Home » ਧਾਰਮਿਕ » ਬੰਦੀ ਸਿੰਘਾਂ ਦੀ ਰਿਹਾਈ ਦਾ ਹੋਕਾ ਦਿੰਦਾ ਪੰਥਕ ਜਥੇਬੰਦੀਆਂ ਨੇ ਕੱਢਿਆ ਖ਼ਾਲਸਾ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਦਾ ਹੋਕਾ ਦਿੰਦਾ ਪੰਥਕ ਜਥੇਬੰਦੀਆਂ ਨੇ ਕੱਢਿਆ ਖ਼ਾਲਸਾ ਮਾਰਚ

52 Views

ਅੰਮ੍ਰਿਤਸਰ, 27 ਦਸੰਬਰ (ਗੁਰਭੇਜ ਸਿੰਘ ਅਨੰਦਪੁਰੀ): ਸਿੱਖ ਯੂਥ ਆਫ਼ ਪੰਜਾਬ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੱਦੇ ‘ਤੇ ਪੰਥਕ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਉਹਨਾਂ 9 ਸਿੱਖ ਰਾਜਸੀ ਨਜ਼ਰਬੰਦਾਂ ਜੋ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਦੀ ਰਿਹਾਈ ਦੀ ਆਵਾਜ਼ ਬੁਲੰਦ ਕਰਨ ਲਈ ਮਾਰਚ ਕੱਢਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਉਹਨਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।

ਭਾਈ ਪਰਮਜੀਤ ਸਿੰਘ ਮੰਡ, ਭਾਈ ਕੰਵਰ ਚੜ੍ਹਤ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਗੁਰਨਾਮ ਸਿੰਘ ਮੂਨਕਾਂ ਅਤੇ ਲਾਲ ਕਿਲ੍ਹੇ ‘ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਭਾਈ ਜੁਗਰਾਜ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਹੱਥਾਂ ਵਿੱਚ ਇਹਨਾਂ ਨਜ਼ਰਬੰਦਾਂ ਦੀਆਂ ਤਸਵੀਰਾਂ ਅਤੇ ਵੱਡੇ-ਵੱਡੇ ਬੈਨਰ ਫੜ ਕੇ ਗੁਰਦੁਆਰਾ ਸੰਤੋਖਸਰ ਤੋ ਦਰਬਾਰ ਸਾਹਿਬ ਤੱਕ ਮਾਰਚ ਕੀਤਾ ਅਤੇ ਇਹਨਾਂ ਦੀ ਰਿਹਾਈਆਂ ਦੇ ਹੱਕ ਵਿੱਚ ਨਾਹਰੇਬਾਜ਼ੀ ਕੀਤੀ। ਉਹਨਾਂ ਦੇ ਹੱਥਾਂ ਵਿੱਚ ਫੜੀਆਂ ਤਖ਼ਤੀਆਂ ਤੇ ਲਿਖਿਆ ਸੀ ਕਿ ਭਾਰਤ ਦੀਆਂ ਸਰਕਾਰਾਂ ਇਹਨਾਂ ਨਾਲ ਜ਼ਿਆਦਤੀ ਤੇ ਵਿਤਕਰਾ ਕਰ ਰਹੀਆਂ ਹਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਆਗੂ ਸ. ਕੰਵਰਪਾਲ ਸਿੰਘ ਨੇ ਦੱਸਿਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁਲੱਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਗੁਰਦੀਪ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਕੱਟਦਿਆਂ ਪਿਛਲੇ 25 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸਿਤਮ ਦੀ ਗੱਲ ਹੈ ਕਿ ਸਰਕਾਰਾਂ ਉਹਨਾਂ ਨੂੰ ਰਿਹਾਅ ਕਰਨ ਦਾ ਨਾਮ ਹੀ ਨਹੀਂ ਲੈ ਰਹੀਆਂ।

ਉਹਨਾਂ ਕਿਹਾ ਏਸੇ ਤਰਾਂ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਵੀਹ ਸਾਲ ਤੋਂ ਵੱਧ ਦਾ ਸਮਾਂ ਨਜ਼ਰਬੰਦੀ ਵਿੱਚ ਬੀਤ ਚੁੱਕਾ ਹੈ।

ਉਹਨਾਂ ਕਿਹਾ ਕਿ ਸੰਸਾਰ ਭਰ ਵਿੱਚ ਉਹਨਾਂ ਦੀ ਚੜ੍ਹਦੀ ਕਲਾ ਲਈ ਗੁਰੂ ਘਰਾਂ ਵਿੱਚ ਅਰਦਾਸ ਬੇਨਤੀਆਂ ਅਤੇ ਉਹਨਾਂ ਦੀ ਰਿਹਾਈਆਂ ਲਈ ਆਵਾਜ ਬੁਲੰਦ ਕੀਤੀ ਗਈ ਹੈ।

ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ ਪਰ ਅਫ਼ਸੋਸ ਕਿ ਉਹ ਫੈਸਲਾ ਅੱਜ ਤੱਕ ਸਰਕਾਰ ਨੇ ਅਮਲ ਵਿੱਚ ਨਹੀਂ ਲਿਆਂਦਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਇਹਨਾਂ ਸਿੱਖ ਰਾਜਸੀ ਕੈਦੀਆਂ ਨਾਲ ਸਰਕਾਰਾਂ ਸਰਾਸਰ ਧੱਕਾ ਅਤੇ ਵਿਤਕਰਾ ਕਰ ਰਹੀਆਂ ਹਨ। ਉਹਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਕੇਸ ਅਦਾਲਤਾਂ ਵਿੱਚ ਸੁਣਵਾਈ ਅਧੀਨ ਨਹੀਂ ਹੈ ਅਤੇ ਇਹਨਾਂ ਨਜ਼ਰਬੰਦਾਂ ਦੀ ਰਿਹਾਈ ਬਾਰੇ ਅੰਤਿਮ ਫੈਸਲਾ ਕੇਦਰੀ ਗ੍ਰਹਿ ਮੰਤਰਾਲੇ ਦੀ ਰਾਏ ਨਾਲ ਸੂਬਾ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਹੀ ਲੈਣਾ ਹੈ। ਉਹਨਾਂ ਦਸਿਆ ਕਿ ਪ੍ਰੋ. ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਦੀ ਆਪ ਦੀ ਸਰਕਾਰ ਕੋਲ ਲੰਮੇ ਸਮੇਂ ਤੋ ਲਟਕ ਰਿਹਾ ਹੈ ਪਰ ਮੁੱਖ ਮੰਤਰੀ ਕੇਜਰੀਵਾਲ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਾਲਾਕਿ ਆਉਂਦੀਆਂ ਚੋਣਾਂ ਦੇ ਮੱਦੇਨਜਰ ਉਹ ਹਰ ਦੂਜੇ ਦਿਨ ਪੰਜਾਬ ਅੰਦਰ ਆ ਕੇ ਲੋਕਾਂ ਨੂੰ ਭਰਮਾਉਣ ਲਈ ਨਿੱਤ ਨਵੇਂ ਵਾਅਦੇ ਕਰ ਰਹੇ ਹਨ।

ਉਹਨਾਂ ਕਿਹਾ ਕਿ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਇਹਨਾਂ ਕੈਦੀਆਂ ਨਾਲ ਵਿਤਕਰੇ ਅਤੇ ਨਫਰਤ ਵਾਲਾ ਸਲੂਕ ਇਸ ਕਰਕੇ ਹੈ ਕਿਉਕਿ ਇਹਨਾਂ ਨੌਜਵਾਨਾਂ ਨੇ ਸਿੱਖਾਂ ਦੇ ਸਵੈ-ਨਿਰਣੇ ਕੇ ਹੱਕ ਲਈ ਪਿਛਲੇ ਦਹਾਕਿਆਂ ਦੌਰਾਨ ਲੜੇ ਸਿੱਖ ਸੰਘਰਸ਼ ਵਿੱਚ ਹਿੱਸਾ ਲਿਆ ਸੀ।

ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ, ਗੁਰਜੰਟ ਸਿੰਘ, ਜੱਜਵੀਰ ਸਿੰਘ, ਗੁਰਜੋਤ ਸਿੰਘ ਵੀ ਮਾਰਚ ‘ਚ ਸ਼ਾਮਲ ਹੋਏ।

ਇਸ ਮੌਕੇ ਪ੍ਰੋਫੈਸਰ ਬਲਜਿੰਦਰ ਸਿੰਘ, ਬੀਬੀ ਸੰਦੀਪ ਕੌਰ, ਨਰਾਇਣ ਸਿੰਘ ਚੌੜਾ, ਸਰਬਜੀਤ ਸਿੰਘ ਘੁਮਾਣ, ਪਰਮਜੀਤ ਸਿੰਘ ਟਾਂਡਾ, ਭੁਪਿੰਦਰ ਸਿੰਘ ਛੇ ਜੂਨ, ਸਤਨਾਮ ਸਿੰਘ ਝੰਜੀਆਂ, ਕੁਲਦੀਪ ਸਿੰਘ ਬਿੱਟੂ, ਪੰਜਾਬ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ, ਦਿਲਬਾਗ ਸਿੰਘ ਗੁਰਦਾਸਪੁਰ, ਗੁਰਨਿਵਾਜ਼ ਸਿੰਘ, ਗੁਰਪ੍ਰੀਤ ਸਿੰਘ ਖੁੱਡਾ ਆਦਿ ਵੀ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?