ਬਾਘਾ ਪੁਰਾਣਾ,1 ਜਨਵਰੀ (ਰਾਜਿੰਦਰ ਸਿੰਘ ਕੋਟਲਾ) ਇੱਥੇ ਬਾਘਾ ਪੁਰਾਣਾ ਨਿਵਾਸੀ ਇਕ ਪ੍ਰਵਾਸੀ ਭਾਰਤੀ ਔਰਤ ਦੀ ਭੇਦਭਰੀ ਹਾਲਾਤ ਵਿਚ ਹੋਈ ਮੌਤ ਦਾ ਮਾਮਲਾ ਗੰਭੀਰ ਬਣ ਗਿਆ ਹੈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਪ੍ਰਾਪਰਟੀ ਡੀਲਰਾਂ ਨੇ ਉਨ੍ਹਾਂ ਦੀ ਜ਼ਮੀਨ ਕਥਿਤ ਤੌਰ ’ਤੇ ਧੋਖਾਧੜੀ ਨਾਲ ਗੁੰਮਰਾਹ ਕਰ ਕੇ ਆਪਣਾ ਨਾਮ ਕਰਵਾ ਲਈ ਸੀ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਮ੍ਰਿਤਕ ਚਰਨ ਕੌਰ ਸਮੇਤ ਸਮੁੱਚਾ ਪਰਿਵਾਰ ਸਦਮੇ ਵਿਚੋਂ ਲੰਘ ਰਿਹਾ ਹੈ, ਜਿਸ ਸਬੰਧੀ ਇੱਕ ਲਿਖ਼ਤੀ ਸ਼ਿਕਾਇਤ ਪੱਤਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ ਨੂੰ ਦਿੱਤੀ ਸੀ, ਜਿਸ ਮਾਮਲੇ ਵਿਚ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਮ੍ਰਿਤਕਾ ਦੇ ਪਤੀ ਸੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਮੋਗਾ ਦੇ ਸਿੰਘਾਵਾਲਾ ਨੇੜੇ ਇਕ ਜਗ੍ਹਾ ਪਈ ਸੀ ਜਿਸ ਨੂੰ ਜਗਦੀਪ ਸਿੰਘ ਅਤੇ ਪ੍ਰਮਿੰਦਰ ਸਿੰਘ ਨੂੰ 32 ਲੱਖ ਰੁਪਏ ਵਿਚ ਵੇਚ ਦਿੱਤਾ ਜਦੋਂ ਉਨ੍ਹਾਂ ਇਸ ਪਲਾਟ ਦਾ ਸੌਦਾ ਕੀਤਾ ਤਾ ਉਹ ਜਦੋਂ ਰਜਿਸਟਰੀ ਕਰਵਾਉਣ ਗਏ ਤਾਂ ਕਥਿਤ ਤੌਰ ਤੇ ਪ੍ਰਾਪਰਟੀ ਕਾਰੋਬਾਰੀਆਂ ਨੇ ਹੋਰ ਅਮਲੇ ਫੈਲੇ ਨਾਲ ਮਿਲੀਭੁਗਤ ਕਰਕੇ ਕਰੋੜਾ ਰੁਪਏ ਦੀ ਪ੍ਰਾਪਟਰੀ ਆਪਣੇ ਨਾਮ ਕਰਵਾ ਲਈ ਤੇ ਪਹਿਲਾ ਤਿਆਰ ਕੀਤੀਆਂ ਰਜਿਸਟਰੀਆਂ ਤੇ ਦਸਤਖਤ ਕਰਵਾ ਲਏ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਪ੍ਰਾਪਟਰੀ ਕਾਰੋਬਾਰੀ ਪ੍ਰਮਿੰਦਰ ਸਿੰਘ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ ਤੇ ਪਰਿਵਾਰ ਵੱਲੋਂ ਉਨ੍ਹਾਂ ‘ਤੇ (ਜਗਦੀਪ ਸਿੰਘ ਅਤੇ ਪਰਮਿੰਦਰ ਸਿੰਘ)ਲਾਏ ਦੋਸ਼ ਬੇਬੁਨਿਆਦ ਹਨ ਜਦ ਕਿ ਅਪ੍ਰੈਲ ਮਹੀਨੇ ਦੀ ਰਜਿਸਟਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਔਰਤ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਉਹ ਸਭ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਲੋਕ ਜਾਣ ਬੁੱਝ ਕੇ ਇਸ ਮਾਮਲੇ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।