ਚੰਡੀਗੜ, 21 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)- ਸਰਕਾਰੀ ਦਫਤਰਾਂ ਵਿੱਚ ਅਨੁਸ਼ਾਸਨ ਲਿਆਉਣ ਦੇ ਮੱਦੇਨਜ਼ਰ , ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਰਾਜ /ਜ਼ਿਲਾ/ ਤਹਿਸੀਲ/ਬਲਾਕ ਪੱਧਰ ਦੇ ਸਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਵੇਰੇ 9 ਵਜੇ ਤੱਕ ਆਪਣੇ ਸਬੰਧਤ ਦਫਤਰਾਂ ਵਿੱਚ ਪਹੁੰਚਣ ਅਤੇ ਸ਼ਾਮ ਨੂੰ ਦਫਤਰੀ ਸਮੇਂ ਤੱਕ ਲੋਕਾਂ ਲਈ ਉਪਲਬਧ ਰਹਿਣ ਨੂੰ ਯਕੀਨੀ ਬਣਾਉਣ।ਮੁੱਖ ਮੰਤਰੀ ਨੇ ਸਰਕਾਰੀ ਦਫਤਰਾਂ ਵਿੱਚ ਪਾਰਦਰਸ਼ਤਾ ਲਿਆਉਣ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਸਰਕਾਰੀ ਸਮੇਂ ਦੌਰਾਨ ਦਫਤਰਾਂ ਵਿੱਚ ਸਾਰੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ, ਪ੍ਰਬੰਧਕੀ ਸਕੱਤਰ/ਵਿਭਾਗ ਦੇ ਮੁਖੀ ਹਫਤੇ ਵਿੱਚ ਦੋ ਵਾਰ ਅਚਨਚੇਤ ਚੈਕਿੰਗ ਕਰਨ ਤਾਂ ਜੋ ਉਨਾਂ ਦੇ ਅਧੀਨ ਕੰਮ ਕਰਦੇ ਕਰਮਚਾਰੀਆਂ ‘ਤੇ ਨਜ਼ਰ ਰੱਖੀ ਜਾ ਸਕੇ।“
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸਕੱਤਰਾਂ/ਵਿਭਾਗ ਮੁਖੀਆਂ ਨੂੰ ਉਨਾਂ ਦੇ ਸਬੰਧਤ ਦਫਤਰਾਂ ਵਿੱਚ ਗਤੀਵਿਧੀਆਂ/ਰਿਕਾਰਡਾਂ ‘ਤੇ ਤਿੱਖੀ ਨਜ਼ਰ ਰੱਖਣ ਲਈ ਵੀ ਕਿਹਾ।
Author: Gurbhej Singh Anandpuri
ਮੁੱਖ ਸੰਪਾਦਕ