ਫੋਟੋ ਵਿਚ ਬਲਰਾਜ ਸਿੰਘ ਕੋਕਰੀ ਤੇ ਵਿੱਕੀ ਗਰੋਵਰ
ਦਿੱਲੀ ਦੀਆਂ ਬਰੂਹਾਂ ਤੇ ਲੱਗੇ ਕਿਸਾਨੀ ਮੋਰਚੇ ਨੇ ; ਇਕੱਲੀ ਖੇਤੀ ਬਿੱਲਾਂ ਵਾਲੇ ਮਸਲੇ ਤੇ ਹੀ ਫ਼ਤਹ ਹਾਸਲ ਨਹੀਂ ਕੀਤੀ , ਸਗੋਂ ਇਹ ਦਿੱਲੀ ਦੇ ਲੋਕਾਂ ਦਾ ਦਿਲ ਵੀ ਜਿੱਤ ਕੇ ਲੈ ਗਿਆ । ਇਸ ਮੋਰਚੇ ਵਿਚ ਜੋ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣਿਆ ਉਹ ਸਿੱਖ ਤੇ ਸਿੱਖ ਵੀਚਾਰਧਾਰਾ ਸੀ । ਲੰਮੇ ਸਮੇਂ ਤੱਕ ਇਸਦੇ ਪ੍ਰਭਾਵ ਲੋਕਾਂ ਦੇ ਦਿੱਲਾਂ ਵਿਚ ਉਤਰ ਗਏ ਹਨ ; ਜਿਸਦੇ ਪਰਤਾਵੇ ਸਾਨੂੰ ਵੇਖਣ ਨੂੰ ਮਿਲਦੇ ਰਹਿਣੇ ਹਨ ।
ਬਲਰਾਜ ਸਿੰਘ ਕੋਕਰੀ ਪਿਛੱਲੇ ਦਿਨੀਂ ਦਿੱਲੀ ਆਇਆ ਸੀ , ਯੂਨੀਵਰਸਿਟੀ ਵਿਚ ਕਿਸੇ ਕੰਮ ; ਯੂਨੀਵਰਸਿਟੀ ਦੀਆਂ ਕੰਟੀਨਾਂ ਬੰਦ ਹੋਣ ਕਾਰਨ , ਨੇੜੇ ਹੀ ਮੌਰਿਸ ਪੁਲਿਸ ਸਟੇਸ਼ਨ ਦੇ ਸਾਹਮਣੇ ਢਾਬੇ ਤੇ ਮੈਂ , ਹਰਮਿੰਦਰ ਤੇ ਬਲਰਾਜ ਰੋਟੀ ਖਾਣ ਪਹੁੰਚੇ ।ਢਾਬੇ ਅੰਦਰ ਜਗ੍ਹਾ ਭਰੀ ਹੋਣ ਕਰਕੇ , ਸਾਡੇ ਤੋਂ ਪੁੱਛ ਕੇ ਉਸਨੇ ਤੰਦੂਰ ਕੋਲ ਹੀ ਸਾਡੇ ਲਈ ਕੁਰਸੀਆਂ ਡਾਅਤੀਆਂ । ਜੋ ਕੁਝ ਖਾਣਾ ਸੀ , ਉਹ ਲਿਖਵਾ ਦਿੱਤਾ , ਰੋਟੀ ਨਾਲੋ ਨਾਲੋ ਤਵੇ ਦੀ ਗਰਮ ਆਉਣ ਦਈ ਕਹਿਤਾ । ਚੱਲੋ ਜੀ , ਪੂਰੀ ਤਰ੍ਹਾਂ ਖਾ ਪੀ ਕੇ ਜਦ ਵਹਿਲੇ ਹੋਏ ਤਾਂ ਮੁੰਡੇ ਨੂੰ ਕਿਹਾ ਕਿ ਦਸ ਭਾਈ ! ਕਿੰਨੇ ਬਣੇ। ਉਸ ਵਕਤ ਹੀ ਇਹ ਫੋਟੋ ਵਿਚਲਾ ਵੀਰ ਜਿਸਦਾ ਨਾਮ ‘ਵਿੱਕੀ ‘ ਹੈ ਤੇ ਢਾਬੇ ਦੇ ਮਗਰਲੇ ਪਾਸੇ ਇਸਦੀ ਦੁਕਾਨ ਹੈ ; ਇਹ ਸਾਨੂੰ ਪੁੱਛਦਾ ਕਿ ਤੁਸੀਂ ਦੱਸੋ ਹੋਰ ਕੁਝ ਖਾਣਾ ਪੀਣਾ ਹੋਵੇ ਤਾਂ ਦੱਸੋ । ਅਸੀਂ ਕਿਹਾ ਨਹੀਂ ਸੱਜਣਾ ! ਬੱਸ , ਤੁਸੀਂ ਮਾਇਆ ਦੱਸੋ ਕਿੰਨੀ ਬਣੀ । ਇਸ ਬੰਦੇ ਨੇ ਪਿਆਰ ਨਾਲ ਹੱਥ ਜੋੜ ਕੇ ਕਿਹਾ , ਬਾਈ ਜੀ ! ਬਸ ਮਾਇਆ ਆ ਗਈ । ਅਸੀਂ ਕਿਹਾ ਕਿ ਸਮਝੇ ਨਹੀਂ ਅਸੀਂ।ਉਸ ਵਕਤ ਤੰਦੂਰ ਵਾਲੇ ਮੁੰਡੇ ਨੇ ਦੱਸਿਆ ਕਿ ਤੁਹਾਨੂੰ ਦੇਖ ਕੇ ਇਹ ਬਾਈ ਜੀ ਸਾਡੇ ਕੋਲ ਆਏ ਤੇ ਕਿਹਾ ਕਿ ਇਹਨਾਂ ਸਰਦਾਰਾਂ ਤੋਂ ਪੈਸੇ ਨਹੀਂ ਲੈਣੇ , ਮੈਂ ਦਿਆਂਗਾ ; ਤੁਸੀਂ ਬਸ ਜੋ ਮੰਗਣ ਉਹ ਦੇ ਦੇਣਾ । ਅਸੀਂ ਕਿਹਾ ਬਾਈ ਜੀ ! ਇਹ ਠੀਕ ਗੱਲ ਨਹੀਂ , ਤੁਸੀ ਕਿਓਂ ਦੇਵੋਗੇ ? ਅਸੀਂ ਦਿਂਦੇ ਹਾਂ । ਇਹ ਵੀਰ ਬੜੇ ਪਿਆਰ ਨਾਲ ਕਹਿਣ ਲੱਗਾ , ‘ ਸਰਦਾਰ ਜੀ ! ਤੁਸੀਂ ਕਿਸਾਨੀ ਮੋਰਚੇ ਵਿਚ ਸਭ ਨੂੰ ਖਵਾ ਸਕਦੇ ਹੋ , ਕੀ ਮੈਂ ਤੁਹਾਨੂੰ ਨੀ ਖਵਾ ਸਕਦਾ । ਇਹ ਸਭ ਕੁਝ ਤੁਹਾਡੇ ਕੋਲੋਂ ਹੀ ਸਿੱਖਿਆ ਹੈ । ਮੈਂ ਵੀ ਸਿੰਘੁ ਜਾ ਕੇ ਆਇਆ ਸੀ । ਮੈਂ ਦਰਬਾਰ ਸਾਹਿਬ ਵੀ ਜਾਂਦਾ ਹਾਂ। ਮੈਂ ਜਦੋਂ ਹੀ ਤੁਹਾਨੂੰ ਦੇਖਿਆ , ਮੈਂ ਉਚੇਚ ਨਾਲ ਦੁਕਾਨ ‘ਚੋਂ ਉੱਠ ਕਿ ਆਇਆ ਕਿ ਵੀਰ ਜੀ ! ਹੁਣਾ ਦੀ ਸੇਵਾ ਕਰਨੀ ਹੈ ।’ ਅਸੀਂ ਤਿੰਨੇ ਹੀ ਇਸ ਵੀਰ ਨਾਲ ਜੱਫੀ ਪਾ ਕੇ ਮਿਲੇ ਤੇ ਸ਼ੁਕਰਗੁਜ਼ਾਰ ਹੁੰਦਿਆਂ ,ਫਿਰ ਮਿਲਣ ਦਾ ਵਾਅਦਾ ਕਰ ਤੁਰ ਪਏ। ਹਰਮਿੰਦਰ ਨੇ ਹੋਸਟਲ ਜਾਣਾ ਸੀ , ਉਹ ਉਧਰ ਤੁਰ ਪਿਆ , ਮੈਂ ਤੇ ਬਲਰਾਜ ਬੱਸ ਅੱਡੇ ਵੱਲ , ਤੇ ਉਥੋਂ ਬਲਰਾਜ ਪੰਜਾਬ ਵੱਲ ਤੇ ਮੈਂ ਆਪਣੇ ਟਿਕਾਣੇ ਵੱਲ। ਦਿੱਲੀ ਵਿੱਚ ਮੈਂ ਸੱਤ ਸਾਲ ਤੋਂ ਹਾਂ ਪਰ ਇਸ ਤਰ੍ਹਾਂ ਦਾ ਪਿਆਰ ਪਹਿਲੀ ਵਾਰ ਦੇਖਿਆ । ਇਹ ਅਸਲ ਵਿਚ ਮੇਰੇ ਬਜ਼ੁਰਗਾਂ ਦੀ ਖੱਟੀ ਹੈ , ਜੋ ਮੇਰੇ ਵਰਗੇ ਮਾਣਦੇ ਪਏ ਆ । ਗੁਰੂ ਕੇ ਲੰਗਰਾਂ ਦਾ ਪ੍ਰਤਾਪ ਹੈ । ਕਿਸਾਨੀ ਸੰਘਰਸ਼ ਨੇ ਜਿਸ ਢੰਗ ਨਾਲ ਸਿੱਖ ਸੋਚ ਦਾ ਪਸਾਰਾ ਕੀਤਾ , ਇਹ ਤਾਂ ਸ਼ਾਇਦ ਕਈ ਦਹਾਕਿਆਂ ਦੇ ਪ੍ਰਚਾਰ ਨਾਲ ਵੀ ਨਹੀਂ ਹੋਣਾ ਸੀ !
Author: Gurbhej Singh Anandpuri
ਮੁੱਖ ਸੰਪਾਦਕ