ਨੂੰ ਰੋਟੀ ਪਾਣੀ ਦੇਣ ਅਤੇ ਹਾਜ਼ਤ ਸਮੇਂ ਉਸ ਨੂੰ ਟੱਟੀ ਪਿਸ਼ਾਬ ਕਰਾਉਣ ਆਦਿ ਦਾ ਸਿਲਸਿਲਾ ਇਸੇ ਤਰਾਂ ਤਿੰਨ-ਚਾਰ ਦਿਨ ਹੋਰ ਚਲਦਾ ਰਿਹਾ

“ਇਕ ਦਿਨ ਸ਼ਾਮੀਂ 7 ਵਜੇ ਇਕ ਮਾਰੂਤੀ ਕਾਰ ਝਬਾਲ ਥਾਣੇ ਵਿਚ ਆ ਕੇ ਰੁਕੀ, ਜਿਸ ਵਿਚੋਂ ਉਸ ਵੇਲੇ ਦੇ ਐੱਸ ਐੱਸ ਪੀ ਤਰਨ ਤਾਰਨ ਸ੍ਰੀ ਅਜੀਤ ਸਿੰਘ ਸੰਧੂ, ਉਸ ਵੇਲੇ ਦੇ ਡੀ ਐੱਸ ਪੀ ਸ੍ਰੀ ਜਸਪਾਲ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਅਰਵਿੰਦਰ ਸਿੰਘ ਹੇਠਾਂ ਉਤਰੇ। ਉਸ ਨੇ ਅੱਗੇ ਦੱਸਿਆ ਕਿ ਇਸ ਦੇ ਮਗਰੇ ਹੀ ਇਕ ਹੋਰ ਮਾਰੂਤੀ ਕਾਰ ਥਾਣੇ ਪੁੱਜੀ, ਜਿਸ ਵਿਚ ਤਤਕਾਲੀ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ, ਐੱਸ ਐੱਚ ਓ ਮਾਨੋਚਾਹਲ, ਜਸਬੀਰ ਸਿੰਘ ਅਤੇ ਹੌਲਦਾਰ ਪ੍ਰਿਥੀਪਾਲ ਸਿੰਘ ਬਾਹਰ ਨਿਕਲੇ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਪਿਛੋਂ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਜੋ ਕਿ ਹਾਲ ਹੀ ਵਿਚ ਮਹਿਲ ਕਲਾਂ (ਪੁਲਿਸ ਜਿ਼ਲ੍ਹਾ ਬਰਨਾਲਾ) ਵਿਖੇ ਤਾਇਨਾਤੀ ਸਮੇਂ ਕਿਸੇ ਕੇਸ ਵਿਚ ਮੁਅੱਤਲ ਹੋਏ ਹਨ, ਨੇ ਉਸ ਨੂੰ ਕੋਠੜੀ ਦੀ ਚਾਬੀ ਲੈ ਕੇ ਆਉਣ ਲਈ ਕਿਹਾ। ਉਸ ਨੇ ਦੱਸਿਆ ਕਿ ਉਸ ਉਪਰੰਤ ਸ੍ਰੀ ਸੰਧੂ ਸਮੇਤ ਇਹ ਸਾਰੇ ਅਫ਼ਸਰ ਅਤੇ ਪੁਲਿਸ ਕਰਮੀ ਉਸ ਕੋਠੜੀ ਵਿਚ ਵੜ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਇਸ ਪਿਛੋਂ ਸ੍ਰੀ ਅਜੀਤ ਸਿੰਘ ਨੇ ਇਹ ਕਹਿੰਦਿਆਂ ਕਿ ‘ਤੂੰ ਸਾਡੇ ਖਿਲਾਫ ਬੜੇ ‘ਐਫੀਡੇਵਿਟ’ ਇਕੱਠੇ ਕਰਦਾ ਫਿਰਦਾ ਹੈਂ, ਤੈਨੂੰ ਸੈਆਂ ਵੇਰ ਵਰਜਿਆ ਹੈ ਪਰ ਤੂੰ ਫਿਰ ਵੀ ਬੰਦੇ ਦਾ ਪੁੱਤ ਨਹੀਂ ਬਣਿਆ’ ਤੇ ਉਹ ਨੇ ਪੁਲਿਸ ਕਰਮੀਆਂ ਨੂੰ ਸ. ਖਾਲੜਾ ਦੇ ਦੋਵੇਂ ਹੱਥ ਪਿੱਛੇ ਬੰਨ੍ਹ ਕੇ ਉਸ ਨੂੰ ਅਲਫ ਨੰਗਾ ਕਰਕੇ ਲਟਕਾਉਣ ਦਾ ਹੁਕਮ ਦਿੰਦਿਆਂ, ਖਾਲੜਾ ਦੇ ਸਿਰ ਦੇ ਵਾਲਾਂ ਨੂੰ ਫੜਕੇ ਕਮਰੇ ‘ਚ ਘਸੀਟਣਾ ਸ਼ੁਰੂ ਕਰ ਦਿੱਤਾ। ਕੁਲਦੀਪ ਸਿੰਘ ਅਨੁਸਾਰ ਇਸ ਮੌਕੇ ਪੁਲਿਸ ਮਾਰ ਨਾਲ ਬਹੁੜੀ ਪਾਉਂਦੇ ਅਤੇ ਡਾਡਾਂ ਮਾਰਦੇ ਸ. ਖਾਲੜਾ ਦੇ ਪੱਟਾਂ ‘ਤੇ ਕੋਈ ਅੱਧਾ ਘੰਟਾ ਲੂਣ ਘੋਟਣਾ ਫੇਰਨ ਦੀ ਜ਼ਹਿਮਤ ਦੇਣੀ ਵੀ ਸ੍ਰੀ ਸੰਧੂ ਨੇ ਕਿਸੇ ਹੋਰ ਨੂੰ ਗਵਾਰਾ ਨਾ ਸਮਝੀ ਅਤੇ ਉਹ ਖੁਦ ਸ੍ਰੀ ਖਾਲੜਾ ਦੇ ਪੱਟਾਂ ‘ਤੇ ਲੂਣ ਘੋਟਣਾ ਫੇਰਨ ਲਈ ਚੜ੍ਹਦੇ ਰਹੇ।
ਉਸ ਨੇ ਦੱਸਿਆ ਕਿ ਅੱਧੇ ਘੰਟੇ ਦੇ ਇਸ ਘੋਰ ਤਸ਼ੱਦਦ ਪਿੱਛੋਂ ਸ. ਖਾਲੜਾ ਨੂੰ ਨੀਮ ਬੇਹੋਸ਼ੀ ਦੀ ਹਾਲਤ ‘ਚ ਲੀੜੇ ਪਾ ਕੇ ਬਿਠਾ ਦਿਤਾ ਅਤੇ ਉਸ ਨੂੰ ਕੋਸਾ ਪਾਣੀ ਪਿਆਉਣ ਪਿੱਛੋਂ ਰਾਤੀਂ 9 ਵਜੇ ਦੇ ਕਰੀਬ ਸ੍ਰੀ ਸੰਧੂ ਸਮੇਤ ਸਾਰੇ ਪੁਲਿਸ ਕਰਮੀ ਚਲੇ ਗਏ।

ਐੱਸ ਪੀ ਓ ਕੁਲਦੀਪ ਸਿੰਘ ਨੇ ਇਹ ਅਹਿਮ ਇੰਕਸ਼ਾਫ ਕੀਤਾ ਕਿ ਸ. ਖਾਲੜਾ ਨੂੰ 27-28 ਅਕਤੂਬਰ ਦੇ ਆਸ-ਪਾਸ ਗੋਲੀ ਨਾਲ ਹਲਾਕ ਕਰਨ ਅਤੇ ਇਸ ਪਿਛੋਂ ਹਰੀਕੇ ਪੱਤਣ ਦਰਿਆ ‘ਚ ਰੋੜਨ ਤੋਂ ਚੰਦ ਦਿਨ ਪਹਿਲਾਂ ਸ. ਖਾਲੜਾ ਨੂੰ ਇਕ ਰਾਤ ਪਿੰਡ ਮਾਨਾਂਵਾਲਾ ਸਥਿਤ ਸ੍ਰੀ ਅਜੀਤ ਸਿੰਘ ਸੰਧੂ ਦੀ ਰਿਹਾਇਸ਼ਗਾਹ ‘ਤੇ ਵੀ ਲਿਜਾਇਆ ਗਿਆ। ਉਸ ਦੇ ਦੱਸਣ ਅਨੁਸਾਰ ਝਬਾਲ ਦੇ ਉਸ ਸਮੇਂ ਦੇ ਐੱਸ ਐੱਚ ਓ ਸ੍ਰੀ ਸਤਨਾਮ ਸਿੰਘ ਦੇ ਆਦੇਸ਼ ‘ਤੇ ਉਸ ਨੇ ਸ. ਖਾਲੜਾ ਨੂੰ ਡੌਲਿਆਂ ਤੋਂ ਪਕੜਦਿਆਂ ਸਹਾਰਾ ਦੇ ਕੇ ਉਸਦੀ ਮਾਰੂਤੀ ਕਾਰ ਦੀ ਪਿਛਲੀ ਸੀਟ ‘ਤੇ ਬਿਠਾਇਆ। ਉਸਨੇ ਦੱਸਿਆ ਕਿ ਸ. ਖਾਲੜਾ ਨੂੰ ਮਾਨਾਂਵਾਲਾ ਲਿਜਾਣ ਵਾਲੀ ਇਸ ਕਾਰ ਨੂੰ ਖੁਦ ਸਤਨਾਮ ਸਿੰਘ ਨੇ ਚਲਾਇਆ। ਜਦੋਂਕਿ ਕਾਰ ਦੀ ਪਿਛਲੀ ਸੀਟ ‘ਤੇ ਉਹ (ਕੁਲਦੀਪ ਸਿੰਘ) ਸ. ਖਾਲੜਾ ਨੂੰ ਢੋਈ ਦੇ ਕੇ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਮਾਨਾਂਵਾਲੇ, ਅਜੀਤ ਸਿੰਘ ਸੰਧੂ ਦੀ ਕੋਠੀ ਦੇ …ਮੂਹਰੇ ਜਾ ਕੇ ਸਤਨਾਮ ਸਿੰਘ ਕਾਰ ਰੋਕ ਕੇ ਸ੍ਰੀ ਸੰਧੂ ਨੂੰ ਮਿਲਣ ਅੰਦਰ ਗਿਆ ਅਤੇ ਬਾਅਦ ਵਿਚ ਸ. ਖਾਲੜਾ ਨੂੰ ਸ੍ਰੀ ਸੰਧੂ ਦੇ ਆਦੇਸ਼ ‘ਤੇ ਕੋਠੀ ਦੇ ਇਕ ਵੱਡੇ ਕਮਰੇ ਵਿਚ ਲਿਜਾ ਕੇ ਉਸ ਨੇ ਅਤੇ ਸਤਨਾਮ ਸਿੰਘ ਨੇ ਕੁਰਸੀ ‘ਤੇ ਬਿਠਾਇਆ ਅਤੇ ਬਾਅਦ ਵਿਚ ਸਤਨਾਮ ਸਿੰਘ ਨੇ ਉਸ ਨੂੰ ਬਾਹਰ ਲਾਅਨ ਵਿਚ ਜਾ ਕੇ ਬੈਠਣ ਅਤੇ ਉਡੀਕ ਕਰਨ ਲਈ ਕਿਹਾ। ਉਸਨੇ ਦੱਸਿਆ ਕਿ ਏਨੇ ਨੂੰ ਟੂ-ਟੂ ਕਰਦੀਆਂ ਗੱਡੀਆਂ ਦੀ ਇਕ ਆਵਾਜ਼ ਕੋਠੀ ਦੇ ਅੱਗੇ ਆ ਕੇ ਸ਼ਾਂਤ ਹੋ ਗਈ ਅਤੇ ਇਕ ਕਾਰ ਵਿਚੋਂ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਸ੍ਰੀ ਕੇ ਪੀ ਐੱਸ ਗਿੱਲ ਅਤੇ ਉਨ੍ਹਾਂ ਨਾਲ ਇਕ ਕਲੀਨ ਸ਼ੇਵ ਪੁਲਿਸ ਅਫ਼ਸਰ, ਸ੍ਰੀ ਸੰਧੂ ਦੀ ਕੋਠੀ ਅੰਦਰ ਗਏ ਅਤੇ ਕੋਈ ਅੱਧਾ ਘੰਟਾ ਸ. ਖਾਲੜਾ ਨੂੰ ਮੂਹਰੇ ਬਿਠਾ ਕੇ ਗੱਲਬਾਤ ਕਰਨ ਬਾਅਦ ਸ੍ਰੀ ਗਿੱਲ ਆਪਣੇ ਨਾਲ ਆਏ ਪੁਲਿਸ ਅਫ਼ਸਰ ਅਤੇ ਐੱਸ ਐੱਸ ਪੀ ਤਰਨਤਾਰਨ ਰਹੇ ਸ੍ਰੀ ਅਜੀਤ ਸਿੰਘ ਸੰਧੂ ਨਾਲ ਉਥੋਂ ਚਲੇ ਗਏ। ਜਦਕਿ ਸਤਨਾਮ ਸਿੰਘ ਅਤੇ ਉਹ ਸ. ਖਾਲੜਾ ਨੂੰ ਲੈ ਕੇ ਵਾਪਸ ਝਬਾਲ ਆ ਗਏ। ਉਸ ਨੇ ਦੱਸਿਆ ਕਿ ਰਸਤੇ ਵਿਚ ਐੱਸ ਐੱਚ ਓ ਸਤਨਾਮ ਸਿੰਘ ਇਹ ਕਹਿੰਦਾ ਰਿਹਾ ਕਿ ‘‘ਜੇਕਰ ਖਾਲੜਾ ਤੂੰ ਗਿੱਲ ਸਾਹਬ ਦਾ ਕਿਹਾ ਮੰਨ ਲੈਂਦਾ ਤਾਂ ਅਸੀਂ ਵੀ ਬਚ ਜਾਂਦੇ ਤੇ ਤੂੰ ਵੀ ਬਚ ਜਾਣਾ ਸੀ। ਸੁਪਰੀਮ ਕੋਰਟ ‘ਚ ਲਵਾਰਸ ਲਾਸ਼ਾਂ ਦੀ ਰਿੱਟ ਤੋਂ ਭਲਾ ਤੈਨੂੰ ਕੀ ਕੋਹਿਨੂਰ ਮਿਲੂ।’’ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸ. ਖਾਲੜਾ ਸਰੀਰਕ ਤੌਰ ‘ਤੇ ਅਤਿ ਜ਼ਰਜ਼ਰ ਹਾਲਾਤ ‘ਚ ਹੁੰਦਿਆਂ ਵੀ ‘ਸਭ ਕੁਝ ਭਾਣੇ ‘ਚ ਹੀ ਹੈ’ ਦੇ ਆਤਮਿਕ ਬੁਲੰਦੀ ਭਰੇ ਲਫਜ਼ ਹੀ ਕਹਿੰਦਾ ਰਿਹਾ।

ਕੁਲਦੀਪ ਸਿੰਘ ਨੇ ਖਾਲੜਾ ਦੀ ਹਲਾਕਤ ਵੇਲੇ ਦਾ ਦ੍ਰਿਸ਼ ਵਰਨਣ ਕਰਦਿਆਂ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਤੋਂ ਤਿੰਨ-ਚਾਰ ਦਿਨ ਬਾਅਦ ਸ਼ਾਮੀਂ 7.30 ਵਜੇ ਡੀ ਐੱਸ ਪੀ ਜਸਪਾਲ ਸਿੰਘ ਆਪਣੇ ਗੰਨਮੈਨ ਅਰਵਿੰਦਰ ਸਿੰਘ ਸਮੇਤ ਥਾਣਾ ਝਬਾਲ ਆਏ ਅਤੇ ਉਨ੍ਹਾ ਦੇ ਮਗਰ-ਮਗਰ ਹੀ ਕਾਰ ਰਾਹੀਂ ਜਸਬੀਰ ਸਿੰਘ ਐੱਸ ਐਚ ਓ ਮਾਨੋਚਾਹਲ, ਸੁਰਿੰਦਰ ਪਾਲ ਸਿੰਘ ਐੱਸ ਐੱਚ ਓ ਸਰਹਾਲੀ ਅਤੇ ਪ੍ਰਿਥੀਪਾਲ ਸਿੰਘ ਹੌਲਦਾਰ ਵੀ ਉਥੇ ਆ ਗਏ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਸੁਰਿੰਦਰਪਾਲ ਸਿੰਘ ਦਾ ਗੰਨਮੈਨ ਬਲਵਿੰਦਰ ਸਿੰਘ ਘੋੜਾ ਵੀ ਉਨ੍ਹਾਂ ਦੇ ਨਾਲ ਹੀ ਸੀ। ਉਸ ਨੇ ਦੱਸਿਆ ਕਿ ਇਸ ਪਿਛੋਂ ਉਹ ਚਾਬੀ ਲੈ ਕੇ ਕੋਠੜੀ ਦਾ ਦਰਵਾਜ਼ਾ ਖੋਲ੍ਹ ਕੇ ਕੋਠੜੀ ‘ਚ ਜਾ ਵੜੇ ਅਤੇ ਮੈਨੂੰ ਉਨ੍ਹਾਂ ਨੇ ਗਰਮ ਪਾਣੀ ਕਰਕੇ ਲਿਆਉਣ ਲਈ ਕਿਹਾ। ਐੱਸ ਪੀ ਓ ਕੁਲਦੀਪ ਸਿੰਘ ਦੇ ਦੱਸਣ ਮੁਤਾਬਕ ਥੋੜ੍ਹਾ ਚਿਰ ਬਾਅਦ ਹੀ ਸ. ਖਾਲੜਾ ਦੀ ਮਾਰਕੁੱਟ ਪਿੱਛੋਂ ਉਸ ਨੇ ਪਿਸਤੌਲ ਦੇ ਦੋ ਫਾਇਰਾਂ ਦੀ ਆਵਾਜ਼ ਸੁਣੀ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗਰਮ ਪਾਣੀ ਛੱਡ ਕੇ ਅਸਾਲਟ ਚੁੱਕੀ ਬਾਹਰ ਆਇਆ ਤਾਂ ਬਲਵਿੰਦਰ ਸਿੰਘ ਘੋੜਾ ਮਾਰੂਤੀ ਵੈਨ ਦੀ ਡਿੱਕੀ ਖੋਲ੍ਹ ਰਿਹਾ ਸੀ। ਡਿੱਕੀ ਖੋਲ੍ਹਣ ਪਿਛੋਂ ਬਲਵਿੰਦਰ ਘੋੜਾ ਅਤੇ …ਅਰਵਿੰਦਰ ਸਿੰਘ ਦੋਵਾਂ ਪੁਲਿਸ ਅਧਿਕਾਰੀਆਂ ਦੇ ਅੰਗ ਰੱਖਿਅਕਾਂ ਨੇ ਸ. ਖਾਲੜਾ ਦੀ ਖੂਨ ‘ਚ ਲੱਥਪੱਥ ਮ੍ਰਿਤਕ ਦੇਹ ਕੋਠੜੀ ‘ਚੋਂ ਕੱਢ ਕੇ ਲਿਆਂਦੀ ਤੇ ਭੂਆਂ ਕੇ ਡਿੱਕੀ ‘ਚ ਸੁੱਟਦਿਆਂ ਕਾਰ ਦੀ ਡਿੱਕੀ ਬੰਦ ਕਰ ਦਿੱਤੀ।

“ਉਸ ਨੇ ਦੱਸਿਆ ਕਿ ਹਰੀਕੇ ਪੱਤਣ ਦੀਆਂ ਭੁੱਖੀਆਂ ਮੱਛੀਆਂ ਦੀ ਖੁਰਾਕ ਬਣਨ ਲਈ ਲਿਜਾਈ ਜਾ ਰਹੀ ਸ. ਖਾਲੜਾ ਦੀ ਲਾਸ਼ ਵਾਲੀ ਵੈਨ ਨੂੰ ਬਲਵਿੰਦਰ ਸਿੰਘ ਘੋੜਾ ਚਲਾ ਰਿਹਾ ਸੀ, ਜਦਕਿ ਪ੍ਰਿਥੀਪਾਲ ਸਿੰਘ ਅਤੇ ਅਰਵਿੰਦਰ ਸਿੰਘ ਵੀ ਉਸ ਵਿਚ ਬੈਠੇ ਹੋਏ ਸਨ। ਉਸ ਨੇ ਦੱਸਿਆ ਕਿ ਇਸ ਪਿਛੋਂ ਆ ਰਹੀ ਮਾਰੂਤੀ ਕਾਰ ਵਿਚ ਡੀ ਐੱਸ ਪੀ ਜਸਪਾਲ ਸਿੰਘ ਅਤੇ ਜਸਬੀਰ ਸਿੰਘ (ਉਸ ਵੇਲੇ ਐੱਸ ਐੱਚ ਓ ਮਾਨੋਚਾਹਲ) ਸਵਾਰ ਸਨ ਅਤੇ ਇਸ ਪਿਛੋਂ ਤੀਸਰੀ ਮਾਰੂਤੀ ਕਾਰ ਵਿਚ ਉਹ ਐੱਸ ਐੱਚ ਓ ਝਬਾਲ ਸ੍ਰੀ ਸਤਨਾਮ ਸਿੰਘ ਅਤੇ ਐੱਸ ਐੱਚ ਓ ਸਰਹਾਲੀ ਸੁਰਿੰਦਰਪਾਲ ਸਿੰਘ ਨਾਲ ਬੈਠਾ ਹੋਇਆ ਸੀ। ਉਸ ਨੇ ਦੱਸਿਆ ਕਿ ਹਰੀਕੇ ਪੱਤਣ ਲੰਘਕੇ ਜਿੱਥੇ ਦੋ ਨਹਿਰਾਂ ਲੰਘਦੀਆਂ ਹਨ, ਵਿਖੇ ਰਾਤੀਂ 10 ਵਜੇ ਦੇ ਕਰੀਬ ਪੁੱਜਕੇ ਅਰਵਿੰਦਰ ਸਿੰਘ ਤੇ ਬਲਵਿੰਦਰ ਘੋੜੇ ਨੇ ਲਾਸ਼ ਨਹਿਰ ‘ਚ ਸੁੱਟ ਦਿਤੀ। ਧੜੰਮ ਦੀ ਅਵਾਜ਼ ਨਾਲ ਲਾਸ਼ ਪਾਣੀਆਂ ਦੇ ਬਿਲੇ ਲੱਗਦਿਆਂ ਹੀ ਇਕੇਰਾਂ ਤੇ ਜਿਵੇਂ ਉਸ ਨੂੰ ਖੜੇ ਖੜੋਤੇ ਸਕਤਾ ਜਿਹਾ ਮਾਰ ਗਿਆ ਅਤੇ ਪਿਛੋਂ ਉਹ ਸਾਰੇ ਹਰੀਕੇ ਰੈੱਸਟ ਹਾਊਸ ਵਿਚ ਆ ਗਏ। ਜਿੱਥੇ ਬਲਵਿੰਦਰ ਘੋੜਾ, ਪ੍ਰਿਥੀਪਾਲ, ਅਰਵਿੰਦਰ ਸਿੰਘ ਅਤੇ ਉਸ ਲਈ ਜੀਭ ਦੀ ਤਰਾਵਟ ਵਾਸਤੇ ਪੁਲਿਸ ਅਫ਼ਸਰਾਂ ਨੇ ਦੋ ਵਧੀਆ ਸ਼ਰਾਬ ਦੀਆਂ ਬੋਤਲਾਂ ਭੇਜੀਆਂ ਅਤੇ ਖੁਦ ਉਹ ਰੈੱਸਟ ਹਾਊਸ ਦੇ ਬੰਗਲੇ ‘ਚ ਅਨੰਦ ਮੰਗਲ ਮਾਣਦੇ ਰਹੇ। ਐੱਸ ਪੀ ਓ ਦੇ ਦੱਸਣ ਅਨੁਸਾਰ ਉਹ ਰਾਤੀਂ 12 ਵਜੇ ਤੋਂ ਬਾਅਦ ਉਸ ਦਿਨ ਮਾਰੂਤੀ ਕਾਰ ‘ਤੇ ਥਾਣਾ ਝਬਾਲ ਆ ਕੇ ਵੜੇ। ਇਸ ਵਾਰਦਾਤ ਦੇ ਚਾਰ ਦਿਨ ਪਿਛੋਂ ਸ੍ਰੀ ਅਜੀਤ ਸਿੰਘ ਸੰਧੂ ਨੇ ਉਸ ਨੂੰ ਸੱਦਿਆ ਅਤੇ ਉਸ ਨੂੰ ਇਹ ਕਿਹਾ ਕਿ ‘ਜੋ ਕੁਝ ਵੀ ਕਾਕਾ ਤੂੰ ਉਸ ਦਿਨ ਵੇਖਿਆ ਹੈ, ਉਸਨੂੰ ਸੁਪਨੇ ਵਾਂਗ ਭੁੱਲ ਜਾਹ…. ਇਹਦੇ ‘ਚ ਹੀ ਤੇਰੀ ਜਿ਼ੰਦਗੀ ਦੀ ਬਿਹਤਰੀ ਛੁਪੀ ਹੈ… ਤੂੰ ਫਿਕਰ ਨਾ ਕਰੀਂ ਅਡੀਸ਼ਨਲ ਡੀ ਜੀ ਪੀ ਨੂੰ ਕਹਿ ਕੇ ਤੈਨੂੰ ਪੀ ਏ ਪੀ ਦਾ ਨੰਬਰ ਤਾਂ ਦੁਆ ਹੀ ਦਿਆਂਗੇ।’ ਪਿਛੋਂ ਕਾਂਸਟੇਬਲ ਦੇ ਨੰਬਰ ਦੀ ਮੰਗ ਕਰਨ ‘ਤੇ ਸਤਨਾਮ ਸਿੰਘ ਨੇ ਕਿਹਾ ਕਿ ਤੇਰੇ ਵਰਗੇ ਵੀਹ ਐੱਸ ਪੀ ਓ ਤੁਰੇ ਫਿਰਦੇ ਹਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?