Home » ਅੰਤਰਰਾਸ਼ਟਰੀ » ਮਿਸ ਯੂਨੀਵਰਸ ਦਾ ਵਿਵਾਦ , ਕਾਰਪੋਰੇਟ ਮੰਡੀ ਤੇ ਗੁਰਮਤਿ ਸਭਿਆਚਾਰ

ਮਿਸ ਯੂਨੀਵਰਸ ਦਾ ਵਿਵਾਦ , ਕਾਰਪੋਰੇਟ ਮੰਡੀ ਤੇ ਗੁਰਮਤਿ ਸਭਿਆਚਾਰ

73 Views

balvinder pal Singh prof

ਅਦਾਕਾਰਾ-ਮਾਡਲ ਹਰਨਾਜ਼ ਸੰਧੂ (21) ਮਿਸ ਯੂਨੀਵਰਸ 2021 ਬਣ ਗਈ ਹੈ। ਮੀਡੀਆ ਦੀਆਂ ਖਬਰਾਂ ਅਨੁਸਾਰ ਉਸ ਨੇ 80 ਮੁਲਕਾਂ ਦੀਆਂ ਮੁਟਿਆਰਾਂ ਨੂੰ ਮਾਤ ਦਿੱਤੀ ਤੇ 21 ਸਾਲਾਂ ਬਾਅਦ ਇਹ ਖ਼ਿਤਾਬ ਭਾਰਤ ਦੀ ਝੋਲੀ ਪਾਇਆ। ਹਰਨਾਜ਼ ਤੋਂ ਪਹਿਲਾਂ ਸਿਰਫ਼ ਦੋ ਭਾਰਤੀ ਔਰਤਾਂ ਨੇ ਇਹ ਖ਼ਿਤਾਬ ਜਿੱਤਿਆ ਹੈ। ਸੁਸ਼ਮਿਤਾ ਸੇਨ 1994 ਤੇ ਲਾਰਾ ਦੱਤਾ ਸੰਨ 2000 ਵਿਚ ਮਿਸ ਯੂਨੀਵਰਸ ਬਣੀ ਸੀ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਜ਼ਰਾਈਲ ਵਿਚ ਹੋਇਆ। ਚੰਡੀਗੜ੍ਹ ਵਾਸੀ ਹਰਨਾਜ਼ ਜੋ ਕਿ ਵਰਤਮਾਨ ’ਵਿਚ ਪਬਲਿਕ ਐਡਮਨਿਸਟ੍ਰੇਸ਼ਨ ਵਿਚ ਮਾਸਟਰਜ਼ ਕਰ ਰਹੀ ਹੈ, ਦੇ ਸਿਰ 2020 ਵਿਚ ਮੁਕਾਬਲਾ ਜਿੱਤਣ ਵਾਲੀ ਮੈਕਸਿਕੋ ਦੀ ਐਂਡਰੀਆ ਮੇਜ਼ਾ ਨੇ ਤਾਜ ਸਜਾਇਆ। ਮੁਕਾਬਲੇ ਵਿਚ ਪੈਰਾਗੁਏ ਦੀ ਨਾਦੀਆ ਫਰੇਰਾ (22) ਦੂਜੇ ਨੰਬਰ ਉਤੇ ਰਹੀ ਜਦਕਿ ਦੱਖਣੀ ਅਫ਼ਰੀਕਾ ਦੀ ਲਾਲੇਲਾ ਮਸਵਾਨੇ (24) ਨੇ ਤੀਜੀ ਥਾਂ ਹਾਸਲ ਕੀਤੀ। ਹਰਨਾਜ਼ ਸੰਧੂ ਨੇ ਮੁਕਾਬਲੇ ਤੋਂ ਬਾਅਦ ‘ ਆਪਣੇ ਮਾਪਿਆਂ ਤੇ ਮਿਸ ਇੰਡੀਆ ਆਰਗੇਨਾਈਜ਼ੇਸ਼ਨ ਦਾ ਸੇਧ ਤੇ ਸਮਰਥਨ ਲਈ ਧੰਨਵਾਦ ਕੀਤਾ।’ ਸੰਧੂ ਨੇ ਕਿਹਾ ਕਿ , ‘ਅਜੋਕੇ ਸਮੇਂ ਦਾ ਨੌਜਵਾਨ ਜਿਹੜੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਉਹ ਹੈ ਖ਼ੁਦ ’ਵਿਚ ਵਿਸ਼ਵਾਸ ਕਰਨਾ, ਇਹ ਜਾਣਨਾ ਕਿ ਤੁਸੀਂ ਵਿਲੱਖਣ ਹੋ ਤੇ ਇਹੀ ਤੁਹਾਨੂੰ ਖ਼ੂਬਸੂਰਤ ਬਣਾਉਂਦਾ ਹੈ। ਆਪਣੀ ਦੂਜਿਆਂ ਨਾਲ ਤੁਲਨਾ ਕਰਨੀ ਬੰਦ ਕਰੋ ਤੇ ਦੁਨੀਆ ਵਿਚ ਹੋ ਰਹੀਆਂ ਹੋਰਨਾਂ ਮਹੱਤਵਪੂਰਨ ਘਟਨਾਵਾਂ ਬਾਰੇ ਗੱਲ ਕਰੋ।’ ਅੱਗੇ ਆਓ, ਆਪਣੇ ਆਪ ਲਈ ਬੋਲੋ ਕਿਉਂਕਿ ਤੁਸੀਂ ਹੀ ਆਪਣੀ ਜ਼ਿੰਦਗੀ ਦੇ ਆਗੂ ਹੋ, ਤੁਸੀਂ ਹੀ ਆਪਣੀ ਆਵਾਜ਼ ਹੋ। ਮੈਂ ਖ਼ੁਦ ਵਿਚ ਯਕੀਨ ਕੀਤਾ ਤੇ ਇਸੇ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।’ ਉਸ ਦੇ ਜਵਾਬ ਤੋਂ ਬਾਅਦ ਪੂਰਾ ਹਾਲ ਤਾੜੀਆਂ ਨਾਲ ਗੂੰਜ ਗਿਆ।

ਸੰਧੂ ਨੇ ਇਸ ਖੇਤਰ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ 2017 ਵਿਚ ਕੀਤੀ ਸੀ ਜਦ ਉਹ ਚੰਡੀਗੜ੍ਹ ਦੀ ਨੁਮਾਇੰਦਗੀ ਕਰਦਿਆਂ 17 ਸਾਲ ਦੀ ਉਮਰ ਵਿਚ ‘ਟਾਈਮਜ਼ ਫਰੈੱਸ਼ ਫੇਸ’ ਬਣੀ। ਮਗਰੋਂ ਉਸ ਨੇ ਮਿਸ ਦੀਵਾ ਯੂਨੀਵਰਸ 2021 ਖ਼ਿਤਾਬ ਵੀ ਜਿੱਤਿਆ। ਉਹ ਪੰਜਾਬੀ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਮਿਸ ਯੂਨੀਵਰਸ ਸਮਾਗਮ ਦੀ ਮੇਜ਼ਬਾਨੀ ਸਟੀਵ ਹਾਰਵੀ ਨੇ ਕੀਤੀ ਤੇ ਇਸ ਮੌਕੇ ਅਮਰੀਕੀ ਗਾਇਕ ਜੋਜੋ ਨੇ ਪੇਸ਼ਕਾਰੀ ਦਿੱਤੀ। ਚੋਣ ਕਮੇਟੀ ਵਿਚ ਭਾਰਤੀ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਇੰਡੀਆ ਉਰਵਸ਼ੀ ਰੌਟੇਲਾ ਸਣੇ ਕਈ ਹੋਰ ਉੱਘੀਆਂ ਕੌਮਾਂਤਰੀ ਸ਼ਖ਼ਸੀਅਤਾਂ ਸ਼ਾਮਲ ਸਨ।
ਮਿਸ ਯੂਨੀਵਰਸ ਬਣਨ ’ਤੇ ਕਈ ਫ਼ਿਲਮੀ ਹਸਤੀਆਂ ਸੁਸ਼ਮਿਤਾ ਸੇਨ, ਲਾਰਾ ਦੱਤਾ ਤੇ ਪ੍ਰਿਯੰਕਾ ਚੋਪੜਾ ਕਰੀਨਾ ਕਪੂਰ ਖਾਨ, ਰਵੀਨਾ ਟੰਡਨ ਆਦਿ ਨੇ ਮੁਬਾਰਕਾਂ ਦਿਤੀਆਂ। ਇਸ ਤੋਂ ਇਲਾਵਾ ਨੇ ਵੀ ਉਸ ਨੂੰ ਮੁਬਾਰਕਬਾਦ ਦਿੱਤੀ। ਸੁੰਦਰਤਾ ਮੁਕਾਬਲਿਆਂ ਦੀ ਚੀੜ ਫਾੜ ਕੀਤੀ ਜਾਵੇ ਤਾਂ ਸੁੰਦਰਤਾ ਮੁਕਾਬਲੇ ਨਾ ਪੰਜਾਬੀ ਸਭਿਆਚਾਰ , ਨੈਤਿਕਤਾ ਦਾ ਹਿਸਾ ਹਨ ਤੇ ਨਾ ਹੀ ਸਿਖ ਸਭਿਆਚਾਰ ਦਾ। ਗੁਰ-ਫੁਰਮਾਨ ਹੈ:

ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥
ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥
ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥ (ਪੰਨਾ 722)
ਆਪਣੇ ਪ੍ਰੀਤਮ ਦੇ ਰੰਗ ਵਿਚ ਦਿਨ ਰਾਤ ਰੰਗੀ ਰਹਿਣ ਵਾਲੀ ਜੀਵ ਇਸਤਰੀ ਅਰਥਾਤ ਮਨੁੱਖ ਹੀ ਸੁੰਦਰ ਹੈ ਤੇ ਸਮਝਦਾਰ ਗਿਣਿਆ ਜਾਵੇਗਾ।ਅਰਥਾਤ ਮਨੁੱਖ ਨੂੰ ਕੁਦਰਤੀ ਸਚ ਅਪਨਾਉਣਾ ਚਾਹੀਦਾ ਹੈ। ਇਸ ਲਈ ਸਿਖ ਆਦਰਸ਼ ਮਨ ਦੀ ਸੁੰਦਰਤਾ ,ਕਿਰਦਾਰ ਤੇ ਗੁਰਮਤਿ ਨੈਤਿਕਤਾ ਉਪਰ ਆਧਾਰਿਤ ਹੈ।ਸੋ ਸੁੰਦਰਤਾ ਮੁਕਾਬਲਿਆਂ ਦਾ ਹਿਸਾ ਬਣਨਾ ਸਿਖ ਪਰਿਵਾਰਾਂ ਨੂੰ ਮੇਚ ਨਹੀਂ ਖਾਂਦਾ। ਕਿਉਂਕਿ ਇਹ ਕਾਰਪੋਰੇਟ ਲੁਟ ਤੇ ਸ਼ੋਸ਼ਣ ਦਾ ਅੰਗ ਹਨ। ਯੂਨਾਨੀ ਫਿਲਾਸਫਰ ਪਲੈਟੋ ਦਾ ਵਿਚਾਰ ਹੈ ਕਿ ਉਹ ਮਨੁੱਖ ਸੁੰਦਰ ਹੈ ਜਿਸ ਵਿਚ ਸਤਯ, ਸ਼ਿਵਤਵ ਅਤੇ ਦੈਵੀ ਗੁਣ ਹੁੰਦੇ ਹਨ ਅਰਥਾਤ ਜਿਸ ਵਿਚ ਮਨ ਅਤੇ ਆਤਮਾ ਦੋਹਾਂ ਨੂੰ ਆਨੰਦਿਤ ਕਰਨ ਵਾਲੇ ਗੁਣ ਹੋਣ ਉਹ ਸੁੰਦਰ ਅਖਵਾਉਣ ਦਾ ਅਧਿਕਾਰੀ ਹੈ।
ਭਾਰਤ ਅੱਜ ਸਾਰੇ ਸੰਸਾਰ ਵਿਚੋਂ ਅਬਾਦੀ ਦੇ ਹਿਸਾਬ ਨਾਲ ਦੂਜੇ ਨੰਬਰ ਤੇ ਹੈ। ਇਸ ਵਾਸਤੇ ਵਿਦੇਸ਼ਾਂ ਦੇ ਕਾਰਪੋਰੇਟ ਭਾਰਤ ਵਿਚ ਦੇਸ਼ ਇਥੇ ਆਪਣਾ ਸਮਾਨ ਵੇਚਣ ਲਈ ਸਰਗਰਮ ਹਨ।ਇਸੇ ਕਰਕੇ ਸਾਡੇ ਦੇਸ਼ ਦੀਆਂ ਲੜਕੀਆਂ ਦੀ ਸੁੰਦਰਤਾ ਦੇ ਮੁਕਾਬਲੇ ਕਰਵਾਏ ਜਾਂਦੇ ਹਨ।।ਬਹੁ-ਕੌਮੀ ਕਾਰਪੋਰੇਸ਼ਨਾਂ ਸਿੱਧੇ-ਅਸਿੱਧੇ ਰੂਪ ਵਿੱਚ ਸਰਪ੍ਰਸਤੀ ਦੇ ਕੇ ‘ਮਿਸ ਇੰਡੀਆ’, ‘ਮਿਸ ਵਰਲਡ’, ‘ਮਿਸ ਯੂਨੀਵਰਸ’ (ਪੂਰੇ ਬ੍ਰਹਿਮੰਡ ਦੀ!) ਅਤੇ ਹੋਰ ਮੁਲਕਾਂ ਦੇ ਨਾਵਾਂ ਹੇਠ ਵੱਖ-ਵੱਖ ਸੁੰਦਰਤਾ ਮੁਕਾਬਲੇ ਕਰਵਾਉਂਦੀਆਂ ਹਨ। ਇਸ ਤੋਂ ਇਲਾਵਾ ਦੇਸੀ-ਵਿਦੇਸ਼ੀ ਸਨਅਤਕਾਰ, ਵਪਾਰੀ ਅਤੇ ਕਈ ਕਾਰਪੋਰੇਟ ਵੀ ਇਨ੍ਹਾਂ ਮੁਕਾਬਲਿਆਂ ਲਈ ਫੰਡ ਮੁਹੱਈਆ ਕਰਵਾਉਂਦੇ ਹਨ ਤਾਂ ਕਿ ਮਸ਼ਹੂਰੀਆਂ ਰਾਹੀਂ ਉਨ੍ਹਾਂ ਦੇ ਵਪਾਰਕ ਹਿੱਤ ਵੀ ਅੱਗੇ ਵਧਣ। ਮੁਕਾਬਲਿਆਂ ਦੇ ਪ੍ਰਬੰਧਕ ਵੀ ਇਨ੍ਹਾਂ ਕਾਰਪੋਰੇਟ ਸ਼ਕਤੀਆਂ ਦੇ ਮੋਹਰੇ ਹੀ ਹੁੰਦੇ ਹਨ। ਸੰਸਾਰੀਕਰਨ ਨੇ ਮਨੁੱਖ ਦਾ ਕਲਚਰ ਤੇ ਜਿੰਦਗੀ ਦਾ ਇਹ ਆਧਾਰ ਸਿਰਜਿਆ ਹੈ ਕਿ ਮਨੁੱਖੀ ਜ਼ਿੰਦਗੀ ਦਾ ਮੁੱਖ ਮਕਸਦ ‘ਖਾਓ, ਪੀਓ ਅਤੇ ਐਸ਼ ਕਰੋ’ ਹੈ। ਕਾਰਪੋਰੇਟ ਵਲੋਂ ਔਰਤ ਨੂੰ ਮਾਨਣ, ਅਤੇ ਭੋਗਣ ਵਾਲੀ ਵਸਤੂ ਸਮਝਿਆ ਜਾਂਦਾ ਹੈ। ਕਾਰਪੋਰੇਟ ਦੀ ਦੁਨੀਆਂ ਮਨੁੱਖੀ ਅਜ਼ਾਦੀ ਨਹੀਂ ਦੇ ਸਕਦਾ।ਗੁਰੂ ਦਾ ਬੰਦਾ ਅਜ਼ਾਦ ਮਨੁੱਖ ਹੈ।ਕੀ ਚੰਗਾ ਜਾਂ ਮਾੜਾ ਗੁਰੂ ਗਰੰਥ ਸਾਹਿਬ ਜੀ ਸੋਝੀ ਦਿੰਦੇ ਹਨ।ਪਰ ਜਦੋਂ ਅਸੀਂ ਜੀਵਨ ਵਿਚ ਵਿਚਰਨਾ ਹੈ ਤਾਂ ਸਾਨੂੰ ਸਿਖਾਂ ਨੂੰ ਗੁਰਮਤਿ ਦਾ ਮਾਰਗ ਚੁਣਨਾ ਪਵੇਗਾ।ਸੰਸਾਰੀਕਰਨ ਦੀ ਸਭਿਅਤਾ ਮਨੁੱਖ ਨੂੰ ਅਸ਼ਾਂਤ ਕਰਦੀ ਤੇ ਪੈਸੇ ਦੀ ਦੌੜ ਵਿਚ ਮੰਡੀ ਦਾ ਮਾਲ ਬਣਾਉਂਦੀ ਹੈ।ਇਸ ਲਈ ਸੁੰਦਰਤਾ ਮੁਕਾਬਲਿਆਂ ਨਾਲ ਸਿਖ ਪੰਥ ਦਾ ਕੋਈ ਮੇਲ ਨਹੀਂ।ਨਾ ਹੀ ਅਸੀਂ ਵਿਸ਼ਵ ਸੁੰਦਰੀਆਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ।ਸਾਡੇ ਰੋਲ ਮਾਡਲ ਚੰਗੇ ਸਿਆਸਤ ਦਾਨ ,ਸਮਾਜ ਸੇਵੀ ,ਅਧਿਆਪਕ ,ਡਾਕਟਰ ਹੋ ਸਕਦੇ ਹਨ ,ਜਿਸ ਵਿਚੋਂ ਸਰਬਤ ਦਾ ਭਲੇ ਦੀ ਲਹਿਰ ਨਿਕਲੇ ਨਾ ਕਿ ਸਟਰੈਸ ਤੇ ਵਿਲਾਸੀ ਭਰਿਆ ਜੀਵਨ ਜੋ ਕਿ ਮਨੁੱਖਤਾ ਦੇ ਦੁਖਾਂ ਦਾ ਕਾਰਣ ਬਣੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?