Home » ਧਾਰਮਿਕ » ਇਤਿਹਾਸ » 7 ਅਕਤੂਬਰ ਨੂੰ ਨਵਾਬ ਕਪੂਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ

7 ਅਕਤੂਬਰ ਨੂੰ ਨਵਾਬ ਕਪੂਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ

26

ਨਵਾਬ ਕਪੂਰ ਸਿੰਘ ਅਠਾਰਵੀਂ ਸਦੀ ਦੇ ਉਨ੍ਹਾਂ ਸਿੱਖ ਜਰਨੈਲਾਂ ਵਿਚੋਂ ਸਨ ਜਿੰਨ੍ਹਾ ਨੇ ਸਿਖ ਕੌਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਆਪਣੀ ਸੁਚਜੀ ਅਗਵਾਈ ਦੇ ਕੇ ਚੜ੍ਹਦੀ ਕਲਾ ਵਿਚ ਰਖਿਆ ਅਤੇ ਪੰਜਾਬ ਉਤੇ ਖਾਲਸਾ ਰਾਜ ਕਾਇਮ ਕਰਨ ਲਈ ਰਾਹ ਪਧਰਾ ਕੀਤਾ । ਨਵਾਬ ਕਪੂਰ ਸਿੰਘ ਉਹ ਪਹਿਲੇ ਸਿੱਖ ਸਨ ਜਿੰਨ੍ਹਾਂ ਨੂੰ ਮੁਗਲ ਸਰਕਾਰ ਨੇ ਸਿੱਖਾਂ ਦੇ ਨੇਤਾ ਦੇ ਰੂਪ ਵਿਚ ਮਾਨਤਾ ਦਿਤੀ ਅਤੇ ਪੰਥ ਨੂੰ ਨਵਾਬੀ ਦੇਕੇ ਸਤਕਾਰਿਆ ।

ਕਪੂਰ ਸਿੰਘ ਦਾ ਜਨਮ ਸ: ਸਾਧੂ ਸਿੰਘ ਵਿਰਕ ਦੇ ਘਰ, ਪਿੰਡ ਫੈਜਲਪੁਰ ਵਿਖੇ 1697 ਵਿੱਚ ਹੋਇਆ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਨਵਾਬ ਕਪੂਰ ਸਿੰਘ ਦਾ ਜਨਮ 1697 ਈ. ਨੂੰ ਪਿੰਡ ਕਾਲੇਕੇ, ਪਰਗਨਾ,ਸ਼ੇਖੂਪੁਰਾ ਵਿਖੇ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ ਹੋਇਆ।ਸਿਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਆਪ ਨੂੰ ਵਿਰਸੇ ਵਿਚ ਮਿਲੀ ਸੀ ਬਚਪਨ ਤੋ ਹੀ ਆਪ ਨੂੰ ਸਿਖ ਪੰਥ ਦੀ ਸੇਵਾ ਕਰਨ ਦੀ ਲਗਨ ਸੀ ਜੋ ਆਪ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਵੀ ਕਰਦੇ ਰਹੇ, ਪਰ ਬਹੁਤਾ ਲਾਈਮ ਲਾਇਟ ਵਿਚ ਨਹੀਂ ਆਏ। ਜਵਾਨ ਹੋਣ ਤੇ ਇਨ੍ਹਾ ਨੇ ਅਮ੍ਰਿਤਸਰ ਦੇ ਨੇੜੇ ਫੈਜ਼ਲਪੁਰੀਆ ਕਸਬੇ ਨੂੰ ਜਿਤ ਕੇ ਇਸ ਦਾ ਨਾਮ ਸਿੰਘਾ ਪੁਰੀਆ ਰਖ ਦਿਤਾ ਜਿਸ ਕਰਕੇ ਇਨ੍ਹਾ ਦੀ ਮਿਸਲ ਦਾ ਨਾਂ ਵੀ “ਮਿਸਲ ਸਿੰਘਪੁਰੀਆ ” ਪੈ ਗਿਆ

ਬਾਬਾ ਬੰਦਾ ਸਿੰਘ ਦੀ ਸ਼ਹੀਦੀ ਸਮੇਂ ਹੋਏ ਕਤਲੇਆਮ ਨੇ ਬਹੁਤ ਸਾਰੇ ਸਿੱਖਾਂ ਦੇ ਘਰਾਂ ਨੂੰ ਤਬਾਹ ਕਰ ਦਿਤਾ ਸੀ। ਹਕੂਮਤ ਸਿੱਖਾਂ ਦੇ ਪਿਛੇ ਹੱਥ ਧੋ ਕੇ ਪਈ ਹੋਈ ਸੀ। 1726 ਵਿਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ । ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਜਿਸ ਵਿਚ ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ । ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ , ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50-80 ਰੂਪਏ ਤਕ ਦਿਤੇ ਜਾਣ ਦਾ ਐਲਾਨ ਕੀਤਾ ਗਿਆ । ਉਨ੍ਹਾ ਦੇ ਘਰਾਂ ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ – ਮੌਤ ਦੀ ਸਜ਼ਾ ਮੁਕਰਰ ਕੀਤੀ ਜਾਂਦੀ ਸੀ । ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ ਸਿਖਾਂ ਨੂੰ ਢੂੰਡਣ ਲਈ ਥਾਂ ਥਾਂ ਤੇ ਗਸ਼ਤੀ ਫੌਜ ਤਾਇਨਾਤ ਕਰ ਦਿਤੀ ਗਈ ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ । ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੈਰੀ ਬਣ ਗਿਆ ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ । ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ ਨੂੰ ਸਿਖ, ਜਿਨ੍ਹਾ ਦੀ ਅਜੇ ਦਾੜੀ ਮੁਛ ਨਾ ਆਈ ਹੋਵੇ ,ਕਰਾਰ ਕਰਕੇ ਹਾਕਮਾਂ ਨੂੰ ਪੇਸ਼ ਕਰਨ ਲਗੇ ਜਿਨ੍ਹਾ ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ ਲਗਾ ਬਹੁਤ ਸਾਰੇ ਪਿੰਡਾਂ ਦੇ ਚੌਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿਤੀ । ਸਿਖ ਆਪਣੇ ਧਰਮ ਤੇ ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ ਵਿਚ ਜਾ ਬੈਠੇ ਹਰ ਸਮੇ ਮੌਤ ਉਨ੍ਹਾ ਦਾ ਪਿੱਛਾ ਕਰਦੀ ਇਨ੍ਹਾ ਨੇ ਆਪਣੇ ਵਖੋ ਵਖ ਜਥੇ ਬਣਾ ਲਏ । ਆਪਣੇ ਗੁਜਾਰੇ ਲਈ ਉਹ ਸਰਕਾਰੀ ਖਜਾਨਿਆਂ ਦੀ ਲੁਟ-ਮਾਰ ਵੀ ਕਰਦੇ ਅਤੇ ਉਨ੍ਹਾਂ ਲੋਕਾਂ ਕੋਲੋਂ ਬਦਲੇ ਵੀ ਲੈਂਦੇ ਜਿੰਨ੍ਹਾਂ ਬਦੋਲਤ ਉਨ੍ਹਾਂ ਦੇ ਪਰਿਵਾਰ ਕਤਲ ਕਰਵਾਏ ਗਏ ਅਤੇ ਘਰ-ਬਾਰ ਤਬਾਹ ਕੀਤੇ ਗਏ ਸਨ ਜਿਨ੍ਹਾ ਵਿਚੋਂ ਜਿਆਦਾਤਰ ਸਰਕਾਰੀ ਅਧਿਕਾਰੀ ਜਾਂ ਪਿੰਡਾਂ ਦੇ ਚੌਧਰੀ ਸਨ। ਪਰ ਫਿਰ ਵੀ ਘਾਹ ਪਤੇ ਖਾਕੇ , ਘੋੜਿਆਂ ਦੀਆਂ ਕਾਠੀਆਂ ਤੇ ਸੋ ਕੇ ਵੀ ਸਿਖ ਚੜਦੀ ਕਲਾ ਵਿਚ ਰਹੇ ਤੇ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਂਦੇ ਰਹੇ ,ਆਪਣੇ ਫਰਜਾਂ ਤੋਂ ਮੂੰਹ ਨਹੀਂ ਸੀ ਮੋੜਿਆ ਸਿੰਘ ਇਸ ਹਾਲਤ ਵਿਚ ਵੀ ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕਰਦੇ ਰਹੇ ।

ਉਸ ਵੇਲੇ ਸਿੱਖ ਪੰਥ ਕੋਲ ਇਕ ਬਹੁਤ ਹੀ ਦੂਰ-ਅੰਦੇਸੀ, ਮਹਾਂਬਲੀ, ਨਿਰਭੈ, ਜੰਗੀ ਜਰਨੈਲ ਤੇ ਆਗੂ ਸੀ, ਜਿਸ ਨੂੰ ਸਿੱਖ ਇਤਿਹਾਸ ਵਿਚ ਨਵਾਬ ਕਪੂਰ ਸਿੰਘ ਕਹਕੇ ਜਾਣਿਆ ਜਾਂਦਾ ਹੈ । ਜਿਸਨੇ ਸਿਖਾਂ ਦਾ ਮਨੋਬਲ ਟੁਟਣ ਨਹੀਂ ਦਿਤਾ ਭਾਈ ਤਾਰਾ ਸਿੰਘ ‘ਵਾਂ’ ਦੀ ਸ਼ਹੀਦੀ ਤੋਂ ਬਾਅਦ 1726 ਵਿਚ ਖਾਲਸਾ ਪੰਥ ਨੇ ਆਪਣੇ ਭਵਿੱਖ ਦੇ ਹਾਲਾਤਾਂ ਨਾਲ ਨਜਿੱਠਨ ਲਈ ਸ੍ਰੀ ਅੰਮ੍ਰਿਤਸਰ ਵਿਖੇ ਇਕੱਠ ਕੀਤਾ ਜਿਸ ਵਿਚ ਇਹ ਫੈਸਲੇ ਲਏ ਗਏ ਕਿ ਖਾਲਸਾ ਪੰਥ ਦੀ ਮਜਬੂਤੀ ਲਈ ਹਕੂਮਤ ਦੇ ਖਜ਼ਾਨੇ ਲੁਟੇ ਜਾਣ, ਸ਼ਾਹੀ ਫੌਜਾਂ ਕੋਲੋਂ ਹਥਿਆਰਾਂ ਅਤੇ ਘੋੜਿਆਂ ਦੀ ਖੋਹ ਕੀਤੀ ਜਾਵੇ ਅਤੇ ਸਿੰਘਾਂ ਬਾਰੇ ਹਕੂਮਤ ਨੂੰ ਜਾਣਕਾਰੀ ਦੇਣ ਵਾਲੇ ਸਰਕਾਰੀ ਪਿਠੂਆਂ ਨੂੰ ਸੋਧਿਆ ਜਾਵੇ। ਜਥੇਦਾਰ ਦਰਬਾਰਾ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਯੋਗ ਜਾਣ ਕੇ ਖਾਲਸਾ ਪੰਥ ਦੇ ਮੁੱਖ ਜਥੇਦਾਰ ਦੇ ਤੌਰ ਤੇ ਪ੍ਰਵਾਨਗੀ ਦੇ ਦਿੱਤੀ।

ਉਲੀਕੇ ਪ੍ਰੋਗਰਾਮ ਅਨੁਸਾਰ ਨਵਾਬ ਕਪੂਰ ਦੀ ਅਗਵਾਈ ਵਿਚ ਇਕ ਜਥਾ ਮਾਝੇ ਵੱਲ ਦੁਸ਼ਮਨਾਂ ਨੂੰ ਸੋਧਣ ਲਈ ਨਿਕਲ ਤੁਰਿਆ। 400 ਸਿੰਘਾਂ ਦੇ ਕਰੀਬ ਜਥੇ ਨੇ ਮਿਲ ਕੇ ਮੁਲਤਾਨ ਤੋਂ ਲਾਹੌਰ ਜਾ ਰਹੇ ਸ਼ਾਹੀ ਖਜਾਨੇ ਨੂੰ ਜਾ ਲੁਟਿਆ । ਇਸ ਤੋਂ ਬਾਅਦ ਕਸੂਰ ਤੋਂ ਲਾਹੌਰ ਜਾ ਰਹੇ ਸਿਪਾਹੀਆਂ ਪਾਸੋਂ ਇਕ ਲੱਖ ਰੁਪਏ ਦੀ ਲੁੱਟ ਕੀਤੀ ਗਈ। ਮੁਰਤਜ਼ਾ ਖਾਨ ਜੋ ਸ਼ਾਹੀ ਦਰਵਾਰ ਨੂੰ ਘੋੜੇ ਵੇਚਦਾ ਸੀ ਨੂੰ ਚੂਨਾ ਲਗਾਇਆ । ਇਸ ਤੋਂ ਇਲਾਵਾ ਕਾਬਲ ਤੋਂ ਦਿੱਲੀ ਜਾ ਰਹੀ ਸ਼ਾਹੀ ਫੌਜ ਨੂੰ ਲੁੱਟ ਕੇ ਸਿੰਘਾਂ ਨੇ ਹਥਿਆਰਾਂ ਅਤੇ ਘੋੜਿਆਂ ਦਾ ਵੱਡਾ ਜਖੀਰਾ ਜਮ੍ਹਾਂ ਕਰ ਲਿਆ। ਇਕ ਹੋਰ ਮਾਰ ਵਿਚ ਸਰਦਾਰ ਬੁੱਢਾ ਸਿੰਘ ਅਤੇ ਬਾਗ ਸਿੰਘ ਦੇ ਜਥਿਆਂ ਨੇ ਪਿਸ਼ਾਵਰ ਤੋਂ ਦਿੱਲੀ ਜਾ ਰਹੇ ਮੁਹੰਮਦ ਜਾਫਰ ਖਾਂ ਪਾਸੋਂ ਦਰਿਆ ਬਿਆਸ ਨੇੜੇ ਬਹੁਤ ਸਾਰਾ ਸੋਨਾ-ਚਾਂਦੀ ਆਦਿ ਲੁੱਟ ਲਿਆ। ਇਸ ਖੋਹਾ-ਖਾਹੀ ਵਿਚ ਸਿੱਖਾਂ ਦੇ ਉਚੇ ਇਖਲਾਕ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ, ਜਦੋਂ ਸ਼ਾਹੀ ਖਜਾਨੇ ਦੇ ਭੁਲੇਖੇ ਸਿਆਲਕੋਟ ਦੇ ਇਕ ਵਪਾਰੀ ਸੇਠ ਪ੍ਰਤਾਪ ਚੰਦ ਦੇ ਲੁਟੇ ਖਜਾਨੇ ਨੂੰ ਵਾਪਸ ਮੋੜ ਦਿੱਤਾ।

ਸ਼ਾਹੀ ਖਜਾਨਿਆਂ ਦੀਆਂ ਨਿੱਤ ਹੁੰਦੀਆਂ ਲੁੱਟਾਂ ਕਾਰਨ ਦਿੱਲੀ ਦੀ ਹਕੂਮਤ ਘਬਰਾ ਗਈ। ਹਕੂਮਤ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਦੀ ਮਦਦ ਲਈ ਫੌਜ ਦੀ ਇਕ ਵੱਡੀ ਟੁਕੜੀ ਭੇਜੀ ਤਾਂ ਜੋ ਲਾਹੌਰ ਦੀ ਫੌਜ ਨਾਲ ਮਿਲ ਕੇ ਜੰਗਲਾਂ-ਬੇਲਿਆਂ ਵਿਚ ਪਨਾਹ ਲਈ ਬੈਠੇ ਸਿੰਘਾਂ ਨੂੰ ਖਤਮ ਕੀਤਾ ਜਾ ਸਕੇ। ਇਸ ਫੌਜ ਨਾਲ ਕਈ ਥਾਵਾਂ ‘ਤੇ ਸਿੰਘਾਂ ਦੀ ਮੁੱਠ-ਭੇੜ ਵੀ ਹੋਈ, ਪਰ ਸਿੰਘਾਂ ਦੀ ਤਾਕਤ ਅਤੇ ਦਲੇਰੀ ਅੱਗੇ ਹਕੂਮਤ ਦੀ ਕੋਈ ਪੇਸ਼ ਨਹੀਂ ਗਈ । ਸੰਨ 1730 ਵਿਚ ਫਿਰ ਸਿੰਘਾਂ ਨੇ ਲਾਹੌਰ ਤੋਂ ਦਿੱਲੀ ਲਿਜਾਈ ਜਾ ਰਹੀ ਮਾਲੀਏ ਦੀ ਵੱਡੀ ਰਕਮ ਉਤੇ ਹੱਥ ਫੇਰਿਆ। ਸਿੰਘਾਂ ਦੇ ਬੁਲੰਦ ਹੌਸਲੇ ਨੂੰ ਤੋੜਣ ਲਈ ਜ਼ਕਰੀਆ ਖਾਂ ਨੇ ਗਸ਼ਤੀ ਫੌਜਾਂ ਨੂੰ ਪਿੰਡਾਂ ਵਿਚ ਭੇਜਿਆ ਤਾਂ ਕਿ ਸਿੱਖਾਂ ਦੇ ਹਿਮਾਇਤੀਆਂ ਦਾ ਪਤਾ ਲਗਾ ਕੇ ਖਤਮ ਕੀਤਾ ਜਾ ਸਕੇ ਪਿੰਡਾਂ ਵਿਚ ਚੈਨ ਨਾਲ ਵੱਸਦੇ 1500 ਸਿੰਘਾਂ ਨੂੰ ਸ਼ਹੀਦ ਕਰ ਦਿਤਾ ਗਿਆ । ਪਰ ਫਿਰ ਵੀ ਇਹ ਖਾਲਸਾ ਫੌਜ਼ ਤਕ ਨਾਂ ਪਹੁੰਚ ਸਕੇ ਸਰਕਾਰ ਇੰਨ੍ਹਾਂ ਸਿੱਖਾਂ ਨੂੰ ਕਾਬੂ ਕਰਨ ਦਾ ਜਿਤਣਾ ਯਤਨ ਕਰਦੀ, ਜਿਉਂ ਜਿਉਂ ਸਰਕਾਰੀ ਸਖ਼ਤੀ ਵਧਦੀ , ਤਿਉਂ ਤਿਉਂ ਸਿੱਖਾਂ ਦੇ ਹਮਲੇ ਤੇਜ਼ ਹੁੰਦੇ ਜਾਂਦੇ । ਪੰਜਾਬ ਦੀ ਆਰਥਕ ਸਥਿਤੀ ਇਤਨੀ ਵਿਗੜ ਗਈ ਤੇ ਨੌਬਤ ਇਥੋਂ ਤਕ ਆ ਗਈ ਕਿ ਲਾਹੌਰ ਦਾ ਸੂਬਾ ਤਿੰਨ ਸਾਲ ਦਿੱਲੀ ਨੂੰ ਬਣਦਾ ਮਾਮਲਾ ਵੀ ਨਾਂ ਤਾਰ ਸਕਿਆ।

ਸੰਨ 1733 ਵਿਚ ਉਸਨੇ ਦਿੱਲੀ ਦਰਬਾਰ ਨਾਲ ਮਿਲਕੇ ਇਕ ਨਵਾਂ ਰਾਹ ਲਭਿਆ ਲਾਹੌਰ ਦੀ ਹਕੂਮਤ ਨੇ ਸਿੰਘਾਂ ਉਤੋਂ ਗੁਰਧਾਮਾਂ ਦੀ ਯਾਤਰਾ ਅਤੇ ਪਿੰਡਾਂ ਵਿਚ ਵਿਚਰਨ ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿਤੀਆਂ ਅਤੇ ਸਿੰਘਾਂ ਵਲੋਂ ਸ਼ਾਹੀ ਖਜਾਨੇ ਦੀ ਲੁੱਟ ਨਾ ਕਰਨ ਬਦਲੇ, ਗੁਜ਼ਰਾਨ ਦੇ ਤੌਰ ‘ਤੇ ਦੀਪਾਲਪੁਰ, ਝਬਾਲ ਅਤੇ ਕੰਗਨਵਾਲ ਆਦਿ ਦੀ ਜਗੀਰ, ਨਵਾਬੀ ਅਤੇ ਇਕ ਲੱਖ ਮੋਹਰਾਂ ਨਕਦ ਦੇਣ ਦੀ ਪੇਸ਼ਕਸ਼ ਕੀਤੀ ਜਿਸ ਲਈ ਸਰਦਾਰ ਸੁਬੇਗ ਸਿੰਘ ਨੂੰ ਅਮ੍ਰਿਤਸਰ ਭੇਜਿਆ ਗਿਆ ।

ਪੰਥ ਦੇ ਮੁਖੀਆਂ ਨੇ ਆਪਸੀ ਵਿਚਾਰ ਵਟਾਂਦਰੇ ਸਮੇਂ ਥੋੜੀ ਨਾਂਹ ਨੁੱਕਰ ਪਿਛੋਂ ਸਰਕਾਰ ਦੀ ਇਸ ਪੇਸ਼ਕਸ਼ ਨੂੰ ਮੰਨ ਲਿਆ। ਨਵਾਬ ਕਪੂਰ ਸਿੰਘ ਇਹ ਜਾਣਦੇ ਸਨ ਕੀ ਬਹੁਤੀ ਦੇਰ ਤਕ ਮੁਗਲਾਂ ਨਾਲ ਕੀਤੀ ਇਹ ਸੰਧੀ ਨਹੀਂ ਚਲੇਗੇ ਪਰ ਉਨ੍ਹਾ ਨੇ ਦੂਰ ਅੰਦੇਸ਼ੀ ਤੋ ਕੰਮ ਲਿਆ ਤੇ ਸਮਝਾਇਆ ਕਿ ਇਹ ਸਮਾਂ ਖਾਲਸਾ ਪੰਥ ਨੂੰ ਮਜਬੂਤ ਕਰਨ ਦਾ ਸੁਨਹਿਰੀ ਮੌਕਾ ਹੈ । ਨਵਾਬੀ ਤਾਂ ਅਸੀਂ ਕਦੇ ਵੀ ਵਾਪਸ ਉਨ੍ਹਾ ਦੇ ਮੱਥੇ ਮਾਰ ਸਕਦੇ ਹਾਂ । ਝੁਬਾਲ. ਦੀਪਾਲਪੁਰ ਅਤੇ ਕੰਗਣਪੁਰ ਦੀ ਜਾਗੀਰ ਤੇ ਇਕ ਲਖ ਮੋਹਰਾਂ ਤਾਂ ਗੁਰੁ ਕੇ ਲੰਗਰਾਂ ਦੇ ਨਾਂਅ ਲੁਆ ਦਿੱਤੀਆਂ ਪਰ ਨਵਾਬੀ ਲੈਣ ਵਾਸਤੇ ਕੋਈ ਵੀ ਮੁਖੀ ਤਿਆਰ ਨਾ ਹੋਇਆ ਗੁਰੂ ਗਰੰਥ ਸਾਹਿਬ ਵਿਚੋਂ ਹੁਕਮਨਾਮਾ ਲਿਆ ਗਿਆ ਜਿਸਦੇ ਹੁਕਮ ਅਨੁਸਾਰ ਨਵਾਬੀ ਕਿਸੇ ਸੇਵਾਦਾਰ ਨੂੰ ਦੇਣ ਦਾ ਸੰਕੇਤ ਆਇਆ ਭਾਈ ਕਪੂਰ ਸਿੰਘ ਜੀ ਉਸ ਸਮੇਂ ਸੰਗਤਾਂ ਵਿੱਚ ਪੱਖੇ ਦੀ ਸੇਵਾ ਕਰ ਰਹੇ ਸਨ। ਨਵਾਬੀ ਦਾ ਖਿਤਾਬ ਕਬੂਲ ਕਰਨ ਲਈ ਜਦ ਆਪ ਜੀ ਨੂੰ ਕਿਹਾ ਗਇਆ ਤਾਂ ਆਪਜੀ ਨਵਾਬੀ ਦਾ ਖਿਤਾਬ ਪਹਿਲਾਂ ਪੰਜਾਂ ਪਿਆਰਿਆਂ ਦੇ ਪੈਰਾਂ ਨਾਲ ਛੂਹਾਇਆ ਅਤੇ ਫਿਰ ਸੰਗਤ ਦਾ ਹੁਕਮ ਮੰਨ ਕੇ ਪ੍ਰਵਾਨ ਕਰ ਲਿਆ ।- ਨਵਾਬ ਕਪੂਰ ਸਿੰਘ ਜੀ ਨੂੰ ਰੇਸ਼ਮੀ ਦਸਤਾਰ, ਹੀਰਿਆਂ ਨਾਲ ਜੜੀ ਹੋਈ ਕਲਗੀ, ਸੁਨਹਿਰੀ ਕੜੇ,ਇੱਕ ਹਾਰ ਅਤੇ ਇੱਕ ਕੀਮਤੀ ਮੋਤੀਆਂ ਦੀ ਮਾਲਾ, ਇੱਕ ਤਲਵਾਰ ਸੌਂਪ ਦਿੱਤੀਆਂ ਗਈਆਂ। ਇਸਤੋ ਬਾਅਦ ਨਵਾਬ ਕਪੂਰ ਨੇ ਜੰਗਲਾ ਵਿਚੋਂ ਸਿਖਾਂ ਨੂੰ ਅਮ੍ਰਿਤਸਰ ਬੁਲਾ ਲਿਆ ।

ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਅਨੰਦਪੁਰ ਦੀਆਂ ਰੌਣਕਾਂ ਅੰਮ੍ਰਿਤਸਰ ਵਿਚ ਫਿਰ ਲਗ ਗਈਆਂ। ਸਰਦਾਰਾਂ ਵਿਚ ਅਹੁੱਦੇ ਵੰਡੇ ਗਏ: ਸ੍ਰ. ਕਪੂਰ ਸਿੰਘ ਨੂੰ ਨਵਾਬ ਦਾ ਖਿਤਾਬ ਦਿਤਾ ਗਿਆ ਅਤੇ ਉਹ ਪੰਥ ਦਾ ਜਥੇਦਾਰ ਬਣਿਆਂ। ਭਾਈ ਮਨੀ ਸਿੰਘ ਨੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀਆਂ ਜ਼ਿਮੇਂਵਾਰੀਆਂ ਸੰਭਾਲੀਆਂ, ਗੁਰਬਖਸ਼ ਸਿੰਘ ਨੂੰ ਤੋਪਾਂ ਅਤੇ ਜੰਬੂਰੇ ਦਾ ਚਾਰਜ ਦਿਤਾ ਗਿਆ, ਹਰੀ ਸਿੰਘ ਲੰਗਰ ਦਾ ਜਥੇਦਾਰ ਬਣਿਆਂ ਅਤੇ ਜੱਸਾ ਸਿੰਘ ਆਹਲੂਵਾਲੀਆ ਘੋੜਿਆਂ ਦਾ ਵਰਤਾਵਾ ਹੋਇਆ । ਹਰੀ ਸਿੰਘ ਹਜ਼ੂਰੀ, ਦੀਪ ਸਿੰਘ ਸ਼ਹੀਦ, ਜੱਸਾ ਸਿੰਘ ਰਾਮਗੜੀਆ, ਕਰਮ ਸਿੰਘ ਖੱਤਰੀ, ਬੁੱਢਾ ਸਿੰਘ ਸ਼ੁਕਰਚੱਕ, ਭੂਮਾ ਸਿੰਘ, ਗਰਜਾ ਸਿੰਘ ਆਦਿ ਮੁੱਖੀ ਸਲਾਹਕਾਰ ਅਤੇ ਪ੍ਰਬੰਧਕ ਬਣੇ।

ਇਹ ਪ੍ਰਬੰਧ ਅਤੇ ਸਰਕਾਰ ਨਾਲ ਸਮਝੌਤਾ ਲਗਭਗ ਦੋ ਸਾਲ ਤਕ ਚਲਿਆ। ਸਰਕਾਰ ਦਾ ਵਿਚਾਰ ਸੀ ਕਿ ਸਿਖ ਇਸ ਲਾਲਚ ਵਿੱਚ ਆਕੇ ਸਾਡੇ ਅਧੀਨ ਹੋ ਜਾਣਗੇ ਪਰ ਸਿੱਖਾਂ ਨੇ ਇਸ ਸਮੇਂ ਤੋਂ ਫਾਇਦਾ ਉਠਾਂਦਿਆਂ ਆਪਣੀ ਜੱਥੇਬੰਦੀ ਨੂੰ ਤਕੜਾ ਕਰਨਾ ਸ਼ੁਰੂ ਕਰ ਦਿੱਤਾ ।ਉਸ ਸਮੇਂ ਦੇ ਸਿੰਘ ਤਖਤਾਂ ਤਾਜ਼ਾਂ ਨੂੰ ਠੋਕਰਾਂ ਮਾਰ ਕੇ ਕੌਮ ਦੀ ਚੜਦੀ ਕਲਾ ਲਈ ਮਰ ਮਿਟਣ ਵਾਲੇ ਹੁੰਦੇ ਸਨ ਅਜ ਵਾਂਗ ਨਹੀਂ ।
ਇਸ ਸਮੇਂ ਸਿਖਾਂ ਦੇ ਸਾਮਣੇ ਕੁਝ ਵਿਉਹਾਰਕ ਮੁਸ਼ਕਿਲਾਂ ਵੀ ਸਾਹਮਣੇ ਆਈਆਂ: ਸਿੱਖਾਂ ਦੀ ਆਬਾਦੀ ਚੋਖੀ ਵੱਧ ਗਈ। ਇਕ ਥਾਂ ਪ੍ਰਬੰਧ ਕਰਨਾ ਔਖਾ ਹੋ ਗਿਆ। ਖਰਚੇ ਦੀ ਪੂਰਤੀ ਜਗੀਰ ਤੋਂ ਹੋਣੀ ਮੁਸ਼ਕਿਲ ਹੋ ਗਈ। ਇਸ ਦਾ ਹੱਲ ਪੰਥ ਨੂੰ ਦੋ ਹਿੱਸਿਆਂ ਵਿਚ ਵੰਡਣ ਵਿਚ ਨਿਕਲਿਆ। 40 ਸਾਲ ਤੋਂ ਥਲੇ ਵਾਲੇ ਨੋਜੁਆਨ ਤਰੁਣਾ ਦਲ ਦੇ ਹੇਠ ਆ ਗਏ ਜਿਨਾ ਦਾ ਕਾਰਜ ਫੌਜੀ-ਕਾਰਵਾਈਆਂ ਸੀ 40 ਵਰ੍ਹਿਆਂ ਤੋਂ ਵਧੇਰੇ ਉਮਰ ਵਾਲੇ ਬੁੱਢਾ ਦਲ ਵਿਚ ਸ਼ਾਮਲ ਹੋ ਗਏ ਜਿਨ੍ਹਾ ਦਾ ਮੱਖ ਕਾਰਜ਼ ਧਰਮ ਪ੍ਰਚਾਰ ਅਤੇ ਗੁਰੂ ਅਸਥਾਨਾਂ ਦੀ ਸੇਵਾ ਸੰਭਾਲ ਸੀ, ਪਰ ਜਦੋਂ ਪੰਥ ‘ਤੇ ਭੀੜ ਆ ਬਣਦੀ ‘ਤੇ ਜ਼ਾਲਮ ਜੁਲਮ ਕਰਨ ‘ਤੇ ਤੁਲ ਜਾਂਦੇ ਤਾਂ ਦੋਵੇਂ ਦਲ ਮਿਲਕੇ ਵੈਰੀ ਨੂੰ ਮੁੰਹ ਤੋੜਵਾ ਜਵਾਬ ਦਿਆ ਕਰਦੇ ਸਨ।

ਨਵਾਬ ਕਪੂਰ ਸਿੰਘ ਨੂੰ ਇਸ ਦਾ ਜਥੇਦਾਰ ਪ੍ਰਵਾਨ ਕੀਤਾ ਗਿਆ। ਬਾਕੀ ਦੇ ਸਿੱਖ ਤਰੁਨਾ ਦਲ ਦਾ ਹਿੱਸਾ ਬਣੇ। ਇਸ ਨੂੰ ਪੰਜ ਜਥਿਆਂ ਵਿਚ ਵੰਡਿਆ ਗਿਆ। ਬੁੱਢਾ ਦਲ ਤਾਂ ਅੰਮ੍ਰਿਤਸਰ ਵਿਚ ਰਹਿ ਪਿਆ ਪਰ ਤਰਨਾ ਦਲ ਦੇ ਜਥੇ ਲਾਹੌਰ ਦੇ ਸੂਬੇ ਤੋਂ ਬਾਹਰ ਚਲੇ ਗਏ ਅਤੇ ਆਪਣੇ ਖਰਚੇ ਪਾਣੀ ਲਈ ਲੁੱਟਮਾਰ ਕਰਨ ਲਗੇ।

ਜਦੋਂ ਲਾਹੌਰ ਦੇ ਸੂਬੇਦਾਰ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਸਨੇ ਸਮਝੌਤੇ ਦੀ ਉਲੰਘਣਾ ਹੋਈ ਦੱਸ ਕੇ ਜਾਗੀਰ ਵਾਪਸ ਖੋਹ ਲਈ। ਇਸ ਤਰ੍ਹਾਂ ਬੁੱਢਾ ਦਲ ਦਾ ਵੀ ਅੰਮ੍ਰਿਤਸਰ ਰਹਿਣਾ ਔਖਾ ਹੋ ਗਿਆ।ਇਸ ਸਮੇ ਭਾਈ ਮਨੀ ਸਿੰਘ ਦੇ ਬੰਦ ਬੰਦ ਕਟ ਕੇ ਸ਼ਹੀਦ ਕੀਤਾ ਗਿਆ । ਜਦ ਨਾਦਰਸ਼ਾਹ ਹਿੰਦੋਸਤਾਨ ਦੀ ਦੌਲਤ ਲੁੱਟਕੇ ਇੱਥੋਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ ਵੱਲ ਲੈ ਜਾ ਰਿਹਾ ਸੀ ਤਾਂ ਸਿੰਘਾਂ ਦੀ ਕੌਮੀ ਅਣਖ ਨੇ ਉਸ ਨੂੰ ਵੰਗਾਰਿਆ, ਉਸ ਸਮੇਂ ਸਿੰਘਾ ਦੀ ਕਮਾਨ ਨਵਾਬ ਕਪੂਰ ਸਿੰਘ, ਸ: ਜੱਸਾ ਸਿੰਘ ਅਹਲੂਵਾਲੀਆ ਅਤੇ ਸ: ਬਘੇਲ ਸਿੰਘ ਕਰ ਰਹੇ ਸਨ।ਸਿੰਘਾਂ ਨੇ ਉਸਦੇ ਲੁੱਟ ਦਾ ਮਾਲ ਵੀ ਹੌਲਾ ਕਰ ਦਿੱਤਾ ਅਤੇ ਕੈਦੀ ਲੜਕੇ ਲੜਕੀਆਂ ਨੂੰ ਵੀ ਛੁੜਵਾਕੇ ਬਾ-ਇਜ਼ਤ ਆਪਣੇ ਆਪਣੇ ਘਰਾਂ ਨੂੰ ਪਹੁੰਚਾ ਦਿਤਾ ।

ਨਾਦਰ ਸ਼ਾਹ ਸਿੰਘਾਂ ਦੇ ਬੁਲੰਦ ਹੌਸਲੇ ਵੇਖ ਕੇ ਹੈਰਾਨ ਰਹਿ ਗਿਆ ਅਤੇ ਜ਼ਕਰੀਆਂ ਖਾਨ ਨੂੰ ਪੁਛਿਆ “ਇਹ ਕੌਣ ਹਨ, ਜਿਨ੍ਹਾਂ ਨੇ ਮੇਰੇ ਵਰਗੇ ਲੁਟੇਰੇ ਨੂੰ ਵੰਗਾਰਿਆ ਹੈ।ਜ਼ਕਰੀਆ ਖਾਨ ਨੇ ਦੱਸਿਆ ਕਿ ਇਹ ਲੋਕ ਸਿੰਘ ਅਖਵਾਉਂਦੇ ਹਨ। ਜੰਗਲ ਪਹਾੜ ਤੇ ਰੇਗਿਸਤਾਨ ਇਨ੍ਹਾ ਦਾ ਵਤਨ ਹੈ, ਘੋੜਿਆਂ ਦੀਆਂ ਕਾਠੀਆਂ ਇਨ੍ਹਾ ਦੇ ਘਰ ਹਨ। ਸੁਣਿਆ ਹੈ ਜੰਗਲ ਵਿਚ ਨਿਕੇ-ਵਡੇ ਸਭ ਬੜੇ ਪਿਆਰ ਨਾਲ ਰਹਿੰਦੇ ਹਨ । ਜਦ ਕਦੀ ਇਹਨਾਂ ਦਾ ਲੰਗਰ ਪਕਦਾ ਹੈ ਪਹਿਲੇ ਗਰੀਬ-ਗੁਰਬੇ ਤੇ ਭੁਖਿਆਂ ਨੂੰ ਖੁਆਂਦੇ ਹਨ ਜੇ ਬਚ ਜਾਏ ਤਾਂ ਆਪ ਖਾ ਲੈਂਦੇ ਹਨ ਅਸੀਂ ਇਨ੍ਹਾਂ ਨੂੰ ਮਾਰਦੇ ਮਾਰਦੇ ਥੱਕ-ਹਾਰ ਗਏ ਹਾਂ, ਪਰ ਇਹ ਮੁੱਕਣ ਤੇ ਆਉਦੇਂ ਹੀ ਨਹੀਂ । ਅਸੀਂ ਇਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ ਵੀ ਵੇਖ ਲਿਆ ਹੈ, ਇਹ ਟਲਦੇ ਨਹੀਂ।ਨਾਦਰਸ਼ਾਹ ਸੁਣਕੇ ਹੈਰਾਨ ਰਹਿ ਗਿਆ ਅਤੇ ਕਹਿਣ ਲੱਗਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਇਹ ਲੋਕ ਆਪਣੀ ਚੜਦੀ ਕਲਾ ਸਦਕਾ ਦੇਸ਼ ਦੇ ਹਾਕਮ ਹੋਣਗੇ

।ਇਕ ਵਾਰ ਨਵਾਬ ਕਪੂਰ ਸਿੰਘ ਜੀ ਹਕੂਮਤ ਨੂੰ ਖਾਲਸੇ ਦਾ ਤੇਜ ਪ੍ਰਤਾਪ ਦਰਸਾਉਂਣ ਲਈ 20 ਸਿੰਘਾਂ ਦਾ ਜਥਾ ਲੈ ਕੇ ਲਾਹੌਰ ਦੀ ਕੋਤਵਾਲੀ ਵਿਚ ਪਹੁੰਚ ਗਏ ਅਤੇ ਕੋਤਵਾਲ ਨੂੰ ਬੰਦੀ ਬਣਾ ਲਿਆ। ਸਾਰਾ ਸਰਕਾਰੀ ਅਸਲਾ ਕਬਜੇ ਵਿਚ ਲੈ ਲਿਆ ਅਤੇ ਸਾਰੇ ਕੈਦੀ ਰਿਹਾਅ ਕਰ ਦਿਤੇ। ਨਵਾਬ ਸਾਹਿਬ ਜਾਂਦੇ ਜਾਂਦੇ ਕੋਤਵਾਲ ਨੂੰ ਕਹਿ ਗਏ ਕਿ ਆਪਣੇ ਹਾਕਮਾਂ ਨੂੰ ਕਹਿ ਦੇਵੀਂ ਕਿ ਸੱਚੇ ਪਾਤਸ਼ਾਹ ਦਾ ਥਾਪਿਆ ਕੋਤਵਾਲ ਸਰਦਾਰ ਕਪੂਰ ਸਿੰਘ ਆਇਆ ਸੀ ਅਤੇ ਜਦੋਂ ਤੱਕ ਹਾਕਮਾਂ ਨੂੰ ਖਬਰ ਪਹੁੰਚਦੀ ਸਿੰਘ ‘ਓਹ ਗਏ, ਓਹ ਗਏ’ ਹੋ ਜਾਂਦੇ ਸੀ । ਇਸ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਸੰਨ 1736 ਵਿਚ ਗੁਰੂ ਮਾਰੀ ਸਰਹੰਦ ਦੇ ਹਾਕਮਾਂ ਨੂੰ ਖੂਬ ਲੁਟਿਆ ਅਤੇ ਕੁਟਿਆ। ਫਿਰ ਉਨ੍ਹਾਂ ਨੇ ਪਟਿਆਲਾ ਰਿਆਸਤ ਵੱਲ ਜਾਣਾ ਕੀਤਾ, ਜਿਥੇ ਬਾਬਾ ਆਲਾ ਸਿੰਘ ਨੇ ਉਨ੍ਹਾਂ ਦੀ ਬਹੁਤ ਆਉ ਭਗਤ ਕੀਤੀ

ਇਸ ਦੋਰਾਨ ਭਾਈ ਮਨੀ ਸਿੰਘ ਦੀ ਸ਼ਹੀਦੀ , ਨਾਦਰਸ਼ਾਹ ਦੇ ਹਮਲੇ ਤੇ ਉਸਦੀ ਲੁਟ-ਘਸੁਟ, ਜਕਰੀਆਂ ਖਾਨ ਦੀਆਂ ਸਖਤੀਆਂ , 1740 ਵਿਚ ਮੱਸੇ ਰੰਘੜ ਦਾ ਕਤਲ , ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਸ਼ਹੀਦੀ , 16 ਜੁਲਾਈ 1745 ਵਿਚ ਭਾਈ ਤਾਰੂ ਸਿੰਘ ਦੀ ਸਹੀਦੀ , ਜਸਪਤ ਰਾਏ ਦੀ ਮੌਤ, ਛੋਟਾ ਘਲੂਕਾਰਾ, ਵਡਾ ਘਲੂਘਾਰਾ ਆਦਿ ਬਹੁਤ ਸਾਰੀਆਂ ਘਟਨਾਵਾਂ ਘਟੀਆਂ ।

ਨਵਾਬ ਕਪੂਰ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਉਪਰੰਤ ਪੰਥ ਦੇ ਧਾਰਮਿਕ ਆਗੂ ਬਣ ਗਏ ਨਵਾਬ ਕਪੂਰ ਦਾ ਆਪਣਾ ਕੋਈ ਬੱਚਾ ਨਹੀਂ ਸੀ । ਜਦ ਉਨ੍ਹਾ ਦੇ ਸ਼ਗਿਰਦ ਸਰਦਾਰ ਬਾਘ ਸਿੰਘ ਆਪਣੇ ਭਣੇਵੇਂ ਨੂੰ ਲੇਕੇ ਰਸਤੇ ਵਿਚ ਉਨ੍ਹਾ ਕੋਲ ਠਹਿਰੇ ਤਾਂ ਸਵੇਰੇ ਜੱਸਾ ਸਿੰਘ ਦਾ ਆਪਣੀ ਮਾਤਾ ਜੀ ਨਾਲ ਦੋ-ਤਾਰਾ ਵਜਾਂਦੇ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ ਉਨ੍ਹਾ ਤੇ ਬਾਲਕ ਦੇ ਮਿਠੇ ਬੋਲ, ਬਾਣੀ ਦੀ ਮਿਠਾਸ , ਸੁਰੀਲੀ ਅਵਾਜ਼ ,ਇਨ੍ਹਾ ਦਾ ਰੰਗ-ਢੰਗ ,ਸੇਵਾ ਸੁਭਾ ਤੇ ਸਿਖੀ ਸਿਦਕ ਨੂੰ ਦੇਖਕੇ ਬਹੁਤ ਗਹਿਰਾ ਅਸਰ ਹੋਇਆ ਤੇ ਉਨ੍ਹਾ ਨੇ ਬਚੇ ਦੀ ਅਗਲੀ ਮੰਜਲ ਸੁਆਰਨ ਦੀ ਤਿਆਰੀ ਕਰਨ ਲਈ ਇਹ ਬਚਾ ਉਨ੍ਹਾ ਤੋਂ ਮੰਗ ਲਿਆ ਜੱਸਾ ਸਿੰਘ ਭਾਗਾਂ ਵਾਲਾ ਸੀ ,ਪਹਿਲੇ ਉਸਨੂੰ ਮਹਾਨ ਆਤਮਾ ਮਾਤਾ ਬਖਸ਼ੀ , ਫਿਰ ਮਾਤਾ ਸੁੰਦਰ ਕੌਰ ਦੀ ਸੇਵਾ ਵਿਚ ਰਹਿਕੇ ਉਨ੍ਹਾ ਦਾ ਪਿਆਰ ਤੇ ਅਸੀਸਾਂ ਮਾਣੀਆਂ ਤੇ ਫਿਰ ਪੂਰਨ ਗੁਰੂ ਖਾਲਸਾ ਬਣਨ ਲਈ ਨਵਾਬ ਕਪੂਰ ਵਰਗੇ ਸਿਦਕੀ ਸਿਖ ਦੀ ਸੰਗਤ ਨਵਾਬ ਕਪੂਰ ਸਿੰਘ ਨੇ ਆਪਣੀ ਹਥੀਂ ਪੰਜ ਪਿਆਰਿਆਂ ਵਿਚ ਸ਼ਾਮਲ ਹੋਕੇ ਜੱਸਾ ਸਿੰਘ ਨੂੰ ਖੰਡੇ-ਬਾਟੇ ਦੀ ਪਹੁਲ ਛਕਾਈ । ਕੁੰਦਨ ਤਾਂ ਅਗੇ ਹੀ ਸੀ ਅਮ੍ਰਿਤ ਦੀ ਪੁਠ ਨੇ ਉਸਨੂੰ ਪਾਰਸ ਬਣਾ ਦਿਤਾ ਜਿਥੇ ਅਗੇ ਗੁਰਬਾਣੀ ਦਾ ਸਰੂਰ ਸੀ ਹੁਣ ਉਸਦੇ ਨਾਲ ਨਾਲ ਚੜਦੀ ਜਵਾਨੀ ਵਿਚ ਖਾਲਸਾਈ ਜੋਸ਼ ਵੀ ਠਾਠਾਂ ਮਾਰਨ ਲਗਾ ਨਵਾਬ ਕਪੂਰ ਨੇ ਇਸ ਨੂੰ ਆਪਣਾ ਵਾਰਿਸ ਬਣਾ ਲਿਆ ।

29 ਮਾਰਚ 1748 ਦੀ ਵੈਸਾਖੀ ਨੂੰ ਸਰਦਾਰ ਜਸਾ ਸਿੰਘ ਦੀ ਅਗਵਾਈ ਹੇਠ ਸਰਬਤ ਖਾਲਸੇ ਨੇ ਇੱਕਠੇ ਹੋਣ ਦਾ ਗੁਰਮਤਾ ਪਾਸ ਕੀਤਾ ਤੇ ਇਸ ਸਾਂਝੀ ਜਥੇਬੰਦੀ ਦਾ ਨਾਮ ‘ ਦਲ ਖਾਲਸਾ ‘ ਰਖਿਆ ਜਿਸਦਾ ਮੁਖੀ ਜੱਸਾ ਸਿੰਘ ਆਹਲੂਵਾਲੀਏ ਨੂੰ ਬਣਾ ਕੇ ਪੰਥ ਦੇ ਸਾਰੇ ਧਾਰਮਿਕ, ਰਾਜਨੀਤਕ ਤੇ ਫੌਜ਼ੀ ਮਸਲਿਆਂ ਨੂੰ ਨਜਿਠਨ ਦਾ ਅਧਿਕਾਰ ਦੇ ਦਿਤਾ ਪਰ ਫਿਰ ਵੀ ਹਰ ਸਲਾਹ ਨਵਾਬ ਕਪੂਰ ਤੋਂ ਹੀ ਲਈ ਜਾਂਦੀ । ਇਥੋਂ ਹੀ ਸ਼ੁਰੂ ਹੁੰਦਾ ਜੱਸਾ ਸਿੰਘ ਦਾ ਸਿਆਸੀ ਸਫਰ ਛੋਟੇ ਤੇ ਵਡੇ ਦੋਹਾਂ ਘਲੂਘਾਰਿਆਂ ਵਿਚ ਜੱਸਾ ਸਿੰਘ ਦੀ ਅਹਿਮ ਭੂਮਿਕਾ ਰਹੀ । ਬੜੀ ਬਹਾਦਰੀ ਤੇ ਸੂਝ-ਬੂਝ ਨਾਲ ਲੜਿਆ , ਦੂਰਾਨੀਆਂ , ਅਫਗਾਨੀਆਂ ਨਾਲ ਟਾਕਰਾ ਕੀਤਾ ,ਮੀਰ ਮਨੂੰ ਦੀਆਂ ਸਖਤੀਆਂ ਦੌਰਾਨ ਸਿਖਾਂ ਦੇ ਮਨੋਬਲ ਨੂੰ ਮਜਬੂਤ ਕੀਤਾ , ਦੀਵਾਨ ਕੌੜਾ ਮਲ ਦੀ ਸ਼ਾਹ ਨਵਾਜ਼ ਨਾਲ ਹੋਈ ਮੁਲਤਾਨ ਦੀ ਲੜਾਈ ਵਿਚ ਸਾਥ ਦਿਤਾ ਤੇ ਜਿਤ ਪ੍ਰਾਪਤ ਕੀਤੀ ਜਿਸਤੋਂ ਖੁਸ਼ ਹੋਕੇ ਦੀਵਾਨ ਨੇ ਅਮ੍ਰਿਤਸਰ ਦੀ ਕਾਰ ਸੇਵਾ ਤੇ ਗੁਰੂਦਵਾਰਾ ਬਾਲ-ਲੀਲਾ ਨਨਕਾਣਾ ਸਾਹਿਬ ਦੀ ਇਮਾਰਤ ਵਿਚ ਸਰੋਵਰ ਬਣਵਾਇਆ ।

ਤਰੁਣਾ ਦਲ ਦੀ ਸ਼ਕਤੀ ਵਧਦੀ ਚਲੀ ਗਈ ਤੇ ਫੌਜ 12000 ਤਕ ਪੁਜ ਗਈ ਨਵਾਬ ਕਪੂਰ ਨੇ ਸਹੀ ਜਥੇਬੰਦੀ ਲਈ ਇਸ ਨੂੰ ਪੰਜ ਹਿਸਿਆਂ ਵਿਚ ਵੰਡ ਦਿਤਾ ਹਰ ਇਕ ਦਾ ਅਲਗ ਖ਼ਿਤਾ ਬਣਾ ਦਿਤਾ ਹਰ ਇਕ ਦਾ ਆਪਣਾ ਡਰੰਮ ਆਪਣਾ ਬੈਚ ਤੇ ਆਪਣੀ ਸਟੇਟ ਬਣਾ ਦਿਤੀ । ਇਹ ਸਭ ਆਪੋ ਆਪਣੇ ਇਲਾਕਿਆਂ ਨੂੰ ਵਧਾਂਦੇ 1748 ਤਕ ਇਹ ਜਥੇ 65 ਤਕ ਪੁਜ ਗਏ । (13 ਅਪ੍ਰੈਲ ) 1748 ਵਿਚ ਸਿਖਾਂ ਦੇ 65 ਦਲਾਂ ਦੀ ਸ਼ਕਤੀ ਨੂੰ ਇਕਠਾ ਕਰਕੇ , ਇਕ ਸਰਬਤ ਖਾਲਸਾ ਦਲ ਦੀ ਅਗਵਾਈ ਵਿਚ 11 ਜਥਿਆਂ ਵਿਚ ਵੰਡ ਦਿਤਾ ਜਿਸ ਨੂੰ ਬਾਦ ਵਿਚ ਮਿਸਲਾਂ ਕਿਹਾ ਜਾਣ ਲਗਾ, ਜਿਨ੍ਹਾ ਦਾ ਖੇਤਰ ਸਤਲੁਜ ਨਦੀ ਦੇ ਇਸ ਪਾਰ ਸੀ । ਸਤਲੁਜ ਨਦੀ ਦੇ ਉਸ ਪਾਰ ਫੁਲਕੀਆ ਮਿਸਲ ਪਹਿਲੇ ਹੀ ਕਾਇਮ ਹੋ ਚੁਕੀ ਸੀ ਜਿਸ ਦਾ ਖੇਤਰ ਮਾਲਵਾ ਸੀ । ਇਸ ਤਰਹ ਇਹ 12 ਮਿਸਲਾ ਪੰਜਾਬ ਤੇ ਤਕਰੀਬਨ ਰਾਜ ਹੀ ਕਰ ਰਹੀਆਂ ਸੀ ਤੇ ਕਿਸੇ ਦਾ ਹੀਆ ਨਹੀਂ ਸੀ ਪੈਂਦਾ ਇਨ੍ਹਾ ਨੂੰ ਵੰਗਾਰਨ ਦਾ ।

ਮਿਸਲਾਂ ਵਿਚ ਇਕ ਮਿਸਲ ਨਵਾਬ ਕਪੂਰ ਸਿੰਘ ਦੀ ਵੀ ਸੀ ਜਿਸ ਨੂੰ ਫੈਜ਼ਲਪੁਰੀਆ ਜਾਂ ਸਿੰਘ ਪੁਰੀਆ ਮਿਸਲ ਕਿਹਾ ਜਾਂਦਾ ਹੈ। ਨਵਾਬ ਕਪੂਰ ਸਿੰਘ ਦੀ ਮਿਸਲ ਨਾਲੋਂ ਕਈ ਹੋਰ ਮਿਸਲਾਂ ਵੱਡੀਆਂ ਅਤੇ ਤਾਕਤਵਰ ਸਨ ਪਰ ਨਵਾਬ ਸਾਹਿਬ ਦੀ ਬਜ਼ੁਰਗੀ ਅਤੇ ਉੱਚੇ ਸੁੱਚੇ ਆਚਰਨ ਕਰਕੇ ਸਾਰਾ ਪੰਥ ਉਨ੍ਹਾਂ ਨੂੰ ਹੀ ਆਗੂ ਮੰਨਦਾ ਸੀ। ਸਿੰਘ ਇਨ੍ਹਾ ਦੇ ਹਥੋ ਅਮ੍ਰਿਤਪਾਨ ਕਰਨਾ ਹਮੇਸ਼ਾਂ ਆਪਣੇ ਲਈ ਫਖਰ ਸਮਝਦੇ ਪਟਿਆਲੇ ਦੇ ਬਾਬਾ ਆਲਾ ਸਿੰਘ ਨੇ ਅਮ੍ਰਿਤ-ਪਾਨ ਇਨ੍ਹਾ ਦੇ ਹਥੋਂ ਕੀਤਾ ਸੀ ।

ਤੇਰਾਂ ਸਾਲ ਦਾ ਸਮਾਂ ਸਿੱਖਾਂ ਨੇ ਸਰਕਾਰ ਨਾਲ ਟੱਕਰ ਲੈਂਦਿਆਂ, ਖਾਨਾ ਬਦੋਸ਼ਾਂ ਵਰਗਾ ਜੀਵਨ ਜੀਊਂਦਿਆਂ ਬਿਤਾਇਆ। ਲੱਗਭਗ ਅੱਠ ਹਜ਼ਾਰ ਸਿੱਖ ਇਸ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਰਾਮ ਰਾਉਣੀ ਕਿਲੇ ਵਿੱਚ ਪੰਜ ਸੌ ਸਿੰਘ ਸਨ।ਸਰਕਾਰ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਅਕਤੂਬਰ 1748 ਤੋਂ ਫਰਵਰੀ 1749 ਤੱਕ ਜੰਮ ਕੇ ਲੜਾਈ ਹੋਈ । ਦੋ ਸੌ ਸਿੰਘ ਸ਼ਹੀਦ ਹੋ ਗਏ। ਦੀਵਾਨ ਕੌੜਾ ਮੱਲ ਦਾ ਯਤਨਾਂ ਸਦਕਾ ਸ਼ਾਂਤੀ ਹੋ ਗਈ।

ਪ੍ਰਗਟਾ ਪੱਟੀ ਦੇ ਬਾਰਾਂ ਪਿੰਡ ਅਤੇ ਚੂਣੀਆਂ ਇਲਾਕੇ ਦੀ ਜਾਗੀਰ ਫਿਰ ਸਿੰਘਾਂ ਨੂੰ ਮਿਲ ਗਈ।ਨਵਾਬ ਕਪੂਰ ਸਿੰਘ ਜੀ ਨੇ ਇਸ ਜਾਗੀਰ ਤੋਂ ਖੁਲੱਵਾਂ ਲੰਗਰ ਲਗਵਾ ਦਿੱਤਾ। ਮੀਰ ਮੰਨੂ ਸਿੰਘਾਂ ਦਾ ਖੂਰਾ ਖੋਜ ਮਿਟਾਉਣਾ ਚਾਹੁੰਦਾ ਸੀ।ਇਸ ਸਮੇਂ ਹੀ ਇਹ ਕਹਾਵਤ ਮਸ਼ਹੂਰ ਹੋਈ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਿਵਾਏ ਹੋਏ।

3 ਨਵਂਬਰ 1753 ਨੂੰ ਮੀਰ ਮੰਨੂ ਮਰ ਗਿਆ। ਉਸਦੀ ਮੌਤ ਦੀ ਖਬਰ ਸੁਣਦਿਆਂ ਹੀ ਸਿੰਘ ਲਾਹੌਰ ‘ਤੇ ਟੁੱਟ ਕੇ ਪੈ ਗਏ। ਬਹੁਤ ਸਾਰੇ ਕੈਦੀ ਸਿੰਘਣੀਆਂ ਅਤੇ ਬੱਚੇ ਜੇਲਾਂ ਵਿੱਚ ਡੱਕੇ ਹੋਏ ਸਨ ਅਤੇ ਰੋਜ਼ਾਨਾਂ ਬੱਚਿਆਂ ਦੇ ਟੋਟੇ ਕਰਵਾਕੇ ਸਿੱਖ ਮਾਵਾਂ ਦੇ ਗਲ ਪਾਏ ਜਾਂਦੇ ਸਨ। ਪਰ ਧੰਨ ਕਮਾਈ ਧੰਨ ਸਿਦਕ ਉਨ੍ਹਾਂ ਮਾਵਾਂ ਦਾ ਜਿੰਨ੍ਹਾਂ ਜਤ ਸਤ ਕਾਇਮ ਰੱਖਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ।

1761 ਵਿੱਚ ਉਸਨੇ ਲਹੌਰ ’ਤੇ ਕਬਜ਼ਾ ਕੀਤਾ ਤੇ ਸਿੰਘਾਂ ਵਲੋਂ ਉਸਨੂੰ ਸੁਲਤਾਨ-ਉਲ-ਕੌਮ ਦਾ ਖਿਤਾਬ ਦਿਤਾ ਗਿਆ । ਅਹਿਮਦ ਸ਼ਾਹ ਅਬਦਾਲੀ ਨਾਲ਼ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ। 1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ ਜਦੋਂ ਦਲ ਖਾਲਸੇ ਨੂੰ 11 ਮਿਸਲਾਂ ਵਿਚ ਵੰਡਿਆ ਇਕ ਮਿਸਲ ਪਟਿਆਲਾ ,ਨਾਭਾ ,ਜੀਂਦ ਤੇ ਮਲੇਰਕੋਟਲਾ ਦੀ ਪਹਿਲੇ ਤੋਂ ਸੀ ਤਾਂ ਸਭ ਦੇ ਆਪਣੇ ਆਪਣੇ ਸਰਦਾਰਾਂ ਦੇ ਉਪਰ ਸ਼ਰੋਮਣੀ ਸਰਦਾਰ ਦੀ ਉਪਾਧੀ ਜੱਸਾ ਸਿੰਘ ਨੂੰ ਦੇ ਦਿਤੀ । ਇਸਦੇ ਨਾਲ ਨਾਲ ਇਹ ਆਪਣੀ ਅਹਲੂਵਾਲਿਆ ਮਿਸਲ ਦੇ ਵੀ ਜਥੇਦਾਰ ਰਹੇ ਜਿਸ ਵੇਲੇ ਨਵਾਬ ਕਪੂਰ ਸਿੰਘ ਆਪਣੇ ਅੰਤਲੇ ਸਾਹਾਂ ਤੇ ਸੀ ,ਉਨ੍ਹਾ ਨੇ ਸਾਰਦਾਰ ਜੱਸਾ ਸਿੰਘ ਨੂੰ ਬੁਲਵਾਇਆ ਤੇ ਦਸਮ ਪਿਤਾ ਦੀ ਫੌਲਾਦੀ ਚੋਬ ਦੇਕੇ ਖਾਲਸੇ ਦੀ ਸੇਵਾ ਕਰਨ ਤੇ ਇਕ-ਮੁਠ ਰਖਣ ਦਾ ਬਚਨ ਲਿਆ ।

7 ਅਕਤੂਬਰ 1753 ਨੂੰ ਦਲ ਖਾਲਸਾ ਦੇ ਮਹਾਨ ਆਗੂ ਨਵਾਬ ਕਪੂਰ ਸਿੰਘ ਜੀ ਚੜਾਈ ਕਰ ਗਏ। ਉਨ੍ਹਾਂ ਦਾ ਸਸਕਾਰ ਬਾਬਾ ਅਟੱਲ ਰਾਏ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਕੋਲ ਕੀਤਾ ਗਿਆ। ਉਥੇ ਉਨ੍ਹਾਂ ਦਾ ਅਸਥਾਨ ਵੀ ਬਣਾਈ ਗਈ ਜਿਸ ਉਤੇ ”ਸਮਾਧ ਨਵਾਬ ਕਪੂਰ ਸਿੰਘ ਜੀ ਬਹਾਦਰ, ਬਜ਼ੁਰਗ ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ” ਉਕਰਿਆ ਗਿਆ ਸੀ। ਇਹ ਸਮਾਧ 12-13 ਅਪਰੈਲ, 1923 ਨੂੰ ਬਿਨਾਂ ਇਸ ਦਾ ਮੱਹਤਵ ਸਮਝੇ ਢਾਹ ਦਿਤੀ ਗਈ। ਨਾਭੇ ਵਿਚ ਪਿੰਡ ਕਪੂਰਗੜ ਦਾ ਨਾਮ ਇਨ੍ਹਾ ਦੇ ਨਾਮ ਵਜੋਂ ਰਖਿਆ ਗਿਆ ਹੈ ਨਵਾਬ ਕਪੂਰ ਸਿੰਘ ਨੇ ਜਿਸ ਸਿਆਣਪ ਨਾਲ ਸਿੱਖ ਪੰਥ ਦੀ ਤੀਹ ਸਾਲ ਅਗਵਾਈ ਕੀਤੀ ਅਤੇ ਜਿਸ ਬਹਾਦਰੀ ਨਾਲ ਤੇਗਾਂ ਵਾਹੀਆਂ, ਉਸ ਉਤੇ ਸਿੱਖ ਪੰਥ ਨੂੰ ਮਾਣ ਹੈ।

10 ਅਪ੍ਰੈਲ 1754 ਦੀ ਵੈਸਾਖੀ ਅਕਾਲ ਤਖਤ ਸ੍ਰੀ ਅਮ੍ਰਿਤਸਰ ਵਿਖੇ ਦੀਵਾਨ ਸਜਿਆ ਸਰਬਤ ਸੰਗਤਾਂ ਨੇ ਜੱਸਾ ਸਿੰਘ ਨੂੰ ਹਰ ਪ੍ਰਕਾਰ ਯੋਗ ਜਾਣਕੇ ਨਵਾਬ ਕਪੂਰ ਦੀ ਨਵਾਬੀ ਦਾ ਖਿਤਾਬ ਬਖਸ਼ਿਆ ।

ਜੱਸਾ ਸਿੰਘ ਅਹਲੂਵਾਲਿਆ ਦੇ ਅਕਾਲ ਚਲਾਣੇ ਤੋਂ ਬਾਅਦ ਨਵਾਬ ਕਪੂਰ ਦੀ ਇਸ ਮਿਸਲ ਦਾ ਵਾਰਿਸ ਨਵਾਬ ਕਪੂਰ ਦਾ ਭਤੀਜਾ ਖੁਸ਼ਾਲ ਸਿੰਘ ਬਣਿਆ ਜਿਸਦੇ ਸਮੇ ਇਸ ਮਿਸਲ ਦਾ ਬਹੁਤ ਵਿਸਥਾਰ ਹੋਇਆ ਸਤਲੁਜ ਦਰਿਆ ਦੇ ਦੋਨੋ ਕੰਢਿਆ ਦੇ ਬਹੁਤ ਸਾਰੇ ਇਲਾਕੇ , ਪੱਟੀ, ਭਰਤਪੁਰ ਨੂਰਪੁਰ,ਬੇਹਰਾਮਪੁਰ, ਜਲੰਧਰ, ਲੁਧਿਆਨਾ ਤੇ ਕੁਝ ਹਿਸਾ ਬਨੂਰ ਦਾ 1795 ਇਸਦੀ ਮੌਤ ਤੋਂ ਬਾਅਦ ਇਸਦਾ ਬੇਟਾ ਬੁਧ ਸਿੰਘ ਇਸਦਾ ਵਾਰਸ ਬਣਿਆ । ਇਸਨੇ ਵੀ ਬਹੁਤ ਸਾਰੇ ਇਲਾਕੇ ਜਿਤੇ ਪਰ ਖੁਸ਼ਹਾਲ ਸਿੰਘ ਵਰਗੀ ਸੂਝ -ਬੂਝ ਤੇ ਦੂਰਅੰਦੇਸ਼ੀ ਨਾ ਹੋਣ ਕਰਕੇ ਸਤਲੁਜ ਕੰਢੇ ਦੇ ਸਾਰੇ ਪਛਮੀ ਇਲਾਕੇ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਹੇਠ ਆ ਗਏ ।

ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਖੇਰੂੰ-ਖੇਰੂੰ ਹੋਏ ਸਿੱਖ ਪੰਥ ਨੂੰ ਮੁੜ ਤੋਂ ਜਥੇਬੰਦ ਕਰਕੇ ਉਭਾਰਨ ਦਾ ਸਿਹਰਾ ਨਵਾਬ ਕਪੂਰ ਸਿੰਘ ਜਿਹੇ ਦੂਰ-ਅੰਦੇਸ਼ੀ ਅਤੇ ਮਹਾਨ ਯੋਧੇ ਦੇ ਸਿਰ ਤੇ ਹੀ ਹੈ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?