ਜੁਲਾਈ 1931 ਵਿੱਚ ਜਦੋਂ ਦੂਜੀ ਰਾਊਂਡ ਟੇਬਲ ਕਾਨਫਰੰਸ ਦੇ ਮੈਂਬਰ ਵਲਾਇਤ ਜਾਣ ਵਾਲੇ ਜਹਾਜ਼ ‘ਤੇ ਚੜ੍ਹੇ, ਤਾਂ ਮੈਂ ਵੀ ਨਾਲ ਹੀ ਵਲੈਤ ਪੜ੍ਹਨ ਜਾਣ ਲਈ ਜਹਾਜ਼ ਚੜ੍ਹਿਆ। ਮਿਸਟਰ ਜਿਨਾਹ ਓਦੋਂ ਮੇਰਾ ਹਮਸਫ਼ਰ ਸੀ ਤੇ ਓਦੋਂ, ਤੇ ਉਸ ਦੇ ਪਿੱਛੋਂ, ਮੈਂ ਉਸ ਨੂੰ ਕਈ ਵਾਰ ਮਿਲਿਆ ਅਤੇ ਹਮੇਸ਼ਾ ਉਸ ਦੀ ਦੇਸ਼ ਭਲਾਈ ਦੀ ਇੱਛਾ, ਉਸ ਦੀ ਆਤਮ-ਸ਼ਰਧਾ, ਸਵੈ-ਵਿਸ਼ਵਾਸ, ਦਿਲ ਦੀ ਸਚਾਈ ਅਤੇ ਉਸ ਦੀ ਵਿੱਲਖਣ ਬੁੱਧੀ ਤੋਂ ਅਤੀ ਪ੍ਰਭਾਵਿਤ ਹੋਇਆ। ਸਿੱਖਾਂ ਬਾਰੇ ਇਕ ਦਿਨ ਉਹਨਾਂ ਮੈਨੂੰ ਕਿਹਾ,
“ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜ੍ਹਿਆ ਹੋਇਆ ਹੈ ਤੇ ਖੱਬਾ ਹਿੰਦੂਆਂ ਨੇ, ਪਰ ਸਿੱਖ ਮੂੰਹ ਹਰ ਵੇਲੇ ਹਿੰਦੂਆਂ ਵੱਲ ਮੋੜੀ ਰੱਖਦੇ ਹਨ।”
ਮੈਂ ਕਿਹਾ, “ਇਹ ਆਤਮਕ ਰੁਚੀ ਨਹੀਂ, ਇਤਿਹਾਸਕ ਰੁਚੀ ਹੈ।” ……ਸੁਣ ਕੇ ਮਿਸਟਰ ਜਿਨਾਹ ਕੁਝ ਚਿਰ ਚੁੱਪ ਕਰ ਕੇ ਸੋਚਦੇ ਰਹੇ, ਤੇ ਫੇਰ ਮੁਸਕਰਾ ਕੇ ਕਹਿਣ ਲੱਗੇ, “ਤੂੰ ਬੜੀ ਡੂੰਘੀ ਗੱਲ ਕੀਤੀ ਹੈ। ਚੱਲ ਹੇਠਾਂ ਚੱਲ ਕੇ ਤੈਨੂੰ ਕੁਝ ਪਾਣੀ ਧਾਣੀ ਪਿਆਵਾਂ।”
ਦੂਜੀ ਰਾਊਂਡ ਟੇਬਲ ਕਾਨਫਰੰਸ ਦੇ ਦਿਨਾਂ ਵਿੱਚ ਹੀ ਮਿਸਟਰ ਜਿਨਾਹ, ਕੈਮਬ੍ਰਿਜ, ਜਿੱਥੇ ਕਿ ਮੈਂ ਵਿਦਿਆਰਥੀ ਸੀ, ਇਕ ਲੈਕਚਰ ਦੇਣ ਆਏ। ਯੂਨੀਵਰਸਿਟੀ ਦੇ ਮੁੰਡਿਆਂ ਸਾਹਮਣੇ ਉਨ੍ਹਾਂ ਨੇ ਹਿੰਦੁਸਤਾਨ ਦੇ ਮੁਸਲਮਾਨਾਂ ਦੀ ਰਾਜਸੀ ਵਿਵਸਥਾ ਬਾਰੇ ਲੈਕਚਰ ਦਿੰਦਿਆਂ ਕਿਹਾ,
”ਸਿੱਖਾਂ ਦੀ ਪੋਜ਼ੀਸ਼ਨ ਕਿਸੇ ਯੁਕਤੀ, ਨਿਯਮ ਅਨੁਸਾਰ ਸਮਝਣੀ ਕਠਨ ਹੈ। ਉਹ ਹੱਕ ‘ਵੱਖਰੀ ਕੌਮ’ ਦੇ ਮੰਗਦੇ ਹਨ, ਪਰ ਹਿੰਦੂਆਂ ਦੇ ਹੱਥ-ਠੋਕੇ ਬਣ ਕੇ ਗੋਡਣੀਆਂ ਮੁਸਲਮਾਨਾਂ ਦੀਆਂ ਲਵਾਉਣੀਆਂ ਲੋਚਦੇ ਹਨ। ਕਾਸ਼! ਕਿਤੇ ਕੋਈ ਸਿੱਖਾਂ ਦਾ ਸੋਝੀਵਾਨ ਲੀਡਰ ਹੁੰਦਾ।”
ਮੈਂ ਤੇ ਸਰਦਾਰ ਕਰਤਾਰ ਸਿੰਘ ਛਾਛੀ, ਜਿਹੜੇ ਕਿ ਚੰਡੀਗੜ੍ਹ ਬੈਰਿਸਟਰ ਸਨ, ਪਰ ਹੁਣ ਗੁਰਪੁਰੀ ਪਧਾਰ ਗਏ ਹਨ, ਰੋਸ ਵਜੋਂ ਜਲਸੇ ਵਿੱਚੋਂ ਉਠ ਆਏ। ਉਸੇ ਦਿਨ ਸ਼ਾਮ ਨੂੰ ਮੈਂ ਮਿਸਟਰ ਜਿਨਾਹ ਨੂੰ ਹੋਟਲ ਵਿੱਚ ਮਿਲ ਕੇ ਗਿਲਾ ਕੀਤਾ ਕਿ ਉਨ੍ਹਾਂ ਨੇ ਸਿੱਖ ਲੀਡਰਾਂ ਬਾਰੇ ਨਿਰਾਦਰੀ ਦੇ ਵਾਕ ਕਿਉਂ ਕਹੇ?
ਤਾਂ ਉਹ ਕਹਿਣ ਲੱਗੇ, ”ਮੁੰਡਿਆ, ਹੋਸ਼ ਤੇ ਜਜ਼ਬਾ ਹੋਰ ਚੀਜ਼ ਹੈ ਤੇ ਰਾਜਨੀਤਿਕ ਸੂਝ-ਬੂਝ ਹੋਰ। ਮੇਰੀਆਂ ਗੱਲਾਂ ਨੂੰ ਧਿਆਨ ਨਾਲ ਸੋਚ ਕੇ ਕੁਝ ਕਰ ਜੇ ਹੌਸਲਾ ਹੈ ਤਾਂ। ਕਦੇ ਬੁੱਢੇਵਾਰੇ ਮੇਰੀਆਂ ਗੱਲਾਂ ਤੈਨੂੰ ਮੁੜ ਚੇਤੇ ਆਉਣਗੀਆਂ।”
ਕਈ ਵੇਰ ਪਹਿਲਾ, ਤੇ ਅੱਜ ਫੇਰ, ਇਹ ਗੱਲਾਂ ਮੈਨੂੰ ਚੇਤੇ ਆਈਆਂ ਹਨ।
Author: Gurbhej Singh Anandpuri
ਮੁੱਖ ਸੰਪਾਦਕ