ਰਣਜੀਤ ਉਸ ਸਮੇਂ ਵੀਹ ਸਾਲ ਦਾ ਹੀ ਸੀ ਜਦੋਂ ਉਹ ਡੇਰੇ ਦਾ ਸ਼ਰਧਾਲੂ ਬਣਿਆਂ। ਰਣਜੀਤ ਦੀ ਭੈਣ ਡੇਰਾ ਛੱਡ ਆਈ ਸੀ। ਡੇਰਾ ਮੁਖੀ ਨਾਲ ਬਲਾਤਕਾਰ ਵਾਲੇ ਦਿਨ ਹੋਈਆਂ ਕੁੱਝ ਗੱਲਾਂ ਚਿੱਠੀ ਵਿੱਚ ਦਰਜ ਸਨ। ਉਂਝ ਵੀ ਚਿੱਠੀ ਵਿੱ ਲਿਖਿਆ ਸੀ ਕਿ ਇਹ ਸਭ ਕੁੱਝ ਕੁਰੂਕੇਸ਼ਤਰ ਦੀ ਲੜਕੀ ਨਾਲ ਹੋਇਆ ਹੈ। ਇਹ ਸਾਰੀਆਂ ਗੱਲਾਂ ਡੇਰਾ ਮੁਖੀ ਦੇ ਦਿਮਾਗ ਵਿੱਚ ਵੀ ਸਨ, ਜਿਹੜੀਆਂ ਕਤਲ ਤੋਂ ਸਿਰਫ਼ ਤਿੰਨ ਕੁ ਸਾਲ ਪਹਿਲਾਂ ਹੀ ਹੋਈਆਂ ਸਨ। ਇਸ ਲਈ ਡੇਰਾ ਮੁਖੀ ਨੂੰ ਯਕੀਨ ਹੋ ਗਿਆ ਕਿ ਚਿੱਠੀ ਖਾਨਪੁਰ ਕੋਹਲੀਆਂ ਤੋਂ ਹੀ ਰਣਜੀਤ ਨੇ ਲਿਖੀ ਹੈ। ਡੇਰੇ ਦੇ ਕੱਟੜ ਸ਼ਰਧਾਲੂ ਰਹਿ ਚੁੱਕੇ ਰਣਜੀਤ ਦਾ ਡੇਰੇ ਨਾਲੋਂ ਅਚਾਨਕ ਅਲੱਗ ਹੋ ਜਾਣਾ ਵੀ ਡੇਰਾ ਮੁਖੀ ਨੂੰ ਚੁਭਦਾ ਸੀ। ਇਸ ਲਈ ਇਨ੍ਹਾਂ ਸਾਰੀਆਂ ਗੱਲਾਂ ਨੇ ਡੇਰਾ ਮੁਖੀ ਦੇ ਮਨ ਵਿੱਚ ਇਹ ਸ਼ੰਕਾ ਪੱੱਕੀ ਕਰ ਦਿੱਤੀ ਕਿ ਚਿੱਠੀ ਰਣਜੀਤ ਨੇ ਹੀ ਲਿਖੀ ਹੈ। ਰਣਜੀਤ ਡੇਰੇ ਦੀ 10 ਮੈਂਬਰੀ ਕਮੇਟੀ ਦਾ ਮੈਂਬਰ ਸੀ। ਉਹ ਆਪਣੇ ਪਿਤਾ ਨੂੰ ਦਸਦਾ ਰਹਿੰਦਾ ਸੀ ਕਿ ”ਹੁਣ ਮੇਰਾ ਮੋਹ ਡੇਰੇ ਨਾਲ ਨਹੀਂ ਰਿਹਾ ਅਤੇ ਮੈਂ ਆਪਣੀ ਭਰ ਜਵਾਨੀ ਦੇ ਕੀਮਤੀ ਵੀਹ ਸਾਲ ਡੇਰੇ ਦੀ ਸੇਵਾ ਕਰਕੇ ਬਰਬਾਦ ਕਰ ਲਏ ਹਨ।” ਰਣਜੀਤ ਨੇ ਆਪਣੇ ਪਿਤਾ ਜੋਗਿੰਦਰ ਸਿੰਘ ਨੂੰ ਇਹ ਵੀ ਦੱਸਿਆ ਕਿ ”ਚਿੱਠੀ ਵਿੱਚ ਲਿਖੀਆਂ ਸਾਰੀਆਂ ਗੱਲਾਂ ਸਹੀ ਹਨ।” ਰਣਜੀਤ ਆਪਣੇ ਬਾਪ ਨੂੰ ਇਹ ਵੀ ਦਸਦਾ ਰਿਹਾ ਕਿ ਡੇਰੇ ਵਾਲੇ ਇਹ ਸ਼ੱਕ ਕਰਦੇ ਹਨ ਕਿ ‘ਚਿੱਠੀ ਮੈਂ ਹੀ ਲਿਖੀ ਹੈ।’
ਡੇਰੇ ਦੇ ਭੈੜੇ ਇਰਾਦਿਆਂ ਤੋਂ ਉਹ ਇੱਥੋਂ ਤੱਕ ਵੀ ਡਰ ਗਿਆ ਸੀ ਕਿ ਇੱਕ ਦਿਨ ਉਹ ਪੰਜ ਲੱਖ ਰੁਪਏ ਦਾ ਜੀਵਨ ਬੀਮਾ ਕਰਵਾ ਆਇਆ। ਰਣਜੀਤ ਨੇ ਆਪਣੇ ਪਿਤਾ ਨੂੰ ਇਹ ਵੀ ਦੱਸਿਆ ਕਿ ਡੇਰੇ ਦੇ ਪ੍ਰਬੰਧਕ ਕ੍ਰਿਸ਼ਨ ਲਾਲ ਨੇ ਉਸਨੂੰ ਡੇਰੇ ਵਿੱਚ ਬੁਲਾਇਆ। ਉਹ ਆਪਣੇ ਦੋਸਤ ਸੁਭਾਸ਼ ਖੱਤਰੀ ਨੂੰ ਲੈ ਕੇ ਡੇਰੇ ਵਿੱਚ ਗਿਆ। ਜਦੋਂ ਉਹ ਵਾਪਸ ਆਇਆ ਤਾਂ ਬਹੁਤ ਡਰਿਆ ਹੋਇਆ ਸੀ। ਜਦੋਂ ਉਸਦੇ ਪਿਤਾ ਨੇ ਡਰ ਦਾ ਕਾਰਨ ਪੁੱਛਿਆ ਤਾਂ ਰਣਜੀਤ ਕਹਿਣ ਲੱਗਿਆ ਕਿ ਡੇਰੇ ਦੇ ਮੈਨੇਜਰ ਇੰਦਰ ਸੈਨ ਨੇ ਮੈਨੂੰ ਕਿਹਾ ਹੈ ਕਿ ”ਡੇਰਾ ਮੁਖੀ ਤੈਥੋਂਂ ਬਹੁਤ ਨਾਰਾਜ਼ ਹੈ ਕਿਉਂਕਿ ਉਹ ਚਿੱਠੀ ਤੂੰ ਲਿਖੀ ਹੈ। ਇਸ ਲਈ ਤੂੰ ਡੇਰਾ ਮੁਖੀ ਤੋਂ ਮਾਫ਼ੀ ਮੰਗ ਲੈ।”
ਉਸ ਤੋਂ ਪਿੱਛੋਂ ਵੀ ਡੇਰੇ ਦੇ ਤਿੰਨ ਬੰਦੇ ਅਵਤਾਰ ਸਿੰਘ , ਕ੍ਰਿਸ਼ਨ ਲਾਲ ਅਤੇ ਜਸਵੀਰ ਸਿੰਘ ਉਸ ਨੂੰ ਮਿਲੇ ਕਿ ”ਸਾਨੂੰ ਬਾਬੇ ਨੇ ਤੇਰਾ ਕੰਮ ਖ਼ਤਮ ਕਰਨ ਦਾ ਹੁਕਮ ਲਾਇਆ ਹੈ। ਇਸ ਲਈ ਤੂੰ ਜਾਂ ਤਾਂ ਡੇਰਾ ਮੁਖੀ ਤੋਂ ਮਾਫ਼ੀ ਮੰਗ ਲੈ ਜਾਂ ਫਿਰ ਮਰਨ ਲਈ ਤਿਆਰ ਹੋ ਜਾ।”
ਇਸ ਤੋਂਂ ਬਾਅਦ ਉਹ ਫਿਰ ਡੇਰੇ ਗਿਆ। ਗੁਰਮੀਤ ਸਿੰਘ ਨੂੰ ਮਿਲ ਕੇ ਕਿਹਾ ਕਿ ‘ਇਹ ਚਿੱਠੀ ਮੈਂ ਨਹੀਂ ਲਿਖੀ।’ ਫਿਰ ਵੀ ਡੇਰਾ ਮੁਖੀ ਉਸ ਨਾਲ ਗੁੱਸੇ ਰਿਹਾ।
ਹਫ਼ਤੇ ਕੁ ਬਾਅਦ ਬਾਬੇ ਦੇ ਗੰਨਮੈਨ ਸਬਦਿਲ ਸਿੰਘ ਅਤੇ ਜਸਵੀਰ ਸਿੰਘ ਉਸਦੇ ਘਰ ਆ ਕੇ ਕਹਿਣ ਲੱਗੇ ਕਿ ਤੂੰ ”ਚਿੱਠੀ ਲਿਖੀ ਹੈ ਅਤੇ ਜਾ ਕੇ ਬਾਬੇ ਤੋਂ ਮਾਫ਼ੀ ਮੰਗ ਲੈ। ਨਹੀਂ ਤਾਂ ਤੈਨੂੰ ਖ਼ਤਮ ਕਰਨ ਦਾ ਹੁਕਮ ਹੈ।”
10 ਜੁਲਾਈ 2002 ਨੂੰ ਰਣਜੀਤ ਦੇ ਖੇਤ ਨੂੰ ਜਾਂਦੇ ਰਾਹ ਤੇ ਬੀਜੇ ਕਮਾਦ ਵਿੱਚੋਂ ਚਿੱਟੀਆਂ ਪੁਸ਼ਾਕਾਂ ਵਾਲੇ ਚਾਰ ਬੰਦੇ ਨਿਕਲੇ ਅਤੇ ਰਣਜੀਤ ਦੇ ਸਿਰ, ਮੂੰਹ ਅਤੇ ਨੱਕ ਤੇ ਇੱਕ-ਇੱਕ ਗੋਲੀ ਮਾਰ ਦਿੱਤੀ। ਇਨ੍ਹਾਂ ਵਿੱਚ ਜਸਵੀਰ ਸਿੰਘ, ਸਬਦਿਲ ਸਿੰਘ ਅਤੇ ਕ੍ਰਿਸ਼ਨ ਲਾਲ ਪ੍ਰਬੰਧਕ ਸ਼ਾਮਲ ਸਨ। ਜੋਗਿੰਦਰ ਸਿੰਘ ਸਮਝਦਾ ਸੀ ਕਿ ਡੇਰਾ ਮੁਖੀ ਇੰਨ੍ਹਾਂ ਜ਼ਾਲਮ ਨਹੀਂ ਹੋ ਸਕਦਾ। ਇਸ ਲਈ ਉਸ ਦਾ ਸ਼ੱਕ ਪਿੰਡ ਦੇ ਦੁਸ਼ਮਣੀ ਵਾਲੇ ਬੰਦੇ ਦਿਲਾਵਰ ਵੱਲ ਚਲਾ ਗਿਆ। ਕੁੱਝ ਦਿਨ ਪੁਲਿਸ ਕਾਤਲ ਦਾ ਸੁਰਾਖ਼ ਲਭਦੀ ਰਹੀ। ਬਾਅਦ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਹ ਕਤਲ ਡੇਰੇ ਵੱਲੋਂ ਹੀ ਕੀਤਾ ਗਿਆ ਹੈ।
ਬਲਵੰਤ ਸਿੰਘ ਤੇ ਮੈਨੂੰ ਦਿੱਤੀਆਂ ਧਮਕੀਆਂ ਤੇ ਰਾਜਾ ਰਾਮ ਦੀ ਹੋਈ ਕੁੱਟ-ਮਾਰ ਨੇ ਤਰਕਸ਼ੀਲਾਂ ਨੂੰ ਇਸ ਗੱਲ ਲਈ ਮਜ਼ਬੂਰ ਕਰ ਦਿੱਤਾ ਕਿ ਗੁੰਮਨਾਮ ਸਾਧਵੀ ਵਾਲੀਆਂ ਚਿੱਠੀਆਂ ਵੱਧ ਤੋਂ ਵੱਧ ਵਿਅਕਤੀਆਂ ਨੂੰ ਪੜ੍ਹਾਈਆਂ ਜਾਣ। ਫਿਰ ਹੀ ਉਨ੍ਹਾਂ ਵੱਲੋਂ ਇਹ ਚਿੱਠੀ ਅਖ਼ਬਾਰਾਂ ਵਿੱਚ ਛਪਵਾਉਣ ਦੇ ਵੀ ਯਤਨ ਤੇਜ਼ ਕਰ ਦਿੱਤੇ।
Author: Gurbhej Singh Anandpuri
ਮੁੱਖ ਸੰਪਾਦਕ