ਕਪੂਰਥਲਾ 19 ਦਸੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ ) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੀ ਕੱਲ੍ਹ ਸ਼ਾਮੀਂ ਬੇਅਦਬੀ ਦੀ ਘਟਨਾ ਤੋਂ ਬਾਅਦ ਵਿੱਚ ਅੱਜ ਤੜਕੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਿਜ਼ਾਮਪੁਰ ਵਿਖੇ ਗੁਰਦੁਆਰਾ ਸਾਹਿਬ ਨਿਜ਼ਾਮਪੁਰ ਮੋੜ ਵਿੱਚ ਗ੍ਰੰਥੀ ਸਿੰਘ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਕਾਬੂ ਕੀਤਾ ਗਿਆ । ਹਾਲਾਂਕਿ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਛੇੜਛਾੜ ਦੀ ਕੋਈ ਘਟਨਾ ਨਹੀਂ ਹੋਈ ਪਰ ਉਕਤ ਸ਼ੱਕੀ ਵਿਅਕਤੀ ਦਾ ਅੰਮ੍ਰਿਤ ਵੇਲੇ ਤੜਕੇ ਗੁਰੂ ਘਰ ਵਿਚ ਗਲਤ ਤਰੀਕੇ ਨਾਲ ਪ੍ਰਵੇਸ਼ ਕਰਨਾ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦੇਂਦਾ ਹੈ । ਗੁਰੂ ਘਰ ਦੇ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਅੰਮ੍ਰਿਤ ਵੇਲੇ ਤੜਕੇ ਉਠੇ ਤਾਂ ਉਕਤ ਵਿਅਕਤੀ ਗੁਰਦੁਆਰਾ ਸਾਹਿਬ ਦੇ ਰਸੋਈ ਦੇ ਵਿੱਚ ਚਾਹ ਬਣਾ ਰਿਹਾ ਸੀ ਅਤੇ ਰੋਟੀਆਂ ਗਰਮ ਕਰਕੇ ਖਾ ਰਿਹਾ ਸੀ । ਜਦੋਂ ਉਨ੍ਹਾਂ ਨੇ ਉਕਤ ਵਿਅਕਤੀ ਨੂੰ ਦੇਖਿਆ ਤਾਂ ਉਹਨੂੰ ਪੁੱਛਿਆ ਕੌਣ ਹੈ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੇ ਆਪਣੇ ਪੁੱਤਰਾਂ ਦੀ ਮਦਦ ਨਾਲ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸੇ ਵੇਲੇ ਹੀ ਉਸ ਕੋਲੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਸ ਨੇ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਤਾਂ ਫਿਰ ਮੌਕੇ ਤੇ ਉਸ ਦੀ ਕਾਫੀ ਸੇਵਾ ਕੀਤੀ ਗਈ ਪ੍ਰੰਤੂ ਉਸ ਵਿਅਕਤੀ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਤਸੱਲੀਬਖ਼ਸ਼ ਜਵਾਬ ਉਹ ਨਹੀਂ ਦਿੱਤਾ । ਜਿਸ ਤੇ ਉਸ ਨੂੰ ਬੰਨ੍ਹ ਲਿਆ ਗਿਆ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਨੂੰ ਸੂਚਨਾ ਦਿੱਤੀ ਗਈ ਜਿਸ ਤੇ ਜਿਥੇ ਇਲਾਕੇ ਭਰ ਦੇ ਵਿੱਚੋਂ ਸਿੱਖ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਗਈ ਉਥੇ ਦਿਨ ਚੜ੍ਹਦੇ ਨਾਲ ਪੂਰੇ ਪੰਜਾਬ ਦੇ ਵਿਚੋਂ ਸਿੱਖ ਜਥੇਬੰਦੀਆਂ ਦੇ ਨੌਜਵਾਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਣੇ ਸ਼ੁਰੂ ਹੋ ਗਏ । ਬਾਬਾ ਅਮਰਜੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੂੰ ਵੀ ਸੂਚਨਾ ਦਿੱਤੀ ਗਈ ਜਿਸ ਤੇ ਬੀਬੀ ਜਗੀਰ ਕੌਰ ਜੀ ਨੇ ਪ੍ਰਚਾਰਕ ਬੀਬੀ ਸਰਬਜੀਤ ਕੌਰ ਪ੍ਰਚਾਰਕ ਭਾਈ ਪ੍ਰੇਮਜੀਤ ਸਿੰਘ ਕਵੀਸ਼ਰ ਭਾਈ ਸਤਨਾਮ ਸਿੰਘ ਬੱਲੋਵਾਲੀਆ ਕਵੀਸ਼ਰ ਭਾਈ ਕੁਲਜੀਤ ਸਿੰਘ ਬਾਬਾ ਬਕਾਲਾ ਅਤੇ ਸਰਦਾਰ ਸੁਖਵਿੰਦਰ ਸਿੰਘ ਬੱਸੀ ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਨੂੰ ਘਟਨਾ ਸਥਾਨ ਤੇ ਮੌਕੇ ਤੇ ਭੇਜਿਆ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਕਤ ਟੀਮ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਵੀ ਮੌਕੇ ਤੇ ਪਹੁੰਚੇ ।ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ ਅਤੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਖ਼ੁਦ ਵੀ ਉਕਤ ਸ਼ੱਕੀ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਪ੍ਰੰਤੂ ਉਕਤ ਵਿਅਕਤੀ ਵੱਲੋਂ ਆਪਣਾ ਕੋਈ ਵੀ ਸਹੀ ਪਤਾ ਟਿਕਾਣਾ ਨਹੀਂ ਦੱਸਿਆ ਗਿਆ ।ਇੰਨੇ ਸਮੇਂ ਵਿੱਚ ਵੱਡੀ ਗਿਣਤੀ ਦੇ ਵਿਚ ਸਿੱਖ ਜਥੇਬੰਦੀਆਂ ਦੇ ਆਗੂ ਵੀ ਉਕਤ ਘਟਨਾ ਸਥਾਨ ਤੇ ਪਹੁੰਚ ਚੁੱਕੇ ਸਨ ਜਿਨ੍ਹਾਂ ਵਿਚ ਭਾਈ ਅਮਰੀਕ ਸਿੰਘ ਅਜਨਾਲਾ ਵੀ ਸ਼ਾਮਿਲ ਸਨ । ਆਈ ਜੀ ਜਲੰਧਰ ਰੇਂਜ ਸ. ਗੁਰਿੰਦਰ ਸਿੰਘ ਢਿੱਲੋਂ , ਐੱਸਐੱਸਪੀ ਕਪੂਰਥਲਾ ਸ ਹਰਕਮਲਪ੍ਰੀਤ ਸਿੰਘ ਖੱਖ ,ਐੱਸਪੀ ਸੁਧਾਰ ਜਸਵੀਰ ਸਿੰਘ ,ਡੀਐੱਸਪੀ ਭੁਲੱਥ ਸ. ਅਮਰੀਕ ਸਿੰਘ ਅਤੇ ਕਪੂਰਥਲਾ ਜ਼ਿਲ੍ਹੇ ਦੇ ਹੋਰ ਉੱਚ ਪੁਲਸ ਅਧਿਕਾਰੀ ਭਾਰੀ ਪੁਲੀਸ ਫੋਰਸ ਦੇ ਨਾਲ ਘਟਨਾ ਸਥਾਨ ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਅਧਿਕਾਰੀਆਂ ਵੱਲੋਂ ਉਕਤ ਸ਼ੱਕੀ ਦੋਸ਼ੀ ਨੂੰ ਆਪਣੀ ਕਸਟਡੀ ਵਿਚ ਲੈ ਕੇ ਪੁੱਛ ਗਿੱਛ ਕਰਨ ਦੀ ਗੱਲ ਨੂੰ ਮੌਕੇ ਤੇ ਮੌਜੂਦ ਸਿੱਖ ਨੌਜਵਾਨਾਂ ਵੱਲੋਂ ਰੱਦ ਕਰ ਦਿੱਤਾ ਗਿਆ ਅਤੇ ਉਕਤ ਦੋਸ਼ੀ ਨੂੰ ਸਿੱਖ ਸੰਗਤਾਂ ਦੇ ਹਵਾਲੇ ਕਰਨ ਦੀ ਗੱਲ ਕੀਤੀ ਗਈ । ਪੁਲਸ ਪ੍ਰਸ਼ਾਸਨ ਇਸ ਗੱਲ ਤੇ ਸਹਿਮਤ ਨਾ ਹੋਇਆ ਤਾਂ ਜੋਸ਼ ਵਿਚ ਆਏ ਸਿੱਖ ਨੌਜਵਾਨਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਜਿਸ ਕਮਰੇ ਵਿਚ ਉਕਤ ਸ਼ੱਕੀ ਦੋਸ਼ੀ ਨੂੰ ਪੁਲਸ ਵੱਲੋਂ ਰੱਖਿਆ ਗਿਆ ਸੀ ਉਸ ਕਮਰੇ ਦਾ ਦਰਵਾਜ਼ਾ ਤੋੜਨ ਦਾ ਯਤਨ ਕੀਤਾ ਗਿਆ । ਪੁਲੀਸ ਪ੍ਰਸ਼ਾਸਨ ਵੱਲੋਂ ਸਖ਼ਤੀ ਦੇ ਨਾਲ ਰੋਕਣ ਦੇ ਬਾਵਜੂਦ ਵੀ ਸਿੱਖ ਨੌਜਵਾਨ ਸ਼ਾਂਤ ਨਾ ਹੋਏ ਅਤੇ ਕਮਰੇ ਦੀਆਂ ਖਿੜਕੀਆਂ ਨੂੰ ਤੋਡ਼ ਕੇ ਵੱਡੀ ਗਿਣਤੀ ਵਿਚ ਕਮਰੇ ਵਿੱਚ ਦਾਖ਼ਲ ਹੋ ਕੇ ਉਕਤ ਸ਼ੱਕੀ ਦੋਸ਼ੀ ਉੱਪਰ ਹਮਲਾ ਕਰ ਦਿੱਤਾ ।ਇਸ ਤੋਂ ਉਪਰੰਤ ਪੁਲੀਸ ਪ੍ਰਸ਼ਾਸਨ ਵੱਲੋਂ 295-A ਅਤੇ ਹੋਰ ਧਾਰਾਵਾਂ ਲਾ ਕੇ ਐੱਫਆਈਆਰ ਦਰਜ ਦਰਜ ਕਰ ਲਈ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ।
Author: Gurbhej Singh Anandpuri
ਮੁੱਖ ਸੰਪਾਦਕ