ਬਾਘਾਪੁਰਾਣਾ, 27 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਪੰਜਾਬ ਕਾਂਗਰਸ ਵੱਲੋਂ ਮਿਸ਼ਨ 2022 ਦੀ ਸ਼ੁਰੂਆਤ ਕਰਨ ਲਈ 3 ਜਨਵਰੀ ਨੂੰ ਮੋਗਾ ਜ਼ਿਲੇ ਦੇ ਪਿੰਡ ਕਿਲੀ ਚਹਿਲਾ ਵਿਖੇ ਰੱਖੀ ਗਈ ਰੈਲੀ ਸੰਬਧੀ ਜ਼ਿਲਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਜਿੱਥੇ ਜ਼ਿਲੇ ਭਰ ਵਿਚ ਲਾਮਬੰਦੀ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ, ਉੱਥੇ ਬਾਘਾ ਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਖ਼ੇਤਰ ਦੇ ਪਿੰਡਾਂ ਤੋਂ ਰੈਲੀ ਵਿਚ ਵੱਡੇ ਇਕੱਠ ਲਿਜਾਣ ਲਈ ਬਾਘਾ ਪੁਰਾਣਾ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਮੋਰਚਾ ਸੰਭਾਲ ਲਿਆ ਹੈ। ਹਲਕਾ ਬਾਘਾ ਪੁਰਾਣਾ ਦੇ ਆਗੂਆਂ ਅਤੇ ਵਰਕਰਾਂ ਦੀਆਂ ਰੈਲੀ ਲਈ ਡਿਉੂਟੀਆਂ ਲਗਾਉਣ ਹਿੱਤ ਭਲਕੇ 29 ਦਸੰਬਰ ਨੂੰ ਸੁਭਾਸ ਮੰਡੀ ਬਾਘਾ ਪੁਰਾਣਾ ਵਿਖੇ ਸਵੇਰੇ 10 ਵਜੇ ਲਾਮਬੰਦੀ ਮੀਟਿੰਗ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਰੈਲੀ ਵਿਚ ਹੋਣ ਵਾਲਾ 2 ਲੱਖ ਪੰਜਾਬੀਆਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰੇਗਾ ਕਿ ਪੰਜਾਬ ਦੇ ਲੋਕ ਮੁੜ ਕਾਂਗਰਸ ਦੀ ਸਰਕਾਰ ਬਣਾ ਰਹੇ ਹਨ। ਉਨ੍ਹਾਂ ਹਲਕਾ ਬਾਘਾ ਪੁਰਾਣਾ ਦੇ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਸਮੇਂ ਸਿਰ ਇਸ ਲਾਮਬੰਦੀ ਮੀਟਿੰਗ ਵਿਚ ਸਿਰਕਤ ਕਰਨ। ਉਨ੍ਰਾਂ ਕਿਹਾ ਕਿ ਲਾਮਬੰਦੀ ਮੀਟਿੰਗ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਉਚੇਚੇ ਤੌਰ ’ਤੇ ਪੁੱਜ ਰਹੇ ਹਨ ਤੇ ਉਹ ਰੈਲੀ ਸਬੰਧੀ ਜਾਣਕਾਰੀ ਦੇਣਗੇ।