Home » ਧਾਰਮਿਕ » ਇਤਿਹਾਸ » ਇਕ ਈਸਾਈ ਪ੍ਰਚਾਰਕ ਨਾਲ ਸੁਆਲ-ਜੁਆਬ

ਇਕ ਈਸਾਈ ਪ੍ਰਚਾਰਕ ਨਾਲ ਸੁਆਲ-ਜੁਆਬ

91 Views

ਇਕ ਈਸਾਈ ਪ੍ਰਚਾਰਕ ਨਾਲ ਸੁਆਲ-ਜੁਆਬ

ਕੈਪਟਨ ਯਸਪਾਲ ਸਿੰਘ (ਦਿੱਲੀ) – 98184-64775

ਹੱਡ ਬੀਤੀ

ਕੁਝ ਸਮਾਂ ਪਹਿਲਾਂ ਦਾਸ ਨੂੰ ਪਿੰਡ ਕੋਟਲੀ, ਨੇੜੇ ਬੁੱਲੋਵਾਲ, (ਜ਼ਿਲ੍ਹਾ-ਹੁਸ਼ਿਆਰਪੁਰ, ਪੰਜਾਬ) ਆਪਣੇ ਮਿੱਤਰ ਦੇ ਘਰ ਜਾਣ ਦਾ ਮੌਕਾ ਮਿਲਿਆ। ਥੋੜ੍ਹੀ ਦੇਰ ਬਾਅਦ ਉੱਥੇ ਉਨ੍ਹਾਂ ਦਾ ਕੋਈ ਪਛਾਣੂ ਆਇਆ। ਉਹ ਇਸਾਈ ਪ੍ਰਚਾਰਕ ਸੀ। ਉਹਦੇ ਨਾਲ ਇੱਕ ਬਜ਼ੁਰਗ ਇਸਤਰੀ ਵੀ ਸੀ, ਜਿਸ ਬਾਰੇ ਮਗਰੋਂ ਪਤਾ ਲੱਗਾ ਕਿ ਉਹ ਉਸ ਨੂੰ ਸਬੂਤ ਵਜੋਂ ਲੈ ਕੇ ਘੁੰਮ ਰਿਹਾ ਸੀ। ਉਹ ਕਹਿੰਦਾ ਸੀ ਕਿ ਇਹ ਪਹਿਲਾਂ ਬਿਮਾਰ ਰਹਿੰਦੀ ਸੀ ਤੇ ਹੁਣ ਯੀਸੂ ਅੱਗੇ ਦੁਆ ਕਰ ਕੇ ਉਹ ਬਿਲਕੁਲ ਠੀਕ ਹੋ ਗਈ ਹੈ ।

ਖ਼ੈਰ ! ਮੇਰੇ ਮਿੱਤਰ ਨੇ ਮੇਰੇ ਨਾਲ ਵੀ ਉਸ ਦੀ ਜਾਣ-ਪਛਾਣ ਕਰਵਾਈ ਅਤੇ ਸ਼ਰੇਆਮ ਮੇਰੇ ਬਾਰੇ ਇਹ ਕਹਿ ਦਿੱਤਾ ਕਿ ਮੈਨੂੰ ਧਰਮ ਦਾ ਸ਼ੌਂਕ ਹੈ ਤੇ ਮੈਂ ਮਰਚੈਂਟ ਨੇਵੀ ਵਿੱਚ ਕੈਪਟਨ ਹਾਂ। ਬਸ ਫਿਰ ਕੀ ਸੀ, ਉਹ ਭਾਈ ਸਾਹਿਬ ਖ਼ੁਸ਼ ਹੁੰਦੇ ਹੋਏ ਮੇਰੇ ਵੱਲ ਨੂੰ ਸੰਬੋਧਿਤ ਹੋ ਗਏ। ਮੈਂ ਸੁਣਦਾ ਰਿਹਾ ਤੇ ਉਹ ਬੋਲਦੇ ਗਏ।

‘ਮੈਂ ਪਹਿਲਾਂ ਸ਼ਰਾਬ ਪੀਂਦਾ ਸੀ ਤੇ ਇੱਕ ਈਸਾਈ ਪ੍ਰਚਾਰਕ ਨੇ ਮੇਰੀ ਸ਼ਰਾਬ ਛਡਾਈ ਤੇ ਪ੍ਰਭੂ ਯੀਸੂ ਨੇ ਮੇਰੇ ’ਤੇ ਕਿਰਪਾ ਕੀਤੀ…’ ਇਸ ਤਰ੍ਹਾਂ ਉਹ ਕਾਫ਼ੀ ਦੇਰ ਬੋਲਦਾ ਰਿਹਾ। ਮੈਂ ਉਸ ਦੀ ਸਾਰੀ ਕਹਾਣੀ ਚੁੱਪ ਚਾਪ ਸੁਣੀ ਗਿਆ। ਆਪਣੀ ਗੱਲ ਪੂਰੀ ਕਰ ਕੇ ਉਹ ਬੋਲਿਆ ‘ਹੁਣ ਤੁਸੀਂ ਕੋਈ ਗੱਲ ਕਰੋ।’

ਮੈਂ ਕਿਹਾ ਇਹ ਬੜੀ ਚੰਗੀ ਗੱਲ ਹੈ ਕਿ ਤੁਹਾਡੀ ਸ਼ਰਾਬ ਛੁੱਟ ਗਈ ਹੈ, ਪਰ ਈਸਾਈ ਧਰਮ ਦੀ ਧਾਰਮਿਕ ਰਸਮਾਂ ਵਿੱਚ ਸ਼ਰਾਬ ਦੀ ਬੜੀ ਅਹਿਮ ਭੂਮਿਕਾ ਹੈ। ਫਿਰ ਵੀ ਚੰਗਾ ਹੈ ਕਿ ਤੁਸੀਂ ਇਹ ਨਖਿੱਧ ਚੀਜ਼ ਤਿਆਗ ਦਿੱਤੀ ਹੈ। ਗੁਰਬਾਣੀ ਦਾ ਫੁਰਮਾਨ ਹੈ: ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥

ਜਿੱਥੋਂ ਤੱਕ ਦੁਆ ਦੀ ਗੱਲ ਹੈ – ਹਰ ਮਨੁੱਖ ਕਦੀ ਵੀ, ਕਿਤੇ ਵੀ ਆਪਣੇ ਲਈ ਸਿੱਧਾ ਰੱਬ ਅੱਗੇ ਦੁਆ (ਅਰਦਾਸ) ਕਰ ਸਕਦਾ ਹੈ ਤੇ ਪਰਮਾਤਮਾ ਦੀ ਬਖ਼ਸ਼ਸ਼ ਦੇ ਦਰਵਾਜੇ ਹਰ ਮਨੁੱਖ ਲਈ ਹਰ ਵੇਲੇ ਖੁੱਲ੍ਹੇ ਹਨ। ਪ੍ਰਭੂ ਸਾਰਿਆਂ ’ਤੇ ਮਿਹਰ ਕਰਦਾ ਹੈ। ਅਸੀਂ ਤੇ ਰੋਜ਼ ਨਿੱਜੀ ਤੋਰ ’ਤੇ ਸੰਗਤੀ ਰੂਪ ਵਿੱਚ ਵੀ ਸਾਰੇ ਜਗਤ ਲਈ ਦੁਆ ਕਰਦੇ ਹਾਂ ਤੇ ਕਹਿੰਦੇ ਹਾਂ, ‘‘ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।’’ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਨਾਲ, ਸਿਮਰਨ ਕਰਨ ਨਾਲ ਮਨੁੱਖ ਦੇ ਦੁੱਖ ਦੂਰ ਹੋ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹੈ: ‘‘ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਅਤੇ ਦੂਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ ॥’’

ਇੰਨਾ ਕਹਿ ਕੇ ਮੈਂ ਆਪਣੀ ਗੱਲ ਪੂਰੀ ਕਰ ਦਿੱਤੀ। ਝੱਟ ਅਟਕ ਕੇ ਮੈਂ ਉਸ ਨੂੰ ਪੁੱਛਿਆ, ‘ਕੀ ਤੁਸੀਂ ਸਾਰੀ ਬਾਈਬਲ ਪੜ੍ਹੀ ਹੈ ?’

‘ਹਾਂ ਜੀ ! ਮੈਂ ਪੂਰੀ ਬਾਈਬਲ ਪੜੀ ਹੈ,’ ਉਹ ਉਤਸ਼ਾਹਿਤ ਹੋ ਕੇ ਬੋਲਿਆ।

ਮੈਂ ਕਿਹਾ, ‘ਕੀ ਮੈਂ ਆਪ ਜੀ ਕੋਲੋਂ ਬਾਈਬਲ ਬਾਰੇ ਕੋਈ ਜਾਣਕਾਰੀ ਲੈ ਸਕਦਾ ਹਾਂ।’

‘ਹਾਂ, ਹਾਂ ! ਕਿਉਂ ਨਹੀਂ ! ਤੁਸੀਂ ਜੋ ਮਰਜ਼ੀ ਪੁੱਛੋ।’ ਉਹਨੇ ਜੋਸ਼ ਵਿੱਚ ਆ ਕਿ ਕਿਹਾ ।

ਦਾਸ: ‘ਬਾਈਬਲ ਅਨੁਸਾਰ ਜਿਹੜੇ ਈਸਾਈ ਹਨ (ਭਾਵੇਂ ਉਹ ਕਿੱਦਾਂ ਦੇ ਵੀ ਹੋਣ) ਉਹ ਸਾਰੇ ਸਵਰਗਾਂ ਨੂੰ ਜਾਣਗੇ ਤੇ ਜਿਹੜੇ ਗ਼ੈਰ ਈਸਾਈ ਹਨ (ਉਹਨਾਂ ਦੇ ਕਰਮ ਕਿੱਦਾਂ ਦੇ ਵੀ ਹੋਣ) ਉਹ ਸਾਰੇ ਨਰਕਾਂ ਨੂੰ ਜਾਣਗੇ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ।’

ਇਹ ਸੁਣ ਕੇ ਉਸ ਨੂੰ ਕੋਈ ਜਵਾਬ ਨਹੀਂ ਆਇਆ। ਇਸ ਗੱਲ ਨੂੰ ਨਾ ਤਾਂ ਉਸ ਨੇ ਸਹੀ ਕਿਹਾ ਤੇ ਨਾ ਹੀ ਗਲਤ। ਮੈਂ ਫਿਰ ਗੱਲ ਅੱਗੇ ਤੋਰੀ।

ਦਾਸ: ਮੰਨ ਲਵੋ ਕੋਈ ਅਧਿਆਪਕ ਇੰਝ ਕਹੇ ਕਿ ਜਿਹੜੇ ਵਿਦਿਆਰਥੀ ਮੇਰੇ ਕੋਲ ਟਿਊਸ਼ਨ ਪੜ੍ਹਨਗੇ, ਮੈਂ ਉਹਨਾਂ ਨੂੰ ਪਾਸ ਕਰਾਂਗਾ (ਭਾਵੇਂ ਉਹ ਲਾਇਕ ਹੋਣ ਜਾਂ ਨਾਲਾਇਕ) ਤੇ ਜਿਹੜੇ ਮੇਰੇ ਕੋਲੋਂ ਟਿਊਸ਼ਨ ਨਹੀਂ ਪੜਨਗੇ, ਮੈਂ ਉਹਨਾਂ ਨੂੰ ਫੇਲ ਕਰਾਂਗਾ (ਭਾਵੇਂ ਉਹ ਲਾਇਕ ਹੋਣ ਜਾਂ ਨਾਲਾਇਕ) ਤਾਂ ਕੀ ਉਸ ਅਧਿਆਪਕ ਨੂੰ ਸਕੂਲ ਜਾਂ ਸਮਾਜ ਸਵੀਕਾਰ ਕਰੇਗਾ ? ਕੀ ਇਹੋ ਜਿਹੇ ਅਧਿਆਪਕ ’ਤੇ ਵਿਤਕਰਾ ਕਰਨ ਦਾ ਦੋਸ਼ ਨਹੀ ਲੱਗੇਗਾ ?

ਪਾਠਕ ਇਹ ਜਾਣ ਕੇ ਹੈਰਾਨ ਹੋਣਗੇ ਕਿ ਉਹ ਇੰਨੀ ਹਿੰਮਤ ਵੀ ਨਾ ਸਮੇਟ ਸਕਿਆ ਕਿ ਕਹਿੰਦਾ ‘ਹਾਂ ਜੀ ਬਿਲਕੁਲ ! ਅਜਿਹਾ ਅਧਿਆਪਕ ਗਲਤ ਹੈ ਕਿਉਂਕਿ ਉਹ ਵਿਤਕਰਾ ਕਰਦਾ ਹੈ।’ ਮੈਂ ਇਸ ਉਦਾਹਰਨ ਰਾਹੀਂ ਉਸ ਨੂੰ ਇਹ ਸਮਝਾਉਣਾ ਚਾਹੁੰਦਾ ਸੀ ਕਿ ਅਜਿਹਾ ਵਿਤਕਰਾ ਕਰਨਾ ਗਲਤ ਹੈ। ਮੈਂ ਫਿਰ ਗੱਲ ਅੱਗੇ ਤੋਰੀ।

ਦਾਸ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨਾਲ ਜਾਤ, ਨਸਲ, ਦੇਸ਼, ਰੰਗ, ਰੂਪ, ਧਰਮ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ। ਗੁਰਬਾਣੀ ਦਾ ਫ਼ੁਰਮਾਨ ਹੈ : ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਅਤੇ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥

ਪਰਮਾਤਮਾ ਸਾਰੀ ਕਾਇਨਾਤ ਦਾ ਇੱਕੋ ਇੱਕ ਮਾਲਕ ਹੈ। ਸਾਡਾ ਸਾਰਿਆਂ ਦਾ ਉਹ ਸਾਂਝਾ ਪਿਤਾ ਹੈ ਤੇ ਅਸੀਂ ਸਾਰੇ (ਕੇਵਲ ਸਿੱਖ ਨਹੀਂ, ਬਲਕਿ ਹਿੰਦੂ, ਮੁਸਲਮਾਨ, ਈਸਾਈ, ਹੋਰ ਕਈ ਤਰ੍ਹਾਂ ਦੇ ਕਬੀਲੇ, ਇੱਥੇ ਤੱਕ ਕਿ ਕਮਿਊਨਿਸਟ ਵੀ) ਉਸ ਪਿਤਾ ਦੇ ਬੱਚੇ ਹਾਂ। ਉਹ ਨਿਰਵੈਰ ਹੈ ਤੇ ਸਾਰਿਆਂ ਨਾਲ ਪਿਆਰ ਕਰਦਾ ਹੈ। ਜੋ (ਕੋਈ ਵੀ) ਉਸ ਦਾ ਸਿਮਰਨ ਕਰਦੇ ਹਨ, ਗੁਣਾਂ ਨੂੰ ਅਪਣਾਉਂਦੇ ਹਨ ਉਹ ਗੁਰੂ ਦੇ ਨੇੜੇ ਹੋ ਜਾਂਦੇ ਹਨ ਤੇ ਜਿਹੜੇ ਉਸ ਨੂੰ ਭੁਲਾ ਕੇ ਵਿਕਾਰਾਂ ਵਿੱਚ ਖਚਤ ਹੁੰਦੇ ਹਨ, ਉਹ ਆਪਣੇ ਆਪ ਨੂੰ ਉਸ ਤੋਂ ਦੂਰ ਕਰ ਲੈਂਦੇ ਹਨ। ਗੁਰਬਾਣੀ ਦਾ ਹੁਕਮ ਹੈ : ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਸਵਰਗ ਨਰਕ ਬਾਰੇ ਗੁਰਬਾਣੀ ਇਸ ਤਰ੍ਹਾਂ ਸਮਝਾਉਂਦੀ ਹੈ। ਸਵਰਗ ਨਰਕ ਕੋਈ ਵੱਖਰੀਆਂ ਥਾਂਵਾਂ ਨਹੀਂ ਜਿੱਥੇ ਮਨੁੱਖ ਨੇ ਮਰਨ ਤੋਂ ਬਾਅਦ ਜਾਣਾ ਹੈ। ਸਵਰਗ ਦਾ ਲਾਲਚ ਅਤੇ ਨਰਕ ਦਾ ਡਰ ਦੇ ਕੇ ਧਰਮ ਦੇ ਠੇਕੇਦਾਰ, ਪੁਜਾਰੀ ਆਦਿ ਭੋਲੀ ਭਾਲੀ ਜਨਤਾ ਨੂੰ ਬੇਵਕੂਫ਼ ਬਣਾ ਕੇ ਲੁੱਟਦੇ ਹਨ। ਜਿਹੜਾ ਮਨੁੱਖ ਮਾਲਕ ਨੂੰ ਹਮੇਸ਼ਾ ਯਾਦ ਰੱਖਦਾ ਹੈ, ਔਗੁਣਾਂ ਤੋਂ ਤੋਬਾ ਕਰਦਾ ਹੈ, ਸਮਝੋ ਉਹ ਇਸੀ ਧਰਤੀ ’ਤੇ ਸਵਰਗ ਵਿੱਚ ਹੈ ਅਤੇ ਜੇ ਕੋਈ ਰੱਬ ਨੂੰ ਭੁਲਾ ਕੇ ਵਿਕਾਰਾਂ ਦਾ ਗੁਲਾਮ ਹੋ ਕੇ ਜੀਅ ਰਿਹਾ ਹੈ ਸਮਝੋ ਕਿ ਉਹ ਇਸੀ ਧਰਤੀ ’ਤੇ ਨਰਕ ਵਿੱਚ ਰਹਿ ਰਿਹਾ ਹੈ। ਗੁਰਬਾਣੀ ਦਾ ਫੁਰਮਾਨ ਹੈ: ਤਹਾ ਬੈਕੁੰਠੁ ਜਹ ਕੀਰਤਨੁ ਤੇਰਾ, ਤੂੰ ਆਪੇ ਸਰਧਾ ਲਾਇਹਿ ॥

ਇਹ ਸੁਣ ਕਿ ਉਸ ਨੇ ਹੋਰ ਕੋਈ ਗੱਲ ਨਹੀਂ ਕੀਤੀ। ਨਾ ਮੇਰੀ ਗੱਲ ਦਾ ਵਿਰੋਧ ਕੀਤਾ ਤੇ ਨਾ ਹੀ ਆਪਣੀ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਮਨ ਵਿੱਚ ਹੋਰ ਵੀ ਸਵਾਲ ਸਨ। ਮੈਂ ਪੁੱਛਿਆ:

ਦਾਸ: ਕੀ ਤੁਸੀਂ ਗੈਲੀਲੀਓ ਬਾਰੇ ਜਾਣਦੇ ਹੋ ?

ਈਸਾਈ ਵੀਰ: ਨਹੀਂ

ਦਾਸ: ਗੈਲੀਲੀਓ ਇਟਲੀ ਦਾ ਇੱਕ ਸਾਇੰਸਦਾਨ ਸੀ। ਉਸ ਦਾ ਵਿਗਿਆਨ ’ਚ ਬੜਾ ਯੋਗਦਾਨ ਹੈ, ਪਰ ਪਾਦਰੀਆਂ ਨੇ ਉਸ ਨੂੰ ਸਜ਼ਾਵਾਂ ਸੁਣਾਈਆਂ ਅਤੇ ਜੇਲ ਵਿੱਚ ਸੁੱਟ ਦਿੱਤਾ। ਜਾਣਦੇ ਹੋ ਕਿਉਂ ?

ਈਸਾਈ ਵੀਰ: ਉਹ ਚੁੱਪ ਰਿਹਾ । ਕੁੱਝ ਨਹੀਂ ਬੋਲਿਆ। ਬਸ ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਰਿਹਾ ।

ਦਾਸ: ਬਾਈਬਲ ਵਿੱਚ ਲਿਖਿਆ ਹੈ ਕਿ ਸੂਰਜ; ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ, ਪਰ ਗੈਲੀਲੀਓ ਨੇ ਖੋਜ ਕਰ ਕੇ ਇਹ ਦੱਸਿਆ ਕਿ ਧਰਤੀ; ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ, ਨਾ ਕਿ ਸੂਰਜ; ਧਰਤੀ ਦੇ ਚੁਫੇਰੇ ਘੁੰਮਦਾ ਹੈ। ਉਸ ਦੇ ਇਸ ਪਾਪ ਲਈ ਪਾਦਰੀਆਂ ਨੇ ਉਸ ਨੂੰ ਸਜ਼ਾ ਦਿੱਤੀ ਅਤੇ ਤਸੀਹੇ ਦਿੱਤੇ। ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਗੈਲੀਲੀਓ ਠੀਕ ਸੀ।

ਤੁਹਾਡਾ ਕੀ ਵਿਚਾਰ ਹੈ ? ਕੀ ਪਾਦਰੀਆਂ ਨੇ ਠੀਕ ਕੀਤਾ ਸੀ ? ਤੁਸੀਂ ਬਾਈਬਲ ਨੂੰ ਰੱਬ ਦੇ ਬੋਲ ਕਹਿੰਦੇ ਹੋ। ਫਿਰ ‘ਰੱਬ ਦੇ ਬੋਲਾਂ’ ਵਿੱਚ ਇੰਨੀ ਵੱਡੀ ਗਲਤੀ ਕਿਸ ਤਰ੍ਹਾਂ ਹੋ ਸਕਦੀ ਹੈ ? ਤੁਹਾਨੂੰ ਸ਼ਾਇਦ ਪਤਾ ਹੋਵੇ ਬਾਈਬਲ ਵਿੱਚ ਇਹ ਵੀ ਲਿਖਿਆ ਹੈ ਕਿ ਧਰਤੀ ਚਪਟੀ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਗੋਲ ਹੈ, ਪਰ ਹੁਣ ਸੁਣਨ ਵਿੱਚ ਆਇਆ ਹੈ ਕਿ ਈਸਾਈ ਵਿਦਵਾਨਾਂ ਨੇ ਬਾਈਬਲ ਵਿੱਚੋਂ ਇਹ ਗੱਲ ਬਾਹਰ ਕੱਢ ਦਿੱਤੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ?

ਉਸ ਦਾ ਜਵਾਬ ਬੜਾ ਹੈਰਾਨ ਕਰਨ ਵਾਲਾ ਸੀ। ਮੈਂ ਸੋਚਿਆ ਕਿ ਸ਼ਾਇਦ ਉਹ ਇਸ ਬਾਰੇ ਵੀ ਚੁੱਪ ਰਹੇਗਾ ਜਾਂ ਕੋਈ ਗੋਲ ਮੋਲ ਜਵਾਬ ਦੇਵੇਗਾ, ਪਰ ਨਹੀਂ। ਉਸ ਦਾ ਜਵਾਬ ਬਿਲਕੁਲ ਅਨਪੜ ਅਤੇ ਅੰਧਵਿਸ਼ਵਾਸੀ ਬੰਦਿਆਂ ਵਾਲਾ ਸੀ।

ਈਸਾਈ ਵੀਰ : ਪਾਦਰੀਆਂ ਨੇ ਜੋ ਗੈਲੀਲੀਓ ਨੂੰ ਤਸੀਹੇ ਦਿੱਤੇ, ਉਸ ਬਾਰੇ ਮੈਂ ਕੁੱਝ ਨਹੀਂ ਕਹਿਣਾ ਚਾਹੁੰਦਾ, ਪਰ ਅਸੀਂ ਤੇ ਇਹ ਹੀ ਮੰਨਦੇ ਹਾਂ ਕਿ ਸੂਰਜ; ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ। ਅਸੀਂ ਸਾਇੰਸ ਨੂੰ ਨਹੀਂ ਮੰਨਦੇ।

ਦਾਸ: ਪਰ ਜਦ ਤੁਹਾਡੇ ਬੱਚੇ ਸਕੂਲ ਵਿੱਚ ਇਹ ਪੜ੍ਹਨਗੇ ਕਿ ਧਰਤੀ; ਸੂਰਜ ਦੇ ਇਰਦ ਗਿਰਦ ਘੁੰਮਦੀ ਹੈ ਅਤੇ ਤੁਸੀਂ ਉਸ ਨੂੰ ਬਾਈਬਲ ਪੜ੍ਹਾਉਂਗੇ ਕਿ ਸੂਰਜ; ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ ਤਾਂ ਕੀ ਬੱਚਿਆਂ ਵਾਸਤੇ ਮੁਸ਼ਕਲ ਨਹੀਂ ਖੜ੍ਹੀ ਹੋ ਜਾਵੇਗੀ ?

ਈਸਾਈ ਵੀਰ : ਸਕੂਲ ਵਿੱਚ ਅਸੀਂ ਜਾਣਕਾਰੀ (knowledge) ਲੈਣ ਜਾਂਦੇ ਹਾਂ ਤੇ ਬਾਈਬਲ ਅਸੀਂ ਗਿਆਨ ਲੈਣ ਲਈ ਪੜ੍ਹਦੇ ਹਾਂ।

ਦਾਸ : ਭਾਈ ਸਾਹਿਬ ! ਤੁਸੀਂ ਇਹ ਕੀ ਬੋਲ ਰਹੇ ਹੋ ? ਗਿਆਨ ਅਤੇ knowledge ਤੇ ਇੱਕੋ ਹੀ ਚੀਜ਼ ਹੈ। ਗਿਆਨ ਨੂੰ ਇੰਗਲਿਸ਼ ਵਿੱਚ knowledge ਕਹਿੰਦੇ ਹਨ ਤੇ knowledge ਨੂੰ ਪੰਜਾਬੀ ਵਿੱਚ ਗਿਆਨ ਕਹਿੰਦੇ ਹਨ। ਨਾਲੇ ਕੋਈ ਵੀ ਬੱਚਾ ਇਸ ਤਰ੍ਹਾਂ ਦੁਚਿੱਤੀ ਵਿੱਚ ਰਹਿ ਕੇ ਸਹੀ ਵਿਕਾਸ ਕਿਸ ਤਰ੍ਹਾਂ ਕਰ ਸਕਦਾ ਹੈ ?

ਈਸਾਈ ਵੀਰ : (ਥੋੜ੍ਹਾ ਖਿੱਝ ਕੇ) ਤੁਸੀਂ ਜੇ ਬਾਈਬਲ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਤੇ ਤੁਹਾਡੀ ਮਰਜ਼ੀ। ਤੁਸੀਂ ਸਾਇੰਸ ਨੂੰ ਮੰਨੀ ਜਾਉ। ਤੁਸੀਂ ਤੇ ਐਂਵੇ ਹੀ ਸਾਇੰਸ ਨੂੰ ਵਿੱਚ ਲਿਆਈ ਜਾ ਰਹੇ ਹੋ।

ਦਾਸ : ਵੀਰ ਜੀ ! ਮੈਂ ਤੇ ਸਾਇੰਸ ਦਾ ਵਿਦਿਆਰਥੀ ਰਿਹਾ ਹਾਂ ਤੇ ਮੈਨੂੰ ਤਾਂ ਸਾਇੰਸ ਪੜ੍ਹਨ ਦਾ ਬਹੁਤ ਸ਼ੌਕ ਹੈ। ਪੱਛਮੀ ਦੇਸ਼ਾਂ ਨੇ ਤਾਂ ਤਰੱਕੀ ਹੀ ਸਾਇੰਸ ਦੇ ਸਿਰ ’ਤੇ ਕੀਤੀ ਹੈ। ਸਾਨੂੰ ਤੇ ਸਾਇੰਸ ਨੂੰ ਮੰਨਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਵੋ, ਸਾਇੰਸ ਨਾਲ ਕਿਤੇ ਵੀ ਕੋਈ ਟਕਰਾਅ ਜਾਂ ਵਿਰੋਧ ਨਹੀਂ ਬਲਕਿ ਕਈ ਸੱਚਾਈਆਂ ਜੋ ਸਾਇੰਸ ਨੇ ਹੁਣ ਲੱਭੀਆਂ ਹਨ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਹਿਲਾਂ ਹੀ ਦਰਜ ਹਨ। ਮੈਂ ਤੁਹਾਡੇ ਨਾਲ ਬਾਈਬਲ ਦੀ ਵੀਚਾਰ ਕਰ ਰਿਹਾ ਹਾਂ। ਸਾਇੰਸ ਨੂੰ ਵਿੱਚ ਲੈ ਕੇ ਨਹੀਂ ਆ ਰਿਹਾ। ਜੋ ਬਾਈਬਲ ਵਿੱਚ ਲਿਖਿਆ ਹੈ ਉਸ ਦੀ ਵਿਚਾਰ ਅਸੀਂ ਕਰ ਰਹੇ ਹਾਂ।

ਖ਼ੈਰ ਇੱਕ ਹੋਰ ਗੱਲ ਦੱਸੋ ਕਿ ਕੀ ਬਾਈਬਲ ਵਿੱਚ ਇਹ ਵੀ ਲਿਖਿਆ ਹੈ ਕਿ ਔਰਤ ਪਾਪਾਂ ਦੀ ਜੜ੍ਹ ਹੈ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ? ਉਸ ਦਾ ਜਵਾਬ ਬੜਾ ਹੀ ਹੈਰਾਨ ਕਰਨ ਵਾਲਾ ਸੀ। ਪਾਠਕ ਆਪ ਹੀ ਪੜ੍ਹ ਲੈਣ :

ਈਸਾਈ ਵੀਰ : ਬਿਲਕੁਲ ਜੀ ! ਔਰਤ ਸਾਰੇ ਪਾਪਾਂ ਦੀ ਜੜ੍ਹ ਹੈ। ਇਹ ਗੱਲ ਪੂਰੀ ਤਰ੍ਹਾਂ ਸਹੀ ਹੈ।

ਇਸ ਸਾਰੀ ਗੱਲ ਬਾਤ ਦੌਰਾਨ ਮੇਰੀ ਪਤਨੀ, ਮੇਰੇ ਦੋਸਤ ਦੀ ਪਤਨੀ ਅਤੇ ਉਸ ਦੇ ਮਾਤਾ ਜੀ ਅਤੇ ਮੇਰਾ ਦੋਸਤ ਵੀ ਉੱਥੇ ਬੈਠੇ ਸਨ।

ਦਾਸ : (ਬੀਬੀਆਂ ਵੱਲ ਦੇਖ ਕੇ) ਦੇਖੋ ਬੀਬੀਓ ! ਇਹ ਵੀਰ ਜੀ ਕਹਿੰਦੇ ਹਨ ਕਿ (ਬਾਈਬਲ ਮੁਤਾਬਕ) ਔਰਤ ਪਾਪਾਂ ਦੀ ਜੜ੍ਹ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ : ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਅਰਥਾਤ ਔਰਤ ਜੋ ਕਿ ਰਾਜਿਆਂ ਨੂੰ ਜਨਮ ਦੇਣ ਵਾਲੀ ਹੈ ਉਸ ਨੂੰ ਮੰਦਾ ਕਿਉਂ ਆਖਿਆ ਜਾਏ ? ਗੁਰੂ ਸਾਹਿਬ ਨੇ ਔਰਤ ਨੂੰ ਬਰਾਬਰੀ ਅਤੇ ਇੱਜ਼ਤ ਵਾਲਾ ਰੁਤਬਾ ਦਿੱਤਾ। ਸੋ ਬੀਬੀਓ ! ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ?

ਮੇਰੇ ਦੋਸਤ ਦੀ ਪਤਨੀ : ਅਸੀਂ ਕਿਉਂ ਆਪਣੇ ਆਪ ਨੂੰ ਪਾਪਾਂ ਦੀ ਜੜ੍ਹ ਮੰਨੀਏ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਸਾਡੇ ਲਈ ਕੋਈ ਗਿਆਨ ਨਹੀਂ।

ਦਾਸ : ਵੀਰ ਜੀ ! ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਨਾਰੀਵਾਦ (feminism) ਜੋ ਕਿ ਪੱਛਮ ਵਿੱਚ ਪੈਦਾ ਹੋਇਆ, ਉਹ ਬਾਈਬਲ ਦੇ ਇਸ ਸਿਧਾਂਤ (ਔਰਤ ਪਾਪਾਂ ਦੀ ਜੜ੍ਹ ਹੈ) ਨਾਲ ਬਗਾਵਤ ਦੇ ਰੂਪ ਵਿੱਚ ਹੀ ਜਨਮਿਆ। ਉਹਨਾਂ ਔਰਤਾਂ ਨੇ ਇਸ ਗੱਲ ਕਰ ਕੇ ਬਾਈਬਲ ਨੂੰ ਰੱਦ ਕੀਤਾ। ਸ਼ਾਇਦ ਇਹੀ ਕਾਰਨ ਹੈ ਕਿ feminist movement ਦੀਆਂ ਕਈ ਔਰਤਾਂ ਧਰਮ ਤੋਂ ਮੁਨਕਰ ਹਨ। ਸ਼ੁਕਰ ਹੈ ਪਰਮਾਤਮਾ ਦਾ, ਸਿੱਖ ਧਰਮ ਸਿਧਾਂਤ ਪੱਖੋਂ ਇਸ ਸਮੱਸਿਆ ਤੋਂ ਮੁਕਤ ਹੈ।

ਅੱਛਾ ਵੀਰ ਜੀ ! ਔਰਤ ਨਾਲ ਹੀ ਜੁੜਦੀ ਇੱਕ ਹੋਰ ਗੱਲ ਹੈ। ਬਾਈਬਲ ਦੇ ਮੁਤਾਬਕ ਰੱਬ ਨੇ ਔਰਤ ਨੂੰ Adam (ਆਦਮ) ਦੀ ਇੱਕ ਪੱਸਲੀ ਤੋਂ ਬਣਾਇਆ। ਇਸ ਕਰ ਕੇ ਮਰਦਾਂ ਵਿੱਚ ਛਾਤੀ ਦੀ ਇੱਕ ਪਸਲੀ ਘੱਟ ਹੁੰਦੀ ਹੈ। ਕੀ ਇਹ ਗੱਲ ਸਹੀ ਹੈ ?

ਈਸਾਈ ਵੀਰ : ਜੀ ਬਿਲਕੁਲ ਸਹੀ ਹੈ। ਮੇਰੀ ਇੱਕ ਪਸਲੀ ਘੱਟ ਹੈ।

ਦਾਸ : ਪਰ ਮੈਂ ਵੀ ਮਰਦ ਹਾਂ। ਜਹਾਜ਼ ’ਤੇ ਚੜਨ ਤੋਂ ਪਹਿਲਾਂ ਸਾਡਾ ਮੈਡੀਕਲ ਹੁੰਦਾ ਹੈ ਜਿਸ ਵਿੱਚ ਛਾਤੀ ਦਾ x-ray ਲਿਆ ਜਾਂਦਾ ਹੈ। ਮੈਂ ਦੇਖਿਆ ਹੈ ਕਿ ਮੇਰੀਆਂ ਸਾਰੀਆਂ ਪਸਲੀਆਂ ਪੂਰੀਆਂ ਹਨ। ਜੇ ਤੁਸੀਂ ਆਪਣਾ x-ray ਕਰਵਾਉ ਤੇ ਤੁਹਾਨੂੰ ਵੀ ਪਤਾ ਲੱਗ ਜਾਏਗਾ ਕਿ ਤੁਹਾਡੀਆਂ ਸਾਰੀਆਂ ਪਸਲੀਆਂ ਪੂਰੀਆਂ ਹਨ।

ਈਸਾਈ ਵੀਰ : ਮੈਨੂੰ ਆਪਣਾ x-ray ਕਰਵਾਉਣ ਦੀ ਕੋਈ ਲੋੜ ਨਹੀਂ।

ਦਾਸ : ਅੱਛਾ ਰੱਬ ਨੂੰ ਇਹ ਕੀ ਸੁੱਝੀ, ਕੀ ਉਹ Adam ਦੀ ਪੱਸਲੀ ਤੋਂ ਹੀ ਔਰਤ ਨੂੰ ਬਣਾਵੇ।

ਈਸਾਈ ਵੀਰ : ਰੱਬ ਸਭ ਕੁੱਝ ਕਰ ਸਕਦਾ ਹੈ।

ਦਾਸ : ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ। ਰੱਬ ਸਰਬ ਕਲਾ ਸਮਰੱਥ ਹੈ, ਪਰ ਜਿਵੇਂ Adam ਨੂੰ ਬਣਾਇਆ, ਉਸੀਂ ਢੰਗ ਨਾਲ ਔਰਤ (eve) ਨੂੰ ਵੀ ਤੇ ਬਣਾ ਸਕਦਾ ਸੀ। ਜੇ Adam ਅਤੇ Eve ਦੇ ਸਿਧਾਂਤ ਨੂੰ ਮੰਨ ਵੀ ਲਈਏ ਤਾਂ ਵੀ ਸ੍ਰਿਸ਼ਟੀ ਦੇ ਵਾਧੇ ਬਾਰੇ ਇੱਕ ਅਹਿਮ ਸਵਾਲ ਖੜ੍ਹਾ ਹੋ ਜਾਂਦਾ ਹੈ।

ਬਾਈਬਲ ਕਹਿੰਦੀ ਹੈ ਕਿ ਰੱਬ ਨੇ ਪਹਿਲਾਂ Adam (ਮਰਦ) ਬਣਾਇਆ ਤੇ ਫਿਰ Adam ਦੀ ਪੱਸਲੀ ਤੋਂ ਔਰਤ ਬਣਾਈ । ਚਲੋ ਮੰਨ ਲਈਏ ਇਹ ਗੱਲ ਠੀਕ ਹੈ । Adam ਅਤੇ Eve ਤੋਂ ਅੱਗੇ ਉਹਨਾਂ ਦੇ ਬੱਚੇ ਹੋਏ ਜੋ ਕਿ ਆਪਸ ਵਿੱਚ ਭੈਣ ਭਰਾ ਸਨ। ਉਸ ਤੋਂ ਸ੍ਰਿਸ਼ਟੀ ਕਿਵੇਂ ਅੱਗੇ ਵਧੀ ? ਇਸ ਗੱਲ ਨੂੰ ਜ਼ਰਾ ਸਮਝਾਓ।

ਈਸਾਈ ਵੀਰ : (ਪਰੇਸ਼ਾਨ ਹੋ ਕੇ) ਮੈਂ ਇਸ ਬਾਰੇ ਕੁੱਝ ਨਹੀਂ ਕਹਿ ਸਕਦਾ।

ਦਾਸ : ਖ਼ੈਰ ਕੋਈ ਗੱਲ ਨਹੀਂ। ਤੁਸੀਂ ਆਪਣੇ ਵਿਦਵਾਨਾਂ ਨੂੰ, ਪਾਦਰੀਆਂ ਨੂੰ ਪੁੱਛੋ ਕਿ ਇਸ ਗੱਲ ਦਾ ਕੀ ਜਵਾਬ ਹੋਣਾ ਚਾਹੀਦਾ ਹੈ ? ਸ਼ਾਇਦ ਤੁਹਾਨੂੰ ਪਤਾ ਹੋਵੇ ਕਿ Darwin ਇੱਕ ਜੀਵ ਵਿਗਿਆਨ ਦਾ ਸਾਇੰਸਦਾਨ ਹੋਇਆ ਹੈ। ਉਹ ਬ੍ਰਿਟੇਨ ਦਾ ਰਹਿਣ ਵਾਲਾ ਸੀ ਤੇ ਇੱਕ ਈਸਾਈ ਪਾਦਰੀ ਦਾ ਪੁੱਤਰ ਸੀ। ਉਸ ਨੇ ਜੀਵਾਂ ਦੀ ਉਤਪੱਤੀ ਬਾਰੇ ਕਾਫ਼ੀ ਖੋਜ ਕੀਤੀ । ਉਸ ਦੀ ਖੋਜ ਦੇ ਨਤੀਜੇ ਬਾਈਬਲ ਦੇ ਵੀਚਾਰਾਂ ਤੋਂ ਇਕਦਮ ਉਲਟ ਸਨ। ਉਸ ਦੀ ਖੋਜ ਕਰਕੇ Darwin ਨੂੰ ਸਾਰੀ ਉਮਰ ਪਾਦਰੀਆਂ ਅਤੇ ਈਸਾਈ ਜਗਤ ਵੱਲੋਂ ਸਤਾਇਆ ਜਾਂਦਾ ਰਿਹਾ।

ਵੀਰ ਜੀ ! ਮੈਂ ਮਰਚੈਂਟ ਨੇਵੀ ਵਿੱਚ ਹਾਂ । ਪਿਛਲੇ 20-22 ਸਾਲਾਂ ਤੋਂ ਦੇਸ਼ਾਂ ਵਿਦੇਸ਼ਾਂ ਵਿੱਚ ਪਾਣੀ ਵਾਲੇ ਜਹਾਜ਼ ਰਾਹੀਂ ਜਾਈਦਾ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਰੋਪ, ਅਮਰੀਕਾ ਆਦਿ ਵਿੱਚ ਈਸਾਈ ਧਰਮ ਬੜੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਚਰਚਾਂ ਖ਼ਾਲੀ ਪਈਆਂ ਹਨ । ਕਈ ਸੌ ਚਰਚਾਂ ਬੰਦ ਹੋ ਚੁੱਕੀਆਂ ਹਨ। ਅਰਬਾਂ ਰੁਪਏ ਖਰਚਣ ਦੇ ਬਾਵਜੂਦ ਵੀ ਨੌਜਵਾਨ ਬਾਈਬਲ ਨੂੰ Word of God (ਰੱਬ ਦੇ ਬੋਲ) ਮੰਨਣ ਨੂੰ ਤਿਆਰ ਨਹੀਂ ।

ਸ਼ਾਇਦ ਇਸੀ ਕਰਕੇ ਈਸਾਈਆਂ ਦੇ ਇੱਕ ਵਫਦ ਨੇ ਅਮਰੀਕਾ ਦੀ ਅਦਾਲਤ ਵਿੱਚ ਇਹ ਪੈਟੀਸ਼ਨ ਦਾਖ਼ਲ ਕੀਤੀ ਕਿ ਉਹਨਾਂ ਦੇ ਬੱਚਿਆਂ ਨੂੰ ਸਾਇੰਸ ਨਾ ਪੜ੍ਹਾਈ ਜਾਵੇ ਕਿਉਂਕਿ ਸਾਇੰਸ ਪੜ੍ਹ ਕੇ ਬੱਚਿਆਂ ਦਾ ਬਾਈਬਲ ਤੋਂ ਵਿਸ਼ਵਾਸ ਉੱਠੀ ਜਾ ਰਿਹਾ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ।

ਈਸਾਈ ਵੀਰ : ਸਾਨੂੰ ਇਹ ਸਭ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਆਤਮਾ ਅਤੇ ਪ੍ਰੇਮ ਦੀ, ਸੇਵਾ ਦੀ ਗੱਲ ਕਰਨੀ ਚਾਹੀਦੀ ਹੈ।

ਦਾਸ : ਆਤਮਾ, ਪ੍ਰੇਮ ਅਤੇ ਸੇਵਾ ਦੀ ਗੱਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਸਿੱਖ ਇਤਿਹਾਸ ਵਿੱਚ ਭਰੀ ਪਈ ਹੈ। ਅਸੀਂ ਅੰਸ਼ਿਕ ਰੂਪ ਵਿੱਚ ਕਿਸੇ ਗ੍ਰੰਥ ਨੂੰ ਨਹੀਂ ਦੇਖ ਸਕਦੇ ਕਿ ਜਿਹੜੀਆਂ ਗੱਲਾਂ ਠੀਕ ਨੇ ਉਹ ਲੈ ਲਉ ਤੇ ਜਿਹੜੀਆਂ ਗੱਲਾਂ ਦੀ ਕੋਈ ਤੁੱਕ ਨਹੀਂ ਬਣਦੀ ਉਹਨਾਂ ਦੀ ਗੱਲ ਨਾ ਕਰੋ। ਸਾਨੂੰ ਤੇ ਹਰ ਕਿਸੀ ਗ੍ਰੰਥ ਨੂੰ ਮੁਕੰਮਲ ਰੂਪ ਵਿੱਚ ਦੇਖਣਾ ਚਾਹੀਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਕੋਹੜੀਆਂ ਦੀ ਸੇਵਾ ਆਪਣੇ ਹੱਥੀਂ ਕੀਤੀ, ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਰੋਕ ਕੇ ਆਪਣੇ ਹੱਥੀਂ ਸੇਵਾ ਕੀਤੀ। ਦਸਵੰਧ ਰਾਹੀਂ ਲਾਹੌਰ ਵਿੱਚ ਮਹਾਮਾਰੀਆਂ ਦੇ ਰੋਗੀਆਂ ਦੀ ਸੇਵਾ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਚੇਚਕ ਦੇ ਰੋਗੀਆਂ ਦੀ ਆਪ ਸੇਵਾ ਕਰਦੇ ਰਹੇ। ਭਾਈ ਘਨ੍ਹੱਈਆ ਜੀ ਮੁਸਲਮਾਨਾਂ ਨੂੰ ਜੰਗ ਦੇ ਮੈਦਾਨ ਅੰਦਰ ਸਿੱਖਾਂ ਦੇ ਬਰਾਬਰ ਪਾਣੀ ਪਿਲਾਉਂਦੇ ਰਹੇ। ਮਗਰੋਂ ਉਹਨਾਂ ਦੀ ਦਵਾ-ਦਾਰੂ ਵੀ ਕੀਤੀ। ਇਸ ਤਰ੍ਹਾਂ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ। ਸ਼ਹੀਦੀ ਦੀ ਗੱਲ ਕਰੀਏ ਤੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ’ਤੇ ਬੈਠੇ, ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ, ਸੱਤ ਅਤੇ ਨੌਂ ਸਾਲ ਦੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਉਸ ਤੋਂ ਬਾਅਦ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਸ਼ਾਹਬਾਜ ਸਿੰਘ ਜੀ ਅਤੇ ਹੋਰ ਕਈ ਹਜ਼ਾਰ ਸਿੱਖ ਜਿਨ੍ਹਾਂ ਦੇ ਅਸੀਂ ਨਾਂ ਵੀ ਨਹੀਂ ਜਾਣਦੇ – ਇਹ ਸਭ ਕੁੱਝ ਧਰਮ ਦੀ ਖਾਤਰ, ਮਨੁੱਖੀ ਹੱਕਾਂ ਦੀ ਖਾਤਰ, ਜ਼ੁਲਮ ਨੂੰ ਖ਼ਤਮ ਕਰਨ ਦੀ ਖਾਤਰ ਅਤੇ ਇਕਦਮ ਨਿਸ਼ਕਾਮ ਹੋ ਕੇ ਇਹ ਸਭ ਸ਼ਹੀਦੀ ਜਾਮ ਪੀ ਗਏ। ਅਸੀਂ ਤੇ ਕਦੀ ਨਹੀਂ ਕਿਹਾ ਕਿ ਇਹਨਾਂ ਸਾਰਿਆਂ ਨੇ ਸ਼ਹੀਦ ਹੋ ਕੇ ਲੋਕਾਂ ਦੇ ਪਾਪ ਆਪਣੇ ਉੱਪਰ ਲੈ ਲਏ ਕਿਉਂਕਿ ਇਹ ਸਿਧਾਂਤ ਹੀ ਬੇ ਤੁਕਾ ਹੈ ਕਿ ਕੋਈ ਸ਼ਹੀਦ ਹੋ ਕੇ ਲੋਕਾਂ ਦਾ ਪਾਪ ਆਪਣੇ ਉੱਪਰ ਲੈ ਲੈਂਦਾ ਹੈ, ਜਿਸ ਤਰ੍ਹਾਂ ਕਿ ਤੁਸੀਂ ਯੀਸੂ ਦੀ ਸ਼ਹਾਦਤ ਬਾਰੇ ਪ੍ਰਚਾਰ ਕਰਦੇ ਹੋ। ਹਰ ਮਨੁੱਖ ਰੱਬ ਅੱਗੇ ਜਵਾਬਦੇਹ ਹੈ ਤੇ ਨਿਬੇੜਾ ਅਮਲਾਂ ’ਤੇ ਹੀ ਹੋਏਗਾ। ਮੈਂ ਏਨਾ ਕੁੱਝ ਕਹਿ ਕੇ ਚੁੱਪ ਹੋ ਗਿਆ।

ਉਹ ਇਸਾਈ ਪ੍ਰਚਾਰਕ ਕੁੱਝ ਨਹੀਂ ਬੋਲਿਆ। ਮੇਰੇ ਦੋਸਤ ਨੇ ਉਸ ਨੂੰ ਕੋਈ ਹੋਰ ਗੱਲ ਕਰਨ ਲਈ ਪ੍ਰੇਰਿਆ, ਪਰ ਉਹ ਫਿਰ ਵੀ ਚੁੱਪ ਹੀ ਰਿਹਾ। ਫਿਰ ਮੇਰੇ ਦੋਸਤ ਨੇ ਉਸ ਨੂੰ ਕਿਹਾ, ਭਾਅ ਜੀ ! ਤੁਹਾਡੀਆਂ ਸਾਰੀਆਂ ਗੱਲਾਂ ਰੱਦ ਹੋ ਚੁੱਕੀਆਂ ਹਨ।

ਜਾਂਦੇ ਜਾਂਦੇ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਇੱਕ ਵੱਡਾ ਜਿਹਾ ਪੰਡਾਲ ਲਾ ਕੇ ਸਾਨੂੰ ਖੁੱਲ੍ਹਾ ਪ੍ਰੋਗਰਾਮ ਕਰਨਾ ਚਾਹੀਦਾ ਹੈ। ਉਸ ਵਿੱਚ ਆਸ-ਪਾਸ ਦੇ ਸਾਰੇ ਪਿੰਡਾ ਨੂੰ ਬੁਲਾਉਣਾ ਚਾਹੀਦਾ ਹੈ। ਉਸ ਵਿੱਚ ਇਸਾਈਆਂ ਵੱਲੋਂ ਪਾਦਰੀ ਵੀ ਆਣ ਤੇ ਅਸੀਂ ਵੀ ਆਈਏ। ਬਰਾਬਰ ਦਾ ਸਮਾਂ ਬੋਲਣ ਲਈ ਦੋਵੇਂ ਧਿਰਾਂ ਨੂੰ ਦਿੱਤਾ ਜਾਏ ਤਾਂ ਕਿ ਲੋਕਾਂ ਦੇ ਗਿਆਨ ਵਿੱਚ ਵਾਧਾ ਹੋਵੇ। ਹੋ ਸਕੇ ਤੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕਿਸੇ ਚੈਨਲ ’ਤੇ ਵੀ ਕੀਤਾ ਜਾਵੇ।

ਇਸ ਦੇ ਜਵਾਬ ਵਿੱਚ ਉਹ ਕੁੱਝ ਨਹੀਂ ਬੋਲਿਆ। ਉਸ ਦੇ ਚਲੇ ਜਾਣ ਤੋਂ ਬਾਅਦ ਮੇਰੇ ਦੋਸਤ ਅਤੇ ਉਸ ਦੇ ਪਰਿਵਾਰ ਨੇ ਮੇਰਾ ਧੰਨਵਾਦ ਕੀਤਾ ਤੇ ਮੈਂ ਆਪਣੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ। ਬਲ ਬੁਧ ਦਾ ਮਾਲਕ ਅਤੇ ਦਾਤਾ ਵਾਹਿਗੁਰੂ ਆਪ ਹੈ।

ਦਾਸ ਵੱਲੋਂ ਸੰਗਤਾਂ ਨੂੰ ਅਪੀਲ:-ਜਦੋਂ ਉਸ ਈਸਾਈ ਪ੍ਰਚਾਰਕ ਨਾਲ ਗੱਲ ਸ਼ੁਰੂ ਹੋਈ ਸੀ ਤੇ ਮੈਂ ਥੋੜ੍ਹਾ ਘਬਰਾਇਆ ਹੋਇਆ ਸੀ। ਜਦ ਉਹ ਆਪਣੀ ਗੱਲ ਕਰ ਰਿਹਾ ਸੀ ਤੇ ਮੈਂ ਮਨ ਹੀ ਮਨ ਅਰਦਾਸ ਕਰੀ ਜਾ ਰਿਹਾ ਸੀ ਕਿ ‘ਹੇ ਸੱਚੇ ਪਾਤਸ਼ਾਹ ! ਤੂੰ ਆਪ ਹੀ ਸੁਮੱਤ ਬਖਸ਼ੀਂ। ਆਪ ਹੀ ਗੱਲ ਕਰਵਾਈਂ। ਆਪ ਹੀ ਮੇਰੀ ਲਾਜ ਰੱਖੀਂ’ ਅਤੇ ਸਤਿਗੁਰੂ ਨੇ ਮੇਰੀ ਲਾਜ ਰੱਖ ਲਈ।

ਇਹ ਸਭ ਗੁਰੂ ਦੀ ਬਖ਼ਸ਼ਸ਼ ਹੈ। ਤਾਕਤ ਅਤੇ ਬਰਕਤ ਗੁਰਬਾਣੀ ਦੀ ਹੈ। ਪਰਤਾਪ ਗੁਰੂ ਦੁਆਰਾ ਬਖ਼ਸ਼ੇ ਹੋਏ ਗਿਆਨ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਹਨ । ਇਨ੍ਹਾਂ ਦਾ ਗਿਆਨ ਹਰ ਮਨੁੱਖ ਲਈ ਹੈ। ਕੋਈ ਵੀ ਮਨੁੱਖ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਇਸ ਨੂੰ ਪੜ੍ਹ ਕੇ, ਵੀਚਾਰ ਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ, ਪਰ ਅਸੀਂ ਸਿਰਫ਼ ਵੰਨ ਸੁਵੰਨੇ ਰੁਮਾਲੇ ਚੜ੍ਹਾ ਕੇ ਮੱਥਾ ਟੇਕ ਕੇ ਹੀ ਕੰਮ ਮੁਕਾ ਲੈਂਦੇ ਹਾਂ। ਪਿਆਰੇ ਵੀਰੋ ਅਤੇ ਭੈਣੋ ! ਗੁਰੂ ਸਾਹਿਬ ਨੇ ਗੁਰਬਾਣੀ ਪੜ੍ਹਨ ਅਤੇ ਵੀਚਾਰਨ ਲਈ ਸਾਨੂੰ ਦਿੱਤੀ ਹੈ, ਨਾ ਕਿ ਕੇਵਲ ਮੱਥਾ ਟੇਕਣ ਲਈ।

ਆਓ ! ਅਸੀਂ ਪ੍ਰਣ ਕਰੀਏ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਨੂੰ ਆਪਣੇ ਜੀਵਨ ਦਾ ਜ਼ਰੂਰੀ ਅੰਗ ਬਣਾਵਾਂਗੇ। ਬਾਣੀ ਨੂੰ ਆਪ ਪੜ੍ਹਾਂਗੇ, ਕੰਠ ਕਰਾਂਗੇ ਅਤੇ ਵੀਚਾਰਾਂਗੇ।

ਗੁਰਬਾਣੀ ਆਪ ਨਿਰੰਕਾਰ ਹੈ। ਅਥਾਹ ਸਾਗਰ ਹੈ ਜਿਸ ਵਿੱਚ ਗੁਰੂ ਉਪਦੇਸ਼ ਰੂਪੀ ਬੇਅੰਤ ਹੀਰੇ, ਜਵਾਹਰਾਤ, ਮਾਣਿਕ ਮੋਤੀ ਹਨ। ਆਓ ! ਇਸ ਵਿੱਚ ਚੁੱਭੀਆਂ ਲਾਈਏ ਅਤੇ ਆਪਣੇ ਜੀਵਨ ਨੂੰ ਸਵਰਗ ਬਣਾਈਏ।

ਗੁਰਬਾਣੀ ਜਿੱਥੇ ਸੱਚ, ਸੰਤੋਖ, ਸੇਵਾ, ਸਿਮਰਨ ਅਤੇ ਨੈਤਿਕ ਗੁਣਾਂ ਦੀ ਗੱਲ ਕਰਦੀ ਹੈ, ਉੱਥੇ ਨਾਲ-ਨਾਲ ਵਹਿਮ-ਭਰਮ, ਅੰਧ-ਵਿਸ਼ਵਾਸ ਅਤੇ ਕਰਮਕਾਂਡ ਤਿਆਗਣ ਦੀ ਵੀ ਪ੍ਰੇਰਨਾ ਕਰਦੀ ਹੈ। ਚੰਗੇ ਬਣਨ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਬੇ ਸਿਰ ਪੈਰ ਦੀਆਂ ਗੱਲਾਂ ਦੀ ਹਾਂ ਵਿੱਚ ਹਾਂ ਮਿਲਾਈ ਜਾਵੇ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਰੱਬ ਨਾਂ ਤੇ ਕਦੀ ਜੰਮਦਾ ਹੈ ਤੇ ਨਾ ਹੀ ਕਦੀ ਮਰਦਾ ਹੈ। ਓਹ ਰੂਪ, ਰੰਗ, ਰੇਖ ਤੋਂ ਰਹਿਤ ਹੈ।

ਆਓ ! ਗੁਰਬਾਣੀ ਦੀ ਸਮੁੱਚੀ ਵਿਚਾਰਧਾਰਾ ਨੂੰ ਸਮਝੀਏ ਤੇ ਸਾਰੇ ਸੰਸਾਰ ਵਿੱਚ ਇਸ ਪ੍ਰਚਾਰ ਨੂੰ ਪ੍ਰਸਾਰਨ ਦਾ ਯਤਨ ਕਰੀਏ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜ਼ਿੰਮੇਵਾਰੀ ਖਾਲਸਾ ਪੰਥ ਨੂੰ ਆਪ ਸੌਂਪੀ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਜੇ ਕੋਈ ਸਾਡੇ ਵੀਰਾਂ/ਭੈਣਾਂ ਨੂੰ ਧਰਮ ਦੇ ਨਾਮ ’ਤੇ ਗੁੰਮਰਾਹ ਕਰੇ ਤਾਂ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

How can I help you?
Did you find the information you were looking for on this page?

0 / 400