ਜੇਕਰ ਮੰਗਾਂ ਹੱਲ ਨਾ ਹੋਈਆ ਤਾਂ 30 ਸਤੰਬਰ ਨੂੰ ਰੇਲਾਂ ਰੋਕਣ ਦਾ ਐਲਾਨ
ਤਰਨ ਤਾਰਨ 28 ਸਤੰਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾ ਮਜ਼ਦੂਰਾਂ ਵਲੋਂ ਦਿੱਲੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾ ਮਜ਼ਦੂਰਾਂ ਦੇ ਪ੍ਰੀਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਦੇਣ, ਕਿਸਾਨਾ ਮਜ਼ਦੂਰਾ ਦਾ ਸਮੁੱਚਾ ਕਰਜ਼ਾ ਖਤਮ ਕਰਨ, ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੋਤੇ ਰੱਦ ਕਰਨ,ਏ ਪੀ ਐਮ ਸੀ ਐਕਟ ਵਿੱਚ ਕੀਤੀਆ ਸੋਧਾਂ ਰੱਦ ਕਰਨ, ਗਰੀਬਾਂ ਨੂੰ ਘਰ ਬਨਾਉਣ ਲਈ ਪਲਾਟ , ਬੇਰੋਜ਼ਗਾਰਾਂ ਨੂੰ ਨੋਕਰੀਆਂ ਦੇਣ, ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਆਦਿ ਮੰਗਾਂ ਨੂੰ ਲੈਕੇ ਡੀਸੀ ਦਫ਼ਤਰ ਤਰਨਤਾਰਨ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਹਰਜਿੰਦਰ ਸਿੰਘ ਸਕਰੀ ਨੇ ਬਾਖੂਬੀ ਨਾਲ ਨਿਭਾਈ ।ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਪ੍ਰੀਤ ਸਿੰਘ ਸਿੱਧਵਾਂ ਸਤਨਾਮ ਸਿੰਘ ਮਾਣੋਚਾਹਲ ਫਤਿਹ ਸਿੰਘ ਪਿੱਦੀ ਅਜੀਤ ਸਿੰਘ ਚੰਬਾ ,ਬਲਵਿੰਦਰ ਸਿੰਘ ਚੋ੍ਹਲਾ ਸਾਹਿਬ, ਸੁਖਵਿੰਦਰ ਸਿੰਘ ਦੁੱਗਲ ਵਾਲਾ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਕੇਂਦਰ ਅਤੇ ਸੂਬੇ ਵਿਚ ਆਈਆਂ ਵੱਖ-ਵੱਖ ਸਰਕਾਰਾਂ ਨੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਥਾਂ ਕੇਵਲ ਆਪਣੇ ਅਤੇ ਚਹੇਤਿਆਂ ਦੇ ਘਰ ਭਰਨ ਨੂੰ ਤਰਜੀਹ ਦਿੱਤੀ ਹੈ। ਜਿਸਦਾ ਨਤੀਜਾ ਆਮ ਲੋਕ ਕਰਜ਼ੇ ਵਿੱਚ ਨਪੀੜੇ ਦੋ ਵੇਲੇ ਦੀ ਰੋਟੀ ਤੋਂ ਵੀ ਆਤਰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਜਿਥੇ ਤਿੰਨ ਕਾਲੇ ਕਾਨੂੰਨਾਂ ਦੇ ਸਹਾਰੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਸੱਤਾ ਹਾਸਲ ਕਰਨ ਲਈ ਲੋਕਾਂ ਨਾਲ਼ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਘਪਲੇਬਾਜ਼ੀ ਦੀ ਸਰਕਾਰ ਸਿੱਧ ਹੋਈ ਹੈ। ਸਰਕਾਰੀ ਦਫ਼ਤਰ ਲੁੱਟ ਖਸੁੱਟ ਦੇ ਅੱਡੇ ਬਣੇ ਹੋਏ ਹਨ ।ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਹੱਲ ਨਾ ਕੀਤੀਆਂ ਤਾਂ 30 ਸਤੰਬਰ ਤੋਂ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ।ਜੋਮੰਗਾਂ ਹੱਲ ਹੋਣ ਤੱਕ ਮੋਰਚਾ ਜਾਰੀ ਰਹੇਗਾ। ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇਂ ਕਾਲੇ ਕਾਨੂੰਨ ਰੱਦ ਕੀਤੇ ਜਾਣ, ਦਿੱਲੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨ ਮਜ਼ਦੂਰਾਂ ਦੇ ਪ੍ਰੀਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦਿਤੀ ਜਾਵੇ, ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕੀਤੇ ਜਾਣ, ਫਰਦਾਂ ਸਮੇਤ ਹੋਰ ਸ਼ਰਤਾਂ ਹਟਾਈਆਂ ਜਾਣ ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ। ਗਰੀਬਾਂ ਨੂੰ ਘਰ ਬਨਾਉਣ ਲਈ 5 5 ਮਰਲੇ ਪਲਾਟ ਦੇਣ, ਪੰਜਾਬ ਸਰਕਾਰ ਏ ਪੀ ਐੱਮ ਸੀ ਐਕਟ ਵਿੱਚ ਕੀਤੀਆ ਸੋਧਾਂ ਰੱਦ ਕਰੇ, ਨਸ਼ੇ ਦੇ ਸਮੱਗਲਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ । ਬੇਰੋਜ਼ਗਾਰਾਂ ਨੂੰ ਤੁਰੰਤ ਨੌਕਰੀਆਂ ਦੇਣ ਸਮੇਤ ਜ਼ਿਲਾ ਪ੍ਰਸ਼ਾਸਨ ਨਾਲ ਸਬੰਧਿਤ ਮੰਗਾਂ ਤੁਰੰਤ ਹੱਲ ਕੀਤੀਆਂ ਜਾਣ ।ਇਸ ਮੌਕੇ ਇਕਬਾਲ ਸਿੰਘ ਵੜਿੰਗ,ਨਿਰਵੈਰ ਸਿੰਘ ਧੁੱਨ ,ਹਰਜਿੰਦਰ ਸਿੰਘ ਚੱਬਾ ਬਲਜਿੰਦਰ ਸਿੰਘ, ਅਮਨਦੀਪ ਸਿੰਘ ਸ਼ੇਰੋਂ, ਗੁਰਦੇਵ ਸਿੰਘ ਚੋ੍ਹਲਾ ਸਾਹਿਬ, ਸੰਤੋਖ ਸਿੰਘ ਕਲੇਰ, ਗੁਰਜੀਤ ਸਿੰਘ ਗੰਡੀਵਿੰਡ ,ਮੇਜਰ ਸਿੰਘ ਕਸੇਲ, ਹਰਜਿੰਦਰ ਸਿੰਘ ਸਿੱਧਵਾਂ, ਕੁਲਵਿੰਦਰ ਸਿੰਘ ਦਦੇਹਰ ਸਾਹਿਬ ਆਦਿ ਆਗੂਆਂ ਨੇ ਸੰਬੋਧਨ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ