Home » ਅੰਤਰਰਾਸ਼ਟਰੀ » ‘ਫਿਰ ਕੱਬ ਆਉਗੇ ਡਾਕਟਰ ‘ਸਾਬ’ / ਰਾਜਪਾਲ ਬੋਪਾਰਾਏ

‘ਫਿਰ ਕੱਬ ਆਉਗੇ ਡਾਕਟਰ ‘ਸਾਬ’ / ਰਾਜਪਾਲ ਬੋਪਾਰਾਏ

32 Views

‘ਫਿਰ ਕੱਬ ਆਉਗੇ ਡਾਕਟਰ ‘ਸਾਬ’ / ਰਾਜਪਾਲ ਬੋਪਾਰਾਏ

ਦਿੱਲੀ ਦੇ ਟੀਕਰੀ ਬਾਰਡਰ ‘ਤੇ ਹਾਲ ਹੀ ਵਿੱਚ ਕੈਲੀਫੋਰਨੀਆ ਪਿੰਡ ਵੱਸਿਆ ਹੈ। ਇਸ ਪਿੰਡ ਦਾ, ਦਿਲ ਦੇ ਰੋਗਾਂ ਦਾ ਮਾਹਰ ਡਾਕਟਰ ਸਵੈਮਾਨ ਸਿੰਘ ਪੱਖੋਕੇ, ਆਪਣੀ ਮਾਂ ਦਾ ਹਸਤਾਖਰ ਹੈ। ਹੀਰਾ ਹੈ। ਅਮਰੀਕਾ ਵਰਗੇ ਮੁਲਕ ਦੇ ਸੁੱਖ ਅਰਾਮ ਛੱਡ ਕੇ, ਦਿੱਲੀ ਦੀਆਂ ਸੜਕਾਂ ‘ਤੇ ਬਣੇ ਆਰਜ਼ੀ ਰੈਣ ਬਸੇਰਿਆਂ ‘ਚ, ਅੰਤਾਂ ਦੀ ਗਰਮੀ ਸਰਦੀ ਦਾ ਨਿੱਘ ਮਾਣ ਰਿਹਾ ਹੈ। ਸੇਵਾ ਭਾਵ ਦਾ ਸ਼ੌਂਕ ਅਤੇ ਹੌਸਲਾ, ਸਵੈਮਾਨ ਦੀ ਮਾਂ ਦੇ ਪਾਲਣ ਪੋਸਣ ਦਾ ਹਿੱਸਾ ਹੈ। ਸਵੈਮਾਨ ਦੀ ਕਾਮਜਾਬੀ ਪਿਛੇ ਜਿਸ ਔਰਤ ਦਾ ਹੱਥ ਹੈ, ਉਹ ਔਰਤ, ਉਸ ਦੀ ਮਾਂ ਹੈ। ਸਮਝ ਨਹੀਂ ਆ ਰਹੀ ਕਿ ਮੈਂ ਸਵੈਮਾਨ ਦਾ ਧੰਨਵਾਦ ਕਰਾਂ ਜਾਂ ਉਸਦੀ ਮਾਂ ਦਾ। ਸਵੈਮਾਨ ਬਾਰੇ ਲਿਖਾਂ ਜਾਂ ਮਾਂ ਬਾਰੇ।
ਚਿੱਟੀਆਂ ਕਾਲੀਆਂ ਡੱਬੀਆਂ ਵਾਲੇ ਪਰਨੇ ਦਾ ਮੜਾਸਾ ਮਾਰੀ, ਸਵੈਮਾਨ ਡਾਕਟਰ ਘੱਟ ਤੇ ਮਾਝੇ ਦਾ ਜਿ਼ਮੀਦਾਰ ਬਹੁਤਾ ਲੱਗਦਾ ਹੈ ਪਰ ਜਦੋਂ ਉਹ ਫਰਨ ਫਰਨ ਅੰਗਰੇਜ਼ੀ ਵਿੱਚ ਆਪਣੀ ਪੜਾਈ ਤੇ ਨੌਕਰੀ ਬਾਰੇ ਦੱਸਦਾ ਹੈ, ਤਾਂ ਉਸਦੇ ਡਾਕਟਰ ਹੋਣ ‘ਤੇ ਮਾਣ ਮਹਿਸੂਸ ਹੂੰਦਾ ਹੈ। ਉਦੋਂ ਉਹ ਦਿਲ ਦੇ ਨੇੜੇ ਲੱਗਦਾ ਹੈ। ਦਿਲ ਦੀਆ ਬੁੱਝਣ ਵਾਲਾ ਤੇ ਦਿਲ ਦੀਆ ਕਰਨ ਵਾਲਾ ਲੱਗਦਾ ਹੈ।
ਟਿਕਰੀ ਬਾਰਡਰ ਦਾ ਇਹ ਰੈਣ-ਬਸੇਰਾ, ਕੋਈ ਪਿਕਨਿਕ ਸਪਾਟ ਨਹੀਂ ਹੈ। ਇਹ ਕਿਸਾਨੀ ਮੋਰਚੇ ‘ਚ ਸ਼ਾਮਲ ਕਿਰਤੀ ਕਾਮਿਆ ਨੂੰ, ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ, ਮੋਰਚੇ ਦਾ ਬੇਸ ਕੈਂਪ ਹੈ। ਆਰਜ਼ੀ ਹਸਪਤਾਲ ਹੈ ਜਿਥੇ ਇੱਕ ਇੱਕ ਸਾਹ ਅਤੇ ਜਰੂਰਤ ਵਾਸਤੇ ਜੱਦੋ ਜਾਹਿਦ ਹੈ, ਸੰਘਰਸ਼ ਹੈ, ਕਠਨਾਈ ਹੈ। ਇਹਨਾਂ ਦੁਸ਼ਵਾਰੀਆਂ ‘ਤੇ ਕਾਬੂ ਪਾਉਣ ਲਈ, ਸਵੈਮਾਨ ਨੂੰ, ਮਾਂ ਦੀਆਂ ਸਿਖਿਆਵਾਂ ਯਾਦ ਆਈਆਂ ਹੋਣਗੀਆਂ। ਦੁਆਵਾਂ ਯਾਦ ਆਈਆਂ ਹੋਣਗੀਆਂ।
ਮੈਂ ਸੋਸ਼ਲ ਮੀਡੀਏ ‘ਤੇ ਘੁੰਮ ਰਹੀਆਂ ਅਨੇਕਾਂ ਪੋਸਟਾਂ ਵਿੱਚੋਂ, ਡਾਕਟਰ ਸਵੈਮਾਨ ਦੀਆਂ ਪੋਸਟਾਂ ਨੂੰ ਹਮੇਸ਼ਾ ਤਰਜ਼ੀਹ ਦਿੰਦਾ ਹਾਂ। ਉਸਦੇ ਫਿਕਰਾਂ ਨੂੰ, ਯਤਨਾਂ ਨੂੰ, ਸੀਮਤ ਸਾਧਨਾਂ ਨੂੰ, ਪਲੈਨਿੰਗਾਂ ਨੂੰ ਵੇਖਦਾ ਹਾਂ ਤਾਂ ਉਸ ਦੀ ਬੁਹ-ਪੱਖੀ ਸਖਸ਼ੀਅਤ ਤੇ ਮਾਣ ਮਹਿਸੂਸ ਹੁੰਦਾ ਹੈ। ਕਾਸ਼ ਮੈਂ ਵੀ ਉਸਦੀ ਟੀਮ ਦਾ ਹਿੱਸਾ ਬਣ ਸਕਦਾ ਤੇ ਉਸਦੇ ਉਸਾਰੂ ਪ੍ਰਬੰਧਾਂ ਅਧੀਨ, ਕਿਰਤੀ ਕਿਸਾਨਾਂ ਦੀ ਸੇਵਾ ਵਿੱਚ ਆਪਣਾ ਹਿੱਸਾ ਪਾ ਸਕਦਾ।
26 ਜਨਵਰੀ 2021 ਨੂੰ ਦਿੱਲੀ ਟਰੈਕਟਰ ਮਾਰਚ ਦੌਰਾਨ, ਡਾਕਟਰ ਸਵੈਮਾਨ ਅਤੇ ਉਸਦੀ ਟੀਮ ਨੇ ਭਾਈ ਘਨ੍ਹਾਈਆ ਜੀ ਵਾਂਗ ਸੇਵਾ ਨਿਭਾਈ ਹੈ। ਆਰਮੀ ਦੇ ਡਾਕਟਰਾਂ ਵਾਂਗ ਉਹ ਆਪਣੀਆਂ ਐਮਬੂਲੈਸਾਂ ਲੈ ਕੇ ਮਾਰਚ ਦੇ ਨਾਲ ਨਾਲ ਰਹੇ। ਜ਼ਖਮੀਆਂ ਦੀ ਸੇਵਾ ਸੰਭਾਲ ਕੀਤੀ। ਇਹ ਨਹੀਂ ਵਿਚਾਰਿਆ ਕਿ ਕਿਹਨੇ, ਕਿਹਨੂੰ ਜ਼ਖਮੀ ਕੀਤਾ ਹੈ। ਏਥੋਂ ਤੱਕ ਕਿ ਪੁਲੀਸ ਵੱਲੋਂ ਕੁੱਝ ਡਾਕਟਰਾਂ ਨੂੰ ਜ਼ਖਮੀ ਕਰਨ ਦੇ ਬਾਵਜੂਦ ਵੀ, ਡਾਕਟਰਾਂ ਨੇ ਸੇਵਾ ਸੰਭਾਲ ਜਾਰੀ ਰੱਖੀ। ਉਹਨਾਂ ਵਿੱਚ ਭਾਈ ਘਨ੍ਹਾਈਆ ਜੀ ਵਰਗੀ ਮਾਨਵਤਾ ਸੀ ਤੇ ਸਰਕਾਰੀ ਤੰਤਰ ਖਿਲਾਫ ਸਿ਼ਕਵਾ। ਡਾਕਟਰ ਸਵੈਮਾਨ ਨੇ ਇਹ ਸਿ਼ਕਵਾ ਆਪਣੇ ਆਪ ਅਤੇ ਆਪਣੀ ਟੀਮ ਉਪਰ ਭਾਰੂ ਨਹੀਂ ਹੋਣ ਦਿੱਤਾ ਤੇ ਡਾਕਟਰੀ ਪੇਸ਼ੇ ਦਾ ਧਰਮ ਨਿਭਾਇਆ। ਟੀਮ ਨੂੰ ਚੜ੍ਹਦੀ ਕਲਾ ਤੇ ਹੌਸਲੇ ਵਿੱਚ ਰੱਖਿਆ। ਆਪਣੇ ਡਾਕਟਰ ਸਾਥੀਆਂ ‘ਤੇ ਹੋਏ ਹਮਲੇ ਦੀ ਪੀੜ, ਅੱਜ ਵੀ ਉਸਦੇ ਚੇਤਿਆਂ ਵਿੱਚ ਦਰਜ਼ ਹੈ। ਰੱਬ ਉਸਨੂੰ ਬੱਲ ਬਖਸ਼ੇ ਤੇ ਤੰਤਰ ਨੂੰ ਬੁੱਧੀ। ਨਿਸ਼ਕਾਮ ਸੇਵਾ ਵਾਲੀ ਸਮੁੱਚੀ ਟੀਮ ਅਤੇ ਇਸਦੇ ਪ੍ਰਬੰਧਕਾਂ ਅੱਗੇ ਸਿਰ ਝੁੱਕਦਾ ਹੈ।
ਦੁਸ਼ਵਾਰੀਆ, ਕਮੀਆਂ ਪੇਸ਼ੀਆਂ ਤੇ ਬੇ-ਇਨਸਾਫੀਆਂ ਦੇ ਗਿਆਰਾਂ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ, ਡਾਕਟਰ ਸਵੈਮਾਨ ਸਿੰਘ ਦਾ ਜੋਸ਼ ਸਿਖਰ ‘ਤੇ ਹੈ, ਚੜ੍ਹਦੀ ਕਲਾ ‘ਚ ਹੈ। ਅਮਰੀਕਾ ਵਾਪਸ ਪਰਤਨ ਦੀ ਥਾਂ, ਉਹ ਸੜਕ ਕਿਨਾਰੇ, ਖੱੁਲ੍ਹੇ ਅਸਮਾਨ ਥੱਲੇ, ਤਰਪਾਲਾਂ ਸਹਾਰੇ ਵਸਾਏ ਕੈਲੇਫੋਨੀਆਂ ਪਿੰਡ ਦੇ ਆਰਜ਼ੀ ਹਸਪਤਾਲ ਵਿੱਚ, ਡਾਕਟਰੀ ਸਹੂਲਤਾਂ ਵਧਾਉਣ ਲਈ ਯਤਨਸ਼ੀਲ ਹੈ। ਡੈਂਗੂ, ਮਲੇਰੀਆ ਅਤੇ ਹੋਰ ਬੀਮਾਰੀਆਂ ਦੇ ਬਚਾਅ ਲਈ ਪ੍ਰਬੰਧ ਕਰਨੇ ਉਸ ਦੀ ਮੁੱਖ ਪਹਿਲ ਹੈ। ਬਲੱਡ ਟੈਸਟਿੰਗ ਲੈਬ ਤੇ ਇਸਦੇ ਮਾਹਰ, ਐਕਸ- ਰੇ ਮਸ਼ੀਨ ਤੇ ਇਸਦੇ ਮਾਹਰਾਂ ਦੇ ਨਾਲ ਨਾਲ, ਸਬੰਧਤ ਦੁਆਈਆਂ ਉਸਦੇ ਮੁੱਖ ਫਿਕਰ ਹਨ। ਸਰਦੀ ਵਾਲੇ ਰੈਣ ਬਸੇਰਿਆਂ ਨੂੰ ਗਰਮੀ ਦੇ ਮੌਸਮ ਅਨੁਸਾਰ ਢਾਲਣਾ, ਉਸਦਾ ਦੂਜਾ ਫਿਕਰ ਹੈ। ਡਾਕਟਰਾਂ ਤੇ ਪ੍ਰਬੰਧਕੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਉਸਦਾ ਤੀਜਾ ਫਿ਼ਕਰ ਹੈ। ਮੋਦੀ ਖਾਨੇ ਦਾ ਪ੍ਰਬੰਧ ਉਸਦਾ ਚੌਥਾ ਫਿਕਰ ਹੈ। ਪੀਣ ਵਾਲਾ ਪਾਣੀ ਸਾਫ਼ ਕਰਨ ਲਈ ਮਸ਼ੀਨਾਂ ਦਾ ਪ੍ਰਬੰਧ ਕਰਨ ਦਾ ਫਿਕਰ ਉਸਦਾ ਪੰਜਵਾਂ ਫਿਕਰ ਹੈ। ਗੱਲ ਕੀ ਫਿਕਰ ਦਰ ਫਿਕਰ। ਸੋਚਾਂ ਅਮਰੀਕਾਂ ਦੀਆਂ ਫਿ਼ਕਰ ਪੰਜਾਬ ਦੇ।
ਪੰਜਾਬ ਦੀ ਧਰਤੀ ‘ਤੇ ਜੰਮਿਆ ਅਤੇ ਅਮਰੀਕਾ ਦੀ ਧਰਤੀ ‘ਤੇ ਪੜ੍ਹਿਆ ਡਾਕਟਰ ਸਵੈਮਾਨ ਸਿੰਘ, ਦਿਲ ਦੀ ਆਵਾਜ਼ ਸੁਣਦਾ ਹੈ। ਅਮਰੀਕੀਆਂ ਵਾਂਗ ਸੋਚ ਕੇ, ਅਗਾਂਊਂ ਪਲੈਨਿੰਗ ਕਰਦਾ ਹੈ। ਏਨਾਂ ਕੁੱਝ ਹੋਣ ਦੇ ਬਾਵਜੂਦ ਉਹ ਧਰਤੀ ਨਾਲ ਜੁੜਿਆ ਰਹਿੰਦਾ ਹੈ। ਉਪਰ ਵਾਲੇ ਦੀ ਰਜ਼ਾ ਵਿੱਚ ਰਹਿਣਾ ਭੁੱਲਦਾ ਨਹੀਂ। ਆਪਣੇ ਸਾਰੇ ਸਾਧਨ ਵਰਤ ਕੇ, ਉਹ ਹਰ ਇੱਕ ਦਾ ਹਰ ਦੁੱਖ ਦੁਰ ਕਰਨਾ ਚਾਹੁੰਦਾ ਹੈ। ਸਿਰਫ ਚਾਹੁੰਦਾ ਹੀ ਨਹੀਂ, ਉਸ ਲਈ ਗੰਭੀਰ ਵੀ ਹੈ ਤੇ ਯਤਨਸ਼ੀਲ ਵੀ। ਆਪਣੀ ਪਤਨੀ, ਬੇਟੀ, ਭੈਣ, ਭਰਾ ਤੇ ਮਾਂ ਬਾਪ ਨੂੰ ਅਮਰੀਕਾ ਵਿੱਚ ਛੱਡ ਕੇ, ਆਪ ਦਿੱਲੀ ਦੀਆਂ ਸੜਕਾ ‘ਤੇ ਕਿਰਤੀਆ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਅਮਰੀਕਾ ਵਾਲੇ ਸੁੱਖ, ਆਰਾਮ ਤੇ ਨੌਕਰੀ ਤਿਆਗ ਕੇ, ਆਪਣੀ ਮਿੱਟੀ ਦੇ ਲੋਕਾਂ ਦੇ ਦੁੱਖ ਤਕਲੀਫਾਂ ਵਿੱਚ, ਉਹਨਾਂ ਦੇ ਨਾਲ ਖੜ੍ਹਾ ਹੈ। ਰੱਬ ਉਸਂਨੂੰ ਤੰਦਰੁਸਤੀ ਤੇ ਸ਼ਕਤੀ ਬਖਸ਼ੇ।
ਡਾਕਟਰ ਸਾਹਿਬ ਦੇ ਅਮਰੀਕਾ ਬੈਠੇ ਪੂਰੇ ਪ੍ਰੀਵਾਰ ਦੇ ਸਹਿਯੋਗ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਜਿਸਦੇ ਸਹਾਰੇ ਉਹ ਸੇਵਾ ਵਿੱਚ ਲੱਗਾ ਹੋਇਆ ਹੈ ਤੇ ਉਮਰ ਭਰ ਦੀ ਕਮਾਈ ਕਰ ਰਿਹਾ ਹੈ। ਪ੍ਰੀਵਾਰ ਦਾ ਮਾਣ ਵਧਾ ਰਿਹਾ ਹੈ ਤੇ ਸਮਾਜ ਲਈ ਮਿਸਾਲ ਬਣ ਰਿਹਾ ਹੈ। ਪ੍ਰਮਾਤਮਾ ਪ੍ਰੀਵਾਰ ਅਤੇ ਸਵੈਮਾਨ ਦੀ ਮਿਹਨਤ ਸਫ਼ਲ ਕਰੇ। ਮੋਰਚੇ ਦੇ ਹਰ ਕਿਰਤੀ ਕਿਸਾਨ ਦੀ ਦੁਆ ਹੈ ਕਿ ਉਹ ਦਿਨ ਰਾਤ ਤਰੱਕੀਆ ਮਾਣੇ।
ਪੰਜਾਬ ਉਸਦਾ ਘਰ ਹੈ। ਕੈਲੀਫੋਰਨੀਆਂ ਤੋਂ ਪੰਜਾਬ ਉਸਨੇ ਵਾਰ ਵਾਰ ਆਉਣਾ ਅਤੇ ਜਾਣਾ ਹੈ ਪਰ ਟਿੱਕਰੀ ਵਾਸੀ ਪੁੱਛਦੇ ਨੇ ‘ਫਿਰ ਕੱਬ ਆਉਗੇ ਡਾਕਟਰ ‘ਸਾਬ’…

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?