ਦੀਵਾਲੀ ਦੀ ਰਾਤ ਸੀ। ਹਰ ਪਾਸੇ ਦੀਵਿਆਂ ਅਤੇ ਬਿਜਲਈ ਲੜੀਆਂ ਨੇ ਚਾਨਣ ਹੀ ਚਾਨਣ ਕੀਤਾ ਹੋਇਆ ਸੀ । ਪਟਾਕਿਆਂ ਦੇ ਸ਼ੋਰ ਦੀ ਵੀ ਸ਼ੁਰੂਆਤ ਹੋ ਚੁੱਕੀ ਸੀ । ਹਰ ਰੋਜ਼ ਵਾਂਗ ਉਹ ਅੱਜ ਵੀ ਵਾਹੋ-ਦਾਹੀ ਕਾਹਲੀ-ਕਾਹਲੀ ਤੁਰਦੀ ਹੋਈ ਮੇਰੇ ਘਰ ਦੇ ਸਾਹਮਣੇ ਬਣੀਆਂ ਹੋਈਆਂ ਖੋਲ੍ਹੀਆਂ ਵਿਚੋਂ ਲਈ ਹੋਈ ਆਪਣੀ ਇੱਕ ਕਿਰਾਏ ਦੀ ਖੋਲੀ ਵਿੱਚ ਦਾਖ਼ਲ ਹੋਈ। ਉਸ ਦੇ ਬੱਚਿਆਂ ਨੂੰ ਨੇ ਚਾਅ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ । ਪਿਛਲੇ 15-20 ਦਿਨਾਂ ਤੋਂ ਹਰ ਰੋਜ਼ ਉਸ ਦਾ ਇਹੀ ਹਾਲ ਸੀ ਕਿ ਹਰ ਰੋਜ਼ ਸਾਝਰੇ ਹੀ ਚਾਹ ਦਾ ਪਤੀਲਾ ਰਿੰਨ੍ਹ ਕੇ ਤੇ ਗੁਜ਼ਾਰੇ ਜੋਗੀਆਂ ਰੋਟੀਆਂ ਲਾਹ ਕੇ ਉਹ ਘਰੋਂ ਨਿਕਲ ਤੁਰਦੀ ਤੇ ਉਸ ਦੀ 5 ਕੁ ਸਾਲ ਦੀ ਵੱਡੀ ਧੀ ਹੀ, ਸਾਰਾ ਦਿਨ ਕਦੀ ਮਾਂ ਬਣਕੇ ਤੇ ਕਦੀ ਪਿਉ ਬਣ ਕੇ ਆਪਣੇ ਦੋ ਛੋਟੇ ਭੈਣ ਭਰਾਵਾਂ ਨੂੰ ਖੁਆ ਪਿਆ ਕੇ ਸੰਭਾਲਦੀ ਰਹਿੰਦੀ। ਉਹ ਮੁਹੱਲੇ ਵਿੱਚ ਭਾਵੇਂ ਨਵੀਂ ਨਵੀਂ ਆਈ ਸੀ,ਪਰ ਨੀਤ ਦੀ ਰੱਜੀ ਤੇ ਰੀਝ ਨਾਲ ਕੰਮ ਕਰਨ ਵਾਲੀ ਹੋਣ ਕਰਕੇ ਉਹ ਜਲਦੀ ਹੀ ਵੱਡੀਆਂ-ਵੱਡੀਆਂ ਕੋਠੀਆਂ ਵਾਲੀਆਂ ਔਰਤਾਂ ਦੀ ਪਸੰਦ ਬਣ ਗਈ ਸੀ। ਦੀਵਾਲੀ ਦੀਆਂ ਸਫ਼ਾਈਆਂ ਲਈ ਕਦੀ ਇੱਕ ਘਰ ਤੇ ਕਦੀ ਦੂਜੇ ਘਰ ਉਹ ਚਾਈਂ ਚਾਈਂ ਕੰਮ ਕਰਦੀ ਜਿਵੇਂ ਹੱਸ ਹੱਸ ਨੱਚਦੀ ਫਿਰਦੀ ਹੋਵੇ। ਉਸ ਨੂੰ ਆਸ ਸੀ ਕਿ ਅੱਜ ਦੀਵਾਲੀ ਹੈ ਤੇ ਮੈਂ ਜਲਦੀ ਘਰ ਪੁੱਜ ਜਾਵਾਂਗੀ, ਪਰ ਜਿਨ੍ਹਾਂ 5-6 ਘਰਾਂ ਵਿੱਚ ਉਹ ਪੱਕੇ ਤੌਰ ਤੇ ਕੰਮ ਕਰਦੀ ਸੀ, ਉਨ੍ਹਾਂ ਘਰਾਂ ਵਿੱਚੋਂ “ਦੀਵਾਲੀ” ਲੈਣ ਗਈ, ਉਨ੍ਹਾਂ ਦੀਆਂ ਵਗਾਰਾਂ ਪੂਰੀਆਂ ਕਰਦੀ ਨੂੰ ਅੱਜ ਵੀ ਮੂੰਹ ਹਨੇਰਾ ਹੋ ਗਿਆ ਸੀ। ਇਸ ਦੇ ਬਾਵਜੂਦ ਵੀ ਜਦੋਂ ਉਹ ਘਰ ਵੜੀ ਤਾਂ ਸਿਰਫ਼ ਇੱਕ ਲਿਫ਼ਾਫ਼ੇ ਵਿੱਚ ਕੁਝ ਮਠਿਆਈ ਹੀ ਉਸ ਦੇ ਕੋਲ ਸੀ, ਜਿਸ ਵਿਚੋਂ ਉਸਦੇ ਬੱਚਿਆਂ ਨੂੰ ਖ਼ੁਸ਼ੀ ਦਾ ਢੇਰ ਲੱਭ ਗਿਆ ਸੀ । ਮਿਲੇ ਹੋਏ ਪੈਸਿਆਂ ਨਾਲ ਕਰਿਆਨੇ ਅਤੇ ਦੁੱਧ ਵਾਲੇ ਦੀ ਉਧਾਰ ਚੜ੍ਹੇ ਹੋਏ ਪੈਸੇ ਵੀ ਅੱਜ ਉਸਨੇ ਲਾਹ ਹੀ ਦਿੱਤੇ ਸਨ ਤੇ ਕੁੱਝ ਪੈਸੇ ਉਸ ਨੇ ਹਰ ਰੋਜ਼ ਵਧਦੀ ਕੀਮਤ ਵਾਲੇ ਮੁਫ਼ਤ ਵਿੱਚ ਮਿਲੇ ਗੈਸ ਕੁਨੈਕਸ਼ਨ ਦੇ ਸਿਲੰਡਰ ਦੇ ਪੈਸੇ ਪੂਰੇ ਕਰਨ ਲਈ ਇਹ ਸੋਚ ਕੇ ਚੁੰਨੀ ਦੇ ਪੱਲੇ ਬੰਨ੍ਹ ਲਏ ਕੇ ਕੰਮ ਤੇ ਜਾਣ ਤੋਂ ਬਾਅਦ ਉਸ ਦੀ ਬਾਲੜੀ ਕੋਲੋਂ ਚੁੱਲ੍ਹਾ ਨਹੀਂ ਬਾਲਿਆ ਜਾਣਾ । ਅੱਜ ਜਦੋਂ ਉਹ ਘਰ ਪੁੱਜੀ ਤਾਂ ਮੈਂ ਆਪਣੇ ਘਰ ਦੀ ਬਾਲਕੋਨੀ ਚੋਂ ਦੇਖ ਰਿਹਾ ਸੀ, ਉਸ ਦੇ ਬੱਚੇ ਤਾਂ ਮਠਿਆਈ ਵਾਲੇ ਲਿਫਾਫੇ ਦੇ ਦੁਆਲੇ ਹੋ ਗਏ ਸਨ ਪਰ ਉਸਨੇ ਨੁੱਕਰ ਵਿੱਚ ਪਿਆ ਹੋਇਆ ਨਿੱਕਾ ਜਿਹਾ ਇੱਕ ਝਾੜੂ ਚੁੱਕਿਆ ਤੇ ਤੇ ਪਤਾ ਨਹੀਂ ਕੀ ਸੋਚਣ ਤੋਂ ਬਾਅਦ ਫਿਰ ਉੱਥੇ ਹੀ ਸੁੱਟ ਦਿੱਤਾ। 10-12 ਘਰਾਂ ਦੀ ਦੀਵਾਲੀ ਦੀ ਸਫ਼ਾਈ ਕਰਨ ਵਾਲੀ ਦੇ ਮਨ ਵਿਚ ਖਰਿਆ ਇਹ ਚਾਅ ਆਇਆ ਸੀ ਕਿ ਪੰਦਰਾਂ ਦਿਨ ਹੋ ਗਏ ਝਾੜੂ ਵੀ ਨ੍ਹੀਂ ਲੱਗਾ ਘੱਟੋ ਘੱਟ ਝਾੜੂ ਤਾਂ ਫੇਰ ਲਵਾਂ। ਪਰ ਸ਼ਾਇਦ ਇਹ ਸੋਚ ਕੇ ਉਸ ਨੇ ਝਾੜੂ ਸੁੱਟ ਦਿੱਤਾ ਕੇ ਰਹਿਰਾਸ ਦੇ ਸਮੇਂ ਝਾੜੂ ਨਹੀਂ ਫੇਰੀਦਾ । ਏਨੇ ਨੂੰ ਉਸ ਦੀ ਵੱਡੀ ਧੀ ਮਠਿਆਈ ਵਾਲੇ ਲਿਫਾਫੇ ਚੋਂ ਅੱਧ ਬਲੀਆਂ ਦੋ ਤਿੰਨ ਮੋਮਬੱਤੀਆਂ ਕੱਢ ਲਿਆਈ ਤੇ ਉਸ ਨੇ ਚਾਈਂ ਚਾਈਂ ਬੂਹੇ ਅੱਗੇ ਜਗਾ ਦਿੱਤੀਆਂ । ਵਧਦੀ ਹੋਈ ਮਹਿੰਗਾਈ ਵਿੱਚ ਉਸਨੂੰ ਇੱਕ ਦੀਵਾ ਤੇ ਸਰ੍ਹੋਂ ਦਾ ਤੇਲ ਵੀ ਨਸੀਬ ਨਹੀਂ ਸਨ ਹੋਏ। ਵੱਧਦੇ ਦਿਖਾਵਿਆਂ ਅਤੇ ਮਹਿੰਗੇ ਤਿਉਹਾਰਾਂ ਵਿੱਚ ਰੁੱਝੇ ਅਖੌਤੀ ਅਮੀਰਾਂ ਨੂੰ ਕੀ ਪਤਾ ਕਿ ਤੁਹਾਡੇ ਘਰਾਂ ਦੇ ਬਿਜਲਈ ਦੀਵਿਆਂ ਦੇ ਮਹਿੰਗੇ ਚਾਨਣ ਥੱਲੇ ਅੱਜ ਵੀ ਦੀਵਾਲੀ ਦੀ ਰਾਤ ਨੂੰ ਲੱਖਾਂ ਘਰਾਂ ਵਿੱਚ ਹਨੇਰਾ ਹੀ ਹਨੇਰਾ ਹੁੰਦਾ ਹੈ।
ਹਰਦੀਪ ਸਿੰਘ ਰਾਮਦੀਵਾਲੀ
Author: Gurbhej Singh Anandpuri
ਮੁੱਖ ਸੰਪਾਦਕ