ਇਕ ਪੇਂਡੂ ਮੁੰਡੇ ਦਾ ਨਾਂ ਸੀ ਲੱਲੂ। ਲੱਲੂ ਜੁਆਨ ਹੋ ਗਿਆ। ਇਕ ਦਿਨ ਉਹਦਾ ਢਿੱਡ ਦੁਖਿਆ। ਉਹ ਹਕੀਮ ਕੋਲ ਗਿਆ। ਹਕੀਮ ਨੇ ਔਲੇ, ਹਰੜ, ਬਹੇੜੇ ਪੀਹ ਰੱਖੇ ਸਨ। ਉਹਨਾਂ ਦੇ ਚੂਰਨ ਦੀ ਇਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ। ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ ਹਟ ਗਿਆ। ਉਸ ਨੇ ਹਕੀਮ ਤੋਂ ਪੁੱਛਿਆ, “ਹਕੀਮ ਜੀ, ਪੁੜੀ ‘ਚ ਕੀ ਪਾਇਆ ਸੀ?” ਹਕੀਮ ਨੇ ਦੱਸਿਆ, “ਔਲੇ ਹਰੜ ਬਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ਼ ਖੁੱਲ੍ਹ ਜਾਂਦੀ ਐ। ਕਬਜ਼ ਸਾਰੀਆਂ ਬਿਮਾਰੀਆਂ ਦੀ ਮਾਂ ਹੈ। ਜਦੋਂ ਵੀ ਕੋਈ ਕਸਰ ਹੋਵੇ, ਇਹਦੀ ਪੁੜੀ ਲੈ ਲਓ। ਜੀਹਨੂੰ ਕਬਜ਼ ਨਾ ਹੋਵੇ ਉਹਨੂੰ ਕੁਝ ਨੀ ਹੁੰਦਾ!”
ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ੍ਹ ਲਈ ਤੇ ਪਸਾਰੀ ਦੀ ਹੱਟੀ ਤੋਂ ਔਲੇ ਹਰੜ ਬਹੇੜੇ ਖਰੀਦ ਕੇ ਪੁੜੀਆਂ ਬਣਾ ਲਈਆਂ। ਆਪਣੀ ਦੁਕਾਨ ਖੋਲ੍ਹ ਲਈ। ਬੋਰਡ ਉਤੇ ਲਿਖ ਕੇ ਲਾ ਦਿੱਤਾ: ਇਥੇ ਹਕੀਮ ਟਿੱਡੇ ਸ਼ਾਹ ਵੱਲੋਂ ਸਾਰੀਆਂ ਮਰਜ਼ਾਂ ਦਾ ਇਲਾਜ ਕੀਤਾ ਜਾਂਦੈ। ਮਰੀਜ਼ ਆਉਂਦੇ, ਪੁੜੀਆਂ ਲੈਂਦੇ, ਠੀਕ ਹੋ ਜਾਂਦੇ। ਹਕੀਮ ਟਿੱਡੇ ਸ਼ਾਹ ਮਸ਼ਹੂਰ ਹੋ ਗਿਆ। ਉਧਰ ਇਕ ਘੁਮਿਆਰੀ ਦਾ ਗਧਾ ਗੁਆਚ ਗਿਆ ਜੋ ਕਿਤੋਂ ਨਾ ਲੱਭਾ। ਕਿਸੇ ਨੇ ਮਸ਼ਵਰਾ ਦਿੱਤਾ ਕਿ ਹਕੀਮ ਟਿੱਡੇ ਸ਼ਾਹ ਕੋਲ ਜਾਓ, ਉਹਦੇ ਕੋਲ ਸਾਰੀਆਂ ਅਹੁਰਾਂ ਦਾ ਇਲਾਜ ਐ। ਘੁਮਿਆਰੀ ਨੇ ਹਕੀਮ ਟਿੱਡੇ ਸ਼ਾਹ ਨੂੰ ਗਧਾ ਗੁਆਚਣ ਦੀ ਗੱਲ ਦੱਸੀ ਤਾਂ ਟਿੱਡੇ ਨੇ ਘੁਮਿਆਰੀ ਨੂੰ ਪੁੜੀ ਦੇ ਕੇ ਕਿਹਾ, “ਆਹ ਲੈ, ਜਾਹ ਗਧਾ ਲੱਭਜੂ!”
ਘੁਮਿਆਰੀ ਨੇ ਘਰ ਜਾ ਕੇ ਪੁੜੀ ਲਈ ਤਾਂ ਉਸ ਨੂੰ ਤੁਰਤ ਹਾਜਤ ਹੋਈ। ਉਦੋਂ ਕਿਹੜਾ ਘਰਾਂ ‘ਚ ਟਾਇਲਟਾਂ ਸਨ? ਬਾਹਰ ਖੇਤ ਜਾਣ ਜੋਗੀ ਉਹ ਰਹੀ ਨਹੀਂ ਸੀ। ਉਹ ਫਟਾਫਟ ਘਰ ਦੇ ਪਿਛਵਾੜੇ ਖੋਲਿ਼ਆਂ ਵਿਚ ਗਈ ਤਾਂ ਉਥੇ ਰੂੜੀ ‘ਤੇ ਗਧਾ ਲੇਟਿਆ ਹੋਇਆ ਸੀ। ਲੱਲੂ ਦੀ ਪੁੜੀ ਨੇ ਘੁਮਿਆਰੀ ਦਾ ਗੁਆਚਿਆ ਗਧਾ ਲਭਾ ਦਿੱਤਾ! ਪਿੰਡ ‘ਚ ਡੌਂਡੀ ਪਿੱਟੀ ਗਈ। ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਹੋਈ। ਇਹੋ ਜਿਹੀਆਂ ਦੋ ਚਾਰ ਕਵੱਲੀਆਂ ਨਾਲ ਉਹਦੀ ਮਸ਼ਹੂਰੀ ਦੇਸ਼ ਦੇ ਰਾਜੇ ਤਕ ਪਹੁੰਚ ਗਈ। ਉਧਰ ਗੁਆਂਢੀ ਰਾਜੇ ਨੇ ਹਮਲਾ ਕਰਨ ਲਈ ਫੌਜਾਂ ਚਾੜ੍ਹ ਦਿੱਤੀਆਂ। ਵਜ਼ੀਰਾਂ ਨੇ ਟਿੱਡੇ ਸ਼ਾਹ ਤਕ ਪਹੁੰਚ ਕੀਤੀ, “ਹਕੀਮ ਜੀ ਦੱਸੋ, ਹੁਣ ਕੀ ਕਰੀਏ?”
ਟਿੱਡਾ ਰਾਜੇ ਦੇ ਦਰਬਾਰ ਵਿਚ ਗਿਆ। ਕਹਿਣ ਲੱਗਾ, “ਚੜ੍ਹੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ।” ਘਬਰਾਏ ਰਾਜੇ ਨੇ ਕਿਹਾ, “ਛੇਤੀ ਦੱਸ।” ਕਹਿੰਦਾ, “ਆਪਣੀ ਸਾਰੀ ਫੌਜ ਨੂੰ ਪੁੜੀਆਂ ਦੇਣੀਆਂ ਪੈਣਗੀਆਂ!”
ਲਓ ਜੀ ਸ਼ਹਿਰ ਦੇ ਸਾਰੇ ਪਸਾਰੀਆਂ ਦੀਆਂ ਹੱਟੀਆਂ ਦੇ ਔਲੇ ਹਰੜ ਬਹੇੜੇ ‘ਕੱਠੇ ਕਰ ਲਏ। ਪੀਹਣ ਨੂੰ ਖਰਾਸ ਜੋੜ ਲਏ। ਸਾਰੇ ਹਲਵਾਈਆਂ ਦਾ ਦੁੱਧ ‘ਕੱਠਾ ਕਰ ਲਿਆ। ਫੌਜ ਸੱਦ ਲਈ। ਤੰਬੂ ਲੱਗ ਗਏ। ਸਵੇਰਸਾਰ ਫੌਜ ਨੇ ਹਮਲਾਵਰ ਫੌਜ ਦਾ ਮੁਕਾਬਲਾ ਕਰਨਾ ਸੀ। ਲੱਲੂ ਫੌਜ ਦੀ ਜਰਨੈਲੀ ਕਰਨ ਲੱਗ ਪਿਆ। ਰਾਤ ਨੂੰ ਜਰਨੈਲ ਨੇ ਹੁਕਮ ਚਾੜ੍ਹਿਆ ਬਈ ਹਰੇਕ ਫੌਜੀ ਨੂੰ ਗਰਮਾਂ ਗਰਮ ਦੁੱਧ ਦੇ ਗਲਾਸ ਨਾਲ ਇਕ ਇਕ ਪੁੜੀ ਦਿਓ। ਪੁੜੀਆਂ ਲੈ ਕੇ ਫੌਜੀ ਲੰਮੇ ਪੈ ਗਏ। ਸਵੱਖਤੇ ਉਠਦਿਆਂ ਸਭ ਨੂੰ ਹਾਜਤ ਦਾ ਜ਼ੋਰ ਪੈ ਗਿਆ। ਓਧਰ ਹਮਲਾਵਰ ਫੌਜ ਚੜ੍ਹੀ ਆਵੇ। ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚਾੜ੍ਹਿਆ, “ਕੋਈ ਹਾਜਤ ਨਾ ਜਾਵੇ। ਟਾਈਮ ਨਾ ਗੁਆਵੇ। ਅੱਗੇ ਵਧੋ, ਬਹਾਦਰੀ ਨਾਲ ਮੁਕਾਬਲਾ ਕਰੋ।” ਫੌਜਾਂ ਆਹਮੋ ਸਾਹਮਣੇ ਆ ਖੜ੍ਹੀਆਂ। ਓਧਰ ਹਾਜਤ ਦਾ ਜ਼ੋਰ!
ਕੋਈ ਵਾਹ ਨਾ ਚਲਦੀ ਵੇਖ ਲੱਲੂ ਦੀ ਫੌਜ ਨੇ ‘ਪੁਜ਼ੀਸ਼ਨਾਂ’ ਲੈ ਲਈਆਂ। ਹਮਲਾਵਰ ਫੌਜ ਦਾ ਜਰਨੈਲ ਹੈਰਾਨ ਕਿ ਇਹ ਕਰਨ ਕੀ ਡਹੇ ਆ? ਉਹਨੇ ਲੱਖਣ ਲਾਇਆ ਕਿ ਉਹ ਤਾਂ ਭਾਈ ਬਰੂਦ ਵਿਛਾਈ ਜਾਣ ਡਹੇ ਆ! ਅੱਗੇ ਵਧੇ ਤਾਂ ਭੰਗ ਦੇ ਭਾੜੇ ਸਾਰੀ ਫੌਜ ਮਰਵਾ ਬਹਾਂਗੇ। ਉਹਨੇ ਆਪਣੀ ਫੌਜ ਪਿੱਛੇ ਪਰਤਾਉਣ ਵਿਚ ਹੀ ਭਲਾਈ ਸਮਝੀ। ਲੱਲੂ ਦੀ ਫੌਜ ਜਿੱਤ ਦੇ ਡੰਕੇ ਵਜਾਉਣ ਲੱਗੀ। ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਰ ਫੌਜ ਨੂੰ ਦਬੱਲ ਸਕਦਾ ਕਿਤੇ ਮੈਨੂੰ ਨਾ ਪੈ ਜਾਵੇ?
ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹੱਥਕੜੀਆਂ ਲਾ ਕੇ ਰਾਜੇ ਦੇ ਪੇਸ਼ ਕੀਤਾ ਗਿਆ। ਰਾਜੇ ਨੇ ਮੁੱਠੀ ‘ਚ ਟਿੱਡਾ ਲੁਕੋ ਕੇ ਲੱਲੂ ਨੂੰ ਕਿਹਾ, “ਹਕੀਮ ਜੀ, ਮੈਂ ਥੋਡਾ ਟੈੱਸਟ ਲੈਣਾ। ਜੇ ਤੁਸੀਂ ਦੱਸਤਾ ਬਈ ਮੇਰੀ ਮੁੱਠੀ ‘ਚ ਕੀ ਐ ਤਾਂ ਮੇਰਾ ਅੱਧਾ ਰਾਜ ਥੋਡਾ। ਜੇ ਨਾ ਦੱਸਿਆ ਗਿਆ ਤਾਂ ਸਣਬੱਚੇ ਘਾਣੀ ਪੀੜਦੂੰ।”
ਬੁਰਾ ਫਸਿਆ ਹਕੀਮ ਟਿੱਡਾ ਸ਼ਾਹ ਬਣਿਆ ਲੱਲੂ। ਮੌਤ ਉਹਨੂੰ ਸਾਹਮਣੇ ਦਿਸਣ ਲੱਗੀ। ਹੱਥ ਜੋੜ ਕੇ ਬੋਲਿਆ, “ਮਹਾਰਾਜ, ਥੋਡੇ ਹੱਥ ‘ਚ ਟਿੱਡੇ ਦੀ ਜਾਨ ਐਂ। ਮਾਰਨਾ ਮਾਰ ਦਿਓ, ਛੱਡਣਾ ਛੱਡ ਦਿਓ।” ਰਾਜਾ ਹੈਰਾਨ ਰਹਿ ਗਿਆ! ਐਡੇ ਵੱਡੇ ਔਲੀਏ ਨੂੰ ਕਿਹੜਾ ਮਾਰ ਸਕਦਾ ਸੀ? ਉਸ ਨੇ ਅੱਧਾ ਰਾਜ ਦੇ ਕੇ ਹੱਥਕੜੀ ਲਾਉਣ ਦੀ ਭੁੱਲ ਬਖ਼ਸ਼ਾਈ। ਲੱਲੂ ਰਾਜ ਭਾਗ ਦਾ ਮਾਲਕ ਬਣ ਬੈਠਾ। ਉਹਦੇ ਤੋਂ ਹੀ ਕਹਾਵਤ ਬਣੀ: ਲੱਲੂ ਕਰੇ ਕਲੱਲੀਆਂ..-
ਪ੍ਰਿੰਸੀਪਲ ਸਰਵਣ ਸਿੰਘ
Author: Gurbhej Singh Anandpuri
ਮੁੱਖ ਸੰਪਾਦਕ