ਵਿਧਾਨ ਸਭਾ 2022 ਦੀਆਂ ਚੋਣਾਂ ’ਚ ਕਾਂਗਰਸ ਵੱਡੀ ਲੀਡ ਨਾਲ ਸੱਤਾ ’ਤੇ ਹੋਵੇਗੀ ਕਾਬਜ਼ : ਦਰਸ਼ਨ ਬਰਾੜ
ਬਾਘਾ ਪੁਰਾਣਾ, 27 ਦਸੰਬਰ (ਰਾਜਿੰਦਰ ਸਿੰਘ ਕੋਟਲਾ)-ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਹਲਕਾ ਬਾਘਾ ਪੁਰਾਣਾ ਵਿਚ ਦਿਨੋਂ-ਦਿਨ ਨੇਪੜੇ ਚੜ੍ਹ ਚੁੱਕੇ ਵਿਕਾਸ ਕਾਰਜਾਂ ਦੇ ਜਿੱਥੇ ਉਦਘਾਟਨ ਕੀਤੇ ਜਾ ਰਹੇ ਹਨ, ਉਥੇ ਹੀ ਉਨ੍ਹਾਂ ਵੱਲੋਂ ਨਵੇਂ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਨੀਂਹ ਪੱਥਰ ਰੱਖੇ ਜਾ ਰਹੇ ਹਨ। ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਹਲਕੇ ਵਿਚ ਲਿਆਂਦੀ ਵਿਕਾਸ ਦੀ ਹਨ੍ਹੇਰੀ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਕੇ ਰੱਖ ਦਿੱਤੇ ਹਨ। ਵਿਧਾਇਕ ਨੇ ਵਿਕਾਸ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ, ਅੱਜ ਪਿੰਡ ਪੰਜਗਰਾਈ ਖੁਰਦ ਫਿਰਨੀ ਦੀ ਸੜਕ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਦਾ ਕੰਮ ਜਲਦੀ ਹੀ ਮੁਕੰਮਲ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਸਬਾ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਪੰਜਗਰਾਈਂ ਖੁਰਦ ਦੀ ਫਿਰਨੀ ਨੂੰ ਨਵਾਂ ਰੂਪ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਹਲਕੇ ਦੇ ਵਿਕਾਸ ਲਈ ਗਰਾਂਟਾਂ ਦੇ ਗੱਫੇ ਦਿੱਤੇ। ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਹਲਕਾ ਬਾਘਾਪੁਰਾਣਾ ਦੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਰਵਾਉਣ ਲਈ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਗ੍ਰਾਂਟਾਂ ਦੇ ਚੈੱਕ ਸੌਂਪੇ ਜਾਣਗੇ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਹਲਕਾ ਵਾਸੀਆਂ ਦੀ ਕੋਈ ਵਿਸ਼ੇਸ਼ ਮੰਗ ਹੈ ਤਾਂ ਉਨ੍ਹਾਂ ਦਾ ਧਿਆਨ ਦਿਵਾਇਆ ਜਾਵੇ ਤਾਂ ਜੋ ਉਨ੍ਹਾਂ ਦੀ ਮੰਗ ਪੂਰੀ ਹੋ ਸਕੇ। ਅੰਤ ਵਿਚ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਪੰਜਾਬ ਵਿਚ ਬਹੁਮਤ ਨਾਲ ਦੁਬਾਰਾ ਕਾਂਗਰਸ ਸੱਤਾ ’ਤੇ ਕਾਬਜ਼ ਹੋਵੇਗੀ। ਵਿਧਾਇਕ ਵੱਲੋਂ ਨੀਂਹ ਪੱਥਰ ਰੱਖਣ ਸਮੇਂ ਹਾਜ਼ਰ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਪਿਛਲੀ ਵਾਰ ਨਾਲੋਂ ਵੀ ਵੱਧ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।