ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ (01 ਜਨਵਰੀ 1993)
ਜਗਰਾਓ ਪੁਲਿਸ ਨੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ 25 ਦਸੰਬਰ 1992 ਨੂੰ ਸਾਰੇ ਪਿੰਡ ਦੇ ਸਾਹਮਣੇ ਗਿ੍ਫ਼ਤਾਰ ਕੀਤਾ। ਭਾਈ ਸਾਹਿਬ ਤੇ ਇੱਕ ਹਫ਼ਤਾ ਅੰਨ੍ਹਾ ਤਸ਼ੱਦਦ ਕੀਤਾ ਗਿਆ ਅਤੇ ਖਾਣ-ਪੀਣ ਨੂੰ ਵੀ ਕੁਝ ਨਹੀੰ ਦਿੱਤਾ ਗਿਆ । ਇਹ ਮੰਨਿਆ ਜਾਂਦਾ ਹੈ ਭਾਰਤੀ ਪੁਲਿਸ ਅਫ਼ਸਰ ਸਵਰਨ ਘੋਟਣੇ ਨੇ ਜੱਥੇਦਾਰ ਸਾਹਿਬ ਦੀਆਂ ਲੱਤਾਂ’ਚ ਜੀਪ ਦੀਆਂ ਟੱਕਰਾਂ ਵੀ ਮਾਰੀਆਂ ਸਨ। ਗਵਾਹਾਂ ਮੁਤਾਬਕ ਜੱਥੇਦਾਰ ਸਾਹਿਬ ਤਸ਼ੱਦਦ ਕਾਰਨ ਤੁਰਨ ਤੋਂ ਅਸਮਰੱਥ ਸਨ ਅਤੇ ਬੇਸੁਰਤੀ ਦੀ ਹਾਲਤ’ਚ ਸਨ; ਪਰ ਪੁਲਿਸ ਨੇ ਜੱਥੇਦਾਰ ਸਾਹਿਬ ਨੂੰ ਸ਼ਹੀਦ ਕਰਕੇ ਝੂਠੀ ਕਹਾਣੀ ਬਣਾ ਦਿੱਤੀ ਕਿ ਜੱਥੇਦਾਰ ਸਾਹਿਬ ਪੁਲਿਸ ਹਿਰਾਸਤ’ਚ ਫਰਾਰ ਹੋ ਗਏ। ਪਰ ਇਸ ਝੂਠੀ ਕਹਾਣੀ’ਤੇ ਕਦੇ ਕਿਸੇ ਨੇ ਯਕੀਨ ਨਹੀਂ ਕੀਤਾ।
ਗਵਾਹੀਆਂ ਅਤੇ ਪੁਲਿਸ ਤਸ਼ੱਦਦ ਦੇ ਸਬੂਤ :
1. ਇਕ ਬਿਰਧ ਮਾਈ ਨੇ ਬੀਬੀ ਗੁਰਮੇਲ ਕੌਰ ਨੂੰ ਆ ਕੇ ਦੱਸਿਆ ਕਿ ਉਹ 27 ਦਸੰਬਰ ਨੂੰ ਥਾਣੇ ਗਈ ਸੀ ਅਤੇ ਉਸ ਨੇ ਭਾਈ ਸਾਹਿਬ ਦੀ ਅਤਿ ਨਾਜ਼ੁਕ ਹਾਲਤ ਆਪਣੇ ਅੱਖੀਂ ਦੇਖੀ ਹੈ। ਮਾਈ ਨੇ ਦੱਸਿਆ ਕਿ ਸਿੰਘ ਸਾਹਿਬ ਦੀਆਂ ਲੱਤਾਂ ਕੁੱਟ ਕੁੱਟ ਕੇ ਨੀਲੀਆਂ ਕੀਤੀਆਂ ਪਈਆਂ ਸਨ ਅਤੇ ਉਹ ਨੀਮ ਬੇਹੋਸ਼ੀ ’ਚ ਸਨ।
2. 14 ਮਈ 1998 ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵਲੋਂ ਲੁਧਿਆਣੇ’ਚ ਕਰਵਾਏ ਗਏ ਸੈਮੀਨਾਰ ਵਿਚ ਇਕ ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਆਪਣੇ ਆਪ ਨੂੰ ਜਥੇਦਾਰ ਕਾਉਂਕੇ ’ਤੇ ਹੋਏ ਅੰਨ੍ਹੇ ਜ਼ੁਲਮ ਤੇ ਤਸ਼ੱਦਦ ਦਾ ਚਸ਼ਮਦੀਦ ਗਵਾਹ ਦੱਸਿਆ ਅਤੇ ਭਾਈ ਕਾਉਂਕੇ ਨੂੰ ਸ਼ਹੀਦ ਕੀਤੇ ਜਾਣ ਦੀ ਤਸਦੀਕ ਕੀਤੀ।
3. ਇਸ ਤਰ੍ਹਾਂ ਦੇ ਇਕ ਹੋਰ ਚਸ਼ਮਦੀਦ ਗਵਾਹ ਅਮਰਜੀਤ ਸਿੰਘ ਨੇ ਤਾਂ ਇਥੋਂ ਤਕ ਦੱਸਿਆ ਹੈ ਕਿ ਉਸ ਸਮੇਂ ਦੇ ਜਗਰਾਓਂ ਪੁਲਿਸ ਮੁਖੀ ਸਵਰਨ ਸਿੰਘ (ਘੋਟਨਾ) ਨੇ ਖੁਦ ਆਪਣੇ ਹੱਥੀਂ ਭਾਈ ਕਾਉਂਕੇ ਦੀ ਛਾਤੀ ਵਿਚ ਗੋਲੀ ਮਾਰੀ ਸੀ।
ਪ੍ਰਕਾਸ਼ ਸਿੰਘ ਬਾਦਲ ਨੇ ਏ.ਡੀ.ਜੀ.ਪੀ. ਸ੍ਰੀ ਬੀ.ਪੀ. ਤਿਵਾੜੀ ਨੂੰ ਇਸ ਕਾਂਡ ਦੀ ਜਾਂਚ ਸੌਂਪੀ ਨੂੰ ਤਕਰੀਬਨ 21 ਵਰ੍ਹਿਆਂ ਦਾ ਸਮਾਂ ਹੋ ਚੁੱਕਾ ਹੈ। ਇਸ ਪੁਲਸ ਅਧਿਕਾਰੀ ਨੇ ਆਪਣੀ ਜਾਂਚ ਮੁਕੰਮਲ ਕਰਕੇ ਸਰਕਾਰ ਨੂੰ ਸੌਂਪੀ, ਪ੍ਰੰਤੂ ‘ਪੰਥਕ ਸਰਕਾਰ’ ਅਤੇ ਕੈਪਟਨ ਸਰਕਾਰ ਵਲੋਂ ਇਸ ਜਾਂਚ ਨੂੰ ਠੰਡੇ ਬਸਤੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਸ੍ਰੀ ਤਿਵਾੜੀ ਦੇ 22 ਫਰਵਰੀ 2000 ਨੂੰ ‘ਜਗ ਬਾਣੀ’ ਵਿਚ ਛਪੇ ਇਕ ਬਿਆਨ ਤੋਂ ਸਪੱਸ਼ਟ ਹੋ ਗਿਆ ਸੀ ਕਿ ਇਸ ਕਾਂਡ ਵਿਚ ਪੁਲਸ ਪੂਰੀ ਤਰ੍ਹਾਂ ਦੋਸ਼ੀ ਹੈ।
ਭਾਈ ਸਾਹਿਬ ਨੇ ਖਾਲਸਾ ਪੰਥ ਦੀ ਇਸ ਸਰਬਉੱਚ ਪਦਵੀ ਲਈ 26 ਜਨਵਰੀ 1986 ਨੂੰ “ਸਰਬੱਤ ਖਾਲਸਾ” ਵੱਲੋਂ ਕਾਰਜਕਾਰੀ ਜੱਥੇਦਾਰ ਵਜੋਂ ਨਿਯੁਕਤ ਹੋਏ ਸਨ ਅਤੇ ਆਪ ਨੇ ਇਸ ਜ਼ਿੰਮੇਵਾਰੀ ਨੂੰ ਇਸਦੀ ਆਨ ਤੇ ਸ਼ਾਨ ਅਨੁਸਾਰ ਬਾਖੂਬੀ ਨਿਭਾਇਆ। ਆਪ ਜੀ ਨੌਜਵਾਨਾਂ ਦੇ ਹੱਕ’ਚ ਹਮੇਸ਼ਾਂ ਖੜਦੇ ਸਨ ਇਸ ਲਈ ਆਪ ਨੂੰ ਅਨੇਕ ਮੁਸ਼ਕਲਾਂ ਝੱਲਣੀਆਂ ਪਈਆਂ। ਬਰਨਾਲਾ ਸਰਕਾਰ ਸਮੇਂ 30 ਅਪ੍ਰੈਲ 1986 ਨੂੰ ਹੋਏ ‘ਅਪ੍ਰੇਸ਼ਨ ਬਲੈਕ ਥੰਡਰ’ ਦੌਰਾਨ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਗਭਗ 2 ਸਾਲ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਰੱਖਿਆ ਗਿਆ। 1989 ਦੇ ਆਰ.ਐਸ.ਐਸ. ਦੀ ਸ਼ਾਖਾ ’ਤੇ ਹੋਏ ਗੋਲੀ ਕਾਂਡ ਤੋਂ ਬਾਅਦ ਲੁਧਿਆਣਾ ਦੇ ਐਸ.ਐਸ.ਪੀ. ਸੁਮੇਧ ਸੈਣੀ ਨੇ ਭਾਈ ਸਾਹਿਬ ’ਤੇ ਅੰਨ੍ਹਾ ਤਸ਼ੱਦਦ ਕੀਤਾ ਤੇ ਕਈ ਘੰਟੇ ਪੁੱਠੇ ਲਟਕਾਈ ਰੱਖਿਆ। 1989 ਵਿਚ ਹੀ ਬਿਦਰ ਕਾਂਡ ਵਿਚ ਫਿਰ ਆਪ ਨੂੰ ਚੁੱਕ ਲਿਆ ਗਿਆ ਤੇ ਇਕ ਸਾਲ ਜੇਲ੍ਹ ’ਚ ਰੱਖਿਆ ਗਿਆ। 19 ਮਈ 1991 ਵਿਚ ਭਾਈ ਸਾਹਿਬ ਫਿਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਅਤੇ ਡੇਢ ਸਾਲ ਦੇ ਲਗਭਗ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਿਆ। ਆਪ ਜੀ ਨੂੰ 1992’ਚ ਵੀ ਕਈ ਵਾਰ ਗਿ੍ਫ਼ਤਾਰ ਕੀਤਾ ਗਿਆ। ਆਪ ਜਦੋਂ ਵੀ ਜੇਲ ਤੋਂ ਆਉਂਦੇ ਤਾਂ ਪ੍ਰਚਾਰ’ਚ ਜੁੱਟ ਜਾਂਦੇ।
ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੌਮ ਜੱਥੇਦਾਰ ਅਕਾਲੀ ਫੂਲਾ ਸਿੰਘ ਦੇ ਵਾਰਸ ਵਜੋਂ ਯਾਦ ਕਰਦੀ ਹੈ ਅਤੇ ਜੱਥੇਦਾਰ ਸਾਹਿਬ ਅੱਜ ਵੀ ਨੌਜਵਾਨਾਂ ਦੇ ਦਿਲਾਂ’ਚ ਬੈਠੇ ਹਨ। ਅੱਜ ਦੇ ਦਿਨ ਸ਼ਹਾਦਤ ਮੌਕੇ ਇਸ ਮਹਾਨ ਯੋਧੇ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਵਾਹਿਗੁਰੂ ਕੌਮ ਨੂੰ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਵਰਗਾ ਜੱਥੇਵਾਰ ਵਾਰ-ਵਾਰ ਬਖ਼ਸ਼ੇ।
– ਸਤਵੰਤ ਸਿੰਘ
Author: Gurbhej Singh Anandpuri
ਮੁੱਖ ਸੰਪਾਦਕ