Home » ਅੰਤਰਰਾਸ਼ਟਰੀ » ਇਸਾਈ ਮੱਤ ਦੇ ਉੱਭਰਦੇ ਡੇਰੇਦਾਰਾਂ ਦੀਆਂ ਵੱਧੀਆ ਰਹੀਆਂ ਪੰਜਾਬ ਵਿੱਚ ਸਰਗਰਮੀਆਂ

ਇਸਾਈ ਮੱਤ ਦੇ ਉੱਭਰਦੇ ਡੇਰੇਦਾਰਾਂ ਦੀਆਂ ਵੱਧੀਆ ਰਹੀਆਂ ਪੰਜਾਬ ਵਿੱਚ ਸਰਗਰਮੀਆਂ

47 Views

ਜਲੰਧਰ ਦੇ ਬਾਹਰਵਾਰ ਪੈਂਦਾ ਹੈ ਪਿੰਡ ਖਾਂਬਰਾ | ਇਥੇ 6 ਕੁ ਸਾਲ ਪਹਿਲਾਂ ਨਸ਼ਿਆਂ ਦੇ ਐਬ ‘ਚ ਪਏ ਇੰਜੀਨੀਅਰਿੰਗ ਦੇ ਦਰਮਿਆਨੇ ਪਰਿਵਾਰ ਦੇ ਨੌਜਵਾਨ ਅੰਕੁਰ ਨਰੂਲਾ ਨੇ ਪ੍ਰਾਰਥਨਾ ਰਾਹੀਂ ਪੀੜਤ ਲੋਕਾਂ ਦੀਆਂ ਮੁਸ਼ਕਿਲਾਂ ਤੇ ਬਿਮਾਰੀਆਂ ਦੂਰ ਕਰਨ ਦਾ ਅਜਿਹਾ ਅਡੰਬਰ ਰਚਿਆ ਕਿ ਉਸ ਨੇ ਥੋੜ੍ਹੇ ਹੀ ਸਮੇਂ ਵਿਚ ਹੁਣ ਆਪਣੇ ਘਰ ਵਾਲੀ ਜਗ੍ਹਾ ਛੱਡ ਕੇ ਪਿੰਡ ਦੇ ਨਾਲ ਲਗਦੀ ਮਹਿੰਗੇ ਭਾਅ ਦੀ 30 ਏਕੜ ਦੇ ਕਰੀਬ ਜ਼ਮੀਨ ਖ਼ਰੀਦ ਲਈ ਹੈ ਤੇ ਚਾਰ ਏਕੜ ‘ਚ ਇਕ ਵੱਡਾ ਆਲੀਸ਼ਾਨ ਗਿਰਜਾ ਘਰ ਉਸਾਰਿਆ ਜਾ ਰਿਹਾ ਹੈ ਤੇ ਬਾਕੀ ਥਾਂ ‘ਚ ਤੰਬੂ ਲਗਾ ਕੇ ਹਫ਼ਤੇ ‘ਚ ਦੋ ਵਾਰ ਪ੍ਰਾਰਥਨਾ ਸਭਾ (ਸਤਿਸੰਗ) ਕੀਤੀ ਜਾਂਦੀ ਹੈ | ਇਸ ਸਤਿਸੰਗ ਵਿਚ ਹਰ ਹਫ਼ਤੇ ਐਤਵਾਰ ਨੂੰ 25-30 ਹਜ਼ਾਰ ਦੇ ਕਰੀਬ ਸੰਗਤ ਹਾਜ਼ਰੀ ਭਰਦੀ ਦੱਸੀ ਜਾਂਦੀ ਹੈ | ਇਸ ਤੋਂ ਡੇਢ-ਦੋ ਕਿਲੋਮੀਟਰ ਦੂਰ ਪਿੰਡ ਤਾਜਪੁਰ ਹੈ, ਜਿਥੇ ਪਿੰਡ ਦੇ ਬਾਹਰ ਇਕ ਹਰਿਆਣਵੀ ਜਾਟ ਬਜਿੰਦਰ ਸਿੰਘ ਇਹੋ ਜਿਹਾ ਹੀ ਅਡੰਬਰ ਚਲਾ ਰਿਹਾ ਹੈ |
ਇਸ ਹਰਿਆਣਵੀ ਜਾਟ ਨੇ ਨਿਊ ਚੰਡੀਗੜ੍ਹ ‘ਚ ਵੀ ਅਜਿਹਾ ਹੀ ਇਕ ਕੇਂਦਰ ਖੋਲਿ੍ਹਆ ਹੈ | ਦੋਵੇਂ ਥਾਂ ਉਹ ਬੁੱਧਵਾਰ ਤੇ ਐਤਵਾਰ ਸਮਾਗਮ ਕਰਦਾ ਹੈ | ਪਿਛਲੇ ਵਰ੍ਹੇ ਬਜਿੰਦਰ ਸਿੰਘ ਨੂੰ ਜਬਰ ਜਨਾਹ ਤੇ ਠੱਗੀ ਮਾਰਨ ਦੇ ਦੋਸ਼ ਵਿਚ ਦਿੱਲੀ ਹਵਾਈ ਅੱਡੇ ਤੋਂ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ ਤੇ ਕੁਝ ਸਮਾਂ ਜੇਲ੍ਹ ‘ਚ ਰਹਿਣ ਬਾਅਦ ਹੁਣ ਜ਼ਮਾਨਤ ‘ਤੇ ਹੈ | ਉਸ ਵਲੋਂ ਤੰਬੂ ਲਗਾ ਕੇ ਕੀਤੇ ਜਾ ਰਹੇ ਸਤਿਸੰਗ ‘ਚ ਡੇਢ ਕੁ ਸਾਲ ਵਿਚ ਹੀ ਹਰ ਐਤਵਾਰ 10 ਹਜ਼ਾਰ ਤੋਂ ਵਧੇਰੇ ਲੋਕ ਹਾਜ਼ਰੀ ਭਰਨ ਆਉਂਦੇ ਦੱਸੇ ਜਾਂਦੇ ਹਨ, ਤੀਜਾ ਅਜਿਹਾ ਕੇਂਦਰ ਜਲੰਧਰ-ਕਪੂਰਥਲਾ ਸੜਕ ‘ਤੇ ਪੈਂਦੇ ਪਿੰਡ ਖੋਜੇਵਾਲ ਵਿਚ ਹੈ | ਵਧੇਰੇ ਜੱਟ ਸਿੱਖ ਵਸੋਂ ਵਾਲੇ ਇਸ ਪਿੰਡ ਵਿਚ ਪਿਛਲੇ 7-8 ਸਾਲ ਤੋਂ ਨੌਜਵਾਨ ਹਰਪ੍ਰੀਤ ਸਿੰਘ ਦਿਓਲ ਨੇ ਜਦੋਂ ਤੋਂ ਇਸ ਕੇਂਦਰ ਦੀ ਕਮਾਨ ਸੰਭਾਲੀ ਹੈ ਤਾਂ ਇਸ ਦੇ ਆਕਾਰ ਤੇ ਵਕਾਰ ‘ਚ ਵੱਡਾ ਵਾਧਾ ਹੋਇਆ ਹੈ |
ਹੁਣ ਇਥੇ ਪਿੰਡ ਵਿਚ ਹੀ ਇਕ ਛੋਟੀ ਜਿਹੀ ਇਮਾਰਤ ਵਿਚ ਚੱਲ ਰਹੇ ਪ੍ਰਚਾਰ ਕੇਂਦਰ ਦੇ ਨਾਲ ਬੇਸਮੈਂਟ ਵਾਲਾ ਇਕ ਵੱਡ ਆਕਾਰੀ ਓਪਨ ਡੋਰ ਚਰਚ ਉਸਰ ਰਿਹਾ ਹੈ ਤੇ ਹਫ਼ਤੇ ‘ਚ ਦੋ ਵਾਰ ਹੋਣ ਵਾਲੇ ਸਤਿਸੰਗ ਲਈ ਪਿੰਡ ਦੇ ਨਾਲ ਲਗਦੀ ਢਾਈ ਏਕੜ ਜ਼ਮੀਨ ਖ਼ਰੀਦ ਲਈ ਗਈ ਹੈ।
ਇਸਾਈ ਮੱਤ ਦੇ ਡੇਰਿਆਂ ਦਾ ਉਭਾਰ
ਨਵੇਂ ਉੱਭਰ ਰਹੇ ਇਹ ਤਿੰਨੋਂ ਨੌਜਵਾਨ ਪ੍ਰਚਾਰਕ 35-40 ਸਾਲ ਦੀ ਉਮਰ ਦੇ ਹਨ ਤੇ ਇਹ ਯਿਸੂ ਮਸੀਹ ਦੇ ਪੈਰੋਕਾਰ ਬਣ ਕੇ ਪ੍ਰਚਾਰ ਕਰਦੇ ਹਨ | ਪਹਿਲੀ ਵਾਰ ਹੈ ਕਿ ਪੰਜਾਬ ਵਿਚ ਯਿਸੂ ਮਸੀਹ ਦੇ ਮੁੱਖ ਪ੍ਰਚਾਰਕ ਕੋਈ ਪੰਜਾਬੀ ਜਾਂ ਹਰਿਆਣਵੀ ਜਾਟ ਬਣੇ ਹਨ | ਇਹ ਤਿੰਨੇ ਮੁੱਖ ਪ੍ਰਚਾਰਕ ਗ਼ੈਰ-ਇਸਾਈ ਧਰਮਾਂ ਵਿਚੋਂ ਆਏ ਹਨ | ਹਰਪ੍ਰੀਤ ਸਿੰਘ ਦਿਓਲ ਜੱਟ ਸਿੱਖ ਪਰਿਵਾਰਕ ਪਿਛੋਕੜ ਵਾਲਾ ਹੈ, ਜਦਕਿ ਅੰਕੁਰ ਨਰੂਲਾ ਖੱਤਰੀ ਪਰਿਵਾਰ ਨਾਲ ਸਬੰਧਿਤ ਹੈ ਤੇ ਬਜਿੰਦਰ ਸਿੰਘ ਹਰਿਆਣਵੀ ਜਾਟ ਹੈ | ਉਕਤ ਪਿੰਡਾਂ ਦੇ ਲੋਕ ਕੁਝ ਹੀ ਸਾਲਾਂ ਵਿਚ ਇਨ੍ਹਾਂ ਡੇਰਿਆਂ ਦੀ ਧਨ ਦੌਲਤ ‘ਚ ਹੋਏ ਵਾਧੇ ਤੋਂ ਹੈਰਾਨ ਹਨ | ਇਸ ਤੋਂ ਪਹਿਲਾਂ ਇਸਾਈ ਧਰਮ ਦੇ ਪ੍ਰਚਾਰਕ ਪਾਦਰੀ ਆਮ ਕਰਕੇ ਕੇਰਲ ਵਾਸੀ ਹੀ ਰਹੇ ਹਨ ਤੇ ਸੰਗਤ ਪੰਜਾਬੀ ਹੁੰਦੀ ਹੈ | ਇਸਾਈ ਧਰਮ ਦੇ ਉਸਰ ਰਹੇ ਇਨ੍ਹਾਂ ਡੇਰਿਆਂ ਦੇ ਮੁਖੀ ਬਾਈਬਲ ‘ਚੋਂ ਆਇਤਾਂ ਪੜ੍ਹਦੇ ਹਨ ਤੇ ਯਿਸੂ ਮਸੀਹ ਦੇ ਨਾਂਅ ‘ਤੇ ਪ੍ਰਾਰਥਨਾ ਕਰਦੇ ਹਨ | ਰਵਾਇਤੀ ਪਾਦਰੀ ਜਿਥੇ ਵਿਆਹੁਤਾ ਜੀਵਨ ਤੋਂ ਦੂਰ ਰਹਿੰਦੇ ਹਨ, ਉਥੇ ਨਰੂਲਾ ਅਤੇ ਦਿਓਲ ਸ਼ਾਦੀਸ਼ੁਦਾ ਤੇ ਉਨ੍ਹਾਂ ਦੀਆਂ ਪਤਨੀਆਂ ਵੀ ਪ੍ਰਚਾਰਕਾਂ ਵਜੋਂ ਸਰਗਰਮ ਹਨ ਤੇ ਉਹ ਬਾਲ-ਬੱਚੇਦਾਰ ਹਨ | ਪਰ ਇਨ੍ਹਾਂ ਡੇਰਿਆਂ ਦਾ ਇਥੇ ਚੱਲ ਰਹੇ ਰਵਾਇਤੀ ਕੈਥੋਲਿਕ ਜਾਂ ਹੋਰ ਚਰਚਾਂ ਨਾਲ ਕੋਈ ਸਬੰਧ ਨਹੀਂ ਤੇ ਨਾ ਹੀ ਇਨ੍ਹਾਂ ਤਿੰਨਾਂ ਦਾ ਆਪਸ ਵਿਚ ਕੋਈ ਸਰੋਕਾਰ ਹੈ | ਸਗੋਂ ਰਵਾਇਤੀ ਚਰਚ ਵਾਲੇ ਇਨ੍ਹਾਂ ਨਵੇਂ ਜੰਮੇ ਈਸਾਈਅਤ ਦੇ ਪੈਰੋਕਾਰ ਬਣ ਰਹੇ ਡੇਰੇਦਾਰਾਂ ਨਾਲ ਖਾਰ ਵੀ ਖਾਂਦੇ ਹਨ ਤੇ ਉਨ੍ਹਾਂ ਤੋਂ ਚੁਣੌਤੀ ਦਾ ਭੈਅ ਵੀ ਮੰਨ ਰਹੇ ਹਨ | ਇਹ ਸਮਝਿਆ ਜਾ ਰਿਹਾ ਹੈ ਕਿ ਸਿੱਖ ਧਰਮ ਵਾਂਗ ਹੀ ਇਸਾਈ ਮੱਤ ‘ਚ ਡੇਰਿਆਂ ਦਾ ਉਭਾਰ ਦਾ ਇਹ ਨਵਾਂ ਰੁਝਾਨ ਹੈ |

ਸ਼ਾਹੀ ਠਾਠ-ਬਾਠ ਤੇ ਚਮਕ-ਦਮਕ ਵਾਲੇ ਪ੍ਰਚਾਰਕ

ਇਸਾਈ ਡੇਰਿਆਂ ਦੇ ਇਹ ਨਵੇਂ ਪ੍ਰਚਾਰਕ ਸ਼ਾਹੀ ਠਾਠ-ਬਾਠ ਤੇ ਚਮਕ-ਦਮਕ ਵਾਲੀ ਜ਼ਿੰਦਗੀ ਜਿਊਣ ਵਾਲੇ ਹਨ | ਰਵਾਇਤੀ ਪਾਦਰੀਆਂ ਵਾਂਗ ਚੋਲੇ ਪਾ ਕੇ ਸਾਦਗੀ ਭਰੀ ਜ਼ਿੰਦਗੀ ਦੀ ਥਾਂ ਇਹ ਨਵੇਂ ਪ੍ਰਚਾਰਕ ਮਹਿੰਗੀਆਂ ਕਾਰਾਂ ਝੂਟਦੇ ਹਨ, ਆਲੀਸ਼ਾਨ ਬੰਗਲੇ ਬਣਾ ਕੇ ਰਹਿੰਦੇ ਹਨ ਅਤੇ ਮਹਿੰਗੀਆਂ ਘੜੀਆਂ ਤੇ ਪੁਸ਼ਾਕਾਂ ਪਾਉਣ ਦੇ ਸ਼ੌਕੀਨ ਹਨ | ਰੂਹਾਨੀਅਤ ਤੇ ਸਾਦਗੀ ਦੀ ਮੂਰਤ ਦੀ ਥਾਂ ਤੜਕ-ਭੜਕ (ਗਲੈਮਰਜ਼) ਜੀਵਨ ਸ਼ੈਲੀ ਦੇ ਧਾਰਨੀ ਹਨ | ਆਲੀਸ਼ਾਨ ਘਰਾਂ ‘ਚੋਂ ਨਿਕਲ ਕੇ ਜਦ ਇਹ ਪ੍ਰਚਾਰਕ ਸਤਿਸੰਗ ਵਾਲੀ ਜਗ੍ਹਾ ਪੁੱਜਦੇ ਹਨ ਤਾਂ ਉਨ੍ਹਾਂ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣ ਲਈ ਬੌਾਸਰ (ਨਿੱਜੀ ਅੰਗ ਰੱਖਿਅਕ) ਪ੍ਰਛਾਵੇਂ ਵਾਂਗ ਉਨ੍ਹਾਂ ਦੇ ਦੁਆਲੇ ਘੇਰਾ ਘੱਤੀ ਰੱਖਦੇ ਹਨ | ਇਹ ਪ੍ਰਚਾਰਕ ਆਮ ਲੋਕਾਂ ‘ਚ ਜਾਣ ਤੇ ਉਨ੍ਹਾਂ ਨਾਲ ਘੁਲਣ-ਮਿਲਣ ਤੋਂ ਗੁਰੇਜ਼ ਹੀ ਕਰਦੇ ਹਨ | ਖੋਜੇਵਾਲਾ ਦੇ ਲੋਕ ਕਹਿ ਰਹੇ ਸਨ ਕਿ ਹਰਪ੍ਰੀਤ ਸਿੰਘ ਦਿਓਲ ਪਿੰਡ ਵਿਚ ਰਹਿੰਦੇ ਤਾਂ ਹਨ, ਪਰ ਮਿਲਦੇ-ਜੁਲਦੇ ਕਿਸੇ ਨੂੰ ਨਹੀਂ ਤੇ ਨਾ ਹੀ ਕਿਸੇ ਦੇ ਸਮਾਜਿਕ ਸਮਾਗਮ ਵਿਚ ਹੀ ਸ਼ਾਮਿਲ ਹੁੰਦੇ ਹਨ | ਇਕ ਦੁਕਾਨਦਾਰ ਨੇ ਦੱਸਿਆ ਕਿ ਦਿਓਲ ਘਰ ਵਿਚੋਂ ਹੀ ਗੱਡੀ ਵਿਚ ਬੈਠ ਜਾਂਦੇ ਹਨ ਤੇ ਰਸਤੇ ਵਿਚ ਦੁਆ-ਸਲਾਮ ਦਾ ਸਵਾਗਤ ਵੀ ਸ਼ੀਸ਼ਾ ਬੰਦ ਗੱਡੀ ਵਿਚੋਂ ਹੀ ਕਰਦੇ ਹਨ | ਅੰਕੁਰ ਨਰੂਲਾ ਵੀ ਆਮ ਮਿਲਣ ਤੋਂ ਗੁਰੇਜ਼ ਕਰਦੇ ਹਨ ਤੇ ਜਦ ਉਹ ਚਰਚ ਆਉਂਦਾ ਹੈ ਤਾਂ ਸਭ ਭਗਤਾਂ ਨੂੰ ਵਲੰਟੀਅਰਾਂ ਵਲੋਂ ਆਸੇ-ਪਾਸੇ ਕਰ ਦਿੱਤਾ ਜਾਂਦਾ ਹੈ | ਇਹ ਪ੍ਰਚਾਰਕ ਸਿਰਫ ਪ੍ਰਾਰਥਨਾ ਸਮੇਂ ਹੀ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦੇ ਹਨ, ਉਹ ਰਵਾਇਤੀ ਪ੍ਰਚਾਰਕਾਂ ਵਾਂਗ ਬੈਠ ਕੇ ਕਥਾ ਕੀਰਤਨ ਜਾਂ ਪ੍ਰਾਰਥਨਾ ਕਰਨ ਦੀ ਥਾਂ ਬੜੇ ਦਿਲਖਿੱਚਵੇਂ ਅੰਦਾਜ਼ ਵਿਚ ਵੱਡੀ ਉੱਚੀ ਲੰਮੀ ਸਟੇਜ ਤੋਂ ਹੱਥ ਵਿਚ ਮਾਈਕ ਫੜੀ ਵੱਡੇ ਗਾਇਕਾਂ ਜਾਂ ਐਕਟਰਾਂ ਵਾਂਗ ਤੁਰਦੇ-ਫਿਰਦੇ ਸੰਗਤ ਨੂੰ ਉਪਦੇਸ਼ ਦਿੰਦੇ ਹਨ | ਤਿੰਨਾਂ ਹੀ ਪ੍ਰਚਾਰਕਾਂ ਦੇ ਚਿਹਰੇ ਮੋਹਰੇ ਧਾਰਮਿਕ ਆਗੂਆਂ ਦੀ ਥਾਂ ਫ਼ਿਲਮੀ ਕਲਾਕਾਰਾਂ ਨਾਲ ਵਧੇਰੇ ਮਿਲਦੇ-ਜੁਲਦੇ ਹਨ | ਪ੍ਰਚਾਰਕਾਂ ਦਾ ਗਲੈਮਰਜ਼ ਭਰਿਆ ਅੰਦਾਜ਼ ਅੱਜਕਲ੍ਹ ਦੀ ਨਵੀਂ ਪੀੜ੍ਹੀ ਨੂੰ ਵਧੇਰੇ ਭਾਉਂਦਾ ਹੈ ਤੇ ਇਹ ਡੇਰੇ ਨਵੀਂ ਪੀੜ੍ਹੀ ਨੂੰ ਵਧੇਰੇ ਆਕਰਸ਼ਤ ਕਰ ਰਹੇ ਹਨ | ਖ਼ਾਂਬਰਾ ਵਿਖੇ ਅੰਕੁਰ ਨਰੂਲਾ ਦੇ ਸਤਿਸੰਗ ਵਿਚ ਤਾਂ ਨੌਜਵਾਨ ਮੁੰਡੇ-ਕੁੜੀਆਂ ਸਾਜ਼ਾਂ ਦੀ ਤਾਲ ‘ਤੇ ਪ੍ਰਭੂ ਯਿਸੂ ਦੇ ਗੁਣਗਾਣ ‘ਚ ਮਦਹੋਸ਼ ਹੋਏ ਖ਼ੂਬ ਨੱਚਦੇ, ਟੱਪਦੇ ਤੇ ਤਾੜੀਆਂ ਵਜਾਉਂਦੇ ਵੀ ਨਜ਼ਰ ਆਉਂਦੇ ਹਨ | ਅੰਕੁਰ ਨਰੂਲਾ ਦੇ ਕੰਪਲੈਕਸ ‘ਚ 24 ਘੰਟੇ ਸੀ. ਸੀ. ਟੀ. ਵੀ. ਕੈਮਰੇ ਨਿਗਰਾਨੀ ਕਰਦੇ ਹਨ ਤੇ ਸਭ ਰਸਤਿਆਂ ‘ਤੇ ਸੁਰੱਖਿਆ ਕਰਮੀ ਖੜ੍ਹੇ ਰਹਿੰਦੇ ਹਨ |
ਸੋਸ਼ਲ ਮੀਡੀਆ ਬਣਿਆ ਵਰਦਾਨ
ਸੋਸ਼ਲ ਮੀਡੀਆ ਉਕਤ ਡੇਰੇਦਾਰਾਂ ਦੇ ਪ੍ਰਚਾਰ ਤੇ ਫੈਲਾਅ ਦਾ ਵੱਡਾ ਜ਼ਰੀਆ ਬਣਿਆ ਹੋਇਆ ਹੈ | ਤਿੰਨੇ ਹੀ ਪ੍ਰਚਾਰਕ ਸੋਸ਼ਲ ਮੀਡੀਆ ਦੀ ਖ਼ੂਬ ਵਰਤੋਂ ਕਰਦੇ ਹਨ | ਉਨ੍ਹਾਂ ਦਾ ਹਰ ਸਤਿਸੰਗ ਆਨਲਾਈਨ ਹੁੰਦਾ ਹੈ | ਯੂ. ਟਿਊਬ ‘ਤੇ ਇਹ ਵੀਡੀਓ ਫ਼ਿਲਮਾਂ ਆਮ ਚਲਦੀਆਂ ਹਨ, ਫੇਸਬੁੱਕ, ਵੈੱਬ ਟੀ. ਵੀ. ਆਦਿ ਰਾਹੀਂ ਉਨ੍ਹਾਂ ਦੇ ਪ੍ਰੋਗਰਾਮ ਦੁਨੀਆ ਭਰ ‘ਚ ਵੇਖੇ ਜਾ ਸਕਦੇ ਹਨ | ਨਰੂਲਾ ਤੇ ਦਿਓਲ ਦੇ ਪ੍ਰੋਗਰਾਮ ਦੂਰਦਰਸ਼ਨ ‘ਤੇ ਵੀ ਚਲਦੇ ਹਨ | ਖਾਂਬਰਾ ਵਿਖੇ ਉਸਰ ਰਹੇ ਚਰਚ ‘ਚ ਆਪਣੀ ਮਾਂ ਨਾਲ ਆਈ ਹੋਈ ਇਕ ਨੌਜਵਾਨ ਔਰਤ ਨੇ ਦੱਸਿਆ ਕਿ ਉਹ ਮਹਾਰਾਸ਼ਟਰ ਦੇ ਜ਼ਿਲ੍ਹਾ ਸਿਤਾਰਾ ਦੇ ਇਕ ਪਿੰਡ ਤੋਂ ਆਈ ਹੈ ਤੇ ਉਹ ਅੰਕੁਰ ਨਰੂਲਾ ਦੇ ਆਨਲਾਈਨ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਇਥੇ ਪੁੱਜੀ ਹੈ | ਇਸੇ ਤਰ੍ਹਾਂ ਮੁੰਬਈ ਦੇ ਉੱਚ ਮੱਧ ਵਰਗ ਦਾ 60 ਦੇ ਨੇੜੇ ਢੁਕਿਆ ਅਡਵਾਨੀ ਜੋੜਾ ਦੱਸ ਰਿਹਾ ਸੀ ਕਿ ਆਨ-ਲਾਈਨ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਉਹ ਡੇਢ ਸਾਲ ਤੋਂ ਲਗਾਤਾਰ ਇਥੇ ਹਵਾਈ ਜਹਾਜ਼ ਰਾਹੀਂ ਪਹਿਲਾਂ ਅੰਮਿ੍ਤਸਰ ਪੁੱਜਦੇ ਹਨ ਤੇ ਫਿਰ ਹਾਜ਼ਰੀ ਭਰਨ ਇਥੇ ਆਉਂਦੇ ਹਨ | ਹੈਰਾਨੀ ਵਾਲੀ ਗੱਲ ਇਹ ਹੈ ਕਿ ਨਰੂਲਾ ਜਦ ਆਪਣੇ ਚਰਚ ‘ਚ ਆਇਆ ਤਾਂ ਇਹ ਜੋੜਾ ਵੀ ਉਸ ਦੇ ਨੇੜੇ ਨਹੀਂ ਢੁਕ ਸਕਿਆ, ਸਗੋਂ ਦੂਰੋਂ ਦਰਸ਼ਨ ਕਰਕੇ ਹੀ ਫੁੱਲਿਆ ਨਹੀਂ ਸੀ ਸਮਾ ਰਿਹਾ | ਅੰਕੁਰ ਨਰੂਲਾ ਦੀ ਪਤਨੀ ਸੋਨੀਆ ਨਰੂਲਾ ਵੀ ਪੂਰੀ ਤਰ੍ਹਾਂ ਸਜ-ਧਜ ਕੇ ਜਦ ਕੰਪਲੈਕਸ ‘ਚ ਪੁੱਜੀ ਤਾਂ ਉਸ ਦੇ ਦੁਆਲੇ ਚੱਲ ਰਹੀਆਂ ਚਾਰ ਅੰਗ ਰੱਖਿਅਕਾਂ ਨੇੜੇ ਆ ਰਹੀਆਂ ਔਰਤਾਂ ਨੂੰ ਦੂਰ ਕਰ ਰਹੀਆਂ ਸਨ ਤੇ ਸ਼ਰਧਾਲੂ ਉਸ ਨੂੰ ‘ਮਾਮਾ ਜੀ’ ਸੱਦ ਕੇ ਸਲਾਮਾਂ ਕਰ ਰਹੇ ਸਨ, ਜਦਕਿ ਅੰਕੁਰ ਨਰੂਲਾ ਨੂੰ ‘ਪਾਪਾ ਜੀ’ ਦੇ ਨਾਲ ਸੱਦਦੇ ਹਨ |

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?