ਪੰਡਿਤਰਾਓ ਧਰੇਨਵਰ ਨੇ “ਹਰਿ ਕੀ ਪਉੜੀ” ਹਰਿਦੁਆਰ ਵਿਖੇ ਕੀਤਾ ਜਪੁ ਜੀ ਸਾਹਿਬ ਦਾ ਪਾਠ
ਦੋਰਾਹਾ/ਹਰਿਦੁਆਰ, 21 ਨਵੰਬਰ (ਲਾਲ ਸਿੰਘ ਮਾਂਗਟ)-ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਤੇ ਉਚੇਚੇ ਤੌਰ ਤੇ “ਹਰਿ ਕੀ ਪਉੜੀ”, ਹਰਿਦੁਆਰ ਪਹੁੰਚੇ ਪੰਡਿਤਰਾਓ ਧਰੇਨਵਰ ਨੇ ਆਪਣੀ ਮਾਂ ਬੋਲੀ ਕੰਨੜ ਵਿਚ ਜਪੁ ਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਸਰਬੱਤ ਦਾ ਭਲਾ ਮੰਗਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ ਗੁਰਦੁਆਰਾ ਗਿਆਨ ਗੋਦੜੀ ਦੁਬਾਰਾ ਉਸਾਰੇ ਜਾਣ ਲਈ ਅਰਦਾਸ ਕੀਤੀ। ਉਹਨਾਂ ਨੇ ਉੱਥੇ ਮੌਜੂਦ ਸ਼ਰਧਾਲੂਆਂ ਨੂੰ ਇਸ ਇਤਿਹਾਸਕ ਅਸਥਾਨ ਬਾਰੇ ਜਾਣਕਾਰੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਵਿਚ ਸਹਾਇਕ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਬੀਤੇ ਛੇ ਸਾਲਾਂ ਤੋਂ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਸ਼ੁਭ ਮੌਕੇ “ਹਰਿ ਕੀ ਪੌੜੀ” ‘ਤੇ ਜਪੁਜੀ ਸਾਹਿਬ ਜੀ ਦਾ ਪਾਠ ਕਰਨ ਲਈ ਉਚੇਚੇ ਤੌਰ ਤੇ ਪਹੁੰਚਦੇ ਹਨ। ਉਹਨਾਂ ਨੇ ਦੱਸਿਆ ਹੈ ਕਿ ਜਦੋਂ ਤੱਕ ਗੰਗਾ ਨਦੀ ਦੇ ਕੰਢੇ ਤੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਨਹੀਂ ਹੋ ਜਾਂਦੀ ਉਹ ਹਰ ਸਾਲ ਅਜਿਹਾ ਕਰਦੇ ਰਹਿਣਗੇ।