ਕਿਸਾਨ ਜੱਥੇਬੰਦੀਆਂ ਵੱਲੋਂ ਗਰਿੱਡ ਘੇਰਨ ਦੀ ਤਿਆਰੀ, ਬਿਜਲੀ ਬੋਰਡ ਵੱਲੋਂ ਕੋਲੇ ਦੀ ਥੁੜ ਖੁਣੋ ਹੱਥ ਖੜੇ।
ਝਬਾਲ 11 ਅਕਤੂਬਰ ( ਨਿਸ਼ਾਨ ਸਿੰਘ ਮੂਸੇ ) ਪੰਜਾਬ ‘ਚ ਇਸ ਸਮੇਂ ਬਿਜਲੀ ਸੰਕਟ ਡੂੰਗਾ ਹੁੰਦਾ ਜਾ ਰਿਹਾ ਹੈ। ਪਹਿਲਾ ਮੋਟਰਾਂ ਨੂੰ ਮਿਲਨ ਵਾਲੀ ਤਿੰਨ ਫੇਸ ਬਿਜਲੀ ਸੰਪਾਲਈ ‘ਚ 48 ਘੰਟੇ ਕੱਟ ਲੱਗ ਕਿ ਮਿਲਦੀ ਸੀ। ਹੁਣ 24 ਘੰਟੇ ਘਰੇਲੂ ਪਾਵਰ ਸਪਲਾਈ ਦੀ ਵੀ ਪਾਵਰ ਮੁੱਕ ਦੀ ਜਾ ਰਹੀ ਹੈ। ਜਿਸ ਤੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀ ਵੀ ਹੱਥ ਖੜੇ ਕਰੀ ਜਾ ਰਹੇ ਹਨ। ਵੱਖ ਵੱਖ ਵਸੀਲਿਆਂ ਤੋਂ ਇਕੱਤਰ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕੋਲਾ ਸਪਲਾਈ ‘ਚ ਹੋਈ ਢਿੱਲ ਕਾਰਨ ਬਿਜਲੀ ਦੀ ਪੂਰੀ ਸਪਲਾਈ ਨਹੀਂ ਦਿੱਤੀ ਜਾ ਰਹੀ। ਜਿਸ ‘ਤੇ ਬਿਜਲੀ ਦੇ ਵੱਡੇ ਵੱਡੇ ਅਧਿਕਾਰੀ ਵੀ ਕੋਲੇ ਨਾਂ ਹੋਣ ਦਾ ਹੀ ਸਪੱਸ਼ਟੀ ਕਰਨ ਦੇ ਰਹੇ ਹਨ। ਦੂਜੇ ਬੰਨੇ ਕਿਸਾਨਾਂ ਦੀ ਸੌਣੀ ਦੀ ਫਸਲ ‘ਤੇ ਸੋਕੇ ਦੀ ਮਾਰ ਦਾ ਖਤਰਾ ਮੰਡਰਾਅ ਰਿਹਾ ਹੈ ਅਤੇ ਕਣਕ ਦੀ ਬਿਜਾਈ ਲੇਟ ਹੋਣ ਦਾ ਡਰ ਮਾਰ ਰਿਹਾ ਹੈ। ਕਿਸਾਨ ਦਿਲਬਾਗ ਸਿੰਘ ਨੂਰਪੁਰ, ਸਤਨਾਮ ਸਿੰਘ ਮੂਸੇ, ਗੁਰਜੀਤ ਸਿੰਘ ਮੂਸੇ, ਗੁਰਸੇਵਕ ਸਿੰਘ ਬੋਪਾਰਾਇ, ਜੁਗਰਾਜ ਸਿੰਘ ਧੂਲਕਾ ਹਰਜੀਤ ਸਿੰਘ ਮੂਸੇ, ਮੁਤਾਬਕ ਬਾਸਮਤੀ ਦੀ ਫਸਲ ਬਿਲਕੁਲ ਪੱਕੀ ਖਲੋਤੀ ਹੈ, ਜਿਸਨੂੰ ਇੱਕ ਪਾਣੀ ਦੀ ਤੁਰੰਤ ਲੋੜ ਹੈ, ਉਨ੍ਹਾਂ ਦੱਸਿਆ ਕਿ ਏਸ ਪਾਣੀ ਨਾਲ ਜਿੱਥੇ ਬਾਸਮਤੀ ਦੇ ਦਾਣੇ ਨਿਰੋਏ ਹੋਣੇ ਹਨ, ਉੱਥੇ ਧਰਤੀ ਕਣਕ ਦੀ ਬਿਜਾਈ ਦੇ ਅਨਕੂਲ ਹੋ ਜਾਵੇਗੀ। ਜੇਕਰ ਇਹ ਪਾਣੀ ਫਸਲ ਨੂੰ ਨਹੀਂ ਆਉਂਦਾ ਤਾਂ ਇੱਕ ਤਾਂ ਬਾਸਮਤੀ ਦੇ ਝਾੜ ਤੇ ਵੱਡਾ ਫਰਕ ਪਵੇਗਾ, ਉੱਪਰੋਂ ਕਣਕ ਦੀ ਬਿਜਾਈ ਘੱਟੋ-ਘੱਟ ਮਹੀਨਾ ਲੇਟ ਹੋਵੇਗੀ। ਜਿਸਦਾ ਸਿੱਧਮ ਸਿੱਧਾ ਨੁਕਸਾਨ ਕਿਸਾਨ ਨੂੰ ਹੋਵੇਗਾ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਤੀਸਰੇ ਦਿਨ ਤਿੰਨ ਫੇਸ ਬਿਜਲੀ ਸਪਲਾਈ ਮੋਟਰਾਂ ਨੂੰ ਮਿਲਦੀ ਸੀ, ਜਿਹੜੀ ਪਿੱਛਲੇ ਤਿੰਨ ਦਿਨ ਤੋਂ ਇੱਕ-ਇੱਕ ਦੋ-ਦੋ ਘੰਟੇ ਕੱਟ ਨਾਲ ਮਿਲ ਰਹੀ ਜਿਸ ਨਾਲ ਇੱਕ ਏਕੜ ਵੀ ਨਹੀਂ ਭਰਦਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਦੇ ਵਾਹੇ ਵੱਡਾ ਨੂੰ ਕਣਕ ਦੀ ਬਿਜਾਈ ਦੇ ਵੱਤਰ ਕਰਨ ਲਈ ਬੇਹੱਦ ਪਾਣੀ ਦੀ ਜ਼ਰੂਰਤ ਹੈ, ਜੇਕਰ ਬਾਸਮਤੀ ਹੀ ਨਹੀਂ ਭਰ ਰਹੀ ਫੇਰ ਵਾਹੇ ਵੱਡ ਭਰਨੇ ਬਹੁਤ ਮੁਸ਼ਕਲ ਗੱਲ ਹੈ। ਜਦੋਂ ਇਸ ਸੰਬੰਧੀ ਬੋਰਡ ਦੇ ਵੱਖ ਵੱਖ ਨੰਬਰਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀਆਂ ਨੇ ਅਸਮਰਥਤਾ ਜ਼ਾਹਰ ਕਰਦਿਆਂ ਆਪਣੇ ਹੱਥ ਖੱੜੇ ਕਰ ਦਿੱਤੇ। ਇਸ ਮਾਮਲੇ ‘ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਪ੍ਰਤਿਕਿਰਿਆ ‘ਚ ਕਿਸਾਨਾਂ ਦਾ ਮੁੱਦਾ ਤਾਂ ਚੁਕਿਆ ਪਰ ਸਿਵਾਏ ਨਸੀਹਤ ਅਤੇ ਭਵਿੱਖੀ ਹੱਲ ਦੀ ਤਾੜਨਾ ਦਿਸੀ, ਪਰ ਮੌਜੂਦਾ ਸੰਕਟ ਬਾਰੇ ਉਂਨ੍ਹਾ ਦੇ ਵੀ ਹੱਥ ਖੜੇ ਹੀ ਲੱਗੇ। ਉਨ੍ਹਾਂ ਨਸੀਹਤ ‘ਚ ਬਿਜਲੀ ਬੋਰਡ ਨੂੰ ਕਿਹਾ ਕਿ ਘੱਟੋ-ਘੱਟ ਇੱਕ ਮਹੀਨੇ ਦਾ ਕੋਲਾ ਪਾਵਰ ਕਾਮ ਕੋਲ ਜਮਾਂ ਰਹਿਣਾ ਚਾਹੀਦਾ ਹੈ ਅਤੇ ਅੱਗੇ ਸਾਨੂੰ ਸੂਰਜੀ ਊਰਜਾ ਵੱਲ ਧਿਆਨ ਦੇਣਾ ਚਾਹੀਦਾ ਹੈ। ਪਰ ਮੌਜੂਦਾ ਹਾਲਾਤਾਂ ਤੇ ਚਿੰਤਾ ਕਰਨ ਤੋਂ ਇਲਾਵਾ ਸਿੱਧੂ ਕੋਲ ਹੋਰ ਕੁਝ ਨਾਂ ਦਿੱਸਿਆ। ਇਸ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦੀ ਗੱਲ ਦੱਸੀ ਜਾ ਰਹੀ ਹੈ। ਪਰ ਇਸ ਵਿਚਾਲੇ ਪੰਜਾਬ ਦੀ ਜਨਤਾ ਦੇ ਸਾਹ ਸੁੱਕੇ ਹਨ, ਇੱਕ ਪਾਸੇ ਕਿਸਾਨ ਆਪਣੀ ਮੌਜੂਦਾ ਫਸਲ ਦੀ ਬਰਬਾਦੀ ਅਤੇ ਭਵਿੱਖ ਵਾਲੀ ਫਸਲ ਲੇਟ ਹੋਣ ਤੋਂ ਭੈਅ ਭੀਤ ਹਨ। ਦੂਜੇ ਬੰਨੇ ਪੰਜਾਬ ਦੀ ਆਮ ਜਨਤਾ, ਛੋਟੇ ਵੱਡੇ ਫੈਕਟਰੀ ਮਾਲਕ ਬਿਜਲੀ ਕੱਟਾ ਤੋਂ ਡਹਡੇ ਪ੍ਰੇਸ਼ਾਨ ਹਨ। ਹਾਲ ਦੀ ਘੜ੍ਹੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਬੋਰਡ ਤੇ ਸਰਕਾਰ ਵੱਲੋਂ ਸਿਵਾਏ ਦਿਲਾਸਿਆਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ। ਇਸ ਸੰਬੰਧੀ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਬਿਆਨ ਨੂੰ ਬਲਜੀਤ ਸਿੰਘ ਬਘੇਲ ਸਿੰਘ ਵਾਲੇ ਨੇ ਜਾਰੀ ਕਰਦਿਆਂ ਕਿਹਾ ਕਿ ਜੇਕਰ ਇਸ ਸੰਕਟ ਦਾ ਛੇਤੀ ਹੱਲ ਨਾਂ ਹੋਇਆ ਤਾਂ ਸਾਨੂੰ ਮਜਬੂਰਨ ਪੰਜਾਬ ਦੇ ਬਿਜਲੀ ਗਰਿੱਡ ਘੇਰਨੇ ਪੈਣਗੇ। ਉਨ੍ਹਾਂ ਕਿਹਾ ਕਿ ਪਹਿਲਾ ਹੀ ਕਿਸਾਨ ਕਰਜੇ ਹੇਠ ਲਿਤਾੜਿਆ ਹੋਇਆ ਹੈ, ਜੇਕਰ ਹੁਣ ਖੇਤੀ ਜਰਨੇਟਰ ਨਾਲ ਭਰਨੀ ਪੈਂਦੀ ਹੈ, ਤਾਂ ਕਿਸਾਨ ਦਾ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦਾ ਛੇਤੀ ਹੱਲ ਕੱਢਿਆ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ