ਕਰਤਾਰਪੁਰ 30 ਦਸੰਬਰ (ਭੁਪਿੰਦਰ ਸਿੰਘ ਮਾਹੀ): ਛੋਟੇ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਵਿੱਚ ਆਉਣ ਜਾਣ ਵਾਲਿਆਂ ਨੂੰ ਅੱਜ ਕੱਲ ਬੱਸ ਵਿੱਚ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਕਰਤਾਰਪੁਰ ਸ਼ਹਿਰ ਜਿਸਨੂੰ ਕੁੱਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸਬ ਡਵੀਜ਼ਨ ਦੀ ਮੰਗ ਜੋ ਕਰਤਾਰਪੁਰ ਵਾਸੀਆਂ ਦੀ ਲੰਮੇ ਅਰਸੇ ਤੋਂ ਲਟਕੀ ਪਈ ਸੀ ਉਸਨੂੰ ਪੂਰਾ ਕੀਤਾ ਗਿਆ ਹੈ ਪਰ ਫਿਰ ਵੀ ਬਾਕੀ ਛੋਟੇ ਸ਼ਹਿਰਾਂ ਵਾਂਗ ਕਰਤਾਰਪੁਰ ਦੀਆਂ ਸਵਾਰੀਆਂ ਨੂੰ ਜਲੰਧਰ ਤੋਂ ਕਰਤਾਰਪੁਰ ਆਉਣ ਨਹੀਂ ਬਿਠਾਇਆ ਜਾਂਦਾ। ਜਿਸ ਨਾਲ ਕਰਤਾਰਪੁਰ ਤੋਂ ਜਲੰਧਰ ਜਾਂ ਹੋਰ ਸ਼ਹਿਰਾਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ, ਨੋਕਰੀ ਪੇਸ਼ੇ ਤੇ ਜਾਣ ਵਾਲੇ ਅਤੇ ਹੋਰ ਰਿਸ਼ਤੇਦਾਰੀ ਜਾਂ ਘਰੇਲੂ ਕੰਮਾਂ ਕਾਰਾਂ ਤੇ ਜਾਣ ਵਾਲਿਆਂ ਨੂੰ ਕਰਤਾਰਪੁਰ ਵਾਪਿਸ ਆਉਣਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਕਈ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਕੋਈ ਬੜੀ ਮੁਸ਼ਕਿਲ ਨਾਲ ਬੱਸ ਵਾਲਾ ਤਰਸ ਦੇ ਆਧਾਰ ਤੇ ਜਾਂ ਬਿਨਾਂ ਟਿਕਟ ਤੋਂ ਸਵਾਰੀਆਂ ਲੈ ਆਉਂਦਾ ਹੈ ਨਹੀਂ ਤਾਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਇੱਕੋ ਹੋਕਾ ਸੁਣਾਈ ਦੇਂਦਾ ਹੈ ਕਿ “ਕੱਲਾ ਅੰਮ੍ਰਿਤਸਰ ਤੇ ਕੱਲਾ ਲੁਧਿਆਣਾ”। ਰਸਤੇ ਦੀ ਸਵਾਰੀ ਕੋਈ ਨਾ ਬੈਠੇ। ਇੱਥੇ ਜਿਕਰਯੋਗ ਹੈ ਕਿ ਕਰਤਾਰਪੁਰ ਨੂੰ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵੱਲੋਂ ਸਿਟੀ ਬੱਸ ਲਗਾਈ ਗਈ ਸੀ ਜਿਸਦਾ ਸਾਰੇ ਸ਼ਹਿਰਵਾਸੀਆਂ ਨੂੰ ਬਹੁਤ ਫਾਇਦਾ ਸੀ ਪਰ ਉਸਨੂੰ ਵੀ ਬੰਦ ਕਰ ਦਿੱਤਾ ਗਿਆ ਜਿਸ ਦੀ ਦੁਬਾਰਾ ਚਲਾਉਣ ਦੀ ਮੰਗ ਵੀ ਕਿਸੇ ਸਾਂਸਦ ਅਤੇ ਵਿਧਾਇਕ ਨੇ ਅੱਜ ਤੱਕ ਪੂਰੀ ਨਹੀਂ ਕੀਤੀ। ਇਸ ਸਬੰਧੀ ਕਰਤਾਰਪੁਰ ਐਕਸ਼ਨ ਕਮੇਟੀ ਦੇ ਭੁਪਿੰਦਰ ਸਿੰਘ, ਪਵਨ ਧੀਮਾਨ, ਇੰਦਰਜੀਤ ਸਿੰਘ, ਸਮੀਰ ਸਭਰਵਾਲ, ਮਨਮੋਹਨ ਸਿੰਘ ਮਠਾੜੂ ਆਦਿ ਨੇ ਕਿਹਾ ਕਿ ਕਰਤਾਰਪੁਰ ਵਾਸੀਆਂ ਨੂੰ ਆ ਰਹੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਬਾਕੀ ਸ਼ਹਿਰ ਦੀਆਂ ਸੁਸਾਇਟੀਆਂ ਨਾਲ ਮੀਟਿੰਗ ਕਰਕੇ ਇਸ ਦਾ ਹੱਲ ਕੱਢਣ ਲਈ ਜੇ ਸਾਨੂੰ ਕਰਤਾਰਪੁਰ ਦੇ ਮੇਨ ਹਾਈਵੇ ਤੇ ਜਾਮ ਵੀ ਲਗਾਉਣਾ ਪਿਆ ਤਾਂ ਪ੍ਰਸ਼ਾਸ਼ਨ ਤੋਂ ਪ੍ਰਵਾਨਗੀ ਲੈ ਕੇ ਜਾਮ ਵੀ ਲਗਾਵਾਂਗੇ ਜਿਸ ਵਿੱਚ ਸਿਰਫ਼ ਬੱਸਾਂ ਹੀ ਰੋਕੀਆਂ ਜਾਣਗੀਆਂ ਤਾਂ ਕਿ ਜੋ ਬੱਸਾਂ ਕਰਤਾਰਪੁਰ ਦੀ ਸਵਾਰੀ ਨਹੀਂ ਚੜਾਉਣਗੀਆਂ ਉਹ ਬੱਸਾਂ ਕਰਤਾਰਪੁਰ ਵਿੱਚ ਦੀ ਲੰਘਣ ਵੀ ਨਹੀਂ ਦਿੱਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਬੱਸਾਂ ਵਾਲੇ ਆਪਣੀ ਮਰਜੀ ਕਰਦੇ ਹਨ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਜਲਦੀ ਹੀ ਸ਼ਹਿਰ ਦੀਆਂ ਸੁਸਾਇਟੀਆਂ ਨਾਲ ਮੀਟਿੰਗ ਕਰਕੇ ਇਸਦਾ ਹੱਲ ਕੱਢਿਆ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ