ਅੰਮ੍ਰਿਤਸਰ, 31 ਦਸੰਬਰ (ਹਰਚੇਤ ਸਰਾਂ)
26 ਜਨਵਰੀ 1986 ਦੇ ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੀ ਕਾਉਂਕੇ ਦੀ ਮਹਾਨ ਅਤੇ ਅਦੁੱਤੀ ਸ਼ਹਾਦਤ ਨੂੰ ਬਾਦਲਕਿਆਂ ਨੇ ਰੋਲਣ ਦਾ ਯਤਨ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜ਼ਾਲਮ ਅਫ਼ਸਰ ਸਵਰਨ ਘੋਟਣੇ ਦੀ ਅਗਵਾਈ ‘ਚ ਪੁਲੀਸ ਨੇ 1 ਜਨਵਰੀ 1993 ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਸੀ ਤੇ ਉਹਨਾਂ ਦੀ ਲਾਸ਼ ਵੀ ਕਿਧਰੇ ਖੁਰਦ-ਬੁਰਦ ਕਰ ਦਿੱਤੀ ਗਈ ਸੀ। ਉਹਨਾਂ ਕਿਹਾ ਕਿ 12 ਫਰਵਰੀ 1997 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਅਕਾਲੀ ਸਰਕਾਰ ਬਣਨ ਮਗਰੋਂ ਸਿੱਖਾਂ ਉੱਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ ਤਾਂ ਪੰਜਾਬ ਵਾਸੀਆਂ ਨੇ ਸਿੱਖ ਗੱਭਰੂਆਂ ਦਾ ਸ਼ਿਕਾਰ ਖੇਡਣ ਵਾਲੇ ਪੁਲਸੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਾਦਲ ਨੂੰ 1997 ‘ਚ ਮੁੱਖ ਮੰਤਰੀ ਬਣਾ ਦਿੱਤਾ। ਪਰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਹਿੰਦਿਆਂ ਹੀ ਬਾਦਲ ਨੇ ਅੱਖਾਂ ਫੇਰ ਲਈਆਂ, ਫਿਰ ਸਿੱਖਾਂ ਦੇ ਦਬਾਅ ਕਾਰਨ ਬਾਦਲ ਨੇ ਉਸ ਸਮੇਂ ਐਡੀਸ਼ਨਲ ਡਾਇਰੈਕਟਰ ਜਨਰਲ ਬੀ.ਪੀ. ਤਿਵਾੜੀ ਦੀ ਅਗਵਾਈ ‘ਚ ਜਾਂਚ ਕਮਿਸ਼ਨ ਤਾਂ ਬਣਾ ਦਿੱਤਾ ਜਿਸ ਦੀ ਰਿਪੋਰਟ ਤਿੰਨ ਮਹੀਨਿਆਂ ‘ਚ ਮੁਕੰਮਲ ਹੋਣੀ ਸੀ ਪਰ ਜਦ ਸਵਾ ਸਾਲ ਬਾਅਦ 29 ਸਤੰਬਰ 1999 ਨੂੰ ਤਿਵਾੜੀ ਕਮਿਸ਼ਨ ਨੇ ਬਾਦਲ ਸਰਕਾਰ ਨੂੰ ਰਿਪੋਰਟ ਸੌਂਪੀ ਤਾਂ ਬਾਦਲ ਸਰਕਾਰ ਨੇ ਰਿਪੋਰਟ ਓਥੇ ਹੀ ਦੱਬ ਦਿੱਤੀ ਤੇ ਲੋਕਾਂ ਨੂੰ ਇਹ ਮੁਹਾਰਨੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਕਿ “ਛੱਡੋ ਜੀ ਪੁਰਾਣੀਆਂ ਗੱਲਾਂ, ਹੁਣ ਵਿਕਾਸ ਦੀ ਗੱਲ ਕਰੋ।”
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਕਾਉਂਕੇ ਦੀ ਸ਼ਹੀਦੀ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਬਾਦਲਕਿਆਂ ਨੇ ਉਹਨਾਂ ਪੁਲਸੀਆਂ ਦੀ ਸਰਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ। ਜਿਸ ਸੁਮੇਧ ਸੈਣੀ ਨੇ ਜਥੇਦਾਰ ਕਾਉਂਕੇ ਦੇ ਮੂੰਹ ‘ਤੇ ਹਿਰਾਸਤ ਦੌਰਾਨ ਸਿਗਰਟ ਦਾ ਧੂੰਆਂ ਮਾਰਿਆ ਉਸੇ ਬੁੱਚੜ ਸੈਣੀ ਨੂੰ ਬਾਦਲਾਂ ਨੇ ਡੀ.ਆਈ.ਜੀ. ਬਣਾ ਦਿੱਤਾ ਤੇ ਮੁੱਖ ਦੋਸ਼ੀ ਅਫ਼ਸਰ ਸਵਰਨੇ ਘੋਟਣੇ ਦਾ ਭੋਗ ਰੋਕਣ ਗਏ ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਸਤਨਾਮ ਸਿੰਘ ਮਨਾਵਾਂ ਨੂੰ ਵੀ ਜੇਲ੍ਹਾਂ ਵਿੱਚ ਡੱਕ ਦਿੱਤਾ। ਉਹਨਾਂ ਕਿਹਾ ਕਿ ਬਾਦਲਕੇ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਕਾਉਂਕੇ ਦਾ ਇਨਸਾਫ਼ ਨਾ ਦਿਵਾ ਸਕੇ, ਬਾਕੀ ਡੇਢ ਲੱਖ ਸਿੱਖਾਂ ਦਾ ਕੀ ਦਿਵਾਉਣਾ ਸੀ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਵੀ ਸੀ ਕਿ ਸ਼੍ਰੋਮਣੀ ਕਮੇਟੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ‘ਤੇ ਹਰ ਸਾਲ ਅਕਾਲ ਤਖ਼ਤ ਸਾਹਿਬ ‘ਤੇ ਮਨਾਉਂਦੀ ਤੇ ਕਾਂਗਰਸ ਰਾਜ ‘ਚ ਸਿੱਖਾਂ ਉੱਤੇ ਹੋਏ ਜ਼ੁਲਮਾਂ ਬਾਰੇ ਸੰਗਤਾਂ ਨੂੰ ਦੱਸਦੀ ਪਰ ਬਾਦਲਕੇ ਤਾਂ ਦਿੱਲੀ ਦਰਬਾਰ ਦੇ ਬੀਬੇ ਪੁੱਤ ਬਣੇ ਬੈਠੇ ਹਨ।