Home » ਧਾਰਮਿਕ » ਇਤਿਹਾਸ » ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/੫ ਜਨਵਰੀ ਠੀਕ ਜਾਂ ਗਲਤ…? ਜਾਨਣ ਲਈ ਪੜ੍ਹੋ ਇਹ ਲੇਖ????????

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/੫ ਜਨਵਰੀ ਠੀਕ ਜਾਂ ਗਲਤ…? ਜਾਨਣ ਲਈ ਪੜ੍ਹੋ ਇਹ ਲੇਖ????????

74 Views

ਸ.ਕਿਰਪਾਲ ਸਿੰਘ ਬਠਿੰਡਾ

Brain on TV / ਜਸਪਾਲ ਸਿੰਘ ਜੀਉ !

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।

ਜਿਸ ਤਰ੍ਹਾਂ ਦੀਆਂ ਪੋਸਟਾਂ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਪਾ ਰਹੇ ਹੋ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਇੱਕ U-tube TV Channel ਸੰਚਾਲਕ ਕਿਸ ਤਰ੍ਹਾਂ ਦੀ ਵੀਚਾਰਧਾਰਾ ਤੋਂ ਪ੍ਰਭਾਵਤ ਹੈ। ਮੈਨੂੰ ਯਾਦ ਹੈ ਲਗਭਗ ਇੱਕ ਸਾਲ ਪਹਿਲਾਂ ਤੁਸੀਂ ਮੈਨੂੰ ਇਸੇ ਵਿਅਕਤੀ ਨਾਲ ਕੈਲੰਡਰ ਵਿਸ਼ੇ ’ਤੇ ਵੀਚਾਰ ਚਰਚਾ ਕਰਨ ਦਾ ਸੱਦਾ ਦਿੱਤਾ ਸੀ। ਪਹਿਲਾਂ ਤਾਂ ਮੈਂ ਇਸ ਵਿਅਕਤੀ ਨਾਲ ਵੀਚਾਰ ਚਰਚਾ ਕਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਸੀ ਕਿ ਇਸ ਬੰਦੇ ਨਾਲ ਵੀਚਾਰ ਚਰਚਾ ਕਰਨੀ, ਸਮੇਂ ਦੀ ਬਰਬਾਦੀ ਹੈ, ਪਰ ਇਸ ਦੇ ਨਾਲ ਹੀ ਮੇਰੇ​​ ਵਲੋਂ ਉਸ ਸਮੇਂ ਲਿਖੀ ਜਾ ਰਹੀ ਪੁਸਤਕ ਦਾ ਕੱਚਾ ਖਰੜਾ ਭੇਜ ਕੇ ਬੇਨਤੀ ਕੀਤੀ ਸੀ ਕਿ ਉਸ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਇਸ ਪੁਸਤਕ ਵਿਚ ਦਿੱਤੇ ਜਾ ਰਹੇ ਹਨ ਪਰ ਫਿਰ ਵੀ ਜੇਕਰ ਉਹ ਨਿੱਜੀ ਤੌਰ ’ਤੇ ਟੀਵੀ ਉੱਤੇ ਵੀਚਾਰ ਕਰਨਾ ਚਾਹੁੰਦੇ ਹਨ ਤਾਂ ਇੱਕ ਸ਼ਰਤ ਹੈ ਕਿ ਉਸ ਨੂੰ ਵੀ ਮੇਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

ਇਸ ਤੋਂ ਬਾਅਦ ਮੇਰੇ ਵੱਲੋਂ ਦੋ ਤਿੰਨ ਵਾਰ ਯਾਦ ਕਰਵਾਉਣ ’ਤੇ ਵੀ ਤੁਸੀਂ ਹਰ ਵਾਰ ਟਾਲ਼ਦੇ ਰਹੇ ਹੋ। ਆਪ ਹੀ ਸੱਦਾ ਦਿੱਤੇ ਜਾਣ ਤੋਂ ਬਾਅਦ ਹਰ ਵਾਰ ਟਾਲ਼ੇ ਜਾਣੇ ਦਾ ਕਾਰਨ ਤੁਸੀਂ ਹੀ ਬਿਹਤਰ ਜਾਣਦੇ ਹੋਵੋਗੇ। ਉਹ ਪੁਸਤਕ ਹੁਣ ਛਪ ਕੇ ਪਾਠਕਾਂ ਸਾਹਮਣੇ ਆ ਚੁੱਕੀ ਹੈ ਅਤੇ ਤੁਹਾਨੂੰ ਪ੍ਰਭਾਵਤ ਕਰਨ ਵਾਲੇ ਦੋਵੇਂ ਵਿਦਵਾਨਾਂ ਕੋਲ ਵੀ ਪਹੁੰਚ ਚੁੱਕੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਹਰਦੇਵ ਸਿੰਘ ਜੰਮੂ ਦਾ ਹੁਣ ਤੱਕ ਸਭ ਤੋਂ ਵੱਡਾ ਸਵਾਲ ਇਹ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਤਾਰੀਖ਼ ਨਾਨਕਸ਼ਾਹੀ ਕੈਲੰਡਰ ਵਿੱਚ 5 ਜਨਵਰੀ ਨਿਸ਼ਚਿਤ ਕਰਨ ਵਿਚ 4 ਦਿਨਾਂ ਦੀ ਗਲਤੀ ਹੈ। ਮੇਰਾ ਤੁਹਾਡੇ ਮਾਧਿਅਮ ਰਾਹੀਂ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਜਵਾਬ ਹੈ :-

ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਨੇ ਗੁਰ ਪੁਰਬ ਲਈ 5 ਜਨਵਰੀ ਨਿਸ਼ਚਿਤ ਨਹੀਂ ਕੀਤੀ ਬਲਕਿ ਨਿਸ਼ਚਿਤ ੨੩ ਪੋਹ ਕੀਤੀ ਗਈ ਹੈ। ਇਹ ਵੱਖਰੀ ਗੱਲ ਹੈ ਕਿ ੨੩ ਪੋਹ ਹਰ ਸਾਲ 5 ਜਨਵਰੀ ਨੂੰ ਹੀ ਆ ਜਾਂਦੀ ਹੈ। ਮੇਰਾ ਤੁਹਾਡੇ ਰਾਹੀਂ ਇਨ੍ਹਾਂ ਨੂੰ ਸਵਾਲ ਹੈ ਕਿ ਜੇ ਹਰ ਸਾਲ ੨੩ ਪੋਹ 5 ਜਨਵਰੀ ਨੂੰ ਆ ਜਾਂਦੀ ਹੈ ਤਾਂ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਹੈ ?

ਇਨ੍ਹਾਂ ਦਾ ਦੂਸਰਾ ਸਵਾਲ ਸੀ ਕਿ ਕਿਸੇ ਆਮ ਵਿਅਕਤੀ ਦੀ ਵੀ ਜਨਮ ਮਿਤੀ ਬਦਲ ਦੇਣਾ ਕਾਨੂੰਨੀ ਤੌਰ ’ਤੇ ਗੁਨਾਹ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ ‘ਚ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਮਿਤੀ ਬਦਲ ਦਿੱਤੀ ਗਈ ਹੈ।

ਮੇਰਾ ਇਨ੍ਹਾਂ ਨੂੰ ਜਵਾਬ ਹੈ ਕਿ ਕਿਸੇ ਨੇ ਵੀ ਗੁਰੂ ਸਾਹਿਬਾਨ ਜੀ ਦੀਆਂ ਅਸਲੀ ਜਨਮ ਮਿਤੀਆਂ ਨੂੰ ਨਹੀਂ ਬਦਲਿਆ, ਨਾ ਹੀ ਕੋਈ ਬਦਲ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਅਸਲ ਤਾਰੀਖ਼ ਪੋਹ ਸੁਦੀ ੭, ੨੩ ਪੋਹ ਬਿਕ੍ਰਮੀ ਸੰਮਤ ੧੭੨੩ ਸੀ ਅਤੇ ਹਮੇਸ਼ਾਂ ਵਾਸਤੇ ਰਹੇਗੀ। ਬਾਅਦ ਵਿਚ ਅੰਗਰੇਜ਼ੀ ਸਰਕਾਰ ਸਮੇਂ ਜਦੋਂ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਸਮਝਣ ਲਈ ਸਾਂਝੇ ਕੈਲੰਡਰ ਵਿੱਚ ਤਾਰੀਖ਼ਾਂ ਤਬਦੀਲ ਕਰਵਾ ਕੇ ਲਿਖਵਾਈਆਂ ਤਾਂ 22 ਦਸੰਬਰ 1666 ਸੀਈ ਲਿਖਿਆ ਗਿਆ। ਤੁਸੀਂ ਵੇਖ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਇਸ ਸਾਲ ਦੇ ਕੈਲੰਡਰ ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੨੬ ਪੋਹ ਦਰਜ ਹੈ, ਜਿਸ ਦਿਨ ਸਾਂਝੇ ਸਾਲ ਦੀ 9 ਜਨਵਰੀ ਬਣਦੀ ਹੈ। ਇਸ ਨਾਲ ਨਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਨਮ ਮਿਤੀ 9 ਜਨਵਰੀ ਬਣ ਜਾਣੀ ਹੈ ਅਤੇ ਨਾ ਹੀ ੨੬ ਪੋਹ ਬਣੇਗੀ। ਇਉਂ ਹੀ ਹਰ ਸਾਲ ਗੁਰ ਪੁਰਬ ੨੩ ਪੋਹ/5 ਜਨਵਰੀ ਮਨਾਉਣ ਨਾਲ ਜਨਮ ਮਿਤੀ ਕਦੀ ਵੀ 5 ਜਨਵਰੀ ਨਹੀਂ ਬਣੇਗੀ ਬਲਕਿ ਹਮੇਸ਼ਾਂ ਲਈ ੨੩ ਪੋਹ ਹੀ ਰਹੇਗੀ; ਜੋ ਸੰਮਤ ੧੭੨੩ ਵਿੱਚ ਵੀ ਸੀ; ਅੱਜ ਵੀ ਹੈ ਅਤੇ ਅੱਗੇ ਤੋਂ ਵੀ ਰਹੇਗੀ। ਕੇਵਲ ਫ਼ਰਕ ਇਹ ਹੈ ਕਿ 1999 ਦੀ ਵੈਸਾਖੀ ਤੋਂ ਬਾਅਦ ਤਾਰੀਖ਼ਾਂ ਦੇ ਗਣਿਤ ਦੇ ਨਿਯਮ ਬਦਲ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮੇਰੇ ਵੱਲੋਂ ਇਨ੍ਹਾਂ ਨੂੰ ਹੇਠ ਲਿਖੇ ਸਵਾਲ ਕੀਤੇ ਗਏ ਸਨ :-

ਕੈਲੰਡਰ ਵਿਗਿਆਨ ਦੇ ਕਿਸ ਗਣਿਤ ਦੇ ਤਰੀਕੇ ਨਾਲ ਤੁਸੀਂ ਕੈਲਕੂਲੇਟ ਕੀਤਾ ਹੈ ਕਿ ਨਾਨਕਸ਼ਾਹੀ ੨੩ ਪੋਹ/5 ਜਨਵਰੀ ਗਲਤ ਹੈ। ਜੇ ਇਹ ਗਲਤ ਹੈ ਤਾਂ ਤੁਸੀਂ ਸਹੀ ਤਾਰੀਖ਼ ਕੈਲਕੂਲੇਟ ਕਰ ਕੇ ਦੱਸੋ।
ਤੁਸੀਂ ਮੰਨਦੇ ਹੋ ਕਿ ੨੩ ਪੋਹ ਬਿਕ੍ਰਮੀ ਸੰਮਤ ੧੭੨੩ ਨੂੰ 22 ਦਸੰਬਰ 1666 ਸੀਈ ਸੀ ਪਰ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆ ਰਹੀ ਹੈ। ਤੁਸੀਂ ਇਹ ਵੀ ਮੰਨਦੇ ਹੋ ਕਿ 1699 ’ਚ ਵੈਸਾਖੀ 29 ਮਾਰਚ ਨੂੰ ਸੀ ਪਰ ਅੱਜ ਕੱਲ੍ਹ ਵੈਸਾਖੀ 13 ਜਾਂ 14 ਅਪ੍ਰੈਲ ਨੂੰ ਆ ਰਹੀ ਹੈ। ਇਸ ਤਬਦੀਲੀ ਦਾ ਕੀ ਕਾਰਨ ਹੈ ਅਤੇ ਕੈਲੰਡਰ ਵਿਗਿਆਨ ਦੇ ਕਿਹੜੇ ਨਿਯਮਾਂ ਕਰਕੇ ਵੈਸਾਖੀ ਅਤੇ ੨੩ ਪੋਹ; ਸਾਲ ਬ-ਸਾਲ ਥੋੜ੍ਹਾ ਥੋੜ੍ਹਾ ਅੱਗੇ ਤੋਂ ਅੱਗੇ ਖਿਸਕ ਰਹੇ ਹਨ ?
ਹਰਦੇਵ ਸਿੰਘ ਜੰਮੂ ਨੇ ਹੁਣ ਨਵਾਂ ਸੁਝਾਉ ਦਿੱਤਾ ਹੈ ਕਿ ਜੇਕਰ ਨਾਨਕਸ਼ਾਹੀ ਕੈਲੰਡਰ ’ਚ ਵੈਸਾਖੀ, 29 ਮਾਰਚ ਅਤੇ ੨੩ ਪੋਹ, 22 ਦਸੰਬਰ ਨੂੰ ਨਿਸ਼ਚਿਤ ਕਰ ਦਿੱਤੀ ਜਾਵੇ ਤਾਂ ਠੀਕ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਜਿਹੜੇ ਨਾਨਕਸ਼ਾਹੀ ਕੈਲੰਡਰ ਵਿਰੁੱਧ ਤਾਂ ਸਾਰੇ ਇੱਕ-ਮਤ ਹਨ ਪਰ ਇਨ੍ਹਾਂ ਦੇ ਵੱਖ ਵੱਖ ਸੁਝਾਵਾਂ ’ਤੇ ਨਜ਼ਰ ਮਾਰਿਆਂ ਬਿਲਕੁਲ ਆਪਾ ਵਿਰੋਧ ਨਜ਼ਰ ਆਉਂਦਾ ਹੈ, ਜੋ ਕਈ ਵਾਰ ਤਾਂ ਇਨ੍ਹਾਂ ਨੂੰ ਚੇਤਾ ਭੀ ਨਹੀਂ ਰਹਿੰਦਾ ਕਿ ਇਹ ਆਪਣੇ ਹੀ ਸੁਝਾਵਾਂ ਦੇ ਵਿਰੋਧ ’ਚ ਭੁਗਤ ਰਹੇ ਹੁੰਦੇ ਹਨ, ਜਿਵੇਂ ਕਿ ਕਰਨਲ ਨਿਸ਼ਾਨ ਜੀ ਦਾ ਮੰਨਣਾ ਹੈ ਕਿ ਵੈਸਾਖੀ ਤਾਂ ਠੀਕ ਹੈ ਭਾਵ ੧ ਵੈਸਾਖ 14 ਅਪ੍ਰੈਲ ਨੂੰ ਨਿਸਚਿਤ ਕੀਤੇ ਜਾਣਾ ਠੀਕ ਹੈ ਪਰ ਇਸ ਦੇ ਹਿਸਾਬ ੨੩ ਪੋਹ 5 ਜਨਵਰੀ ਗਲਤ ਹੈ। ਉਨ੍ਹਾਂ ਅਨੁਸਾਰ ਜੇ ਵਿਗਿਆਨਕ ਤਰੀਕੇ ਨਾਲ ਤਾਰੀਖ਼ਾਂ ਕੱਢੀਆਂ ਜਾਂਦੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ੧੯ ਪੋਹ/1 ਜਨਵਰੀ ਬਣਦਾ ਹੈ; ਹੁਣ ਤੱਕ ਹਰਦੇਵ ਸਿੰਘ ਜੰਮੂ ਵੀ ਕਰਨਲ ਨਿਸ਼ਾਨ ਦੇ ਇਸੇ ਸੁਝਾਉ ਨਾਲ ਸਹਿਮਤ ਰਿਹਾ ਹੈ ਤਾਹੀਓਂ ਉਸ ਦਾ ਸਮਰਥਨ ਕਰਦਾ ਰਿਹਾ ਹੈ। ਕੋਈ ਕਹਿੰਦਾ; ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰ ਪੁਰਬ ਪੋਹ ਸੁਦੀ ੭ ਹੀ ਚਾਹੀਦਾ ਹੈ। ਡਾ: ਹਰਜਿੰਦਰ ਸਿੰਘ ਦਿਲਗੀਰ ਕਹਿੰਦੈ ਕਿ ਅੱਜ ਕੱਲ੍ਹ ੨੩ ਪੋਹ ਜਾਂ ਪੋਹ ਸੁਦੀ ੭ ਨੂੰ ਕੋਈ ਨਹੀਂ ਜਾਣਦਾ ਇਸ ਲਈ ਪ੍ਰਕਾਸ਼ ਗੁਰ ਪੁਰਬ 22 ਦਸੰਬਰ ਹੀ ਚਾਹੀਦਾ ਹੈ। ਹੁਣ ਇੱਕ ਨਿਰਪੱਖ ਪੱਤਰਕਾਰ ਦਾ ਰੋਲ ਨਿਭਾਉਂਦੇ ਹੋਏ ਤੁਸੀਂ ਹੀ ਦੱਸੋ ਕਿ ਇਨ੍ਹਾਂ ਸਾਰਿਆਂ ਵਿੱਚੋਂ ਕਿਸ ਦੇ ਸੁਝਾਅ ਸੁਣ ਕੇ ਮੰਨੇ ਜਾਣ ?
ਉਪਰੋਕਤ ਸਾਰੇ ਸੁਝਾਅ ਵਾਚਣ ਤੋਂ ਬਾਅਦ ਕੈਲੰਡਰ ਕਮੇਟੀ ਨੇ ਫੈਸਲਾ ਕਰਨਾ ਸੀ। ਉਨ੍ਹਾਂ ਸਾਹਮਣੇ ਪੋਹ ਸੁਦੀ ੭, ੨੩ ਪੋਹ ਅਤੇ 22 ਦਸੰਬਰ, ਤਿੰਨਾਂ ਤਾਰੀਖ਼ਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਸੀ। ਕੈਲੰਡਰ ਕਮੇਟੀ ਦਾ ਫੈਸਲਾ ਸੀ ਕਿ ਜੇ 22 ਦਸੰਬਰ ਰੱਖ ਲਈ ਜਾਵੇ ਤਾਂ ਇਹ ਤਾਰੀਖ਼ ਸਾਡੇ ਮੁੱਢਲੇ ਪੁਰਾਤਨ ਇਤਿਹਾਸ ਦੇ ਕਿਸੇ ਵੀ ਸੋਮੇ ’ਚ ਉਪਲਬਧ ਨਹੀਂ ਕਿਉਂਕਿ ਇਹ, ਸੰਨ 1850 ਸੀਈ ਤੋਂ ਪਿੱਛੋਂ ਅੰਗਰੇਜ਼ ਸਰਕਾਰ ਵੱਲੋਂ ਲਿਖਵਾਏ ਇਤਿਹਾਸ ’ਚ ੨੩ ਪੋਹ ਨੂੰ ਸਾਂਝੇ ਸਾਲ ਦੀ ਤਬਦੀਲ ਕੀਤੀ ਤਾਰੀਖ਼ ਹੈ; ਇਸ ਲਈ ਇਸ ਨੂੰ ਮੁੱਢਲਾ ਇਤਿਹਾਸਕ ਸੋਮਾ ਨਹੀਂ ਕਿਹਾ ਜਾ ਸਕਦਾ। ਜੇ ਪੋਹ ਸੁਦੀ ੭ ਰੱਖ ਲਈ ਜਾਵੇ ਤਾਂ ਇਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 11 ਦਿਨ ਘੱਟ ਹੋਣ ਅਤੇ 2 ਜਾਂ 3 ਸਾਲ ਪਿੱਛੋਂ ਇੱਕ ਲੌਂਦ ਦਾ ਵਾਧੂ ਮਹੀਨਾ ਜੁੜ ਜਾਣ ਕਾਰਨ ਹਮੇਸ਼ਾਂ ਹੀ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ। ਦੁਨੀਆਂ ਭਰ ’ਚ ਵਸ ਰਹੇ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਗੁਰ ਪੁਰਬ ਕਿਸ ਤਾਰੀਖ਼ ਦਾ ਹੈ ਤਾਹੀਓਂ ਪੰਡਿਤਾਂ ਵੱਲੋਂ ਬਣਾਈਆਂ ਜੰਤਰੀਆਂ ਦੀ ਉਡੀਕ ਕਰਨੀ ਪੈਂਦੀ ਹੈ ਤਾਂ ਤੇ ਸਭ ਤੋਂ ਯੋਗ ਇਹ ਹੈ ਕਿ ਚੰਦਰ ਤਿੱਥਾਂ ਦਾ ਤਿਆਗ ਕਰ ਸਾਰੇ ਗੁਰ ਪੁਰਬ ਸੂਰਜੀ ਮਹੀਨਿਆਂ ਦੀਆਂ ਤਾਰੀਖ਼ਾਂ ਅਨੁਸਾਰ ਨਿਸ਼ਚਿਤ ਕੀਤੇ ਜਾਣ। ਇਸ ਦੇ ਨਾਲ ਹੀ ਸ: ਪਾਲ ਸਿੰਘ ਪੁਰੇਵਾਲ ਦਾ ਸੁਝਾਅ ਸੀ ਕਿ ਜਦੋਂ ਆਪਾਂ ਸੋਧ ਕਰਨ ਹੀ ਲੱਗੇ ਹਾਂ ਤਾਂ ਇੱਕੇ ਵਾਰ ਹੋ ਜਾਣੀ ਚਾਹੀਦੀ ਹੈ। ਜਿਸ ਤਰ੍ਹਾਂ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ 11 ਕੁ ਮਿੰਟ ਵੱਧ ਹੋਣ ਕਾਰਨ ਉਨ੍ਹਾਂ ਨੂੰ 1582 ’ਚ 10 ਦਿਨਾਂ ਦੀ ਸੋਧ ਕਰਨੀ ਪਈ ਸੀ; ਤਾਂ ਸਾਡੇ ਬਿਕ੍ਰਮੀ ਸਾਲ ਦੀ ਲੰਬਾਈ ਤਾਂ ਰੁੱਤੀ ਸਾਲ ਨਾਲੋਂ ਲਗਭਗ ਸਾਢੇ 20 ਮਿੰਟ ਵੱਧ ਹੈ, ਜਿਸ ਕਰਕੇ ਸਾਨੂੰ ਵੀ ਆਪਣੇ ਸਾਲ ਦੀ ਲੰਬਾਈ ਸੋਧ ਕੇ ਨਵਾਂ ਕੈਲੰਡਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸੁਝਾਉ ਦਿੱਤਾ ਕਿ ਗ੍ਰੈਗੋਰੀਅਨ ਕੈਲੰਡਰ ਜੋ ਅੱਜ ਕੱਲ੍ਹ ਸਾਰੀ ਦੁਨੀਆਂ ’ਚ ਪ੍ਰਚਲਿਤ ਹੈ ਤੇ ਸਾਂਝੇ ਕੈਲੰਡਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਉਸ ਦੇ ਸਾਲ ਦੀ ਲੰਬਾਈ ਦਾ ਰੁੱਤੀ ਸਾਲ ਦੀ ਲੰਬਾਈ ਨਾਲੋਂ ਕੇਵਲ 11 ਕੁ ਸੈਕੰਡ ਦਾ ਹੀ ਫ਼ਰਕ ਹੈ, ਜੋ 3300 ਸਾਲਾਂ ’ਚ ਰੁੱਤਾਂ ਨਾਲੋਂ ਕੇਵਲ ਇੱਕ ਦਿਨ ਦਾ ਫ਼ਰਕ ਪਾਏਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਲਗਭਗ ਸਾਢੇ 20 ਮਿੰਟ ਵੱਧ ਹੋਣ ਕਾਰਨ 72 ਕੁ ਸਾਲਾਂ ਵਿੱਚ ਹੀ ਲਗਭਗ 1 ਦਿਨ ਦਾ ਫ਼ਰਕ ਪਾ ਦਿੰਦਾ ਹੈ। ਇਸ ਲਈ ਸਾਨੂੰ ਵੀ ਆਪਣੇ ਸਾਲ ਦੀ ਲੰਬਾਈ ਸਾਂਝਾ ਕੈਲੰਡਰ, ਜੋ ਹੁਣ ਤੱਕ ਹੋਂਦ ਵਿੱਚ ਆਏ ਸਭ ਕੈਲੰਡਰਾਂ ’ਚੋਂ ਸਭ ਤੋਂ ਵੱਧ ਰੁੱਤਾਂ ਦੇ ਨੇੜੇ ਰਹਿਣ ਵਾਲਾ ਕੈਲੰਡਰ ਹੈ; ਦੇ ਸਾਲ ਦੀ ਲੰਬਾਈ ਦੇ ਬਰਬਾਰ ਕਰ ਲੈਣੀ ਚਾਹੀਦੀ ਹੈ। ਇਸ ਸੁਝਾਉ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਅਤੇ ਜਨਰਲ ਹਾਊਸ ਸਾਰਿਆਂ ਵੱਲੋਂ ਹੀ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2003 ਦੀ ਵੈਸਾਖੀ ਵਾਲੇ ਦਿਨ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ।

ਕਰਨਲ ਨਿਸ਼ਾਨ ਹੁਣ ਤੱਕ ਤਾਂ ਇਹੀ ਕਹਿੰਦੇ ਸੁਣੇ ਗਏ ਕਿ ਉਨ੍ਹਾਂ ਦੇ ਸੁਝਾਅ ਸੁਣੇ ਨਹੀਂ ਗਏ, ਪਰ ਹੁਣ ਵਾਇਰਲ ਕੀਤੀ ਜਾ ਰਹੀ ਈ-ਮੇਲ ਰਾਹੀਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸੁਝਾਅ ਮੰਨੇ ਨਹੀਂ ਗਏ। ਇੱਕ ਨਿਰਪੱਖ ਪੱਤਰਕਾਰ ਦਾ ਰੋਲ ਨਿਭਾਉਂਦੇ ਹੋਏ ਜਸਪਾਲ ਸਿੰਘ ਜੀ, ਤੁਸੀਂ ਹੀ ਦੱਸੋ ਕਿ ਬਗੈਰ ਕਿਸੇ ਕੈਲੰਡਰ ਨਿਯਮਾਂ ਦੀ ਜਾਣਕਾਰੀ ਦਿੱਤਿਆਂ ਅਤੇ ਬਿਨਾਂ ਕਿਸੇ ਗਣਿਤ ਦੀ ਪਾਲਣਾ ਕਰਦਿਆਂ ਕਿਸ ਕਿਸ ਦੇ ਸੁਝਾਅ ਮੰਨੇ ਜਾਣ ? ਅਸਲ ਵਿੱਚ ਇਨ੍ਹਾਂ ਦਾ ਰਵਈਆ ਹਰ ਸੋਧ ਦਾ ਵਿਰੋਧ ਕਰਨ ਵਾਲਾ ਹੈ। ਸੱਚ ਪੁੱਛੋ ਤਾਂ ਇਹ ਲੋਕ ਮਾਨਸਿਕ ਗੁਲਾਮੀ ਦੇ ਸ਼ਿਕਾਰ ਹਨ, ਜੋ ਲੰਬਾ ਸਮਾਂ ਹਿੰਦੂ ਸਭਿਆਚਾਰ ’ਚ ਰਹਿਣ ਕਰਕੇ ਪਹਿਲਾਂ ਤਾਂ ਹਿੰਦੂ ਮਿਥਿਆਲੌਜ਼ੀ ਨੂੰ ਪ੍ਰਣਾਏ ਗਏ। ਹਿੰਦੂ ਮਿਥਿਆਲੌਜ਼ੀ ਅਨੁਸਾਰ ਗੁਰੂਆਂ ਪੀਰਾਂ ਦੇ ਇਤਿਹਾਸਕ ਦਿਨ ਚੰਦਰਮਾਂ ਦੀਆਂ ਤਿੱਥਾਂ ਅਤੇ ਬਾਕੀ ਇਤਿਹਾਸ ਨੂੰ ਸੂਰਜੀ ਪ੍ਰਵਿਸ਼ਟਿਆਂ (ਸੰਗਰਾਂਦ ਦੇ ਹਿਸਾਬ ਤਾਰੀਖ਼ਾਂ) ਅਨੁਸਾਰ ਮਨਾਉਣ ਦੇ ਮੁਰੀਦ ਬਣ ਗਏ। ਫਿਰ ਇੰਗਲੈਂਡ ਦੇ ਅੰਗਰੇਜ਼ਾਂ ਦੀ ਗੁਲਾਮੀ ’ਚ ਰਹਿਣ ਕਾਰਨ ਉਨ੍ਹਾਂ ਦੇ ਕੈਲੰਡਰ ਨੂੰ ਅਪਣਾ 22 ਦਸੰਬਰ ਨਾਲ ਬੱਝ ਗਏ।

ਮੇਰਾ ਸਵਾਲ ਹੈ ਕਿ ਜੇ ਭਾਰਤ ਇੰਗਲੈਂਡ ਦਾ ਗੁਲਾਮ ਹੋਣ ਦੀ ਬਜਾਏ ਕੈਥੋਲਿਕ ਚਰਚ ਨੂੰ ਮੰਨਣ ਵਾਲੇ ਫਰਾਂਸ, ਇਟਲੀ, ਪੋਲੈਂਡ, ਸਪੇਨ ਆਦਿਕ ਦਾ ਗੁਲਾਮ ਹੋ ਜਾਂਦਾ ਤਾਂ ਉਨ੍ਹਾਂ ਨੇ (ਜੂਲੀਅਨ ਕੈਲੰਡਰ ਦੀ ਸੋਧ ਸੰਨ 1752 ਸੀਈ ’ਚ ਲਾਗੂ ਕਰਨ ਦੀ ਬਜਾਏ) ਸੰਨ 1582 ’ਚ ਕੀਤੀ ਸੋਧ ਕਾਰਨ ਸਿੱਖ ਇਤਿਹਾਸ ਲਿਖਾਉਣ ਸਮੇਂ 22 ਦਸੰਬਰ ਦੀ ਬਜਾਏ 1 ਜਨਵਰੀ ਲਿਖਵਾ ਦੇਣੀ ਸੀ। ਹਰਦੇਵ ਸਿੰਘ ਵਰਗਿਆਂ ਨੇ ਫਿਰ ੨੩ ਪੋਹ 22 ਦਸੰਬਰ ਦੀ ਬਜਾਇ 1 ਜਨਵਰੀ ਨੂੰ ਨਿਸ਼ਚਿਤ ਕਰਨ ਦੀ ਰੱਟ ਲਾ ਦੇਣੀ ਸੀ। ਜੇ ਭਾਰਤ ਰੂਸ ਦਾ ਗੁਲਾਮ ਹੁੰਦਾ ਜਿਸ ਨੇ 13 ਦਿਨਾਂ ਦੀ ਸੋਧ 31 ਜਨਵਰੀ 1918 ਨੂੰ ਲਾਗੂ ਕੀਤੀ ਅਤੇ ਸਿੱਖ ਇਤਿਹਾਸ ਨੂੰ ਲਿਖਵਾਉਣ ਸਮੇਂ ਉਨ੍ਹਾਂ ਨੇ ੨੩ ਪੋਹ ਨੂੰ 4 ਜਨਵਰੀ ਲਿਖਣਾ ਸੀ। ਢਾਈ ਦਹਾਕਿਆਂ ਤੋਂ ਚੱਲਦੀ ਆ ਰਹੀ ਵੀਚਾਰ ਚਰਚਾ ਦੌਰਾਨ ਇਨ੍ਹਾਂ ਨੂੰ ਐਨੀ ਵੀ ਅਕਲ ਨਾ ਆਈ ਕਿ ਜੇ 1918 ’ਚ ਲਾਗੂ ਕੀਤੀ ਸੋਧ ਉਪਰੰਤ 4 ਜਨਵਰੀ ਬਣਦੀ ਹੈ ਤਾਂ 72 ਸਾਲਾਂ ਤੋਂ ਵੱਧ ਸਮਾਂ ਗੁਜਰ ਜਾਣ ਕਰਕੇ ਸਿੱਖਾਂ ਦੁਆਰਾ 1999 ’ਚ ਕੀਤੀ ਸੋਧ ’ਚ ਇੱਕ ਦਿਨ ਦਾ ਹੋਰ ਫ਼ਰਕ ਪੈਣਾ ਹੀ ਹੈ, ਜਿਸ ਕਾਰਨ ੨੩ ਪੋਹ ਨੂੰ 5 ਜਨਵਰੀ ਬਣ ਗਈ।

ਇਨ੍ਹਾਂ ਦੀ ਮਾਨਸਿਕ ਗੁਲਾਮੀ ਦਾ ਦੂਸਰਾ ਸਬੂਤ ਇਹ ਹੈ ਕਿ ਇਹ ਜੂਲੀਅਨ ਕੈਲੰਡਰ ’ਚ ਕੁਝ ਦੇਸ਼ਾਂ ਵੱਲੋਂ 1582 ਅਤੇ ਕੁਝ ਦੇਸ਼ਾਂ ਵੱਲੋਂ 1752 ’ਚ ਲਾਗੂ ਕੀਤੀ ਸੋਧ ਨੂੰ ਮੰਨਦੇ ਹਨ। 1964 ’ਚ ਹਿੰਦੂਆਂ ਵੱਲੋਂ ਸੂਰਜੀ ਸਿਧਾਂਤ ਵਿੱਚ ਸੋਧ ਕਰ ਦ੍ਰਿਕ ਗਣਿਤ ਲਾਗੂ ਕੀਤੀ ਸੋਧ ਨੂੰ ਹੂ ਬ-ਹੂ ਮੰਨ ਰਹੇ ਹਨ ਪਰ ਸਿੱਖਾਂ ਵੱਲੋਂ ਕੀਤੀ ਸੋਧ ਮੰਨਣ ਤੋਂ ਇਨਕਾਰੀ ਹੀ ਨਹੀਂ ਬਲਕਿ ਅੱਜ ਦੇ ਵਿਗਿਆਨ ਯੁੱਗ ’ਚ ਅਵਿਗਿਆਨ ਹੋਣ ਦਾ ਸਬੂਤ ਦੇ ਰਹੇ ਹਨ। ਜਿਸ ਤਰ੍ਹਾਂ ਕਰਨਲ ਨਿਸ਼ਾਨ ਤਕਰੀਬਨ 1997 ਤੋਂ ਅੱਜ ਤੱਕ ਕਿਸੇ ਵੀ ਕੈਲੰਡਰ ਵਿਗਿਆਨ ਅਤੇ ਗਣਿਤ ਦੇ ਨਜ਼ਰੀਏ ਤੋਂ ਸਹੀ ਤਾਰੀਖ਼ਾਂ ਦਾ ਸੁਝਾਅ ਨਾ ਦੇ ਸਕਿਆ ਅਤੇ ਨਾ ਹੀ ਆਪਣੇ ਵੱਲੋਂ ਕੋਈ ਢੁੱਕਵਾਂ ਕੈਲੰਡਰ ਬਣਾ ਪੇਸ਼ ਕਰ ਸਕਿਆ ਉਸੇ ਤਰ੍ਹਾਂ ਪਿਛਲੇ ਤਕਰੀਬਨ 6-7 ਸਾਲਾਂ ਤੋਂ ਹਰਦੇਵ ਸਿੰਘ ਜੰਮੂ ਆਪਣੀ ਗਿਣਤੀ ਉਨ੍ਹਾਂ ਵਿਦਵਾਨਾਂ ’ਚ ਕਰਵਾਉਣ ਲਈ ਕਾਹਲ਼ੇ ਹਨ, ਜੋ ਆਪਣੇ ਆਪ ਨੂੰ ਅਜਿੱਤ ਘੋਸ਼ਿਤ ਕਰਾ ਚੁੱਕੇ। ਇਸੇ ਲਈ ਤਾਂ ਕਦੀ 5K ਚੈੱਨਲ ਦਾ ਹਵਾਲਾ ਦਿੰਦੇ ਹਨ ਕਿ ਉਨ੍ਹਾਂ (ਹਰਦੇਵ ਸਿੰਘ) ਦਾ ਸਵਾਲ ਪੁੱਛਣ ਦਾ ਹੱਕ ਮਾਰਿਆ, ਕਦੀ ਗਿਆਨੀ ਅਵਤਾਰ ਸਿੰਘ ’ਤੇ ਦੋਸ਼ ਲਾਉਂਦੇ ਹਨ ਕਿ ਉਹ ਕਿਰਪਾਲ ਸਿੰਘ ਦੀਆਂ ਚਿੱਠੀਆਂ ਆਪਣੀ ਵੈੱਬਸਾਈਟ ’ਤੇ ਅਪਡੇਟ ਕਰ ਦਿੰਦੈ, ਪਰ ਉਨ੍ਹਾਂ (ਹਰਦੇਵ ਸਿੰਘ ਜੰਮੂ) ਦੇ ਜਵਾਬ ਵੈੱਬਸਾਈਟ ’ਤੇ ਨਾ ਪਾ ਕੇ ਨਿਰਪੱਖ ਸੰਪਾਦਕ ਹੋਣ ਦਾ ਰੋਲ ਨਹੀਂ ਨਿਭਾ ਰਿਹਾ ਭਾਵੇਂ ਕਿ ਇਹ ਸਹੀ ਨਹੀਂ ਕਿਉਂਕਿ ਉਨ੍ਹਾਂ ਨੇ ਮੇਰਾ ਅਤੇ ਸਰਬਜੀਤ ਸਿੰਘ ਸੈਕਰਾਮੈਂਟੋਂ ਦਾ ਕਰਨਲ ਸੁਰਜੀਤ ਸਿੰਘ ਨਿਸ਼ਾਨ ਨਾਲ ਈ-ਮੇਲ ਰਾਹੀਂ ਹੋਏ ਸਾਰੇ ਸੰਵਾਦ ਨੂੰ ਆਪਣੀ ਸਾਈਟ ’ਤੇ ਅਪਡੇਟ ਕੀਤਾ ਹੋਇਆ ਹੈ, ਜਿਸ ਵਿੱਚ ਹਰਦੇਵ ਸਿੰਘ ਜੰਮੂ ਦੀਆਂ ਵੀ ਕੁਝ ਚਿੱਠੀਆਂ ਸ਼ਾਮਲ ਹਨ। ਹੁਣ ਉਨ੍ਹਾਂ (ਗਿਆਨੀ ਅਵਤਾਰ ਸਿੰਘ) ਨੇ ਨਾਨਕਸ਼ਾਹੀ ਕੈਲੰਡਰ ਵਿਵਾਦ ਸੰਬੰਧੀ ਸਮੁੱਚੀ ਜਾਣਕਾਰੀ ਅਤੇ ਇਸ ਸੰਬੰਧੀ ਰਚੇ ਗਏ ਸਾਰੇ ਸੰਬਾਦ/ਵਾਦ-ਵਿਵਾਦ ਨੂੰ ਇੱਕ ਥਾਂ ਸਾਂਭਣ ਲਈ ਸ: ਪਾਲ ਸਿੰਘ ਪੁਰੇਵਾਲ ਦੀ ਸਹਿਮਤੀ ਨਾਲ ਉਨ੍ਹਾਂ ਦੇ ਡੁਮੇਨ (palsinghpurewal.com) ਨਾਲ gurparsad.com ਦਾ ਏਕੀਕ੍ਰਿਤ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਸਾਰੇ ਰੀਕਾਰਡ ਨੂੰ ਇੱਕ ਥਾਂ ਸਾਂਭਣ ਦੇ ਯਤਨ ’ਚ ਆਪਣੀ ਵੈੱਬਸਾਈਟ ਨੂੰ ਅਪਡੇਟ ਕਰਨ ’ਚ ਜੁਟੇ ਹੋਏ ਹਨ। ਉਨ੍ਹਾਂ ਦੀ ਸੋਚ ਹੈ ਕਿ ਹਰਦੇਵ ਸਿੰਘ ਜੰਮੂ ਦੀਆਂ ਵੀ ਸਾਰੀਆਂ ਚਿੱਠੀਆਂ ਨੂੰ ਅਪਡੇਟ ਕਰ ਦਿੱਤਾ ਜਾਵੇ ਤਾਂ ਕਿ ਇਨ੍ਹਾਂ ਦੀਆਂ ਆਪਾ ਵਿਰੋਧੀ ਦਲੀਲਾਂ ਅਤੇ ਕਿਸੇ ਵੀ ਸਵਾਲ ਦਾ ਸੁਹਿਰਦਤਾ ਨਾਲ ਜਵਾਬ ਦੇਣ ਦੀ ਬਜਾਏ ਆਪਣੀਆਂ ਬਿਨਾਂ ਸਿਰ ਪੈਰ ਲੰਬੀਆਂ ਕਹਾਣੀਆਂ ਪਾ ਕੇ ਵੀਚਾਰ ਚਰਚਾ ਨੂੰ ਕਿਸੇ ਤਨ ਪੱਤਣ ਨਾ ਲੱਗਣ ਦੀ ਬਿਰਤੀ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਏ। ਮੈਨੂੰ ਪੂਰਾ ਯਕੀਨ ਹੈ ਕਿ ਜੇ ਤੁਸੀਂ ਵੀ ਇਸ ਪੋਸਟ ਵਿੱਚ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਹਰਦੇਵ ਸਿੰਘ ਜੰਮੂ ਤੋਂ ਪੁੱਛ ਲਿਆ ਅਤੇ ਉਸ ਦੇ ਤਸੱਲੀਬਖ਼ਸ਼ ਜਵਾਬ ਨਾ ਆਉਣ ਦੀ ਸੂਰਤ ’ਚ ਉਸ ਦੀਆਂ ਪੋਸਟਾਂ ਅੱਗੇ ਸਰਕੂਲੇਟ ਕਰਨ ਤੋਂ ਮਨਾਂ ਕਰ ਦਿੱਤਾ ਤਾਂ ਤੁਹਾਡੇ ’ਤੇ ਵੀ ਉਹੀ ਦੋਸ਼ ਲੱਗਣਾ ਲਾਜ਼ਮੀ ਹੈ ਜਿਹੜਾ ਇਹ, 5K ਚੈੱਨਲ ਅਤੇ ਗਿਆਨੀ ਅਵਤਾਰ ਸਿੰਘ ’ਤੇ ਲਾ ਰਹੇ ਹਨ, ਪਰ ਫਿਰ ਵੀ ਬੰਦੇ ਨੂੰ ਅਜ਼ਮਾਉਣਾ ਜਰੂਰ ਚਾਹੀਦਾ ਹੈ। ਮੇਰੀ ਸਲਾਹ ਹੈ ਕਿ ਤੁਹਾਨੂੰ ਜਰੂਰ ਅਜ਼ਮਾ ਕੇ ਇੱਕ ਨਿਰਪੱਖ ਪੱਤਰਕਾਰ ਵਾਲਾ ਰੋਲ਼ ਨਿਭਾਉਣਾ ਚਾਹੀਦਾ ਹੈ।

ਕਿਰਪਾਲ ਸਿੰਘ ਬਠਿੰਡਾ

੨੨ ਕੱਤਕ ਨਾਨਕਸ਼ਾਹੀ ਸੰਮਤ ੫੫੩,
5 ਨਵੰਬਰ 2021

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?