ਬਾਘਾ ਪੁਰਾਣਾ-21ਦਸੰਬਰ(ਰਾਜਿੰਦਰ ਸਿੰਘ ਕੋਟਲਾ) ਅੱਜ ਸਾਂਝੇ ਮਜਦੂਰ ਮੋਰਚੇ ਦੇ ਸੱਦੇ ਤਹਿਤ ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਬਲਾਕ ਬਾਘਾ ਪੁਰਾਣਾ ਦੇ ਵੱਖ-ਵੱਖ ਪਿੰਡਾਂ ਕਾਲੇਕੇ,ਨੱਥੋਕੇ,ਘੋਲੀਆਂ ਕਲਾਂ, ਘੋਲੀਆ ਖੁਰਦ ਚ ਕਾਲੇ ਝੰਡਿਆਂ ਨਾਲ ਮਾਰਚ ਕਰਕੇ ਰੈਲੀਆਂ ਕੀਤੀਆਂ ਗਈਆਂ।ਇਕੱਠ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂ ਮੇਜਰ ਸਿੰਘ ਕਾਲੇਕੇ, ਗੋਰਾ ਸਿੰਘ ਘੋਲੀਆ ਖੁਰਦ ਨੇ ਦੱਸਿਆ ਹੈ ਕਿ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਮੰਤਰੀ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਪੈਂਨਲ ਮੀਟਿੰਗ ਕਰਕੇ ਸੱਤ ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ 23 ਨਵੰਬਰ ਨੂੰ ਬੇ-ਘਰੇ ਤੇ ਲੋੜਵੰਦਾਂ ਲਈ ਕੱਟੇ ਪਲਾਟਾਂ ਦੇ ਕਬਜ਼ੇ ਤੁਰੰਤ ਦੇਣ, ਪੰਚਾਇਤਾਂ ਵਲੋਂ ਪਾਏ ਮਤਿਆਂ ਤੇ ਫੌਰੀ ਅਮਲ ਕਰਨ, ਮੁਕੰਮਲ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਅਤੇ ਬਿਨਾ ਸਰਦੀ ਪੱਟੇ ਮੀਟਰ ਲਾਉਣਾ ਮੰਨਿਆ ਗਿਆ।ਮਜਦੂਰ ਆਗੂਆਂ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਮੈਕਰੋ ਫਾਈਨੈਂਸ ਕੰਪਨੀਆਂ ਦੇ ਕਰਜ਼ਿਆਂ ਦੀ ਜਬਰੀ ਵਸੂਲੀ ਨੂੰ ਜੁਰਮ ਕਰਾਰ ਦਿੱਤਾ ਹੈ ਅਤੇ ਬੇ-ਜਮੀਨੇ ਮਜਦੂਰਾਂ ਨੂੰ ਸਹਿਕਾਰੀ ਸਭਾਵਾਂ ਚ ਬਿਨਾ ਸਰਤ ਮੈਂਬਰ ਬਣਨ ਲਈ 25 ਪ੍ਤੀਸ਼ਤ ਰਾਖਵਾਂਕਰਨ ਕਰਕੇ 25 ਹਜਾਰ ਤੋਂ 50 ਹਜਾਰ ਰੁਪਏ ਕਰਜ਼ਾ ਰਾਸ਼ੀ ਕਰਨ,ਡੀਪੂਆਂ ਰਾਹੀਂ ਸਾਰੀਆਂ ਚੌਦਾਂ ਜਰੂਰੀ ਵਸਤਾਂ ਸਸਤੇ ਭਾਅ ਦੇਣ ਅਤੇ ਰਹਿੰਦੇ ਗਰੀਬ ਪਰਿਵਾਰਾਂ ਦੇ ਰਾਸਨ ਕਾਰਡ ਜਥੇਬੰਦੀਆਂ ਰਾਹੀਂ ਬਨਾਉਣਾ ਮੰਨਿਆ ਗਿਆ। ਇਸੇ ਤਰ੍ਹਾਂ ਪੈਨਸ਼ਨ ਪੰਜ ਹਜ਼ਾਰ ਰੁਪਏ ਕਰਨ ਅਤੇ ਪੈਨਸ਼ਨ ਦੀ ਉਮਰ ਹੱਦ ਘਟਾਉਣ ਬਾਰੇ ਵੀ ਸਹਿਮਤੀ ਦਿੱਤੀ ਗਈ। ਪੰਚਾਇਤੀ ਜਮੀਨਾਂ ਦੀਆਂ ਡੰਮੀ ਬੋਲੀਆਂ ਰੱਦ ਕਰਨ , ਜਮੀਨੀ ਹੱਦਬੰਦੀ ਤੋਂ ਵਾਧੂ ਜਮੀਨਾ ਰੱਖਣ ਵਾਲੇ ਮਾਲਕਾਂ ਦੇ ਵੇਰਵੇ ਇਕੱਠੇ ਕਰਕੇ ਜਨਤਕ ਕਰਨ,ਮਨਰੇਗਾ ਤਹਿਤ ਸਾਰੇ ਮਜਦੂਰਾਂ ਨੂੰ ਪੂਰਾ ਕੰਮ ਦੇਣਾ ਵੀ ਮੰਨਿਆ ਗਿਆ।ਪਰ ਮੰਗਾਂ ਮੰਨਕੇ ਵੀ ਚੰਨੀ ਸਰਕਾਰ ਵਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਇਹਨਾਂ ਚੋਂ ਇੱਕ ਹੱਦਬੰਦੀ ਕਾਨੂੰਨਾ ਬਾਰੇ ਚਿੱਠੀ ਜਾਰੀ ਕਰਨ ਦੇ ਕੁੱਝ ਘੰਟਿਆਂ ਬਾਅਦ ਹੀ ਵਾਪਸ ਲੈ ਲੈਣਾ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਦਲਿਤ ਭਾਈਚਾਰੇ ਨਾਲ ਝੂਠਾ ਹੇਜ ਦਿਖਾਕੇ ਜਗੀਰਦਾਰਾਂ ਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਿਹਾ ਹੈ।ਜੋ ਕਿ ਕਾਂਗਰਸ ਸਰਕਾਰ ਸਿਰਫ਼ ਪਰਚਾਰ ਰਾਹੀਂ ਦਲਿਤ ਭਾਈਚਾਰੇ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ ਜੋ ਕਿ ਇਸ ਦਾ ਪਿਛਲਾ ਸਾਰਾ ਇਤਹਾਸ ਹੀ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਸਮੇਤ ਕਿਸੇ ਵੀ ਸਿਆਸੀ ਪਾਰਟੀ ਨੇ ਦਲਿਤ ਮਜਦੂਰਾਂ ਦਾ ਕੁਝ ਵੀ ਨਹੀਂ ਸਵਾਰਿਆ। ਮਜਦੂਰ ਆਗੂਆਂ ਨੇ ਦੱਸਿਆ ਹੈ ਕਿ 17 ਤੋਂ 27 ਦਸੰਬਰ ਤੱਕ ਕਾਂਗਰਸ ਦੇ ਮੁੱਖ ਮੰਤਰੀ ਸਮੇਤ ਮੰਤਰੀਆਂ,ਵਿਧਾਇਕਾਂ ਅਤੇ ਸੰਸਦੀ ਸਕੱਤਰਾਂ ਖਿਲਾਫ਼ ਕਾਲੇ ਝੰਡਿਆਂ ਨਾਲ ਹੋ ਰਹੇ ਰੋਸ ਪ੍ਦਰਸ਼ਨਾ ਦੀ ਕੜੀ ਤਹਿਤ ਪਿੰਡ ਕਾਲੇਕੇ, ਨੱਥੋਕੇ,ਘੋਲੀਆ ਕਲਾਂ,ਘੋਲੀਆ ਖੁਰਦ ਚ ਮਾਰਚ ਕਰਕੇ ਰੈਲੀਆਂ ਕੀਤੀਆਂ ਗਈਆਂ।ਮਜਦੂਰਾਂ ਨੂੰ 30 ਦਸੰਬਰ ਨੂੰ ਬਾਘਾ ਪੁਰਾਣਾ ਤਹਿਸੀਲ ਪੱਧਰੇ ਧਰਨੇ ਚ ਮੰਗਾਂ ਲਾਗੂ ਕਰਵਾਉਣ ਲਈ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਵੀ ਕੀਤੀ।ਅੱਜ ਦੇ ਰੋਸ ਪ੍ਦਰਸ਼ਨ ਚ ਦਰਸ਼ਨ ਸਿੰਘ ਘੋਲੀਆ ਕਲਾਂ,ਹਾਕਮ ਸਿੰਘ,ਜਲੌਰ ਸਿੰਘ ਤੇ ਇਕਬਾਲ ਸਿੰਘ ਕਾਲੇਕੇ, ਛਿੰਦਰ ਸਿੰਘ ਘੋਲੀਆ ਖੁਰਦ, ਬਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਨੱਥੋਕੇ ਗੁਰਪ੍ਰੀਤ ਸਿੰਘ ਖਾਲਸਾ ਆਦਿ ਆਗੂ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ