ਸ਼ਾਹ ਮੁਹੰਮਦਾ ਗੋਰਿਆਂ ਛੇੜ ਛੇੜੀ,
ਮੁਲਕ ਪਾਰ ਦਾ ਮੱਲਿਆ ਆਨ ਮੀਆਂ ।
ਇਹ ਜੰਗ ਲਾਹੌਰ ਦਰਬਾਰ ਵੱਲੋਂ ਨਹੀਂ , ਗੋਰਾਸ਼ਾਹੀ ਵੱਲੋਂ ਛੇੜੀ ਗਈ ਸੀ । ਮੁਦਕੀ ਦੀ ਜੰਗ ਵਕਤ ਸਿੱਖਾਂ ਦਾ ਵਜ਼ੀਰ ਅਤੇ ਸੈਨਾਪਤੀ ਅੰਗਰੇਜ਼ਾਂ ਦੇ ਜ਼ਰ ਖ਼ਰੀਦ ਗੁਲਾਮ ਬਣ ਚੁਕੇ ਸਨ । ਲਾਲ ਸਿੰਘ , ਤੇਜਾ ਸਿੰਘ ਤੇ ਗੁਲਾਬ ਸਿੰਘ ਡੋਗਰੇ ਨੇ ਅੰਗਰੇਜ਼ਾਂ ਨੂੰ ਹਰ ਹਾਲਤ ਵਿਚ ਮੈਦਾਨ ਫ਼ਤਹ ਕਰਵਾਉਣ ਦਾ ਕੌਲ੍ਹ ਦਿੱਤਾ ਹੋਇਆ ਸੀ । ਇਸ ਲਈ ਹੀ ਦਰਿਆ ਪਾਰ ਆਪਣੇ ਇਲਾਕੇ ਵਿਚ ਆ ਕੇ ਵੀ , ਸਿੱਖ ਫੌਜਾਂ ਦੇ ਜਜ਼ਬਾਤਾਂ ਅਤੇ ਨੀਤੀ ਦੀ ਪਰਵਾਹ ਕੀਤੇ ਬਿਨਾਂ ਲਾਲ ਸਿੰਘ ਨੇ ਫਿਰੋਜ਼ਪੁਰ ਅੰਗਰੇਜ਼ ਛਉਣੀ ਤੇ ਹਮਲਾ ਨਹੀਂ ਕੀਤਾ ; ਸਗੋਂ ਉਥੋਂ ਦੇ ਪੌਲੀਟੀਕਲ ਏਜੰਟ ਪੀਟਰ ਨਿਕਲਸਨ ਨਾਲ ਚਿੱਠੀ ਪੱਤਰ ਕਰਕੇ ਉਸਤੋਂ ਪੁਛਿਆ :-
” ਮੈਂ ਫੌ਼ਜ ਨਾਲ ਦਰਿਆ ਪਾਰ ਹੋ ਆਇਆ ਹਾਂ । ਤੁਹਾਨੂੰ ਮੇਰੀ ਅੰਗਰੇਜ਼ਾਂ ਨਾਲ ਦੋਸਤੀ ਦਾ ਪਤਾ ਹੀ ਹੈ।ਮੈਨੂੰ ਦੱਸੋ ਹੁਣ ਮੈਂ ਕੀ ਕਰਾਂ।”
ਜੁਆਬ ਵਿਚ ਨਿਕਲਸਨ ਨੇ ਲਿਖਿਆ “ਫੀਰੋਜ਼ਪੁਰ ਤੇ ਹੱਲਾ ਨ ਕਰਨਾ ।ਜਿਨਾ ਚਿਰ ਹੋ ਸਕੇ , ਅਟਕੇ ਰਹੋ ਅਤੇ ਫੇਰ ਗਵਰਨਰ ਜਨਰਲ ਵਲ ਨੂੰ ਕੂਚ ਕਰਨਾ।”
ਕਰਨਲ ਮੂਤੋ, ਜੌਨ ਲਡਲੋ ਆਦਿ ਮੰਨਦੇ ਹਨ ਕਿ, ਜੇ ਕਿਤੇ ਲਾਲ ਸਿੰਘ ਫ਼ਿਰੋਜ਼ਪੁਰ ਤੇ ਹਮਲਾ ਕਰ ਦਿੰਦਾ ਤਾਂ ਸਾਰੀ ਤਾਰੀਖ਼ ਨੇ ਹੀ ਪਲਟ ਜਾਣਾ ਸੀ, ਇਹ ਹਾਰ ਨੇ ਅੰਗਰੇਜ਼ਾਂ ਦੇ ਪੈਰਾਂ ਥੱਲੋਂ ਜ਼ਮੀਨ ਕੱਢ ਲੈਣੀ ਸੀ ।ਕੈਪਟਨ ਮਰੇ ਵੀ ਲਿਖਦਾ ਕਿ ਜੇ ਖਾਲਸਾ ਫੌ਼ਜ ਵਾਂਗ ਉਹਨਾਂ ਦੇ ਆਗੂ ਵੀ ਇਮਾਨਦਾਰ ਹੁੰਦੇ ਤਾਂ ਫ਼ਿਰੋਜ਼ਪੁਰ ਡਵੀਜ਼ਨ ਤਬਾਹੀ ਤੋਂ ਨ ਬਚ ਪਾਉਂਦੀ। ਪਰ ……!
ਅੰਗਰੇਜ਼ਾਂ ਦੀਆਂ 12 ਪੈਦਲ ਬਟਾਲੀਅਨਾਂ ਦੇ ਸਾਹਮਣੇ ਸਿੱਖਾਂ ਦੀਆਂ ਕੇਵਲ ਤਿੰਨ ਪੈਦਲ ਬਟਾਲੀਅਨਾਂ ਸਨ । 2000 ਪੈਦਲ ਤੇ 8000 ਘੋੜ ਚੜੇ ਤੇ ਕੋਈ 22 ਤੋਪਾਂ ਨਾਲ ਉਹ ਮੁੱਦਕੀ ਦੇ ਮੈਦਾਨ ਵਿਚ ਦੁਪਿਹਰ ਤੋਂ ਬਾਅਦ ਪਹੁੰਚੇ। ਲੜਾਈ ਦੀ ਸ਼ੁਰੂਆਤ ਵਿਚ ਹੀ ਸਿੱਖ ਫੌਜ ਦਾ ਵਜ਼ੀਰ ਅੰਗਰੇਜ਼ਾਂ ਨਾਲ ਯਾਰੀ ਨਿਭਾਉਂਦਿਆਂ ਦੌੜ ਗਿਆ । ਕਨਿੰਘਮ ਲਿਖਦਾ ਹੈ :
” ਹੱਲਾ ਕਰਨ ਵੇਲੇ ਲਾਲ ਸਿੰਘ ਫ਼ੌਜਾਂ ਦਾ ਮੁਹਰੀ ਸੀ , ਪਰ ਮੂਲ ਤੇ ਗਿਣੀ ਮਿਥੀ ਸਾਜ਼ਸ਼ ਅਨੁਸਾਰ ਉਹ ਫ਼ੌਜਾਂ ਦੀ ਮੁਠ ਭੇੜ ਕਰਵਾ ਕੇ ਤੇ ਅੰਗਰੇਜ਼ ਦੁਸ਼ਮਣ ਨਾਲ ਉਲਝਾ ਕੇ ਆਪ ਉਨ੍ਹਾਂ ਨੂੰ ਛੱਡ ਗਿਆ ,ਤਾਂ ਜੋ , ਜਿਵੇਂ ਉਹਨਾਂ ਦੀ ਮਰਜੀ ਹੋਵੇ , ਆਪਣੀ ਬੇ ਮੁਹਾਰੀ ਬਹਾਦਰੀ ਦੇ ਜੌਹਰ ਪਏ ਵਿਖਾਉਣ।”
ਲਾਲ ਸਿੰਘ ਦੇ ਨਾਲ ਹੀ ਅਯੁੱਧਿਆ ਪ੍ਰਸਾਦ , ਅਮਰ ਨਾਥ ਤੇ ਬਖ਼ਸ਼ੀ ਘਨੱਈਆ ਲਾਲ ਭੱਜ ਤੁਰੇ , ਪਰ ਫਿਰ ਵੀ ਫ਼ਰਾਸੀਸੀ ਬ੍ਰਿਗੇਡ ਦੇ ਸਹਾਇਕ ਕਮਾਂਡਰ ਜਨਰਲ ਰਾਮ ਸਿੰਘ , ਜਨਰਲ ਮਹਿਤਾਬ ਸਿੰਘ ਮਜੀਠੀਆ , ਬੁਧ ਸਿੰਘ , ਚਤਰ ਸਿੰਘ ਕਾਲਿਆਂ ਵਾਲਾ ਆਦਿ ਫ਼ੌਜ ਨੂੰ ਹੱਲਾਸ਼ੇਰੀ ਦੇ ਰਹੇ ਸਨ । ਜਾਰਜ ਬਰੂਸ ਲਿਖਦਾ ਹੈ ਕਿ ਹੁਣ ਹਾਲਤ ਇਹ ਸੀ :-
” ਸਿੱਖਾਂ ਦੇ ਇਕ ਪੈਦਲ ਫ਼ੌਜੀ ਦੇ ਮੁਕਾਬਲੇ ਅੰਗਰੇਜ਼ਾਂ ਦੇ ਪੰਜ ਪੈਦਲ ਫ਼ੌਜੀ ਸਨ, ਪਰ ਫਿਰ ਵੀ ਉਹ (ਅੰਗਰੇਜ਼) ਪਿੱਛੇ ਧੱਕ ਦਿੱਤੇ ਗਏ।”
ਇਸ ਵਕਤ ਅੰਗਰੇਜ਼ਾਂ ਦੇ ਪੂਰਬੀਏ ਫ਼ੌਜੀ ਜੋ ਛਿਲੜਾਂ ਲਈ ਲੜ ਰਹੇ ਸਨ , ਉਹ ਭੱਜ ਉੱਠੇ । ਜਦ ਗਫ਼ ਨੂੰ ਪਤਾ ਲੱਗਾ ਤਾਂ ਉਸਨੇ ਕੈਪਟਨ ਹੈਵਲਾਕ ਨੂੰ ਇਹਨਾਂ ਨੂੰ ਰੋਕਣ ਲਈ ਭੇਜਿਆ । ਜਾਰਜ ਬਰੂਸ ਲਿਖਦਾ :-
” ਬਹੁਤ ਸਾਰੇ ਪੂਰਬੀਏ ਫ਼ੌਜੀ , ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਇੰਨੀ ਭਿਆਨਕ ਤੇ ਤਬਾਹੀ ਵਾਲੀ ਜੰਗ ਅਜੇ ਤਕ ਨਹੀਂ ਸੀ ਲੜੀ , ਤੋਪਾਂ ਦੀ ਭਿਆਨਕ ਮਾਰ ਤੋਂ ਬਚਣ ਲਈ ਘਬਰਾਹਟ ਵਿਚ ਜਾਂ ਡਰ ਕਾਰਨ ਵਫ਼ਾਦਾਰੀ ਭੁੱਲਦੇ ਹੋਏ ਇਕਦਮ ਮੈਦਾਨ ‘ਚੋਂ ਭੱਜ ਪਏ।ਹੀਊ ਗਫ਼ ਨੇ ਉਨ੍ਹਾਂ ਨੂੰ ਰੋਕਣ ਵਾਸਤੇ ਕੈਪਟਨ ਹੈਨਰੀ ਹੈਵਲਾਕ ਨੂੰ ਉਹਨਾਂ ਦੇ ਮਗਰ ਭੇਜਿਆ ਜੋ ਘੋੜਾ ਭਜਾਉਂਦਾ ਹੋਇਆ ਉਹਨਾਂ ਕੋਲ ਪਹੁੰਚ ਕੇ ਉੱਚੀ ਉੱਚੀ ਚੀਕ ਚੀਕ ਕੇ ਕਹਿ ਰਿਹਾ ਸੀ ਕਿ ਦੁਸ਼ਮਣ ਤੁਹਾਡੇ ਸਾਹਮਣੇ ਹੈ , ਤੁਹਾਡੇ ਪਿਛੇ ਨਹੀਂ ।”
ਸਿੱਖ ਫੌ਼ਜੀਆਂ ਤੇ ਪੂਰਬੀਏ ਅੰਗਰੇਜ਼ ਫੌ਼ਜੀਆਂ ਦੇ ਸੁਭਾਅ ਵਿਚਲਾ ਅੰਤਰ ਕਨਿੰਘਮ ਨੇ ਬਹੁਤ ਸੋਹਣਾ ਬਿਆਨ ਕੀਤਾ:-
” ਹਰ ਸਿੱਖ ਇਸ ਕਾਰਜ ਨੂੰ ਆਪਣਾ ਸਮਝਦਾ ਸੀ ।ਉਹ ਮਜ਼ਦੂਰ ਦਾ ਕੰਮ ਵੀ ਕਰਦਾ ਸੀ ਤੇ ਬੰਦੂਕ ਵੀ ਧਾਰਨ ਕਰਦਾ ਸੀ ।ਉਹ ਤੋਪਾਂ ਖਿੱਚਦਾ , ਬੌਲਦ ਹਿੱਕਦਾ , ਸਾਰਬਾਨੀ ਕਰਦਾ ਅਤੇ ਚਾਈਂ ਚਾਈਂ ਬੇੜੀਆਂ ਤੇ ਮਾਲ ਲੱਦਦਾ ਤੇ ਲਾਹੁੰਦਾ ਸੀ ।ਇਸਦੇ ਮੁਕਾਬਲੇ ਤੇ ਅੰਗਰੇਜ਼ ਫ਼ੌਜ ਦੇ ਹਿੰਦੁਸਤਾਨੀ ਫ਼ੌਜੀ ਕੇਵਲ ਪੈਸੇ ਲਈ ਲੜ ਰਹੇ ਸਨ ।ਇਹਨਾਂ ਭਾੜੇ ਦੇ ਟੱਟੂ ਫ਼ੌਜੀਆਂ ਦੀ ਲੜਨ ਦੀ ਕੋਈ ਖ਼ਾਸ ਰੁਚੀ ਨਹੀਂ ਸੀ ।ਉਹ ਤਾਂ ਅਣਮੰਨੇ ਮਨ ਨਾਲ ਹੁਕਮ ਮੰਨਣ ਦਾ ਦਿਖਾਵਾ ਕਰਦੇ ਸਨ । ”
ਅੰਗਰੇਜ਼ ਸਿੱਖਾਂ ਨੂੰ ਹਿੰਦੁਸਤਾਨੀਆਂ ਵਾਂਗ ਆਪਣੇ ਮੁਕਾਬਲੇ ਤੇ ਪਹਿਲਾਂ ਕੱਖ ਨਹੀਂ ਸਮਝਦੇ ਸਨ। ਪਰ ਜੰਗ ਦੇ ਮੈਦਾਨ ਵਿਚ ਹੁਣ ਇਹ ਵੇਖ ਹੈਰਾਨ ਸਨ ਕਿ ਕਿਵੇਂ ਸਿੱਖ ਆਪਣੇ ਖੱਬੇ ਹਥ ਨਾਲ ਉਹਨਾਂ ਉਪਰ ਹੋ ਰਹੇ ਨੇਜ਼ਿਆਂ ਜਾਂ ਸੰਗੀਨਾਂ ਦੇ ਵਾਰ ਨੂੰ ਰੋਕਦੇ ਹਨ ਤੇ ਸੱਜੇ ਹਥ ਨਾਲ ਇੰਨਾ ਜੋਰਦਾਰ ਤਲਵਾਰ ਦਾ ਵਾਰ ਕਰਦੇ ਹਨ ਕਿ ਉਹ ਜਰਾ ਬਖਤਰ ਸਣੇ ਸਰੀਰ ਨੂੰ ਚੀਰਦੀ ਜਾਂਦੀ ਹੈ । ਥੋਰਬਰਨ ਲਿਖਦਾ ਹੈ :-
” ਅੰਗਰੇਜ਼ ਅਫ਼ਸਰ ਅਤੇ ਫ਼ੌਜੀ ਸਮਝਦੇ ਸਨ ਕਿ ਬਗ਼ਾਵਤੀ ਸੁਰਾਂ ‘ਚ ਲਿਪਟੀ ਤੇ ਹੁਲੜਬਾਜ਼ੀ ਦਾ ਸ਼ਿਕਾਰ ਹੋਈ ਖ਼ਾਲਸਾ ਫ਼ੌਜ ਨੂੰ ਹਿੰਦੁਸਤਾਨੀਆਂ ਵਾਂਗ ਇਕ ਦੋ ਲੜਾਈਆਂ ਵਿਚ ਹੀ ਹਰਾ ਦੇਣਗੇ ਤੇ ਭਜਾ ਦੇਣਗੇ।” …….ਪਰ ਇਸ ਲੜਾਈ ਨੇ ਸਾਰੇ ਮਨਸੂਬੇ ਫੇਲ ਕਰ ਦਿੱਤੇ । ਅੰਗਰੇਜ਼ਾਂ ਨੂੰ ਯਕੀਨ ਨਹੀਂ ਸੀ ਰਿਹਾ ਆਗੂਆਂ ਤੋਂ ਬਿਨਾਂ ਕੋਈ ਫ਼ੌਜ ਲੜੇ ਤੇ ਉਹਨਾਂ ਦਾ ਇੰਨਾ ਵੱਡਾ ਨੁਕਸਾਨ ਕਰ ਜਾਵੇ , ਜੋ ਉਹਨਾਂ ਸੋਚਿਆ ਵੀ ਨਹੀਂ ਸੀ । ਹਕੀਕਤ ਵਿਚ ਅੰਗਰੇਜ਼ ਦੀ ਛੱਲ ਕਪਟ ਦੀ ਇਹ ਜਿੱਤ ਅੰਗਰੇਜ਼ਾਂ ਨੂੰ ਹੀ ਜਿੱਤ ਨਹੀਂ ਲੱਗ ਰਹੀ ਸੀ ।
ਇਸ ਲੜਾਈ ਵਿੱਚ 215 ਅੰਗਰੇਜ਼ ਫੌਜੀ ਮਾਰੇ ਗਏ । ਮਰਨ ਵਾਲਿਆਂ ਵਿਚ 15 ਵੱਡੇ ਅਫ਼ਸਰ ਸਨ । 657 ਜਖ਼ਮੀ ਹੋਏ । ਇਹਨਾਂ ਨੁਕਸਾਨ ਹੀ ਖਾਲਸਾ ਫੌਜਾਂ ਦਾ ਹੋਇਆ । ਇਸ ਸਮੇਂ ਦਰਦਮੰਦ ਘਟਨਾ ਇਹ ਵਾਪਰੀ ਕਿ ਖਾਲਸਾ ਫ਼ੌਜਾਂ ਦੇ ਸ਼ਹੀਦ ਫ਼ੌਜੀਆਂ ਦਾ ਸਸਕਾਰ ਕਰਨ ਵਾਲਾ ਕੋਈ ਨਹੀਂ ਸੀ ।17 ਖਾਲਸਾ ਫੌ਼ਜ ਦੀਆਂ ਤੋਪਾਂ ਵੀ ਅੰਗਰੇਜ਼ਾਂ ਹਥ ਲੱਗੀਆਂ।ਲਾਸ਼ਾਂ ਰੁਲਦੀਆਂ ਰਹੀਆਂ । ਜਦ ਮੁਦਕੀ ਪਿੰਡ ਵਾਲੇ ਕੁਝ ਮਹੀਨਿਆਂ ਬਾਅਦ ਵਾਪਸ ਆਏ ਤਾਂ ਉਹਨਾਂ ਸਾਰੇ ਕਰੰਗ ‘ਕੱਠੇ ਕਰਕੇ ਦੋ ਥਾਂਈਂ ਸਸਕਾਰ ਕੀਤਾ । ਇਸ ਸਮੇਂ ਫ਼ਰੀਦਕੋਟੀਆ ਪਹਾੜਾ ਸਿੰਘ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਮਦਦ ਕਰ ਰਿਹਾ ਸੀ । ਉਸਨੇ ਆਪਣਾ ਮੁੰਡਾ ਵਜ਼ੀਰ ਸਿੰਘ ਤੇ ਵਕੀਲ ਘੁਮੰਡ ਸਿੰਘ ਅੰਗਰੇਜ਼ਾਂ ਕੋਲ ਮੁੱਦਕੀ ਭੇਜ ਦਿੱਤੇ ਸਨ । ਪਹਾੜਾ ਸਿੰਘ ਮੁਦਕੀ ਦੀ ਜੰਗ ਤੋਂ ਅਗਲੇ ਦਿਨ ਜਦ ਪੁਜਾ ਤਾਂ ਮੇਜਰ ਬ੍ਰਾਡਫੁਟ ਨੇ ਉਸਦੀਆਂ ਅੰਗਰੇਜ਼ੀ ਰਾਜ ਪ੍ਰਤੀ ਸੇਵਾਵਾਂ ਦੇ ਇਨਾਮ ਵਿਚ ਸਿੱਖ ਪਰਗਣਾ ਕੋਟਕਪੂਰਾ ਪਹਾੜਾ ਸਿੰਘ ਨੂੰ ਦੇਣ ਦੀ ਗਵਰਨਰ ਜਨਰਦ ਪਾਸ ਸਿਫ਼ਾਰਸ਼ ਕੀਤੀ ਸੀ ।
ਇਸ ਲੜਾਈ ਬਾਰੇ ਹਿਊ ਗਫ਼ ਨੇ ਕਿਹਾ ਸੀ ” ਸਿੱਖ ਆਪਣਾ ਸਭ ਕੁਝ ਦਾਅ ਤੇ ਲਾ ਕੇ ਖ਼ੂਬ ਲੜੇ ।”
ਮੈਕਗ੍ਰੇਗਰ ਲਿਖਦਾ ਹੈ ਕਿ ਸਿੱਖਾਂ ਨੇ ਜੰਗ ਦੇ ਮੈਦਾਨ ਵਿਚ ਵੀ ਉਚ ਕਿਰਦਾਰ ਦੀ ਪੇਸ਼ਕਾਰੀ ਕੀਤੀ , ਜਿਸਦਾ ਅੰਗਰੇਜ਼ਾਂ ਤੇ ਬਹੁਤ ਪ੍ਰਭਾਵ ਪਿਆ ।ਉਹ ਲਿਖਦਾ “(ਇਸ ਜੰਗ ਪਿੱਛੋਂ ਹੀ) ਕੁਝ ਅੰਗਰੇਜ਼ ਫ਼ੌਜੀ ਰਾਹ ਖੁੰਝ ਕੇ ਸਿੱਖ ਛਾਉਣੀ ਵਿਚ ਚੱਲੇ ਗਏ , ਤਾਂ ਸਿੱਖ ਸਰਦਾਰਾਂ ਨੇ ਬਾਇਜ਼ੱਤ ਉਹਨਾਂ ਨੂੰ ਰਾਹ ਖਰਚ ਲਈ ਪੈਸੇ ਦੇ ਕੇ ਅੰਗਰੇਜ਼ ਛਾਉਣੀ ਵਿਚ ਪਹੁੰਚਾ ਦਿੱਤਾ ਸੀ ।”
ਮੁੱਦਕੀ ਦੀ ਜੰਗ ਖਾਲਸਾ ਫ਼ੌਜ ਨੇ ਲੜੀ , ਵਜ਼ੀਰ ਲਾਲ ਸਿੰਘ ਗ਼ਦਾਰੀ ਕਰ ਗਿਆ , ਅੰਗਰੇਜ਼ਾਂ ਨੇ ਛਲ ਕਪਟ ਨਾਲ ਇਹ ਜੰਗ ਜਿੱਤੀ ਪਰ ਖ਼ੁਦ ਸਮਝਦੇ ਸਨ ਕਿ ਇਹ ਨੂੰ ਜਿੱਤ ਨਹੀਂ ਕਿਹਾ ਜਾ ਸਕਦਾ ।ਪੀਅਰਸਨ ਲਿਖਦਾ ਹੈ ਕਿ “ਮੁਦਕੀ ਦੀ ਪਹਿਲੀ ਲੜਾਈ ਵਿਚ ਅੰਗਰੇਜ਼ਾਂ ਨੂੰ ਇਸ ਕਰਕੇ ਜਿੱਤ ਹੋ ਗਈ ਕਿ ਹੱਲੇ ਦਾ ਹੁਕਮ ਦੇਣ ਪਿਛੋਂ ਮਿਥੀ ਹੋਈ ਵਿਉਂਤ ਅਨੁਸਾਰ ਲਾਲ ਸਿੰਘ ਨੇ ਲੜਾਈ ਵਿਚ ਕੋਈ ਹਿੱਸਾ ਨ ਲਿਆ।”ਕਰਨਲ ਮੈਲੀਸਨ ਲਿਖਦਾ ਹੈ ” ਇਸ ਵਿਚ ਸ਼ੱਕ ਹੈ ਕਿ ਫ਼ਤਹ ਨੇ ਅੰਗਰੇਜ਼ਾਂ ਦੇ ਕਦਮ ਚੁੰਮੇ ਹੋਣ।” ਕਨਿੰਘਮ ਵੀ ਲਿਖਦਾ ਹੈ “ਅੰਗਰੇਜ਼ਾਂ ਦੀ ਇਹ ਫ਼ਤਹ ਉਹਨਾਂ ਦੀਆਂ ਹੋਰ ਜਿੱਤਾਂ ਵਾਂਗ ਪੂਰੀ ਨਹੀਂ ਸੀ।”
ਬਲਦੀਪ ਸਿੰਘ ਰਾਮੂੰਵਾਲੀਆ
18 ਦਸੰਬਰ 2021
Author: Gurbhej Singh Anandpuri
ਮੁੱਖ ਸੰਪਾਦਕ