Home » ਜੀਵਨ ਸ਼ੈਲੀ » “ਕਾਸ਼ ਕਿਤੇ ਉਹ ਮੇਰੀ ਧੀ ਹੁੰਦੀ”

“ਕਾਸ਼ ਕਿਤੇ ਉਹ ਮੇਰੀ ਧੀ ਹੁੰਦੀ”

17

ਪੰਚਕੂਲੇ ਬਦਲੀ ਹੋ ਗਈ…ਸਮਾਨ ਸਿਫਟ ਕਰ ਇਹਨਾਂ ਨੂੰ ਦੋ ਮਹੀਨੇ ਦੀ ਟਰੇਨਿੰਗ ਲਈ ਬੰਗਲੌਰ ਨਿੱਕਲਣਾ ਪਿਆ..!

ਨਵਾਂ ਸ਼ਹਿਰ..ਇਲਾਕਾ ਤੇ ਨਵੇਂ ਲੋਕ..ਸਾਰਾ ਕੁਝ ਵੱਖਰਾ ਜਿਹਾ ਲੱਗਦਾ ਸੀ
ਇੱਕ ਦਿਨ ਬੂਹੇ ਤੇ ਦਸਤਕ ਹੋਈ..ਵੀਹਾਂ ਬਾਈਆਂ ਸਾਲਾਂ ਦੀ ਕੁੜੀ ਸੀ..ਟਾਈਟ ਜੀਨ…ਵਾਲਾਂ ਵਿਚ ਲਾਲ ਰੰਗ..ਕੰਨਾਂ ਵਿਚ ਈਅਰ ਪਲੱਗ…ਨੱਕ ਵਿਚ ਨੱਥ….ਸਾਰਾ ਕੁਝ ਬੜਾ ਹੀ ਅਜੀਬ ਜਿਹਾ ਲੱਗ ਰਿਹਾ ਸੀ…!

“ਹੈਲੋ” ਆਖ ਅੰਦਰ ਲੰਘ ਆਈ ਤੇ ਆਖਣ ਲੱਗੀ ਕੇ “ਨਾਲ ਹੀ ਤੀਜੀ ਮੰਜਿਲ ਵਾਲੇ ਫਲੈਟ ਵਿਚ ਰਹਿੰਦੀ ਹਾਂ..ਮੇਰਾ ਪਾਰਸਲ ਆਉਣਾ ਕੱਲ ਨੂੰ…ਜੇ ਮਾਈਂਡ ਨਾ ਕਰੋ ਤਾਂ ਲੈ ਕੇ ਰੱਖ ਲਿਓ…ਪੈਸੇ ਦੇ ਦਿਆਂਗੀ ਬਾਅਦ ਵਿਚ…ਨਾਲ ਹੀ ਆਪਣਾ ਨੰਬਰ ਲਿਖ ਟੇਬਲ ਤੇ ਰੱਖ ਦਿੱਤਾ ਤੇ ਬਾਹਰ ਨੂੰ ਨਿੱਕਲ ਗਈ!

“ਅਜੀਬ ਕੁੜੀ ਹੈ..ਨਾ ਜਾਣ ਤੇ ਨਾ ਪਹਿਚਾਣ…ਪਤਾ ਨੀ ਪਾਰਸਲ ਵਿਚ ਕੀ ਹੋਵੇਗਾ?..ਨਸ਼ੇ ਹੰਢਾਉਂਦੀ ਅੱਜਕੱਲ ਦੀ ਇਹ ਨਵੀਂ ਪੀੜੀ…ਨਿਰੀ ਸਿਰਦਰਦੀ ਦਾ ਘਰ…ਚੰਗਾ ਹੋਇਆ ਮੇਰੀ ਕੋਈ ਕੁੜੀ ਨਹੀਂ ਏ..ਨਹੀਂ ਤੇ ਪਤਾ ਨਹੀਂ ਕੀ ਕੀ?

ਉਸ ਦਿਨ ਮਗਰੋਂ ਮੇਰਾ ਧਿਆਨ ਆਪਮੁਹਾਰੇ ਹੀ ਨਾਲਦੇ ਫਲੈਟ ਵੱਲ ਚਲਾ ਜਾਂਦਾ.. ਦੇਰ ਰਾਤ ਤੱਕ ਚੱਲਦਾ ਮਹਿਫ਼ਿਲਾਂ ਦਾ ਦੌਰ..ਗੀਤ ਸੰਗੀਤ…ਖਾਣ ਪੀਣ…ਡਾਂਸ ਤੇ ਰੌਣਕ ਮੇਲਾ..ਅਤੇ ਹੋਰ ਵੀ ਪਤਾ ਨਹੀਂ ਕੀ ਕੀ..
ਅਕਸਰ ਹੀ ਸੋਚਦੀ ਰਹਿੰਦੀ ਕੇ “ਪਤਾ ਨਹੀਂ ਇਹ ਕੁੜੀ ਸੌਂਦੀ ਕਿਹੜੇ ਵੇਲੇ ਹੋਵੇਗੀ ਅਤੇ ਕੰਮ ਕੀ ਕਰਦੀ ਹੋਵੇਗੀ”?

ਫੇਰ ਅਗਲੀ ਸੁਵੇਰ ਮੈਨੂੰ ਮਹਿਸੂਸ ਹੋ ਗਿਆ ਕੇ ਸਾਰਾ ਸਰੀਰ ਸਰਵਾਈਕਲ ਦੇ ਵੱਡੇ ਅਟੈਕ ਨਾਲ ਜਕੜਿਆਂ ਪਿਆ ਸੀ…
ਚਾਹ ਦੀ ਪਤੀਲੀ ਧਰੀ ਹੀ ਸੀ ਕੇ ਇੰਝ ਲੱਗਾ ਕੇ ਹੁਣੇ ਹੀ ਮਰ ਜਾਵਾਂਗੀ…ਨਵਾਂ ਇਲਾਕਾ ਨਵੇਂ ਲੋਕ ਹੁਣ ਕਿਸ ਨੂੰ ਬੁਲਾਵਾਂ.?

ਧਿਆਨ ਅਚਾਨਕ ਫੋਨ ਲਾਗੇ ਪਈ ਓਸੇ ਪਰਚੀ ਤੇ ਜਾ ਪਿਆ..ਛੇਤੀ ਨਾਲ ਨੰਬਰ ਘੁਮਾ ਦਿੱਤਾ ਤੇ ਫੇਰ ਐਸਾ ਚੱਕਰ ਆਇਆ ਕੇ ਕੰਨੀ ਪੈਂਦੀ ‘ਹੈਲੋ-ਹੈਲੋ’ ਦੀ ਹਲਕੀ ਜਿਹੀ ਅਵਾਜ ਦੇ ਜੁਆਬ ਦੇਣ ਦੀ ਹਿੰਮਤ ਤੱਕ ਵੀ ਨਾ ਰਹੀ…ਤੇ ਮੁੜ ਮੈਨੂੰ ਕੋਈ ਹੋਸ਼ ਨਾ ਰਿਹਾ!
ਜਦੋਂ ਹੋਸ਼ ਆਇਆ ਤਾਂ ਓਹੀ ਕੁੜੀ ਸਿਰਹਾਣੇ ਬੈਠੀ ਮੇਰੇ ਵਾਲਾਂ ਵਿਚ ਹਲਕਾ ਹਲਕਾ ਜਿਹਾ ਹੱਥ ਫੇਰ ਰਹੀ ਸੀ..!

ਨਰਸ ਦੱਸਣ ਲੱਗੀ ਕੇ ਇਹੋ ਹੀ ਤਿੰਨ ਮੰਜਿਲਾਂ ਉਚੀ ਬਿਨਾ ਕੰਢੇ ਵਾਲੀ ਬਾਲਕੋਨੀ ਟੱਪ ਅੰਦਰ ਆ ਮੈਨੂੰ ਹਸਪਤਾਲ ਲੈ ਕੇ ਆਈ ਸੀ ਤੇ ਪਿਛਲੇ ਤਿੰਨ ਤੋਂ ਇਹ ਤੇ ਇਸਦੇ ਸਾਥੀ ਦਿਨ ਰਾਤ ਤੁਹਾਡੀ ਦੇਖਭਾਲ ਵਿਚ ਲੱਗੇ ਹੋਏ ਹਨ!

ਮੁੜ ਉਹ ਹੀ ਹਸਪਤਾਲ ਦੇ ਬਿੱਲ ਦੀ ਪੇਮੰਟ ਕਰ ਮੈਨੂੰ ਆਪਣੇ ਘਰ ਲੈ ਕੇ ਆਈ..ਉਸਦੇ ਘਰ ਵਿਚ ਏਨੀ ਸਫਾਈ ਕੇ ਬਸ ਪੁਛੋ ਨਾ…ਉਸਨੇ ਮੈਨੂੰ ਅੰਦਰ ਮੰਜੇ ਤੇ ਪਈ ਅਧਰੰਗ ਨਾਲ ਪੀੜਤ ਆਪਣੀ ਮਾਂ ਨਾਲ ਵੀ ਮਿਲਾਇਆ..!

ਮਾਂ ਨੇ ਦਸਿਆ ਕੇ ਨੌਕਰੀ ਦੇ ਨਾਲ ਨਾਲ ਕਾਲਜ ਵੇਲੇ ਦੇ ਦੋਸਤਾਂ ਨਾਲ ਮਿਲ ਕੇ ਇੱਕ ਗਰੁੱਪ ਬਣਾਇਆ ਹੋਇਆ ਹੈ ਜਿਹੜਾ ਲਾਗੇ ਚਾਗੇ ਝੁੱਗੀ-ਝੋਂਪੜੀ ਵਾਲੇ ਗਰੀਬ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜਾਉਂਦਾ ਹੈ ਤੇ ਓਹਨਾ ਦੇ ਸਕੂਲ ਦੀ ਫੀਸ ਦਾ ਬੰਦੋਬਸਤ ਵੀ ਕਰਦਾ ਏ…!
ਸੋਚਣ ਲੱਗੀ ਕੇ ਨਵੇਂ ਜਮਾਨੇ ਦੇ ਤੌਰ ਤਰੀਕਿਆਂ ਨਾਲ ਵਿੱਚਰਦੇ ਹੋਏ ਇਹ ਅਨੇਕਾਂ ਸਾਫ ਦਿਲ ਰੱਬ…ਸ਼ਾਇਦ ਓਹਨਾ ਲੰਮੇ ਚੋਲਿਆਂ ਵਾਲੇ ਹਜਾਰਾਂ ਪਾਖੰਡੀਆਂ ਤੋਂ ਕਈ ਗੁਣਾਂ ਚੰਗੇ ਨੇ ਜਿਹੜੇ ਅਨੇਕਾਂ ਭਰਮ ਭੁਲੇਖੇ ਪੈਦਾ ਕਰਦੇ ਪਏ ਨੇ

ਅੱਜ ਕਿੰਨੇ ਦਿਨਾਂ ਮਗਰੋਂ ਆਪਣੇ ਘਰ ਫੇਰ ਵਾਪਸੀ ਹੋਈ ਹੈ ਪਰ ਸੱਚੀ-ਪੁਛੋ ਆਪਣਾ ਦਿਲ ਓਥੇ ਹੀ ਛੱਡ ਆਈ ਹਾਂ…ਜਦੋਂ ਦੀ ਆਈ ਬਸ ਇਹੋ ਹੀ ਸੋਚੀ ਜਾ ਰਹੀ ਹਾਂ ਕੇ ਕਾਸ਼ ਉਹ ਮੇਰੀ “ਧੀ” ਹੁੰਦੀ…!

ਹਰਪ੍ਰੀਤ ਸਿੰਘ ਜਵੰਦਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?