ਤੀਹ ਸਾਲ ਪੂਰਾਣੀ ਗੱਲ ਏ..!
ਮੈਂ ਪ੍ਰੋਫੈਸਰ ਭਾਵੇਂ ਅੰਗਰੇਜੀ ਦੀ ਹੀ ਸਾਂ ਪਰ ਲਿਖਣ ਦਾ ਸ਼ੋਕ ਮੈਨੂੰ ਮੁੱਢ ਤੋਂ ਹੀ ਪੰਜਾਬੀ ਦਾ ਸੀ..!
ਇੱਕ ਮਿੰਨੀ ਕਹਾਣੀ ਸੰਗ੍ਰਹਿ ਵੀ ਸ਼ੁਰੂ ਕੀਤਾ..ਨਾਮ ਸੀ!
ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਾ ਪਵੇ ਕੇ ਹੁਣ ਇਸਦਾ ਅੰਤ ਕਿੱਦਾਂ ਕਰਾਂ..!
ਮਾਂ ਨਾਲ ਗੱਲ ਕਰਦੀ ਤਾਂ ਆਖਦੀ..ਚੋਂਕੇ ਚੁੱਲੇ ਵੱਲ ਵੀ ਧਿਆਨ ਦੇ..ਅੱਜ ਕੱਲ ਪੜਾਈ ਲਿਖਾਈ ਤੋਂ ਇਲਾਵਾ ਹੋਰ ਵੀ ਬੜਾ ਕੁਝ ਵੇਖਦੇ ਨੇ ਅਗਲੇ..!
ਮੈਂ ਹਰ ਵਾਰ ਸਿਰ ਜਿਹਾ ਮਾਰ ਗੱਲ ਆਈ ਗਈ ਕਰ ਦਿਆ ਕਰਦੀ..ਫੇਰ ਇੱਕ ਵੇਰ ਰਿਸ਼ਤੇ ਦੀ ਦੱਸ ਪਈ..ਪਰਿਵਾਰ ਥੋੜਾ ਬਹੁਤ ਵਾਕਿਫ ਵੀ ਸੀ..!
ਮੁੰਡਾ ਬਿਜਲੀ ਮਹਿਕਮੇਂ ਵਿਚ ਐੱਸ.ਡੀ.ਓ ਸੀ..!
ਵਿਚੋਲੇ ਵੱਲੋਂ ਬੁਰੀ ਤਰਾਂ ਡਰਾਈ ਹੋਈ ਮੇਰੀ ਮਾਂ ਨੇ ਕਿੰਨੀਆਂ ਸਾਰੀਆਂ ਪੱਕੀਆਂ ਕੀਤੀਆਂ..ਆਹ ਪੁੱਛਣ ਤੇ ਆਹ ਦੱਸਣਾ..ਆਹ ਆਖਣ ਤੇ ਹੱਸ ਕੇ ਵਿਖਾ ਦੇਣਾ..ਫੇਰ ਰਸੋਈ ਵਿਚ ਕਿੰਨਾ ਕੁਝ ਸਿਖਾਉਣ ਦੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ..ਚਾਹ..ਫੁਲਕੇ..ਸਬਜੀ ਤੇ ਹੋਰ ਵੀ ਬੜਾ ਕੁਝ..!
ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ..ਸੁਵੇਰ ਤੋਂ ਹੀ ਸ਼ੁਰੂ ਹੋ ਗਈ..ਅਖ਼ੇ ਰਸੋਈ ਬਾਰੇ ਜਿਆਦਾਤਰ ਸਵਾਲ ਸੱਸਾਂ ਹੀ ਪੁੱਛਿਆ ਕਰਦੀਆਂ ਨੇ..ਜੇ ਪੁੱਛਣ ਤਾਂ ਆਖੀਂ ਸਾਰਾ ਕੁਝ ਈ ਆਉਂਦਾ ਏ ਮੈਨੂੰ..ਬਾਕੀ ਵਿਆਹ ਤੱਕ ਤੈਨੂੰ ਮੈਂ ਸਭ ਕੁਝ ਸਿਖਾ ਹੀ ਦੇਣਾ..!
ਮੈਂ ਅੱਗਿਓਂ ਹਾਂ ਹਾਂ ਕਰੀ ਗਈ..ਪਰ ਐਨ ਮੌਕੇ ਤੇ ਹਾਲਾਤ ਕੁਝ ਹੋਰ ਹੀ ਹੋ ਗਏ..!
ਬਾਕੀ ਸਾਰੇ ਤੇ ਪੜਾਈ ਲਿਖਾਈ ਬਾਰੇ ਪੁੱਛੀ ਗਏ ਪਰ ਚੁੱਲੇ-ਚੌਂਕੇ ਰਸੋਈ ਘੜਾਈ ਬਾਰੇ ਸਬ ਤੋਂ ਪਹਿਲਾ ਸਵਾਲ ਕੀਤਾ ਐੱਸ ਡੀ ਓ ਸਾਬ ਦੇ ਦਾਦਾ ਜੀ ਨੇ..!
ਮੇਰੀ ਵੱਡੀ ਕਮਜ਼ੋਰੀ ਸੀ..ਨਾਜ਼ੁਕ ਮੌਕਿਆਂ ਤੇ ਮੈਨੂੰ ਗੱਲ ਬਣਾਉਣੀ ਬੜੀ ਹੀ ਔਖੀ ਲਗਿਆ ਕਰਦੀ..ਉਸ ਵੇਲੇ ਵੀ ਛੇਤੀ ਨਾਲ ਸੱਚ ਬੋਲ ਫਸੀ ਹੋਈ ਨੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਜਿਹੀ ਕੀਤੀ..!
ਸਾਫ ਸਾਫ ਦੱਸ ਦਿੱਤਾ ਕੇ ਮੈਨੂੰ ਤੇ ਸਵਾਏ ਚਟਣੀ ਕੁੱਟਣ ਦੇ ਹੋਰ ਕੁਝ ਵੀ ਨਹੀਂ ਆਉਂਦਾ..!
ਚਾਰੇ ਪਾਸੇ ਹਾਸਾ ਪੈ ਗਿਆ..ਮਾਂ ਆਪਣਾ ਸਿਰ ਫੜ ਕੇ ਬੈਠ ਗਈ..!
ਪਰ ਫੇਰ ਸਬੱਬੀਂ ਹੀ ਇੱਕ ਕਰਾਮਾਤ ਹੋ ਗਈ..ਅਗਲਿਆਂ ਹਾਂ ਕਰ ਦਿੱਤੀ..ਮਾਂ ਨੇ ਸੁਖ ਦਾ ਸਾਹ ਲਿਆ!
ਫੇਰ ਮੰਗਣੀ ਦੀ ਰਸਮ ਮੌਕੇ ਐੱਸ.ਡੀ.ਓ ਸਾਬ ਦੇ ਦਾਦੇ ਜੀ ਹੁਰਾਂ ਨੇ ਬੜਾ ਲੰਮਾ ਚੌੜਾ ਭਾਸ਼ਣ ਦਿੱਤਾ..ਆਖਣ ਲੱਗੇ..ਜਿੰਦਗੀ ਵਿਚ ਚੁੱਲ੍ਹਾ ਚੌਂਕਾ ਤੇ ਮਗਰੋਂ ਵੀ ਸਿਖਿਆ ਜਾ ਸਕਦਾ ਪਰ ਜਿਸ “ਸੱਚ ਦੀ ਤਲਾਸ਼” ਸਾਨੂੰ ਪਿਛਲੇ ਕਿੰਨਿਆਂ ਸਮੇ ਤੋਂ ਸੀ ਉਹ ਅੱਜ ਤੁਹਾਡੇ ਘਰੇ ਆ ਕੇ ਮੁੱਕੀ ਏ..!
ਮੈਂ ਮਾਂ ਵੱਲ ਵੇਖੀ ਜਾਵਾਂ ਤੇ ਇਸ਼ਾਰਿਆਂ ਨਾਲ ਆਖੀ ਜਾਵਾਂ..ਵੇਖਿਆ ਐਵੇਂ ਹੀ ਡਰੀ ਜਾਂਦੀ ਸੀ..ਇਹ ਤੇ ਕੰਮ ਹੀ ਬੜਾ ਸੌਖਾ ਏ!
ਫੇਰ ਮੈਨੂੰ ਆਖਣ ਲੱਗੇ ਹੁਣ ਤੂੰ ਵੀ ਕੁਝ ਬੋਲ..!
ਮੈਨੂੰ ਹੋਰ ਤੇ ਕੁਝ ਨਾ ਸੁਝਿਆ ਬਸ ਏਨੀ ਗੱਲ ਆਖ ਛੇਤੀ ਨਾਲ ਹੇਠਾਂ ਬੈਠ ਗਈ ਕੇ ਮੇਰੇ ਵੀ “ਸੱਚ ਦੀ ਤਲਾਸ਼” ਦਾ ਅੰਤ ਅੱਜ ਇਥੇ ਆ ਕੇ ਹੀ ਹੋਇਆ!
ਸਾਰੇ ਐੱਸ.ਡੀ.ਓ ਸਾਬ ਵੱਲ ਝਾਕਣ ਲੱਗੇ ਜਿੱਦਾਂ ਜਿਸ ਸੱਚ ਦੀ ਗੱਲ ਹੋ ਰਹੀ ਸੀ ਉਹ ਸ਼ਾਇਦ ਇਸ ਘਰ ਦਾ ਹੋਣ ਵਾਲਾ ਜਵਾਈ ਹੀ ਹੋਵੇ..ਪਰ ਪਾਣੀਓਂ ਪਾਣੀ ਹੋ ਗਿਆ ਵਿਚਾਰਾ ਐੱਸ ਡੀ ਓ ਸਾਬ ਅੱਖਾਂ ਹੀ ਅੱਖਾਂ ਵਿਚ ਹੀ ਕਈਆਂ ਨੂੰ ਸਫਾਈਆਂ ਦੇਣ ਵਿਚ ਰੁਝ ਗਿਆ..!
ਫੇਰ ਮਾਂ ਨੇ ਮੌਕਾ ਸੰਭਾਲਿਆ..ਆਖਣ ਲੱਗੀ ਆਪਣੇ ਕਹਾਣੀ ਸੰਗ੍ਰਹਿ ਦੇ ਆਖਰੀ ਪੰਨੇ ਦੀ ਗੱਲ ਕਰਦੀ ਪਈ ਏ ਕਮਲੀ..!
ਓਹਨੀ ਦਿੰਨੀ ਰਿਸ਼ਤੇਦਾਰੀ ਵਿਚ ਖੂਬ ਚਰਚਾ ਦਾ ਵਿਸ਼ਾ ਬਣੀ ਰਹੀ ਮੇਰੀ ਮੰਗਣੀ ਦੀ ਇਹ ਰੋਚਕ ਜਿਹੀ ਘਟਨਾ ਮੇਰੇ “ਸੱਚ ਦੀ ਤਲਾਸ਼” ਵਾਲੇ ਹੁਸੀਨ ਜਿਹੇ ਸਫ਼ਰ ਦਾ ਆਖਰੀ ਡੱਬਾ ਬਣ ਹਮੇਸ਼ਾਂ ਲਈ ਹੀ ਅਮਰ ਹੋ ਗਈ!
ਹਰਪ੍ਰੀਤ ਸਿੰਘ ਜਵੰਦਾ
Author: Gurbhej Singh Anandpuri
ਮੁੱਖ ਸੰਪਾਦਕ