Home » ਕਹਾਣੀ » *ਚੜਦੀ ਕਲਾ*

*ਚੜਦੀ ਕਲਾ*

35 Views

ਅੱਗੇ ਜਦੋਂ ਕਦੇ ਵੀ ਬਿਆਸ ਤੋਂ ਅਗਾਂਹ ਜਾਣ ਦਾ ਸਬੱਬ ਹੁੰਦਾ ਤਾਂ ਏਹੀ ਕੋਸ਼ਿਸ਼ ਹੁੰਦੀ ਕੇ ਦਰਬਾਰ ਸਾਬ ਜਾ ਕੇ ਮੱਥਾ ਜਰੂਰ ਟੇਕਿਆ ਜਾਵੇ!
ਪਰ ਉਸ ਦਿਨ ਜੰਡਿਆਲੇ ਅਫਸੋਸ ਕਰਨ ਗਿਆਂ ਨੂੰ ਤੜਕੇ ਫੋਨ ਆ ਗਿਆ..ਵਾਪਿਸ ਲੁਧਿਆਣੇ ਮੁੜਨਾ ਪੈ ਗਿਆ..!

ਮੈਂ ਮੂੰਹ ਵੱਟ ਕੇ ਦੂਜੇ ਪਾਸੇ ਬੈਠ ਗਈ..!
ਇਹ ਆਖਣ ਲੱਗੇ ਕੇ ਢੇਰੀ ਨਾ ਢਾਹ..ਜਿਸ ਦਿਨ ਭੋਗ ਤੇ ਆਏ ਉਸ ਦਿਨ ਤੜਕੇ ਤੋਂ ਦੁਪਹਿਰ ਤੱਕ ਬੱਸ ਓਥੇ ਹੀ ਰਹਿਣਾ..!

ਪਰ ਮੇਰੀ ਨਰਾਜਗੀ ਦੂਰ ਨਾ ਹੋਈ..ਬਿਆਸ ਲਾਗੇ ਇਹਨਾਂ ਨੂੰ ਦੁਬਾਰਾ ਫੋਨ ਆ ਗਿਆ..ਇਹ ਕਾਰ ਪਾਸੇ ਲਾ ਕੇ ਗੱਲ ਕਰਨ ਲੱਗ ਪਏ..!

ਏਨੇ ਨੂੰ ਕੀ ਵੇਖਿਆ ਇੱਕ ਬਾਬਾ ਜੀ..ਦਾਰ ਜੀ ਦੀ ਉਮਰ ਦੇ..ਕੋਲ ਹੀ ਸੜਕ ਕੰਢੇ ਖਿੱਲਰਿਆ ਪਲਾਸਟਿਕ ਇੱਕਠਾ ਕਰ ਕਰ ਤੋੜੇ ਵਿਚ ਪਾ ਰਹੇ ਸਨ..!

ਮੈਥੋਂ ਰਿਹਾ ਨਾ ਗਿਆ..ਹੌਲੀ ਜਿਹੀ ਹੇਠਾਂ ਉੱਤਰ ਗੱਡੀ ਵਿਚ ਸੁੱਟੀਆਂ ਪਲਾਸਟਿਕ ਦੀਆਂ ਕਿੰਨੀਆਂ ਸਾਰੀਆਂ ਬੋਤਲਾਂ ਦੇਣ ਬਹਾਨੇ ਓਹਨਾ ਦੇ ਕੋਲ ਜਾ ਖਲੋਤੀ..!

ਫਤਹਿ ਬੁਲਾਈ..ਖੁਸ਼ ਹੋਏ ਤੇ ਸਿਰ ਤੇ ਹੱਥ ਰੱਖ ਅਸੀਸ ਦਿੱਤੀ..!
ਅਚਾਨਕ ਮੇਰਾ ਧਿਆਨ ਕੋਲ ਹੀ ਓਹਨਾ ਦੇ ਸਾਈਕਲ ਵੱਲ ਚਲਾ ਗਿਆ..ਪਿਛਲੇ ਚੱਕੇ ਤੇ ਨਾ ਟਾਇਰ ਸੀ ਤੇ ਨਾ ਹੀ ਟਿਊਬ..ਸਿਰਫ ਸਣ ਦੀਆਂ ਰੱਸੀਆਂ ਲਪੇਟੀਆਂ ਹੋਈਆਂ ਸਨ..!

ਹੌਕਾ ਨਿੱਕਲ ਗਿਆ..ਪਰਸ ਵਿਚੋਂ ਸੌ ਦੇ ਨੋਟ ਕੱਢਿਆ ਤੇ ਫੜਾਉਣ ਲੱਗੀ..ਏਨੇ ਨੂੰ ਇਹ ਵੀ ਕੋਲ ਆ ਗਏ..ਪੁੱਛਣ ਲੱਗੇ ਕੀ ਗੱਲ ਹੋਈ..?

ਮੈਂ ਪਿਛਲੇ ਚੱਕੇ ਵੱਲ ਇਸ਼ਾਰਾ ਕਰ ਦਿੱਤਾ ਤੇ ਨਾਲ ਹੀ ਪਤਾ ਨੀ ਕਿਓਂ ਮੇਰਾ ਰੋਣ ਵੀ ਨਿੱਕਲ ਗਿਆ..!
ਬਾਬਾ ਜੀ ਸਮਝ ਗਏ ਕੇ ਸਾਈਕਲ ਦੀ ਮਾੜੀ ਹਾਲਤ ਵੇਖ ਰੋ ਪਈ ਏ..!
ਆਖਣ ਲੱਗੇ ਕਮਲੀਏ ਕੱਲ ਹੀ ਗੁਰੂ ਰਾਮਦਾਸ ਦੇ ਸਥਾਨ ਤੇ ਅਰਦਾਸ ਕੀਤੀ ਸੀ..ਓਥੋਂ ਵਾਜ ਪਈ ਸੀ ਕੇ ਅੱਜ ਕਿਰਪਾ ਜਰੂਰ ਹੋਵੇਗੀ..!

ਇਹਨਾਂ ਓਸੇ ਵੇਲੇ ਬੋਝੇ ਵਿਚੋਂ ਪੰਜ ਸੌ ਦਾ ਨੋਟ ਕੱਢਿਆ..ਫੜਾਇਆ ਤੇ ਆਪਣਾ ਨੰਬਰ ਦਿੰਦੇ ਹੋਏ ਆਖਣ ਲੱਗੇ ਕੇ ਸਭ ਤੋਂ ਪਹਿਲਾਂ ਸਾਈਕਲ ਠੀਕ ਕਰਵਾਓ ਤੇ ਜੇ ਹੋਰ ਵੀ ਕਿਸੇ ਚੀਜ ਦੀ ਲੋੜ ਹੋਵੇ ਤਾਂ ਕਾਲ ਕਰ ਦਿਓ..!

ਅੱਗੋਂ ਆਖਣ ਲੱਗੇ ਗੁਰਮੁਖੋ ਭੇਟਾ ਤਾਂ ਪ੍ਰਵਾਨ ਹੋਵੇਗੀ ਜੇ ਨਾਲ ਖਲੋ ਮੇਰੀ ਕੀਤੀ ਅਰਦਾਸ ਵਿਚ ਸ਼ਾਮਿਲ ਹੋਵੋਗੇ..!
ਅਸੀਂ ਦੋਵੇਂ ਜਣਿਆਂ ਜੋੜੇ ਲਾਹੇ ਤੇ ਹੱਥ ਜੋੜ ਖਲੋ ਗਏ..!

ਓਹਨਾ ਸੰਖੇਪ ਜਿਹੀ ਅਰਦਾਸ ਕੀਤੀ ਤੇ ਮੁੜ ਉੱਚੀ ਸਾਰੀ ਜੈਕਾਰਾ ਛੱਡ ਆਖਣ ਲੱਗੇ ਜਾਓ ਗੁਰਮੁਖੋ..ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿਚ ਰੱਖੇ..!

ਲੁਧਿਆਣੇ ਤੱਕ ਆਉਂਦਿਆਂ ਬਾਬਾ ਜੀ ਦੇ ਜੈਕਾਰੇ ਦੀ ਗੂੰਝ ਕਾਇਨਾਤ ਵਿਚ ਇੰਝ ਮਹਿਸੂਸ ਹੁੰਦੀ ਰਹੀ ਜਿੱਦਾਂ ਮਾਝੇ ਦੀ ਧਰਤੀ ਤੇ ਹੁਣੇ-ਹੁਣੇ ਹੀ ਇੱਕ ਸਾਕਸ਼ਾਤ ਕਰਾਮਾਤ ਵੇਖ ਲਈ ਹੋਵੇ..!

ਮਗਰੋਂ ਕਿੰਨੇ ਦਿਨ ਉਡੀਕਦੇ ਰਹੇ..ਕੋਈ ਕਾਲ ਨਾ ਆਈ ਪਰ ਬਿਆਸ ਫਲਾਈ ਓਵਰ ਕੋਲ ਉਹ ਅਸਥਾਨ ਸਾਡੇ ਲਈ ਐਸਾ ਤੀਰਥ ਹੋ ਨਿੱਬੜਿਆ ਜਿਸਨੇ ਹਮੇਸ਼ ਏਹੀ ਗੱਲ ਸਿਖਾਈ ਕੇ ਗੁਰੂ ਦੇ ਸਿੱਖ ਕੋਲ ਭਾਵੇਂ ਕੁਝ ਵੀ ਬਾਕੀ ਕਿਓਂ ਨਾ ਰਹੇ ਤਾਂ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਸ਼ੁਕਰਾਨੇ ਦੀ ਅਰਦਾਸ ਕਿੱਦਾਂ ਕਰਦੇ ਰਹਿਣਾ ਚਾਹੀਦਾ..!
(ਸੱਚਾ-ਵਰਤਾਰਾ)

ਹਰਪ੍ਰੀਤ ਸਿੰਘ ਜਵੰਦਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?