ਘੱਟ ਗਿਣਤੀਆਂ ਨਾਲ ਧੱਕੇਸ਼ਾਹੀ ਬੰਦ ਕੀਤੀ ਜਾਵੇ ਪੀ ਐਸ ਯੂ
ਬਾਘਾਪੁਰਾਣਾ 3 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡੇ ਦੇ ਗੇਟ ਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ 37 ਸਾਲ ਬੀਤ ਗਏ ਹਨ ਪਰ ਅਜੇ ਤੱਕ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗੇ ਦੋਸ਼ੀ ਅਜ਼ਾਦ ਘੁੰਮ ਰਹੇ ਹਨ ਅਤੇ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹਨਾਂ 37 ਸਾਲਾਂ ਦੌਰਾਨ ਕਈ ਕਮਿਸ਼ਨ ਬਿਠਾਏ ਗਏ ਪਰ ਕਿਸੇ ਦੀ ਵੀ ਰਿਪੋਰਟ ਲਾਗੂ ਨਹੀਂ ਕੀਤੀ ਗਈ। ਲਗਾਤਾਰ ਗਵਾਹਾਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਪਰ ਅਜੇ ਤੱਕ ਇਨਸਾਫ ਦੀ ਕੋਈ ਝਲਕ ਨਜ਼ਰ ਨਹੀਂ ਆਉਂਦੀ। ਜਗਦੀਸ਼ ਟਾਈਟਲਰ ਵਰਗੇ ਦੋਸ਼ੀ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਸੱਤ੍ਹਾ ਵਿੱਚ ਚਾਹੇ ਕੋਈ ਪਾਰਟੀ ਹੋਵੇ ਉਸਦਾ ਕਿਰਦਾਰ ਹਮੇਸ਼ਾ ਘੱਟ ਗਿਣਤੀਆਂ ਤੇ ਲੋਕ ਵਿਰੋਧੀ ਰਿਹਾ ਹੈ।ਉਸ ਸਮੇਂ ਲਗਾਤਾਰ ਤਿੰਨ ਦਿਨ ਮਨੁੱਖਤਾ ਦਾ ਖ਼ੂਨ ਡੁੱਲਦਾ ਰਿਹਾ ਪਰ ਸਾਡੀ ਪੁਲਿਸ ਤੇ ਨਿਆਂਪਾਲਕਾ ਮੂਕ ਦਰਸ਼ਕ ਬਣੀ ਰਹੀ। ਇੱਥੋਂ ਸਾਨੂੰ ਅਖੌਤੀ ਲੋਕਤੰਤਰ ਦਾ ਕਿਰਦਾਰ ਸਾਫ਼ ਹੁੰਦਾ ਹੈ।ਅੱਜ ਵੀ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਦਾ ਏਜੰਡਾ ਘੱਟ ਗਿਣਤੀਆਂ ਵਿਰੋਧੀ ਹੈ। ਕਦੇ ਗਏ ਹੱਤਿਆ, ਕਦੇ ਅੰਤਰਜਾਤੀ ਵਿਆਹ ਦੇ ਨਾਮ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਹਨਾਂ ਹਮਲਿਆਂ ਦਾ ਕੁਹਾੜਾ ਤੇਜ਼ ਕਰਨ ਲਈ ਸੱਤਾ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ।ਉਸੇ ਤਹਿਤ ਪੰਜਾਬ, ਅਸਾਮ, ਬੰਗਾਲ ਵਿੱਚ ਫੌਜ ਦਾ ਘੇਰਾ ਵਧਾਇਆ ਜਾ ਰਿਹਾ ਹੈ। ਸਾਡੇ ਕੋਲ ਲੜਣ ਤੋਂ ਬਗ਼ੈਰ ਹੋਰ ਕੋਈ ਰਾਹ ਨਹੀਂ ਹੈ। ਅਸੀਂ ਮੰਗ ਕਰਦੇ ਹਾਂ ਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਇਸ ਮੌਕੇ ਕਾਲਜ ਇਕਾਈ ਦੇ ਕਿਰਨਜੀਤ ਕੌਰ, ਜਸਪਾਲ ਕੌਰ, ਪੂਜਾ,ਮਨੀ ਕੌਰ, ਵਿਸ਼ਵਦੀਪ ਸਿੰਘ, ਸ਼ਰਨਜੀਤ ਕੌਰ, ਜਸਵੀਰ ਕੌਰ, ਨਵੂ ਤੇ ਹੋਰ ਵਿਦਿਆਰਥੀ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ