ਜਲੰਧਰ ‘ਚ ਅਲਾਵਲਪੁਰ ਦੇ ਪੁਲਸ ਚੌਂਕੀ ਮੁਲਾਜ਼ਮਾਂ ਉੱਪਰ ਹਮਲਾ ਕਰਨ ਵਾਲੇ 7 ਸ਼ਰਾਬੀ ਨੌਜਵਾਨਾਂ ਉੱਪਰ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਅਲਾਵਲਪੁਰ ਪੁਲਸ ਪਾਰਟੀ ਦੇ 2 ਮੁਲਾਜ਼ਮ ਬਲਕਾਰ ਸਿੰਘ ਐੱਚ. ਸੀ. ਅਤੇ ਸੋਢੀ ਰਾਮ ਪੀ. ਐੱਚ. ਡੀ. ਦੌਰਾਨੇ ਨਾਈਟ ਡਿਊਟੀ ‘ਤੇ ਸਰਕਾਰੀ ਗੱਡੀ ਬਲੈਰੋ ਪਿਕਅੱਪ ‘ਚ ਅਲਾਵਲਪੁਰ ਤੋਂ ਕਿਸ਼ਨਗੜ੍ਹ ਚੌਂਕ ਵੱਲ ਜਾ ਰਹੇ ਸਨ ਕਿ ਉਨ੍ਹਾਂ ਨੂੰ 11.40 ‘ਤੇ ਪੁਲਸ ਚੌਂਕੀ ਇੰਚਾਰਜ ਏ. ਐੱਸ. ਆਈ. ਪਰਮਜੀਤ ਸਿੰਘ ਵੱਲੋਂ ਫੋਨ ‘ਤੇ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਨੂੰ ਅਨਸ ਖ਼ਾਨ ਪੁੱਤਰ ਲਿਆਕਤ ਅਲੀ ਵਾਸੀ ਨਈਅਰ ਪੀਟਰ ਮੀਟ ਸ਼ਾਪ ਅਲਾਵਲਪੁਰ ਵੱਲੋਂ ਫੋਨ ‘ਤੇ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਘਰ ਦੇ ਬਾਹਰ ਕੁਝ ਸ਼ਰਾਬੀ ਹਾਲਤ ਵਿਚ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ।
ਸੂਚਨਾ ਮਿਲਦੇ ਹੀ ਜਦੋਂ ਸੋਢੀ ਰਾਮ ਅਤੇ ਬਲਕਾਰ ਸਿੰਘ ਗੱਡੀ ਲੈ ਕੇ ਦੱਸੀ ਹੋਈ ਥਾਂ ‘ਤੇ ਪਹੁੰਚੇ ਤਾਂ ਉਥੇ 7 ਨੌਜਵਾਨ ਸ਼ਰਾਬੀ ਹਾਲਤ ਵਿਚ ਹੁੱਲੜਬਾਜ਼ੀ ਕਰ ਰਹੇ ਸਨ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਹੁੱਲੜਬਾਜ਼ੀ ਕਰ ਰਹੇ ਆਦਿੱਤਿਆ ਪੁੱਤਰ ਮੁਕੱਦਰ ਲਾਲ, ਹੀਰਾ ਲਾਲ ਪੁੱਤਰ ਜੀਤ ਰਾਮ, ਰਾਕੇਸ਼ ਕੁਮਾਰ ਪੁੱਤਰ ਚਮਨ ਲਾਲ, ਕਰਨ ਉਰਫ ਗੱਬਰ ਪੁੱਤਰ ਵਿਜੇ ਕੁਮਾਰ, ਕਰਨ ਪੁੱਤਰ ਮੱਖਣ, ਵਿੱਕੀ ਨਾਗਰਾ ਪੁੱਤਰ ਦਾਮਨ ਅਤੇ ਵਿੱਕੀ ਉਰਫ਼ ਮੰਜੂ ਸਾਰੇ ਵਾਸੀ ਅਲਾਵਲਪੁਰ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਉਥੇ ਮੌਜੂਦ ਸਨ, ਨੂੰ ਹੁਲੜਬਾਜ਼ੀ ਕਰਨ ਤੋਂ ਰੋਕਿਆ ਤਾਂ ਸ਼ਰਾਬੀ ਹਾਲਤ ਵਿਚ ਸਾਰੇ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ਉੱਪਰ ਹਮਲਾ ਕਰ ਦਿੱਤਾ ਅਤੇ ਪੁਲਸ ਮੁਲਾਜ਼ਮਾਂ ਦੀ ਵਰਦੀ ਪਾੜ ਦਿੱਤੀ। ਉਸ ਤੋਂ ਬਾਅਦ ਸਾਰੇ ਹੀ ਨੌਜਵਾਨਾਂ ਨੇ ਇਕੱਠੇ ਹੋ ਕੇ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਅਤੇ ਜਦੋਂ ਪੁਲਸ ਮੁਲਾਜ਼ਮ ਗੱਡੀ ਲੈ ਕੇ ਉਥੋਂ ਭੱਜਣ ਲੱਗੇ ਤਾਂ ਨੌਜਵਾਨਾਂ ਨੇ ਗੱਡੀ ਉੱਪਰ ਪਥਰਾਅ ਕੀਤਾ ਅਤੇ ਗੱਡੀ ਦੀ ਚਾਬੀ ਕੱਢ ਲਈ, ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ । ਪੱਥਰਬਾਜ਼ੀ ਨਾਲ ਸਰਕਾਰੀ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ । ਪੁਲਸ ਮੁਲਾਜ਼ਮਾਂ ਨੇ ਉਥੋਂ ਭੱਜ ਕੇ ਜਾਨ ਬਚਾਈ।
ਉਕਤ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮੁਖੀ ਅਤੇ ਡੀ. ਐੱਸ. ਪੀ. ਆਦਮਪੁਰ ਅਰੁਣ ਮੁੰਡਨ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ । ਜ਼ਖ਼ਮੀ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਆਦਮਪੁਰ ਵਿਖੇ ਭੇਜਿਆ ਗਿਆ। ਉਕਤ ਘਟਨਾ ਤੋਂ ਬਾਅਦ 7 ਨੌਜਵਾਨਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ , ਜਿਨ੍ਹਾਂ ਵਿਚੋਂ 2 ਨੌਜਵਾਨਾਂ ਰਾਕੇਸ਼ ਅਤੇ ਹੀਰਾ ਲਾਲ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ
Author: Gurbhej Singh Anandpuri
ਮੁੱਖ ਸੰਪਾਦਕ