ਜਲੰਧਰ 15 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਆਮ ਆਦਮੀ ਪਾਰਟੀ ‘ਚੋਂ ਮੁਅੱਤਲ ਚੱਲ ਰਹੇ ਅਤੇ ਹਲਕਾ ਖਰੜ ਤੋਂ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਵੱਲੋਂ ਆਪਣੇ ਫੇਸਬੁੱਕ ਪੇਜ ‘ਤੇ ਇਕ ਵੀਡੀਓ ਸ਼ੇਅਰ ਕਰ ਲੋਕਾਂ ਵੱਲੋਂ ਉਨ੍ਹਾਂ ਨੂੰ ਪੁੱਛੇ ਜਾ ਰਹੇ ਸਵਾਲਾਂ ਅਤੇ ਵੱਖ-ਵੱਖ ਤਰ੍ਹਾਂ ਦੇ ਲਾਏ ਜਾ ਰਹੇ ਇਲਜ਼ਾਮਾਂ ਦੇ ਵੀ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਕੁਝ ਮੇਰੀ ਪਾਰਟੀ ਦੇ ਲੋਕ ਹੀ ਮੈਨੂੰ ਗੱਦਾਰ ਦੱਸ ਰਹੇ ਹਨ ਅਤੇ ਕੁਝ ਲੋਕ ਮੇਰੇ ਵੱਲੋਂ ਦੁਬਾਰਾ ਪਾਰਟੀ ‘ਚ ਆਉਣ ਦੀ ਉਡੀਕ ਵੀ ਕਰ ਰਹੇ ਹਨ। ਆਪ’ ‘ਚ ਵਾਪਸ ਆਉਣ ਦੇ ਸਵਾਲਾਂ ‘ਤੇ ਉਨ੍ਹਾਂ ਕਿਹਾ ਕਿ ਉਹ ‘ਆਪ’ ਦਾ ਹਿੱਸਾ ਸਨ ਅਤੇ ਹਮੇਸ਼ਾ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਕਦੇ ਪਾਰਟੀ ਨਹੀਂ ਛੱਡੀ, ਮੇਰੇ ਅਤੇ ਪਾਰਟੀ ਦੇ ਹੋਰ ਸਾਥੀਆਂ ਵੱਲੋਂ ਪਾਰਟੀ ਦੇ ਕਿਸੇ ਫੈਸਲੇ ‘ਤੇ ਅਸਹਿਮਤੀ ਜਤਾਈ ਗਈ ਸੀ, ਜਿਸ ਤੋਂ ਬਾਅਦ ਮੈਨੂੰ ਪਾਰਟੀ ਵੱਲੋਂ 2018 ਯਾਨੀ ਕਿ 3 ਸਾਲਾਂ ਤੋਂ ਕਿਨਾਰੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਦੀ ਲਿਖਤੀ ਰੂਪ ‘ਚ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਪਾਰਟੀ ‘ਚ ਵਾਪਸੀ ਮੇਰੇ ਹੱਥ ‘ਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਜੋ ਅਸੀਂ ਉਸ ਵੇਲੇ ਸਟੈਂਡ ਲਿਆ ਸੀ ਕੀ ਉਹ ਗਲਤ ਸੀ। ਸੁਖਪਾਲ ਸਿੰਘ ਖਹਿਰਾ ਨੂੰ ਐੱਲ. ਓ. ਪੀ. ਦੇ ਅਹੁੱਦੇ ਤੋਂ ਹਟਾਉਣ ‘ਤੇ ਇਤਰਾਜ਼ ਜਤਾਇਆ ਸੀ ਅਤੇ ਅਸੀ ਸਹਿਮਤ ਸੀ ਕਿ ਐੱਲ. ਓ. ਪੀ. ਲਾਉਣ ਦਾ ਅਧਿਕਾਰ ਪਾਰਟੀ ਦਾ ਹੈ ਜਾਂ ਐੱਮ. ਐੱਲ. ਏ. ਦਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਹਟਾਇਆ ਗਿਆ ਉਹ ਸਰਾਸਰ ਗਲਤ ਸੀ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪਾਰਟੀ ‘ਚ ਪਾੜਾ ਪੈ ਗਿਆ ਸੀ ਪਰ ਫਿਰ ਵੀ ਮੇਰੀ ਹਮਦਰਦੀ ਪਾਰਟੀ ਨਾਲ ਹੈ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੈਨੂੰ ਕਿਨਾਰੇ ਕੀਤਾ ਗਿਆ ਹੈ ਉਸ ਤੋਂ ਬਾਅਦ ਮੇਰਾ ਪਾਰਟੀ ‘ਚ ਆਉਣਾ ਇੰਜ ਲੱਗੇਗਾ ਕਿ ਜਿਵੇ ਮੈਂ ਟਿਕਟ ਦੀ ਭਾਲ ‘ਚ ਹਾਂ, ਨਾ ਹੀ ਮੈਨੂੰ ਪਾਰਟੀ ਤੋਂ ਟਿਕਟ ਦੀ ਕੋਈ ਜ਼ਰੂਰਤ ਹੈ ਅਤੇ ਨਾ ਹੀ ਕੋਈ ਉਮੀਦ।
Author: Gurbhej Singh Anandpuri
ਮੁੱਖ ਸੰਪਾਦਕ