ਕਪੂਰਥਲਾ 20 ਦਸੰਬਰ (ਗੁਰਦੇਵ ਸਿੰਘ ਅੰਬਰਸਰੀਆ) ਵਿਸ਼ਵ ਪ੍ਰਸਿੱਧ ਸਾਹਿਤ ਸਭਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਕੀਤੀ ਗਈ ! ਮੀਟਿੰਗ ਦੀ ਪ੍ਰਧਾਨਗੀ ਡਾ.ਆਸਾ ਸਿੰਘ ਘੁੰਮਣ, ਸ਼ਾਇਰ ਕੰਵਰ ਇਕਬਾਲ ਸਿੰਘ, ਹਰਫੂਲ ਸਿੰਘ, ਡਾ. ਅਨੁਰਾਗ ਸ਼ਰਮਾ, ਰੌਸ਼ਨ ਖੈੜਾ, ਗੁਰਦੀਪ ਗਿੱਲ, ਡਾ. ਪਰਮਜੀਤ ਸਿੰਘ ਮਾਨਸਾ ਅਤੇ ਚੰਨ ਮੋਮੀ ਆਦਿ ਨੇ ਕੀਤੀ ! ਕਪੂਰਥਲੇ ਦੇ ਜੰਮਪਲ ਅਤੇ ਜਰਮਨ ਦੇ ਰਾਜ ਕਵੀ ਰਾਜਵਿੰਦਰ ਸਿੰਘ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਹੋਇਆਂ ਦੋ ਮਿੰਟ ਦਾ ਮੌਨ ਰੱਖ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ !
ਪਰਿਵਾਰ ਦੇ ਬਹੁਤ ਹੀ ਕਰੀਬੀ ਸ਼ਾਇਰ ਕੰਵਰ ਇਕਬਾਲ ਸਿੰਘ, ਸਰਪ੍ਰਸਤ ਸਿਰਜਣਾ ਕੇਂਦਰ ਨੇ ਹਾਜ਼ਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਦੱਸਿਆ ਕਿ ਸ਼ਹਿਰ ਦੇ ਮੱਧਵਰਗੀ ਪਰਿਵਾਰ ਵਿੱਚ ਪੈਦਾ ਹੋਏ ਰਾਜਵਿੰਦਰ ਸਿੰਘ ਪਿਛਲੇ ਤਕਰੀਬਨ ਚਾਲੀ ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਜਰਮਨ ਵਿੱਚ ਰਹਿ ਰਹੇ ਸਨ ! ਜਰਮਨੀ ਅਤੇ ਸਪੈਨਿਸ਼ ਭਾਸ਼ਾ ਵਿੱਚ ਤਕਰੀਬਨ ਇੱਕ ਦਰਜਨ ਤੋਂ ਵੀ ਵੱਧ ਕਿਤਾਬਾਂ ਲਿਖ਼ਣ ਸਦਕਾ ਸਰਕਾਰ ਵੱਲੋਂ ਉਨ੍ਹਾਂ ਨੂੰ ਜਰਮਨੀ ਦੇ ਪੋਇਟ ਲੌਰੀਏਟ (ਜਰਮਨ ਦੇ ਰਾਜ ਕਵੀ) ਦੀ ਉਪਾਧੀ ਨਾਲ ਨਿਵਾਜਿਆ ਗਿਆ ! ਸੱਤਰ 80 ਤੋਂ ਵੀ ਵਧੇਰੇ ਦੇਸ਼ ਘੁੰਮਣ ਵਾਲੇ ਰਾਜਵਿੰਦਰ ਸਿੰਘ ਨੇ ਲੰਮਾਂ ਸਮਾਂ ਜੰਮੂ ਯੁਨਿਵਰਸਟੀ ਵਿੱਚ ਬਤੌਰ ਵਿਜ਼ਟਿੰਗ ਪ੍ਰੋਫ਼ੈਸਰ ਵੀ ਆਪਣੀਆਂ ਯੋਗ ਸੇਵਾਵਾਂ ਦਿੱਤੀਆਂ ! ਉਨ੍ਹਾਂ ਦੇ ਲਿਖੇ ਹੋਏ ਗੀਤ ਅਤੇ ਗ਼ਜ਼ਲਾਂ ਆਦਿ ਨੂੰ ਵੱਖ-ਵੱਖ ਮਕ਼ਬੂਲ ਗਾਇਕਾਂ ਵੱਲੋਂ ਸਮੇਂ-ਸਮੇਂ ਗਾਇਆ ਗਿਆ ਹੈ ! ਮਾਂ ਬੋਲੀ ਪੰਜਾਬੀ ਵਿੱਚ ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ “ਰਾਤ ਲੰਮੀ ਜ਼ਿੰਦਗੀ” 1975 ਵਿੱਚ ਤੇ ਫ਼ਿਰ “ਘਰ ਪਰਵਾਜ਼ ਤੇ ਸਰਗਮ” ਪ੍ਰਕਾਸ਼ਿਤ ਹੋਏ ! ਰਾਜਵਿੰਦਰ ਸਿੰਘ ਬਾਰੇ ਕਾਲਮ ਨਵੀਸ ਖੁਸ਼ਵੰਤ ਸਿੰਘ ਜੀ ਨੇ ਇੱਕ ਅਖ਼ਬਾਰੀ ਕਾਲਮ ਵਿੱਚ ਲਿਖਿਆ ਸੀ ਕਿ ਲੋਕ ਤਾਂ ਵਿਦੇਸ਼ਾਂ ਵਿੱਚ ਸਿਰਫ਼ ਨਾਵਾਂ ਕਮਾਉਣ ਜਾਂਦੇ ਨੇ ਪਰ ਰਾਜਵਿੰਦਰ ਸਿੰਘ ਵਾਹਿਦ ਇੱਕੋ ਇੱਕ ਉਹ ਸ਼ਖ਼ਸ ਹੈ ਜਿਸਨੇ ਗੁਜ਼ਾਰੇ ਜੋਗੇ ਨਾਵੇਂ ਦੇ ਨਾਲ-ਨਾਲ ਵਿਸ਼ਵ ਪੱਧਰ ਤੇ ਚੰਗੇਰਾ ਨਾਓਂ ਕਮਾਇਐ !
ਅੰਤ ਵਿੱਚ ਕੰਵਰ ਇਕਬਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਰਾਜਵਿੰਦਰ ਸਿੰਘ ਵੱਲੋਂ ਕੀਤੇ ਗਏ ਸਾਹਿਤਕ ਕਾਰਜਾਂ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ, ਓਥੇ ਹੀ ਪਰਿਵਾਰ ਵਿੱਚ ਛੋਟੇ ਭੈਣ ਭਰਾਵਾਂ ਵਿੱਚ ਸ਼ਾਮਲ ਡਾ.ਕੁਲਵੰਤ ਸਿੰਘ MBBS, ਆਈ.ਪੀ.ਐੱਸ ਸ੍ਰ.ਜਸਪਾਲ ਸਿੰਘ ADGP (ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਦਿੱਲੀ), ਰੰਗਮੰਚ ਦੀ ਵਿਲੱਖਣ ਸ਼ਖ਼ਸੀਅਤ, ਵਿਸ਼ਵ ਪ੍ਰਸਿੱਧ ਐਕਟਰ ਡਾਇਰੈਕਟਰ ਅਤੇ ਬਹੁਪੱਖੀ ਲੇਖਿਕਾ ਹਰਵਿੰਦਰ ਕੌਰ ਬਬਲੀ ਮਸਕਟ ਸਮੇਤ ਕੁਲਦੀਪ ਸਿੰਘ ਪ੍ਰਵਾਸੀ ਭਾਰਤੀ ਆਦਿ ਨੂੰ ਉੱਚ ਮੁਕਾਮ ਤੇ ਪਹੁਚਾਉਣ ਲਈ ਵੀ ਰਾਜਵਿੰਦਰ ਸਿੰਘ ਹਮੇਸ਼ਾ ਲੋਕ ਮਨਾਂ ਵਿੱਚ ਜਿਉਂਦੇ ਰਹਿਣਗੇ !
Author: Gurbhej Singh Anandpuri
ਮੁੱਖ ਸੰਪਾਦਕ