ਮੋਹਾਲੀ, 22 ਦਸੰਬਰ,(ਬਲਜੀਤ ਸਿੰਘ ਪਟਿਆਲਵੀ) ਪੰਜਾਬ ਪੁਲਿਸ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਐਨ.ਡੀ. ਪੀ.ਐਸ. ਨਾਲ ਸੰਬੰਧਤ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਮਗਰੋਂ ਸਰਕਾਰ ਵੱਲੋਂ ਗਠਿਤ ਐਸ.ਆਈ.ਟੀ. ਸਰਗਰਮ ਹੋ ਗਈ ਹੈ।
ਬੁੱਧਵਾਰ ਨੂੰ ਮਜੀਠੀਆ ਦੇ ਖਿਲਾਫ਼ ‘ਲੁੱਕ ਆਊਟ ਨੋਟਿਸ’ ਜਾਰੀ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਸ: ਮਜੀਠੀਆ ਪੰਜਾਬ ਪੁਲਿਸ ਨੂੰ ਇਕ ਮਾਮਲੇ ਵਿੱਚ ਲੋੜੀਂਦੇ ਹਨ। ‘ਲੁੱਕ ਆਊਟ ਨੋਟਿਸ’ ਆਮ ਤੌਰ ’ਤੇ ਇਸ ਖ਼ਦਸ਼ੇ ਦੇ ਤਹਿਤ ਜਾਰੀ ਕੀਤਾ ਜਾਂਦਾ ਹੈ ਕਿ ਕਿਤੇ ਕਿਸੇ ਮਾਮਲੇ ਦਾ ਦੋਸ਼ੀ ਦੇਸ਼ ਨਾ ਛੱਡ ਜਾਵੇ। ਇਹ ਨੋਟਿਸ ਸਾਰੇ ਹਵਾਈ ਅੱਡਿਆਂ ਸਣੇ ਵਿਦੇਸ਼ ਜਾ ਸਕਣ ਦੇ ਸਾਰੇ ਟਿਕਾਣਿਆਂ ਨੂੰ ਜਾਰੀ ਕੀਤਾ ਜਾਂਦਾ ਹੈ।
‘ਲੁੱਕ ਆਊਟ ਨੋਟਿਸ’ ਜਾਰੀ ਕੀਤੇ ਜਾਣ ਦਾ ਮਤਲਬ ਇਹ ਸਮਝਿਆ ਜਾ ਰਿਹਾ ਹੈ ਕਿ ਸਰਕਾਰ ਸ: ਮਜੀਠੀਆ ਦੀ ਗ੍ਰਿਫ਼ਤਾਰੀ ਲਈ ਗੰਭੀਰ ਯਤਨ ਕਰ ਰਹੀ ਹੈ ਅਤੇ ਕਰੇਗੀ। ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਹੀ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਸ: ਮਜੀਠੀਆ ਖਿਲਾਫ਼ ਪਰਚਾ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਨਾ ਹੋਣ ਦਾ ਕੋਈ ਕੰਮ ਹੀ ਨਹੀਂ, ਅਤੇ ਗ੍ਰਿਫ਼ਤਾਰੀ ਕੀਤੀ ਜਾਵੇਗੀ
ਇਸੇ ਦੌਰਾਨ ਬੀਤੀ ਰਾਤ ਤੋਂ ਹੀ ਸਰਗਰਮ ਹੋਈ ਏ.ਆਈ.ਜੀ. ਬਲਰਾਜ ਸਿੰਘ ਦੀ ਅਗਵਾਈ ਵਾਲੀ ਐਸ.ਆਈ.ਟੀ. ਵੱਲੋਂ ਸ: ਮਜੀਠੀਆ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਸਣੇ ਲਗਪਗ 16 ਥਾਂਵਾਂ ’ਤੇ ਸ: ਮਜੀਠੀਆ ਦੀ ਭਾਲ ਵਿੱਚ ਛਾਪੇਮਾਰੀ ਕਰਨ ਦੀ ਖ਼ਬਰ ਹੈ।
ਪਤਾ ਲੱਗਾ ਹੈ ਕਿ ਸ: ਮਜੀਠੀਆ ਦੇ ਫ਼ੋਨ ਕਾਲ ਰਿਕਾਰਡ ਲੈ ਕੇ ਉਨ੍ਹਾਂ ਦੀ ਲੋਕੇਸ਼ਨ ਟਰੇਸ ਕਰਨ ਦੀ ਕੋਸ਼ਿਸ਼ ਦੇ ਨਾਲ ਨਾਲ ਉਨ੍ਹਾਂ ਦੇ ਸੰਪਰਕ ਵਿੱਚ ਬੀਤੇ ਦਿਨਾਂ ਵਿੱਚ ਆਏ ਵਿਅਕਤੀਆਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਅਤੇ ਹੁਣ ਉਨ੍ਹਾਂ ਸੰਪਰਕਾਂ ਤੋਂ ਪੁੱਛ ਗਿੱਛ ਕੀਤੇ ਜਾਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਮੀਡੀਆ ਰਿਪੋਰਟਾਂ ਵਿੱਓ ਖ਼ੁਲਾਸਾ ਕੀਤਾ ਗਿਆ ਹੈ ਕਿ ਸ: ਮਜੀਠੀਆ ਦਾ ਫ਼ੋਨ ਪਿਛਲੀ 15 ਦਸੰਬਰ ਤੋਂ ਹੀ ਬੰਦ ਆ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੇ ਵਿਰੁੱਧ ਕਾਰਵਾਈ ਦੇ ਖ਼ਦਸ਼ੇ ਦੇ ਚੱਲਦਿਆਂ ਇਹ ਫ਼ੋਨ ਬੰਦ ਕਰ ਲਿਆ ਸੀ। ਇਹ ਵੀ ਰਿਪੋਰਟਾਂ ਹਨ ਕਿ ਸ: ਮਜੀਠੀਆ ਪੰਜਾਬ ਪੁਲਿਸ ਦੀ ਸੁਰੱਖ਼ਿਆ ਛੱਡ ਕੇ ਕੇਂਦਰੀ ਸੁਰੱਖ਼ਿਆ ਲੈ ਕੇ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ ਹਾਲਾਂਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਦੀ ਕੋਈ ਪੁਸ਼ਟੀ ਨਹੀਂ ਹੈ।
ਸਮਝਿਆ ਜਾਂਦਾ ਹੈ ਕਿ ਸਰਕਾਰ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਵਿਖ਼ਾਈ ਜਾ ਰਹੀ ਤੀਬ੍ਰਤਾ ਅਤੇ ਸਰਗਰਮੀ ਦੇ ਚੱਲਦਿਆਂ ਸ: ਮਜੀਠੀਆ ਅਜੇ ਸਾਹਮਣੇ ਨਹੀਂ ਆ ਸਕਣਗੇ ਅਤੇ ਉਹ ਇਸ ਮਾਮਲੇ ਵਿੱਚ ਕਾਨੂੰਨੀ ਚਾਰਾਜੋਈ ਨੂੰ ਹੀ ਪਹਿਲ ਦੇਣਗੇ ਕਿਉਂਕਿ ਇਹ ਹੀ ਇਕ ਤਰੀਕਾ ਰਹਿ ਗਿਆ ਹੈ ਕਿ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ।
Author: Gurbhej Singh Anandpuri
ਮੁੱਖ ਸੰਪਾਦਕ